ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਪਿੱਛੋਂ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਵੀ ਖੁੱਸ ਗਿਆ ਹੈ। ਇਹ ਲੋਕ ਡੇਰਾ ਮੁਖੀ ਨਾਲ ਹਮਦਰਦੀ ਦੀ ਥਾਂ ਆਪਣੇ ਰੁਜ਼ਗਾਰ ਲਈ ਫਿਕਰਮੰਦ ਹਨ। ਹਜ਼ਾਰਾਂ ਲੋਕ ਡੇਰੇ ਵਿਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਕੰਮ ਕਰ ਰਹੇ ਹਨ। ਡੇਰੇ ਵਿਚ ਕੰਮ ਕਰਨ ਵਾਲਿਆਂ ਦਾ ਕੋਈ ਪੱਕਾ ਅੰਕੜਾ ਤਾਂ ਨਹੀਂ ਪਰ ਇਥੇ ਤਕਰੀਬਨ 60 ਲੱਖ ਸ਼ਰਧਾਲੂ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਡੇਰੇ ਵਿਚ ਵੱਡੀ ਗਿਣਤੀ ‘ਚ ਲੋਕ ਰੁਜ਼ਗਾਰ ਕਾਰਨ ਵੱਸੇ ਸਨ। ਹਜ਼ਾਰਾਂ ਲੋਕ ਡੇਰੇ ਵਿਚ ਸੇਵਾਦਾਰ, ਪਲੰਬਰ, ਕਾਰਪੇਂਟਰ, ਡਰਾਈਵਰ ਤੇ ਕੁੱਕ ਵਜੋਂ ਕੰਮ ਕਰਦੇ ਹਨ।
ਦੱਸ ਦਈਏ ਕਿ ਰਾਮ ਰਹੀਮ ਦੇ ਜੇਲ੍ਹ ਜਾਣ ਪਿੱਛੋਂ 700 ਏਕੜ ‘ਚ ਫੈਲੇ ਡੇਰਾ ਸਿਰਸਾ ਉਪਰ ਕੇਂਦਰੀ ਖੁਫ਼ੀਆ ਏਜੰਸੀਆਂ ਦਾ ਸ਼ਿਕੰਜਾ ਹੈ। ਡੇਰਾ ਮੁਖੀ ਦਾ ਸਮੁੱਚਾ ਪਰਿਵਾਰ ਡੇਰਾ ਛੱਡ ਕੇ ਆਪਣੇ ਜੱਦੀ ਪਿੰਡ ਗੰਗਾਨਗਰ ਲਾਗੇ ਗੁਰੂਸਰ ਮੋਡੀਆਂ ਚਲਾ ਗਿਆ ਹੈ। ਸਿਰਸਾ ਡੇਰੇ ਅੰਦਰ ਇਸ ਵੇਲੇ ਗੁਰਮੀਤ ਰਾਮ ਰਹੀਮ ਦੇ ਪਰਿਵਾਰ ਜਾਂ ਉਸ ਵੱਲੋਂ ਥਾਪਿਆ ਕੋਈ ਵੀ ਹੋਰ ਅਧਿਕਾਰੀ ਹਾਜ਼ਰ ਨਹੀਂ। ਡੇਰੇ ਅੰਦਰ ਸਾਰੇ ਪ੍ਰਬੰਧ ਸੰਭਾਲਣ ਵਾਲੀ ਚੇਅਰਮੈਨ ਥਾਪੀ ਵਿਪਾਸਨਾ ਵੀ ਹੋਰ ਪ੍ਰਬੰਧਕਾਂ ਨਾਲ ਡੇਰਾ ਛੱਡ ਚੁੱਕੀ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਡੇਰੇ ਦੀ ਮੁਕੰਮਲ ਨਿਗਰਾਨੀ ਇਸ ਵੇਲੇ ਕੇਂਦਰੀ ਏਜੰਸੀਆਂ ਦੇ ਕੰਟਰੋਲ ਵਿਚ ਹੈ। ਡੇਰਾ ਸੱਚਾ ਸੌਦਾ ਦੀ ਨੀਂਹ 1948 ਵਿਚ ਰੱਖੀ ਗਈ। ਡੇਰੇ ਨੇ ਪੰਜਾਬ ਤੇ ਹਰਿਆਣਾ ਵਿਚ ਸਮਾਜਿਕ ਸੁਧਾਰ ਤੇ ਮਨੁੱਖਤਾ ਦੀ ਭਲਾਈ ਲਈ ਕੰਮ ਕੀਤੇ।
