ਚੰਡੀਗੜ੍ਹ: ਦੋ ਸਾਧਵੀਆ ਨਾਲ ਬਲਾਤਕਾਰ ਦੇ ਦੋਸ਼ ਵਿਚ 20 ਸਾਲ ਲਈ ਜੇਲ੍ਹ ਜਾਣ ਪਿੱਛੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਬੜੇ ਅਹਿਮ ਖੁਲਾਸੇ ਹੋਏ ਹਨ। ਇਹ ਖੁਲਾਸੇ ਡੇਰੇ ਵਿਚ ਉਚੇ ਅਹੁਦਿਆਂ ‘ਤੇ ਰਹੇ ਲੋਕਾਂ ਵੱਲੋਂ ਕੀਤੇ ਗਏ ਸਨ। ਡੇਰਾ ਮੁਖੀ ਬੜੀ ਚਲਾਕੀ ਨਾਲ ਆਪਣੀ ਅਰਬਾਂ ਰੁਪਏ ਦੀ ਕਾਲੀ ਕਮਾਈ ਨੂੰ ਸਫੈਦ ਕਰ ਲੈਂਦਾ ਸੀ। ਇਸ ਕੰਮ ਲਈ ਉਸ ਨੇ ਆਪਣੀ ਹਰ ਫਿਲਮ ਦੀ ਕਮਾਈ 200 ਤੋਂ 500 ਕਰੋੜ ਰੁਪਏ ਤੱਕ ਦੱਸੀ ਸੀ।
ਅਸਲ ਵਿਚ ਦੋ ਨੂੰ ਛੱਡ ਕੇ ਬਾਕੀ ਫਿਲਮਾਂ ਲਾਗਤ ਵੀ ਨਹੀਂ ਸਨ ਕੱਢ ਸਕੀਆਂ। ਡੇਰਾ ਮੁਖੀ ਰਾਮ ਰਹੀਮ ਸਿੰਘ ਨੇ ਸਾਲ 2015 ਵਿਚ ਫਿਲਮੀ ਦੁਨੀਆਂ ਵਿਚ ਦਾਖਲਾ ਕੀਤਾ ਅਤੇ ਪਹਿਲੀ ਫਿਲਮ ‘ਐਮæਐਸ਼ਜੀæ ‘ਦਿ ਮੈਸੇਂਜਰ ਆਫ ਗਾਡ’ ਬਣਾ ਕੇ ਦਾਅਵਾ ਕੀਤਾ ਕਿ ਫਿਲਮ ਨੇ ਸੌਂ ਕਰੋੜ ਤੋਂ ਵੱਧ ਕਾਰੋਬਾਰ ਕੀਤਾ ਹੈ, ਪਰ ਬਾਕਸ ਆਫਿਸ ਦੇ ਮਾਹਰਾਂ ਮੁਤਾਬਕ ਫਿਲਮ ਸਿਰਫ 16æ65 ਕਰੋੜ ਰੁਪਏ ਦਾ ਕਾਰੋਬਾਰ ਕਰ ਸਕੀ ਸੀ।
ਇਹ ਵੀ ਪਤਾ ਲੱਗਾ ਹੈ ਕਿ ਡੇਰੇ ਦੇ ਪਹਿਲੇ ਮੁਖੀ ਰਹੇ ਸ਼ਾਹ ਸਤਨਾਮ ਸਿੰਘ ਦਾ ਪਰਿਵਾਰ ਰਾਮ ਰਹੀਮ ਦੀਆਂ ਕਰਤੂਤਾਂ ਕਾਰਨ ਡੇਰਾ ਛੱਡ ਕੇ ਸਿੱਖ ਧਰਮ ਦੀ ਸ਼ਰਨ ਵਿਚ ਆ ਗਿਆ ਸੀ। ਮੀਡੀਆ ਰਿਪੋਰਟ ਮੁਤਾਬਕ 1990 ਵਿਚ ਸ਼ਾਹ ਸਤਨਾਮ ਸਿੰਘ ਦੇ ਦੇਹਾਂਤ ਪਿੱਛੋਂ ਉਨ੍ਹਾਂ ਦਾ ਪਰਿਵਾਰ ਡੇਰਾ ਛੱਡ ਕੇ ਆਪਣੇ ਘਰ ਨੂੰ ਚਲਾ ਗਿਆ। ਸ਼ਾਹ ਸਤਨਾਮ ਸਿੰਘ ਦੇ ਜੱਦੀ ਪਿੰਡ ਜਲਾਲਆਣਾ ਵਿਚ ਉਨ੍ਹਾਂ ਦੇ ਪੋਤਰੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਖੇਤੀ ਬਾੜੀ ਦਾ ਕੰਮ ਕਰਦਾ ਹੈ।
ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ। ਇਹ ਵੀ ਪਤਾ ਲੱਗਾ ਹੈ ਕਿ ਡੇਰਾ ਸਿਰਸਾ ਵਿਚ ਰਹਿ ਰਹੀਆਂ 29 ‘ਸ਼ਾਹੀ ਬੇਟੀਆਂ’ ਵਿਚੋਂ ਬੇਸ਼ੱਕ ਪ੍ਰਸ਼ਾਸਨ ਨੇ 18 ਨਾਬਾਲਗ ਬੱਚੀਆਂ ਨੂੰ ਬਾਲਗ੍ਰਾਮ ਭੇਜ ਦਿੱਤਾ ਹੈ ਪਰ ਬਾਲਗ ਲੜਕੀਆਂ ਬਾਰੇ ਸਥਿਤੀ ਅਜੇ ਵੀ ਭੰਬਲਭੂਸੇ ਵਾਲੀ ਹੈ। ਇਹ ਉਹ ਲੜਕੀਆਂ ਹਨ ਜਿਨ੍ਹਾਂ ਨੂੰ ਯਤੀਮ ਹਾਲਤ ਵਿਚ ਡੇਰੇ ਨੇ ਅਪਣਾ ਕੇ ਪਾਲਿਆ ਸੀ ਜਿਨ੍ਹਾਂ ਨੂੰ ‘ਸ਼ਾਹੀ ਬੇਟੀਆਂ’ ਵਜੋਂ ਜਾਣਿਆ ਜਾਂਦਾ ਹੈ।
ਪ੍ਰਸ਼ਾਸਨ ਤੇ ਡੇਰੇ ਵਾਲਿਆਂ ਦਾ ਕਹਿਣਾ ਹੈ ਕਿ ਲੜਕੀਆਂ ਨੇ ਆਪਣੀ ਮਰਜ਼ੀ ਨਾਲ ਲਿਖ ਦਿੱਤਾ ਕਿ ਉਹ ਡੇਰੇ ਵਿਚ ਹੀ ਰਹਿਣਗੀਆਂ। ਡੇਰੇ ਵਿਚ ਸਾਧੂ ਵਜੋਂ ਰਹਿ ਚੁੱਕੇ ਗੁਰਦਾਸ ਸਿੰਘ ਤੂਰ ਦਾ ਕਹਿਣਾ ਹੈ ਕਿ ਲੜਕੀਆਂ ਨੂੰ ਅਜਿਹਾ ਕਹਿਣ ਲਈ ਮਜਬੂਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਮਾਮਲੇ ਦੀ ਉਚ ਪੱਧਰੀ ਨਿਰਪੱਖ ਜਾਂਚ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਜਦ ਡੇਰਾ ਮੁਖੀ ਨੂੰ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਇਕ ਪਾਸੇ ਪੰਚਕੂਲਾ ‘ਚ ਡੇਰਾ ਪ੍ਰੇਮੀਆਂ ਨੇ ਹਿੰਸਕ ਪ੍ਰਦਰਸ਼ਨ ਕੀਤਾ ਤੇ ਦੂਜੇ ਪਾਸੇ ਕਰਫਿਊ ਦੌਰਾਨ ਡੇਰੇ ਵਿਚੋਂ ਭਰੇ ਹੋਏ ਕੁਝ ਟਰੱਕ ਰਾਜਸਥਾਨ ਰਵਾਨਾ ਕੀਤੇ ਗਏ ਜੋ ਅਜੇ ਤੱਕ ਬੁਝਾਰਤ ਬਣੀ ਹੈ। ਡੇਰੇ ਵਿਚੋਂ ਬਾਹਰ ਜਾਣ ਦੇ ਕੁਝ ਰਸਤੇ ਅਜਿਹੇ ਵੀ ਹਨ ਜਿਥੇ ਹੁਣ ਵੀ ਕੋਈ ਸੁਰੱਖਿਆ ਬਲ ਤਾਇਨਾਤ ਨਹੀਂ। ਜੇਕਰ ਪ੍ਰਸ਼ਾਸਨ ਡੇਰੇ ਨੂੰ ਫੌਜ ਦੇ ਹਵਾਲੇ ਕਰ ਦਿੰਦਾ ਤਾਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਪਰਦਾਫਾਸ਼ ਹੋ ਸਕਦਾ ਸੀ। ਅਜਿਹਾ ਜਾਣਬੁਝ ਕੇ ਨਹੀਂ ਕੀਤਾ ਗਿਆ ਤਾਂ ਜੋ ਡੇਰਾ ਪ੍ਰਬੰਧਕਾਂ ਨੂੰ ਫਾਈਲਾਂ ਸਾੜਨ ਤੇ ਕੁਝ ਸਾਮਾਨ ਬਾਹਰ ਭੇਜਣ ਦਾ ਮੌਕਾ ਮਿਲ ਸਕੇ।
____________________________________
ਡੇਰਾ ਮੁਖੀ ਨੇ ਪ੍ਰੇਮੀਆਂ ਦਾ ਬਣਾਇਆ ਸੀ ਕੁਰਬਾਨੀ ਦਲ
ਨਵੀਂ ਦਿੱਲੀ: ਡੇਰਾ ਮੁਖੀ ਨੇ ਪ੍ਰੇਮੀਆਂ ਦਾ ਇਕ ਕੁਰਬਾਨੀ ਦਲ ਬਣਾਇਆ ਸੀ ਜੋ ਉਸ ਦੇ ਕਹਿਣ ‘ਤੇ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਸੀ। ਕੁਰਬਾਨੀ ਦਲ ਦੇ ਮੈਂਬਰਾਂ ਨੂੰ ਆਦੇਸ਼ ਸੀ ਕਿ ਜੇਕਰ ਡੇਰਾ ਮੁਖੀ ‘ਤੇ ਕੋਈ ਵੀ ਗੱਲ ਆਉਂਦੀ ਹੈ ਤਾਂ ਉਹ ਕਤਲੇਆਮ ਮਚਾ ਦੇਣ। ਕੁਰਬਾਨੀ ਦਲ ਡੇਰਾ ਮੁਖੀ ਦੀ ਨਿੱਜੀ ਆਰਮੀ ਸੀ ਜਿਸ ਨੂੰ ਹੱਕਾਨੀ ਹੰਸ ਦੇ ਨਾਂ ਨਾਲ ਬੁਲਾਇਆ ਜਾਂਦਾ ਸੀ। ਜ਼ਿਕਰਯੋਗ ਹੈ ਕਿ ਇਸ ਦਲ ‘ਚ ਉਹੀ 400 ਦੇ ਕਰੀਬ ਪ੍ਰੇਮੀ ਸਨ ਜਿਨ੍ਹਾਂ ਨੂੰ ਨਿਪੁੰਸਕ ਬਣਾਇਆ ਗਿਆ ਸੀ।
ਡੇਰਾ ਮੁਖੀ ਵਲੋਂ ਕੁਰਬਾਨੀ ਦਲ ‘ਚ ਸ਼ਾਮਲ ਹੋਏ ਲੋਕਾਂ ਤੋਂ ਇਕ ਹਲਫਨਾਮਾ ਲਿਆ ਜਾਂਦਾ ਸੀ ਜਿਸ ‘ਚ ਲਿਖਿਆ ਹੁੰਦਾ ਕਿ ਉਸ ਨੇ ਆਪਣਾ ਜੀਵਨ ਮਾਨਵਤਾ ਨੂੰ ਸਮਰਪਿਤ ਕਰ ਦਿੱਤਾ ਹੈ। ਜੇਕਰ ਉਹ ਕਿਸੇ ਦੁਰਘਟਨਾ ਜਾਂ ਕਿਸੇ ਹੋਰ ਕਾਰਨ ਮਰਦਾ ਹੈ ਤਾਂ ਇਸ ਦਾ ਉਹ ਜ਼ਿੰਮੇਵਾਰ ਹੋਵੇਗਾ ਤੇ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਡੇਰੇ ਨੂੰ ਜ਼ਿੰਮੇਵਾਰ ਕਹਿਣ ਦਾ ਅਧਿਕਾਰ ਨਹੀਂ ਹੋਵੇਗਾ। ਇਹ ਖੁਲਾਸਾ ਕਰਨਾਲ ਤੇ ਅੰਬਾਲਾ ਤੋਂ ਗ੍ਰਿਫਤਾਰ ਕੀਤੇ ਡੇਰਾ ਪ੍ਰੇਮੀਆਂ ਨੇ ਕੀਤਾ ਹੈ ਜਿਨ੍ਹਾਂ ਦੇ ਘਰੋਂ ਪਿਸਤੌਲ ਤੇ ਪੈਟਰੋਲ ਨਾਲ ਭਰੇ ਡੱਬੇ ਵੀ ਬਰਾਮਦ ਹੋਏ।
_____________________________________
ਗੁੰਮਨਾਮ ਚਿੱਠੀ ਪਿੱਛੋਂ 24 ਸਾਧਵੀਆਂ ਨੇ ਛੱਡਿਆ ਸੀ ਡੇਰਾ
ਮੋਗਾ: ਸੀæਬੀæਆਈæ ਦੀ ਵਿਸ਼ੇਸ਼ ਅਦਾਲਤ ਵੱਲੋਂ ਰਾਮ ਰਹੀਮ ਸਿੰਘ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ 167 ਸਫਿਆਂ ਦੇ ਫੈਸਲੇ ਵਿਚ ਕਈ ਅਹਿਮ ਖੁਲਾਸੇ ਹੋਏ ਹਨ। ਸੀæਬੀæਆਈæ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਨਸੀ ਸ਼ੋਸ਼ਣ ਬਾਰੇ ਗੁੰਮਨਾਮ ਚਿੱਠੀ ਆਉਣ ਤੋਂ ਬਾਅਦ 24 ਸਾਧਵੀਆਂ ਨੇ ਡੇਰਾ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਸਾਧਵੀਆਂ ਨੇ ਵਿਆਹ ਕਰਵਾ ਲਏ। ਇਹ ਚੰਗੀਆਂ ਪੜ੍ਹੀਆਂ ਲਿਖੀਆਂ ਸਾਧਵੀਆਂ ਡੇਰੇ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿਚ ਪੜ੍ਹਾਉਣ ਤੋਂ ਬਾਅਦ ਰਾਤ ਨੂੰ ਸੰਤਰੀ ਦੀ ਡਿਊਟੀ ਕਰਦੀਆਂ ਸਨ। ਇਹ ਸਾਧਵੀਆਂ ਪੁਰਾਣੇ ਡੇਰੇ ਦੇ ਹੋਸਟਲ ਵਿਚ ਰਹਿੰਦੀਆਂ ਸਨ। ਸੀæਬੀæਆਈæ ਨੇ ਜਾਂਚ ਦੌਰਾਨ ਡੇਰਾ ਛੱਡ ਕੇ ਗਈਆਂ 24 ਵਿਚੋਂ 18 ਸਾਧਵੀਆਂ ਨੂੰ ਲੱਭ ਲਿਆ ਸੀ ਪਰ ਉਨ੍ਹਾਂ ਬਦਨਾਮੀ, ਪਰਿਵਾਰ ਟੁੱਟਣ ਅਤੇ ਜਾਨ ਦੇ ਖਤਰੇ ਦੇ ਡਰੋਂ ਕੋਈ ਬਿਆਨ ਨਹੀਂ ਦਿੱਤਾ।