ਭਾਜਪਾ ਦੀ ‘ਬੇਵਫਾਈ’ ਦਾ ਤੋੜ ਲੱਭਣ ਵਿਚ ਜੁਟੇ ਡੇਰਾ ਪ੍ਰੇਮੀ

ਸਿਰਸਾ: ਸਾਧਵੀਆ ਨਾਲ ਬਲਾਤਕਾਰ ਕੇਸ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਕੈਦ ਅਤੇ ਇਸ ਦੌਰਾਨ ਹੋਈਆਂ ਘਟਨਾਵਾਂ ਕਾਰਨ ਡੇਰਾ ਪ੍ਰੇਮੀਆਂ ਵਿਚ ਹਰਿਆਣਾ ਦੀ ਭਾਜਪਾ ਸਰਕਾਰ ਖਿਲਾਫ ਕਾਫੀ ਰੋਹ ਹੈ। ਭਾਜਪਾ ਨੂੰ ਸੱਤਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਡੇਰਾ ਪ੍ਰੇਮੀ ਖੱਟੜ ਸਰਕਾਰ ‘ਤੇ ਵਾਅਦਾਖਿਲਾਫੀ ਦੇ ਦੋਸ਼ ਲਾ ਰਹੇ ਹਨ। ਯਾਦ ਰਹੇ ਕਿ ਪਿਛਲੇ ਸਮੇਂ ਦੌਰਾਨ ਡੇਰਾ ਪ੍ਰੇਮੀ ਕਾਨੂੰਨ ਨੂੰ ਟਿੱਚ ਜਾਣਦੇ ਰਹੇ ਹਨ ਪਰ ਵੋਟਾਂ ਵਾਲੀ ਸਿਆਸਤ ਕਾਰਨ ਇਨ੍ਹਾਂ ਖਿਲਾਫ਼ ਸਖਤ ਕਾਰਵਾਈ ਨਹੀਂ ਹੁੰਦੀ ਸੀ,

ਪਰ ਹੁਣ ਡੇਰਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਬਾਅਦ ਹਿੰਸਾ ਦੌਰਾਨ 38 ਪ੍ਰੇਮੀਆਂ ਦੇ ਮਾਰੇ ਜਾਣ, ਸੈਂਕੜਿਆਂ ਦੇ ਜਖ਼ਮੀ ਹੋਣ ਅਤੇ ਡੇਰੇ ਦੀ ਸੰਪਤੀ ਜ਼ਬਤ ਕੀਤੇ ਜਾਣ ਕਾਰਨ ਪ੍ਰੇਮੀ ਨਿਰਾਸ਼ਾ ਦੇ ਆਲਮ ਵਿਚ ਹਨ।
ਡੇਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਜਪਾ ਨੂੰ ਹਰਿਆਣਾ ਦੇ ਤਖਤ ‘ਤੇ ਬਿਠਾਇਆ ਪਰ ਖੱਟਰ ਸਰਕਾਰ ਨੇ ਉਨ੍ਹਾਂ ਨੂੰ ਇਹ ਸਿਲਾ ਦਿੱਤਾ ਹੈ। ਇਸ ਤੋਂ ਸਪਸ਼ਟ ਹੈ ਕਿ ਡੇਰਾ ਹੁਣ ਭਾਜਪਾ ਤੇ ਅਕਾਲੀ ਦਲ ਨੂੰ ਵੋਟਾਂ ਦੀ ਸੌਗਾਤ ਨਹੀਂ ਦੇਵੇਗਾ। ਅਜਿਹੇ ਵਿਚ ਕਾਂਗਰਸ ਬਾਗੋਬਾਗ ਹੈ। ਸਿਆਸੀ ਮਹਿਰਾਂ ਮੁਤਾਬਕ ਰਾਮ ਰਹੀਮ ਨੂੰ 20 ਸਾਲ ਲਈ ਜੇਲ੍ਹ ਵਿਚ ਸੁੱਟਣ ਤੇ ਇਸ ਦੌਰਾਨ ਹੋਈਆਂ ਘਟਨਾਵਾਂ ਪੰਜਾਬ ਤੇ ਹਰਿਆਣਾ ਦੀ ਸਿਆਸਤ ‘ਤੇ ਅਸਰ ਪਾ ਸਕਦੀਆਂ ਹਨ। ਇਸ ਕਾਂਡ ਮਗਰੋਂ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਆਨਾਂ ਕਰ ਕੇ ਡੇਰਾ ਪ੍ਰਬੰਧਕ ਅਕਾਲੀ ਦਲ ਤੋਂ ਨਾਰਾਜ਼ ਹਨ। ਅਕਾਲੀ ਦਲ ਨੇ ਵੀ ਡੇਰੇ ਦੇ ਹੱਕ ਵਿਚ ਕੋਈ ਹਾਅ ਦਾ ਨਾਅਰਾ ਨਹੀਂ ਮਾਰਿਆ। ਇਸ ਲਈ ਕਾਂਗਰਸ ਇਸ ਹਾਲਾਤ ਦਾ ਲਾਹਾ ਲੈਣ ਲਈ ਪੱਬਾਂ ਭਾਰ ਹੈ।
ਸੂਤਰਾਂ ਮੁਤਾਬਕ ਡੇਰਾ ਪੈਰੋਕਾਰਾਂ ਦੇ ਭਾਜਪਾ ਨਾਲ ਪਏ ਫਿੱਕ ਨੂੰ ਕਾਂਗਰਸ ਹਰਿਆਣਾ ਤੇ ਪੰਜਾਬ ਵਿਚ ਮੌਕੇ ਵਜੋਂ ਦੇਖ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰਾ ਮੁਖੀ ਖਿਲਾਫ਼ ਆਏ ਫੈਸਲੇ ‘ਤੇ ਨਾਪਤੋਲ ਕੇ ਬੋਲਣਾ ਸਭ ਕੁਝ ਸਪਸ਼ਟ ਕਰਦਾ ਹੈ। ਹਰਿਆਣਾ ‘ਚ ਕਾਂਗਰਸ ਦੇ ਸੂਬਾਈ ਮੁਖੀ ਅਸ਼ੋਕ ਤੰਵਰ, ਜੋ ਸਿਰਸਾ ਲੋਕ ਸਭਾ ਹਲਕਾ ਤੋਂ ਚੋਣ ਲੜਦੇ ਹਨ, ਵੀ ਸ਼ਾਂਤ ਹੀ ਰਹੇ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਡੇਰਾ ਪ੍ਰੇਮੀਆਂ ਦੀਆਂ ਹਿੰਸਾ ਬਾਰੇ ਜ਼ਿਆਦਾ ਕਹਿਣ ਨਾਲੋਂ ਖੱਟਰ ਸਰਕਾਰ ਨੂੰ ਨਿਸ਼ਾਨਾ ਬਣਾਇਆ।
ਸੂਤਰਾਂ ਮੁਤਾਬਕ ਡੇਰੇ ਦੇ ਸੰਭਾਵੀਂ ਮੁਖੀ ਜਸਮੀਤ ਸਿੰਘ ਦਾ ਸਹੁਰਾ ਹਰਮਿੰਦਰ ਸਿੰਘ ਜੱਸੀ ਬਠਿੰਡਾ ਤੋਂ ਕਾਂਗਰਸ ਦਾ ਸਾਬਕਾ ਵਿਧਾਇਕ ਹੈ ਤੇ ਭਵਿੱਖ ਵਿੱਚ ਉਸ ਵੱਲੋਂ ਵੀ ਡੇਰੇ ਦੀ ਸਿਆਸਤ ‘ਤੇ ਪ੍ਰਭਾਵ ਪਾਏ ਜਾਣ ਦੀ ਸੰਭਾਵਨਾ ਹੈ। ਅਕਤੂਬਰ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਡੇਰੇ ਨੇ ਭਾਜਪਾ ਨੂੰ ਖੁੱਲ੍ਹਾ ਸਮਰਥਨ ਦਿੱਤਾ ਸੀ ਤੇ ਪਹਿਲੀ ਵਾਰ ਹਰਿਆਣਾ ਵਿਚ ਭਗਵਾ ਪਾਰਟੀ ਸੱਤਾ ‘ਚ ਆਈ ਸੀ। ਚੋਣ ਮੁਹਿੰਮ ਦੌਰਾਨ 11 ਅਕਤੂਬਰ, 2014 ਨੂੰ ਸਿਰਸਾ ਵਿਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਡੇਰੇ ਦੇ ਸਮਾਜ ਪ੍ਰਤੀ ਯੋਗਦਾਨ ਦਾ ਗੁਣਗਾਣ ਕੀਤਾ ਸੀ। ਹਰਿਆਣਾ ‘ਚ ਭਾਜਪਾ ਦੇ ਚੋਣ ਇੰਚਾਰਜ ਕੈਲਾਸ਼ ਵਿਜੈਵਰਗੀਆ 44 ਉਮੀਦਵਾਰਾਂ ਨੂੰ ਗੁਰਮੀਤ ਰਾਮ ਰਹੀਮ ਦੇ ਆਸ਼ੀਰਵਾਦ ਲਈ ਡੇਰੇ ਉਤੇ ਲੈ ਕੇ ਗਏ ਸਨ।
ਸੱਤਾ ‘ਚ ਆਉਣ ਬਾਅਦ ਸਪੀਕਰ ਕੰਵਰ ਪਾਲ ਸਮੇਤ 31 ਵਿਧਾਇਕ ਤੇ ਕਈ ਮੰਤਰੀ ਡੇਰੇ ‘ਚ ਨਤਮਸਤਕ ਹੋਏ ਸਨ। ਇਸ ਸਾਲ ਫਰਵਰੀ ਵਿਚ ਪੰਜਾਬ ਵਿਧਾਨ ਸਭਾ ਚੋਣਾਂ ‘ਚ ਡੇਰੇ ਨੇ ਭਾਜਪਾ-ਅਕਾਲੀ ਗੱਠਜੋੜ ਨੂੰ ਸਮਰਥਨ ਦਿੱਤਾ ਸੀ। ਇਹੀ ਕਾਰਨ ਹੈ ਕਿ ਪਿਛਲੇ ਸਮੇਂ ਦੌਰਾਨ ਡੇਰਾ ਪ੍ਰੇਮੀ ਕਾਨੂੰਨ ਨੂੰ ਟਿੱਚ ਜਾਣਦੇ ਰਹੇ ਹਨ ਪਰ ਵੋਟਾਂ ਵਾਲੀ ਸਿਆਸਤ ਕਾਰਨ ਇਨ੍ਹਾਂ ਖਿਲਾਫ਼ ਸਖਤ ਕਾਰਵਾਈ ਨਹੀਂ ਹੁੰਦੀ ਸੀ।
_____________________________
ਭਾਜਪਾ ਲਈ ਇਕ ਹੋਰ ਚੁਣੌਤੀ
ਚੰਡੀਗੜ੍ਹ: ਰਾਮ ਰਹੀਮ ਦੇ ਮੋਢਿਆਂ ‘ਤੇ ਚੜ੍ਹ ਸੱਤਾ ਤੱਕ ਪਹੁੰਚੀ ਹਰਿਆਣਾ ਦੀ ਭਾਜਪਾ ਸਰਕਾਰ ਲਈ ਅਗਲੇ ਮਹੀਨੇ ਹੀ ਵੱਡੀ ਚੁਣੌਤੀ ਆਣ ਖੜ੍ਹੀ ਹੈ। ਚੋਣ ਕਮਿਸ਼ਨ ਨੇ ਗੁੜਗਾਉਂ ਤੇ ਹੋਰ ਕਈ ਜ਼ਿਲ੍ਹਿਆਂ ਵਿਚ ਨਿਗਮ ਤੇ ਕੌਂਸਲ ਚੋਣਾਂ 24 ਸਤੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਚੋਣਾਂ ਵਿਚ ਨਗਰ ਨਿਗਮ ਗੁੜਗਾਉਂ, ਨਗਰ ਕੌਂਸਲ ਬਰਾੜਾ (ਅੰਬਾਲਾ) ਤੇ ਰਾਦੌਰ (ਯਨਮੁਨਾ ਨਗਰ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਨਗਰ ਕੌਂਸਲ ਪਿਹੋਵਾ (ਕੁਰੂਕਸ਼ੇਤਰ), ਨਗਰ ਕੌਂਸਲ ਪਟੌਦੀ (ਗੁੜਗਾਉਂ) ਤੇ ਨਗਰ ਕੌਂਸਲ ਧਾਰੂਖੇੜਾ (ਰੇਵਾੜੀ) ਦੇ ਕੁਝ ਵਾਰਡਾਂ ਦੀਆਂ ਚੋਣਾਂ ਹੋਣੀਆਂ ਹਨ। ਚੋਣਾਂ ਦੇ ਨਤੀਜੇ ਵੀ 24 ਸਤੰਬਰ ਨੂੰ ਹੀ ਐਲਾਨੇ ਜਾਣਗੇ। ਸੂਤਰਾਂ ਮੁਤਾਬਕ ਭਾਜਪਾ ਲੀਡਰਾਂ ਨੂੰ ਫਿਕਰ ਹੈ ਕਿ ਪੁੰਚਕੂਲਾ ਗੋਲੀ ਕਾਂਡ ਮਗਰੋਂ ਡੇਰਾ ਪ੍ਰੇਮੀ ਇਨ੍ਹਾਂ ਚੋਣਾਂ ਵਿਚ ਆਪਣਾ ਗੁੱਸਾ ਕੱਢ ਸਕਦੇ ਹਨ। ਇਹ ਸਥਾਨਕ ਚੋਣਾਂ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਸਪਸ਼ਟ ਕਰਨਗੀਆਂ। ਕੁਝ ਭਾਜਪਾ ਲੀਡਰ ਡੇਰਾ ਮੁਖੀ ਦੇ ਪਰਿਵਾਰ ਨੂੰ ਮਿਲਣ ਲਈ ਕਾਹਲੇ ਹਨ ਪਰ ਉਨ੍ਹਾਂ ਅਜੇ ਟਾਈਮ ਨਹੀਂ ਮਿਲ ਰਿਹਾ।
_____________________________
ਡੇਰਾ ਸਿਰਸਾ ਦਾ ਅਗਲਾ ਮੁਖੀ ਸੁਖਬੀਰ ਬਾਦਲ?
ਬਠਿੰਡਾ: ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਡੇਰਾ ਸਿਰਸਾ ਦਾ ਅਗਲਾ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪਾਸੇ ਚਰਚਾ ਹੈ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਅਗਲਾ ਮੁਖੀ ਕੌਣ ਹੋਵੇਗਾ। ਦਾਦੂਵਾਲ ਨੇ ਕਿ ਉਂਜ ਤਾਂ ਅਜਿਹੇ ਡੇਰੇ ਬੰਦ ਹੋਣੇ ਚਾਹੀਦੇ ਹਨ ਪਰ ਸੁਖਬੀਰ ਸਿੰਘ ਬਾਦਲ ਨੂੰ ਉਸ ਡੇਰੇ ਦਾ ਮੁਖੀ ਥਾਪਿਆ ਜਾ ਸਕਦਾ ਹੈ।