ਡੇਰੇ ਦਾ ਸਾਮਰਾਜ ਵੱਡੇ ਪੱਧਰ ਉਤੇ ਫੈਲਿਆ ਹੋਇਆ ਹੈ ਜਿਸ ਵਿਚ ਮੌਜੂਦ ਫੈਕਟਰੀਆਂ, ਜਾਇਦਾਦ, ਫਾਰਮ, ਖੇਤੀ, ਦੁਕਾਨਾਂ ਤੇ ਫਾਰਮੇਸੀਆਂ ਹਨ। ਇਨ੍ਹਾਂ ਵਿਚ ਖਾਸ ਕਰ ਕੇ ਆਰਥਿਕ ਤੌਰ ‘ਤੇ ਪੱਛੜੇ ਪਰਿਵਾਰਾਂ ਲਈ ਰੁਜ਼ਗਾਰ ਦੇ ਸਾਧਨ ਹਨ। ਡੇਰਾ ਮੁਖੀ ਨੂੰ ਸਜ਼ਾ ਤੇ ਉਸ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਬਾਅਦ ਪੁਲਿਸ ਨੇ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਵਿਚ ਜਾਇਦਾਦ ਸੀਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਗਰੀਬ ਸ਼ਰਧਾਲੂਆਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ।
ਡੇਰੇ ਦੇ ਹਰਿਆਣਾ, ਪੰਜਾਬ, ਦਿੱਲੀ ਤੇ ਰਾਜਸਥਾਨ ਵਿਚ ਐਮæਐਸ਼ਜੀæ ਬਰਾਂਡ ਦੇ 200 ਤੋਂ ਵੱਧ ਸਟੋਰ ਹਨ। ਇਥੇ ਡੇਰੇ ਦਾ ਤਿਆਰ ਚਾਵਲ, ਆਟਾ, ਦਾਲਾ, ਅਚਾਰ, ਸ਼ਹਿਦ ਤੇ ਨਿਊਡਲ ਆਦਿ ਵਿਕਦਾ ਹੈ। ਇਸ ਦੇ ਨਾਲ ਡੇਰੇ ਦਾ ਸਾਮਾਨ ਲੈ ਕੇ ਲੋਕਾਂ ਨੇ ਆਪਣੇ-ਆਪਣੇ ਇਲਾਕਿਆਂ ਵਿਚ ਦੁਕਾਨਾਂ ਖੋਲ੍ਹੀਆਂ ਹਨ। ਜ਼ਿਆਦਾਤਰ ਦਲਿਤਾਂ ਦੀ ਆਰਥਿਕਤਾ ਡੇਰੇ ‘ਤੇ ਨਿਰਭਰ ਹੈ। ਡੇਰੇ ਵਿਚ ਜਿਥੇ ਉਨ੍ਹਾਂ ਨੂੰ ਰੁਜ਼ਗਾਰ ਮਿਲਦਾ ਹੈ ਉਥੇ ਹੀ ਉਨ੍ਹਾਂ ਦੇ ਬੱਚੇ ਡੇਰੇ ਦੇ ਸਕੂਲਾਂ ਤੇ ਕਾਲਜਾ ਵਿਚ ਪੜ੍ਹਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਲਈ ਸਿਹਤ ਸਹੂਲਤਾਂ ਵੀ ਹਨ।