ਭਾਰਤੀ ਰਿਜ਼ਰਵ ਬੈਂਕ ਮੁਤਾਬਕ ਨੋਟਬੰਦੀ ਤੋਂ ਪਹਿਲਾਂ 15æ44 ਲੱਖ ਕਰੋੜ ਦੇ 1000 ਤੇ 500 ਰੁਪਏ ਦੇ ਪੁਰਾਣੇ ਨੋਟ ਚੱਲ ਰਹੇ ਸਨ। ਰੱਦ ਕੀਤੇ 15æ28 ਲੱਖ ਕਰੋੜ ਰੁਪਏ ਦੇ ਨੋਟ ਬੈਂਕ ਕੋਲ ਵਾਪਸ ਆ ਗਏ ਹਨ। ਇਸ ਦਾ ਮਤਲਬ ਹੈ ਕਿ ਹੁਣ ਇਕ ਫੀਸਦੀ ਪੈਸਾ ਹੀ ਬਾਜ਼ਾਰ ਵਿਚ ਬਚਿਆ ਹੈ। ਮੋਦੀ ਸਰਕਾਰ ਨੇ ਨੋਟਬੰਦੀ ਨੂੰ ਕਾਲਾ ਧਨ ਬਾਹਰ ਕਢਵਾਉਣਾ ਵਜੋਂ ਪ੍ਰਚਾਰਿਆ ਸੀ। ਹੁਣ ਸਵਾਲ ਇਹ ਉਠ ਰਿਹਾ ਹੈ ਕਿ ਲੋਕਾਂ ਕੋਲ ਕਾਲਾ ਧਨ ਹੈ ਹੀ ਨਹੀਂ ਸੀ ਜਾਂ ਮੋਦੀ ਦੇ ਤਜਰਬੇ (ਨੋਟਬੰਦੀ) ਨੇ ਕਾਲੇ ਧਨ ਨੂੰ ਸਫੈਦ ਕਰਨ ਦਿੱਤਾ।
ਨੋਟਬੰਦੀ ਦੀ ਆਮ ਲੋਕਾਂ ਨੂੰ ਵੱਡੀ ਕੀਮਤ ਤਾਰਨੀ ਪਈ। ਰਿਜ਼ਰਵ ਬੈਂਕ ਦਾ ਨਵੇਂ ਨੋਟ ਛਾਪਣ ਤੇ ਉਨ੍ਹਾਂ ਨੂੰ ਥਾਂ-ਥਾਂ ਪਹੁੰਚਾਉਣ ‘ਤੇ 21000 ਕਰੋੜ ਰੁਪਏ ਦਾ ਖਰਚ ਆਇਆ ਤੇ ਉਸ ਨੂੰ ਕਾਲਾ ਧਨ ਸਿਰਫ 16000 ਕਰੋੜ ਦਾ ਹੀ ਲੱਭਿਆ। ਨੋਟਬੰਦੀ ਕਾਰਨ ਲੋਕਾਂ ਨੂੰ ਕਈ ਕਈ ਦਿਨ ਬੈਂਕਾਂ ਅੱਗੇ ਲੰਮੀਆਂ ਕਤਾਰਾਂ ਲਾਉਣੀਆਂ ਪਈਆਂ। ਇਸ ਪਰੇਸ਼ਾਨੀ ਕਾਰਨ ਨਵੰਬਰ ਤੇ ਦਸੰਬਰ ਵਿਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ, ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ। ਕਤਾਰ ਵਿਚ ਲੱਗੀ ਇਕ ਲੜਕੀ ਇੰਨੀ ਪ੍ਰੇਸ਼ਾਨ ਹੋ ਗਈ ਸੀ ਕਿ ਉਸ ਨੇ ਆਪਣੇ ਕੱਪੜੇ ਹੀ ਉਤਾਰ ਦਿੱਤੇ ਸਨ। ਆਪਣੀ ਨਾਕਾਮੀ ‘ਤੇ ਮੋਦੀ ਸਰਕਾਰ ਹੁਣ ਘਿਰੀ ਹੋਈ ਹੈ।
_______________________
ਨਵੀਂ ਦਿੱਲੀ: ਨੋਟਬੰਦੀ ਰਾਹੀਂ ਕਾਲਾ ਧਨ ਖਿੱਚਣ ਬਾਰੇ ਮੋਦੀ ਸਰਕਾਰ ਦੇ ਸਾਰੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਸਰਕਾਰ ਇਹ ਦਾਅਵੇ ਕਰ ਰਹੀ ਸੀ ਕਿ ਤਕਰੀਬਨ ਤਿੰਨ ਲੱਖ ਕਰੋੜ ਰੁਪਏ ਦਾ ਲੁਕਿਆ ਪੈਸਾ ਜਾਂ ਕਾਲਾ ਧਨ ਬਾਹਰ ਆਵੇਗਾ। ਰਿਜ਼ਰਵ ਬੈਂਕ ਆਫ ਇੰਡੀਆ ਦੇ ਦਾਅਵੇ ਨੇ ਸਾਫ ਕਰ ਦਿੱਤਾ ਹੈ ਕਿ ਇਹ ਮੋਦੀ ਦੀਆਂ ਫੋਕੀਆਂ ਫੜ੍ਹਾਂ ਹੀ ਸਾਬਤ ਹੋਈਆਂ। ਨੋਟਬੰਦੀ ਲਾਗੂ ਹੋਣ ਤੋਂ ਬਾਅਦ ਆਰæਬੀæਆਈæ ਨੇ ਦੱਸਿਆ ਸੀ ਕਿ ਅੱਠ ਨਵੰਬਰ 2016 ਤੋਂ ਪਹਿਲਾਂ 15æ44 ਲੱਖ ