ਮੋਦੀ ਵੱਲੋਂ ਮਿਸ਼ਨ 2019 ਲਈ ਕਮਰਕੱਸੇ

ਨਵੀਂ ਦਿੱਲੀ: ਨਰੇਂਦਰ ਮੋਦੀ ਸਰਕਾਰ 2019 ਦੀਆਂ ਲੋਕ ਸਭਾ ਤੇ ਉਸ ਤੋਂ ਪਹਿਲਾਂ ਕੁਝ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣ ਦੀਆਂ ਤਿਆਰੀਆਂ ਵਿਚ ਜੁਟ ਗਈ ਹੈ। ਲੋਕ ਸਭ ਚੋਣਾਂ ਤੋਂ ਡੇਢ ਸਾਲ ਪਹਿਲਾਂ ਮੋਦੀ ਸਰਕਾਰ ਵੱਲੋਂ ਕੇਂਦਰੀ ਵਜ਼ਾਰਤ ਵਿਚ ਵੱਡੇ ਪੱਧਰ ‘ਤੇ ਕੀਤਾ ਫੇਰਬਦਲ ਇਹੀ ਦਰਸਾਉਂਦਾ ਹੈ ਕਿ ਉਹ ਕੋਈ ਵੀ ਜੋਖਮ ਉਠਾਉਣ ਲਈ ਤਿਆਰ ਨਹੀਂ ਹੈ। ਮਈ 2014 ਵਿਚ ਮੋਦੀ ਸਰਕਾਰ ਬਣਨ ਤੋਂ ਬਾਅਦ ਇਹ ਤੀਜਾ ਮੰਤਰੀ ਮੰਡਲ ਫੇਰਬਦਲ ਹੈ।

ਤੀਜੇ ਵਿਸਥਾਰ ਨਾਲ ਚਾਰ ਪੁਰਾਣੇ ਰਾਜ ਮੰਤਰੀਆਂ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ ਅਤੇ ਕੁਝ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਹੈ। ਮੋਦੀ ਭਾਵੇਂ ਇਸ ਫੇਰਬਦਲ ਪਿੱਛੇ ਤਰਕ ਦੇ ਰਹੇ ਹਨ ਕਿ ਉਨ੍ਹਾਂ ਨੇ ਮੰਤਰੀਆਂ ਦੇ ਵਿਭਾਗਾਂ ਦਾ ਆਡਿਟ ਕੀਤਾ ਤੇ ਲੋੜ ਮੁਤਾਬਕ ਇਹ ਫੇਰਬਦਲ ਕਰਨਾ ਪਿਆ, ਪਰ ਮੰਤਰੀਆਂ ਦੀ ਚੋਣ ਕੁਝ ਹੋਰ ਇਸ਼ਾਰਾ ਕਰਦੀ ਹੈ। ਮੋਦੀ ਵੱਲੋਂ ਚਾਰ ਨੌਕਰਸ਼ਾਹਾਂ ਨੂੰ ਆਪਣੀ ਟੀਮ ਵਿਚ ਸ਼ਾਮਲ ਕਰਨਾ ਇਸ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਉਹ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ Ḕਅੱਛੇ ਦਿਨ’ ਲਿਆਉਣ ਦੇ ਆਪਣੇ ਵਾਅਦਿਆਂ ਵਿਚੋਂ ਕੁਝ ਨੂੰ ਫੁੱਲ ਚੜ੍ਹਾਉਣ ਦੀ ਤਿਆਰੀ ਵਿਚ ਹੈ, ਪਰ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਉਨ੍ਹਾਂ ਦੇ ਕਾਰਜਕਾਲ ਦਾ ਡੇਢ ਸਾਲ ਬਚਿਆ ਹੈ।
ਨਵੇਂ ਮੰਤਰੀਆਂ ਦੀ ਚੋਣ ਉਤਰ ਪ੍ਰਦੇਸ਼ ਤੇ ਬਿਹਾਰ ਦੀਆਂ 120 ਲੋਕ ਸਭਾ ਸੀਟਾਂ ਦੁਆਲੇ ਵੀ ਘੁੰਮਦੀ ਹੈ। ਉਤਰ ਪ੍ਰਦੇਸ਼ ਤੋਂ 12 ਤੇ ਬਿਹਾਰ ਤੋਂ 9 ਮੰਤਰੀ ਹਨ। ਉਤਰ ਪ੍ਰਦੇਸ਼ ਵਿਚ ਇਕ ਖਾਸ ਭਾਈਚਾਰੇ ਦੀਆਂ ਵੋਟਾਂ ਖਿੱਚਣ ਦੀ ਰਣਨੀਤੀ ਹੈ। 2019 ਦੀਆਂ ਆਮ ਚੋਣਾਂ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਲਈ ਉੜੀਸਾ ਤਰਜੀਹੀ ਰਾਜਾਂ ਦੀ ਸੂਚੀ ਵਿਚ ਸ਼ੁਮਾਰ ਹੈ। ਆਮ ਚੋਣਾਂ ਅਤੇ ਉੜੀਸਾ ਵਿਧਾਨ ਸਭਾ ਦੀ ਚੋਣ ਤੋਂ 20 ਮਹੀਨੇ ਪਹਿਲਾਂ ਕੇਂਦਰੀ ਕੈਬਨਿਟ ਵਿਚ ਪ੍ਰਧਾਨ ਨੂੰ ਤਰੱਕੀ ਦਿੱਤੇ ਜਾਣ ਨਾਲ ਭਾਜਪਾ ਨੂੰ ਇਸ ਰਾਜ ਵਿਚ ਹੁਲਾਰਾ ਮਿਲੇਗਾ। ਦੋਵੇਂ ਚੋਣਾਂ ਇਕੋ ਸਮੇਂ ਹੋਣਗੀਆਂ।
