ਅਧੁਨਿਕ ਸਹੂਲਤਾਂ ਨਾਲ ਲੈਸ ਸੀ ਡੇਰਾ ਸਿਰਸਾ ਦਾ ਅੰਦਰੂਨੀ ਸਾਮਰਾਜ

ਸਿਰਸਾ: ਡੇਰਾ ਸਿਰਸਾ ਅੰਦਰ ਦੀ ਮਾਇਆ ਨਗਰੀ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਡੇਰੇ ਵਿਚ ਸਮੁੰਦਰੀ ਜਹਾਜ਼ ਦੀ ਸ਼ਕਲ ਵਾਲੇ ਰਿਸੋਰਟ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਇਸ ਰਿਸੋਰਟ ‘ਚ ਰਹਿਣ ਵਾਲੇ ਵਿਅਕਤੀ ਨੂੰ ਲਗਜ਼ਰੀ ਕਮਰਿਆਂ ਦਾ ਕਿਰਾਇਆ ਚਾਰ ਹਜ਼ਾਰ ਰੁਪਏ ਤੋਂ ਲੈ ਕੇ ਸਵਾ ਲੱਖ ਰੁਪਏ ਤੱਕ ਇਕ ਦਿਨ ਦਾ ਦੇਣ ਪੈਂਦਾ ਸੀ, ਪਰ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਰਿਸੋਰਟ ਵੀ ਹੁਣ ਸੁੰਨਸਾਨ ਪਿਆ ਹੈ।

ਰਿਸੋਰਟ ਦੇ ਪਹਿਲੀ ਮੰਜ਼ਿਲ ‘ਤੇ ਇਕ ਕਾਰਪੋਰੇਟ ਕਾਨਫਰੰਸ ਹਾਲ ਵੀ ਬਣਿਆ ਹੋਇਆ ਹੈ, ਜਿਸ ‘ਚ ਹਨੀਪ੍ਰੀਤ ਤੇ ਵਿਪਾਸਨਾ ਕਾਪੋਰੇਟ ਦੀ ਮੀਟਿੰਗ ਲੈਂਦੀਆਂ ਸਨ। ਦੂਜੀ ਮੰਜ਼ਿਲ ‘ਤੇ ਚਾਰ ਕਮਰੇ, ਡੇਰੇ ਦੀ ਲਾਇਬ੍ਰੇਰੀ, ਕਾਫੀ ਹਾਊਸ ਬਣਿਆ ਹੋਇਆ ਹੈ। ਤੀਜੀ ਤੇ ਆਖਰੀ ਮੰਜ਼ਿਲ ‘ਤੇ ਹਾਈ ਕਲਾਸ ਸਵੀਮਿੰਗ ਪੂਲ ਬਣਿਆ ਹੋਇਆ ਹੈ, ਜਿਸ ਨੂੰ ਰਿਸੋਰਟ ‘ਚ ਆਉਣ ਵਾਲੇ ਲੋਕ ਇਸਤੇਮਾਲ ਕਰਦੇ ਸਨ। ਇਨ੍ਹਾਂ ਕਮਰਿਆਂ ‘ਚ ਰਹਿਣ ਵਾਲੇ ਵਿਅਕਤੀਆਂ ਤੋਂ ਇਕ ਘੰਟੇ ਦਾ ਇਕ ਹਜ਼ਾਰ ਰੁਪਏ ਵਸੂਲਿਆ ਜਾਂਦਾ।
ਤੀਜੀ ਮੰਜ਼ਿਲ ‘ਤੇ ਇਕ ਸਕਾਈ ਬਾਰ ਵੀ ਬਣਿਆ ਹੋਇਆ ਹੈ, ਜਿਸ ‘ਚ ਸਿਰਫ ਮਾਕਟੇਲ ਡ੍ਰਿੰਕਸ ਹੀ ਮਿਲਦੀ ਸੀ। ਇਕ ਪਾਸੇ ਬੈਡਮਿੰਟਨ ਕੋਰਟ ਬਣਿਆ ਹੋਇਆ ਹੈ ਜਿਥੇ ਡੇਰਾ ਮੁਖੀ ਬੈਡਮਿੰਟਨ ਖੇਡਿਆ ਕਰਦਾ ਸੀ। ਰਿਸੋਰਟ ਦੇ ਦੂਜੇ ਹਿੱਸੇ ‘ਚ ਲਗਜ਼ਰੀ ਵਿਲਾ ਬਣੇ ਹੋਏ ਹਨ। ਇਨ੍ਹਾਂ ਵਿਲਾ ਦਾ ਇਕ ਦਿਨ ਦਾ ਕਿਰਾਇਆ ਸਵਾ ਲੱਖ ਰੁਪਏ ਦੱਸਿਆ ਗਿਆ ਹੈ। ਇਕ ਵਿਲਾ ਤਾਜ ਮਹੱਲ ਦੀ ਸ਼ਕਲ ਵਾਲਾ ਹੈ ਜਿਸ ਨੂੰ ਸਿਰਫ ਡੇਰਾ ਮੁਖੀ ਹੀ ਵਰਤਦਾ ਸੀ। ਇਹ ਗੱਲ ਜੱਗ ਜਾਹਿਰ ਹੈ ਕਿ ਡੇਰਾ ਮੁਖੀ ਨੂੰ ਮਹਿੰਗੀਆਂ ਕਾਰਾਂ ਦਾ ਵੀ ਬੜਾ ਸ਼ੌਕ ਸੀ। ਲੈਂਡ ਕਰੂਜ਼ਰ, ਔਡੀ ਤੇ ਲੈਕਸੈਸ ਸਮੇਤ ਕਰੀਬ ਡੇਰਾ ਮੁਖੀ ਦੀਆਂ ਤਿੰਨ ਸੌ ਕਾਰਾਂ ਹਨ ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਹੈ।
ਡੇਰਾ ਮੁਖੀ ਲਈ ਡੇਰਾ ‘ਚ ਵੀ ਕਾਰਾਂ ਮੋਡੀਫਾਈਡ ਕੀਤੀਆਂ ਜਾਂਦੀਆਂ ਸਨ। ਇਸ ਰਿਸੋਰਟ ਦਾ ਨਾ ਸਿਰਫ ਡੇਰਾ ਮੁਖੀ ਦੇ ਨਿੱਜੀ ਇਸਤੇਮਾਲ ਦਾ ਸਾਧਨ ਸੀ ਸਗੋਂ ਇਸ ਤੋਂ ਬਹੁਤ ਸਾਰਾ ਧਨ ਵੀ ਆਮਦਨ ਦੇ ਰੂਪ ‘ਚ ਆਉਂਦਾ ਸੀ। ਜਦੋਂ ਡੇਰਾ ਮੁਖੀ ਸਤਿਸੰਗ ਕਰਦਾ ਸੀ ਜਾਂ ਆਪਣੀ ਫਿਲਮ ਦੀ ਸ਼ੂਟਿੰਗ ਕਰਦਾ ਸੀ ਤਾਂ ਜਿੰਨੇ ਵੀ ਵੀæਵੀæਪੀæਆਈæ ਲੋਕ ਆਉਂਦੇ ਸਨ, ਉਹ ਸਾਰੇ ਇਸੇ ਰਿਸੋਰਟ ‘ਚ ਰੁਕਦੇ ਸਨ ਤੇ ਇਥੋਂ ਹੀ ਖਾਣਾ ਖਾਂਦੇ ਸਨ।
_____________________________________
ਫਿਲਮ ਸੰਸਥਾਵਾਂ ਵੱਲੋਂ ਡੇਰਾ ਮੁਖੀ ਦੀ ਮੈਂਬਰਸ਼ਿਪ ਰੱਦ
ਨਵੀਂ ਦਿੱਲੀ: ਰਾਮ ਰਹੀਮ ਨੂੰ ਜਬਰ ਜਨਾਹ ਦੇ ਦੋਸ਼ ਵਿਚ 20 ਸਾਲਾਂ ਦੀ ਸਜ਼ਾ ਮਗਰੋਂ ਫਿਲਮਾਂ ਨਾਲ ਜੁੜੀਆਂ ਦੋ ਸੰਸਥਾਵਾਂ ਨੇ ਉਸ ਦੀ ਤੇ ਗੋਦ ਲਈ ਧੀ ਹਨੀਪ੍ਰੀਤ ਇੰਸਾਂ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਹੈ। ਇਸ ਤਰ੍ਹਾਂ ਗੁਰਮੀਤ ਰਾਮ ਰਹੀਮ ਦੀਆਂ ਅਗਲੀਆਂ ਫਿਲਮਾਂ ਅਧਵਾਟੇ ਹੀ ਅਟਕ ਗਈਆਂ ਹਨ। ਰੋਹਤਕ ਜੇਲ੍ਹ ਵਿਚ ਕੈਦ ਗੁਰਮੀਤ ਦਾ ਸਿਨੇ ਐਂਡ ਟੀæਵੀæ ਆਰਟਿਸਟ ਐਸੋਸੀਏਸ਼ਨ (ਸੀæਆਈæਐਨæਟੀæਏæ) ਨੇ ਵਰਕ ਪਰਮਿਟ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ (ਆਈæਐਫ਼ਟੀæਡੀæਏæ) ਨੇ ਗੁਰਮੀਤ ਤੇ ਹਨੀਪ੍ਰੀਤ ਦੀ ਮੈਂਬਰਸ਼ਿਪ ਸਮਾਪਤ ਕਰ ਦਿੱਤੀ ਹੈ। ਹਨੀਪ੍ਰੀਤ ਨੇ ਵੀ ਆਈæਐਫ਼ਟੀæਡੀæਏæ ਦੀ ਮੈਂਬਰਸ਼ਿਪ ਲੈ ਲਈ ਸੀ ਤੇ ਉਸ ਨੇ ਫਿਲਮ ਨਿਰਦੇਸ਼ਨ ਵਿਚ ਵੀ ਹੱਥ ਅਜ਼ਮਾਇਆ ਸੀ।
_____________________________________
ਡੇਰੇ ਨੇ ਹਨੀਪ੍ਰੀਤ ਨਾਲੋਂ ਨਾਤਾ ਤੋੜਿਆ
ਸਿਰਸਾ: ਡੇਰਾ ਸਿਰਸਾ ਮੁਖੀ ਦੇ ਜੇਲ੍ਹ ਪਿੱਛੋਂ ਉਸ ਦੀ ਗੋਦ ਲਈ ਧੀ ਹਨੀਪ੍ਰੀਤ ਤੋਂ ਡੇਰਾ ਪ੍ਰਬੰਧਕ ਕਮੇਟੀ ਨੇ ਪੱਲਾ ਝਾੜ ਲਿਆ ਹੈ। ਡੇਰਾ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਨੇ ਕਿਹਾ ਕਿ ਡੇਰੇ ਦਾ ਹਨੀਪ੍ਰੀਤ ਅਤੇ ਡਾæ ਆਦਿਤਯਾ ਇੰਸਾਂ ਨੂੰ ਭਜਾਉਣ ਵਿਚ ਕੋਈ ਹੱਥ ਨਹੀਂ ਹੈ। ਇਸ ਸਬੰਧੀ ਜੋ ਚਰਚਾ ਚੱਲ ਰਹੀ ਹੈ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ 25 ਅਗਸਤ ਤੋਂ ਬਾਅਦ ਹਨੀਪ੍ਰੀਤ ਨਾਲ ਡੇਰੇ ਦਾ ਕੋਈ ਸਬੰਧ ਨਹੀਂ ਰਿਹਾ, ਉਸ ਨੂੰ ਹੁਣ ਪੁਲਿਸ ਕੋਲ ਸਮਰਪਣ ਕਰ ਦੇਣਾ ਚਾਹੀਦਾ ਹੈ।
ਵਿਪਾਸਨਾ ਇੰਸਾਂ ਨੇ ਕਿਹਾ ਕਿ ਡੇਰਾ ਮੁਖੀ ਦੀ ਗੁਫਾ ਬਾਰੇ ਜੋ ਗਲਤ ਗੱਲਾਂ ਮੀਡੀਆ ਵਿਚ ਆ ਰਹੀਆਂ ਹਨ, ਉਹ ਬੇਬੁਨਿਆਦ ਹਨ ਕਿਉਂਕਿ ਗੁਫਾ ਕੋਈ ਅਜਿਹੀ ਥਾਂ ਨਹੀਂ, ਜਿਥੇ ਗਲਤ ਕੰਮ ਹੁੰਦੇ ਹਨ। ਇਹ ਡੇਰਾ ਮੁਖੀ ਦੇ ਰਹਿਣ ਦਾ ਸਥਾਨ ਹੈ ਅਤੇ ਇਥੇ ਕੋਈ ਵੀ ਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਰੇ ਵਿਚ ਨਾਜਾਇਜ਼ ਹਥਿਆਰਾਂ ਦਾ ਕੋਈ ਜ਼ਖੀਰਾ ਨਹੀਂ ਹੈ, ਜਿਸ ਤਰ੍ਹਾਂ ਕਿ ਮੀਡੀਆ ਵਿਚ ਰਿਪੋਰਟਾਂ ਦਿਖਾਈਆਂ ਜਾ ਰਹੀਆਂ ਹਨ। ਡੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਡੇਰੇ ਵਿਚ ਬਣੇ ਸ਼ਾਹੀ ਬੇਟੀਆਂ ਅਤੇ ਬੇਟੇ ਨਿਵਾਸ ਵਿਚ ਜੋ ਯਤੀਮ ਲੜਕੀਆਂ ਅਤੇ ਲੜਕੇ ਸਨ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੁਰੱਖਿਅਤ ਥਾਵਾਂ ਉਤੇ ਭੇਜ ਦਿੱਤਾ ਹੈ। ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਨੇ ਸਪੱਸ਼ਟ ਕੀਤਾ ਕਿ ਡੇਰਾ ਸਿਰਸਾ ਦਾ ਕੋਈ ਨਵਾਂ ਮੁਖੀ ਬਣਾਉਣ ਦਾ ਫਿਲਹਾਲ ਕੋਈ ਇਰਾਦਾ ਨਹੀਂ। ਗੁਰਮੀਤ ਰਾਮ ਰਹੀਮ ਹੀ ਡੇਰੇ ਦੇ ਗੱਦੀਨਸ਼ੀਨ ਬਣੇ ਰਹਿਣਗੇ।