ਫੇਰਬਦਲ ਨਿਰਮਲਾ ਸੀਤਾਰਮਨ ਲਈ ਦੋਹਰੀ ਖੁਸ਼ੀ ਲੈ ਕੇ ਆਇਆ ਹੈ। ਕੈਬਨਿਟ ਦਰਜੇ ਦੇ ਨਾਲ ਉਨ੍ਹਾਂ ਨੂੰ ਰੱਖਿਆ ਮੰਤਰਾਲੇ ਵਰਗਾ ਅਹਿਮ ਮੰਤਰਾਲਾ ਮਿਲਿਆ ਹੈ। ਉਹ ਭਾਵੇਂ ਸਿਆਸੀ ਤੌਰ ‘ਤੇ ਵੱਡੇ ਕੱਦ ਕਾਠ ਵਾਲੀ ਆਗੂ ਨਹੀਂ, ਪਰ ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਨੂੰ ਦੱਖਣੀ ਭਾਰਤ ਵਿਚ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਨ ਦਾ ਮੌਕਾ ਮਿਲੇਗਾ।
ਉਧਰ, ਮੁਖਤਾਰ ਅੱਬਾਸ ਨਕਵੀ ਦੀ ਤਰੱਕੀ ਅਤੇ ਸਾਬਕਾ ਆਈæਏæਐਸ਼ ਅਧਿਕਾਰੀ ਅਲਫ਼ੌਂਸ ਕਨਾਂਤਨਮ ਨੂੰ ਕੈਬਨਿਟ ‘ਚ ਸ਼ਾਮਲ ਕਰ ਕੇ ਭਗਵਾ ਪਾਰਟੀ ਨੇ ਘੱਟ ਗਿਣਤੀ ਤੱਕ ਰਸਾਈ ਕੀਤੀ ਹੈ। ਅਲਫ਼ੌਂਸ ਨੂੰ ਕੈਬਨਿਟ ‘ਚ ਦਾਖਲਾ ਦੇ ਕੇ ਪਾਰਟੀ ਨੇ ਬਹੁ ਗਿਣਤੀ ਮਸੀਹੀ ਭਾਈਚਾਰੇ ਵਾਲੇ ਕੇਰਲਾ ‘ਚ ਪੈਰ ਲਾਉਣ ਦਾ ਯਤਨ ਕੀਤਾ ਹੈ। ਹੋਰ ਨੌਂ ਨਵੇਂ ਮੰਤਰੀਆਂ ‘ਚ ਤਿੰਨ ਬ੍ਰਾਹਮਣ ਸ਼ਿਵ ਪ੍ਰਤਾਪ ਸ਼ੁਕਲਾ, ਅਸ਼ਵਨੀ ਕੁਮਾਰ ਚੌਬੇ ਤੇ ਅਨੰਤ ਕੁਮਾਰ ਹੇਗੜੇ, ਦੋ ਰਾਜਪੂਤ ਆਰæਕੇæਸਿੰਘ ਤੇ ਗਜੇਂਦਰ ਸਿੰਘ ਸ਼ੇਖਾਵਤ, ਇਕ ਜੱਟ (ਓæਬੀæਸੀæ) ਸਤਿਆਪਾਲ ਸਿੰਘ ਤੇ ਇਕ ਦਲਿਤ ਵਿਰੇਂਦਰ ਕੁਮਾਰ ਸ਼ਾਮਲ ਹਨ। ਘੱਟ ਗਿਣਤੀ ਭਾਈਚਾਰਿਆਂ ਵਿਚੋਂ ਹਰਦੀਪ ਪੁਰੀ ਤੇ ਅਲਫੌਂਸ ਸ਼ਾਮਲ ਹਨ। ਰਾਜ ਸਭਾ ਮੈਂਬਰ ਸ਼ੁਕਲਾ, ਜਿਸ ਦਾ ਯੂæਪੀæ ਦੇ ਮੁੱਖ ਮੰਤਰੀ ਨਾਲ ਛੱਤੀ ਦਾ ਅੰਕੜਾ ਹੈ, ਨੂੰ ਕੈਬਨਿਟ ਦਰਜਾ ਦੇਣ ਦਾ ਮੁੱਖ ਮੰਤਵ ਯੂæਪੀæ ਵਿਚ ਬਹੁ ਗਿਣਤੀ ਬ੍ਰਾਹਮਣ ਭਾਈਚਾਰੇ ਨੂੰ ਖੁਸ਼ ਕਰਨਾ ਹੈ। ਇਸੇ ਤਰ੍ਹਾਂ ਬਿਹਾਰ ਦੇ ਬਕਸਰ ਨਾਲ ਸਬੰਧਤ ਚੌਬੇ ਨੂੰ ਥਾਂ ਦੇ ਕੇ ਭਾਜਪਾ ਨੇ ਓæਬੀæਸੀæ ਤੱਕ ਪਹੁੰਚ ਦਾ ਯਤਨ ਕੀਤਾ ਹੈ। ਆਰæਕੇæ ਸਿੰਘ ਦੀ ਚੋਣ ਨਾਲ ਪਾਰਟੀ ਸਫਾਂ ਨੂੰ ਕੁਝ ਹੈਰਾਨੀ ਹੋਈ ਹੈ, ਕਿਉਂਕਿ 2015 ਦੀ ਬਿਹਾਰ ਚੋਣ ਵਿਚ ਮਿਲੀ ਨਮੋਸ਼ੀਜਨਕ ਹਾਰ ਮਗਰੋਂ ਸਿੰਘ ਦੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਖਾਸੀ ਖਿਚਾਈ ਹੋਈ ਸੀ।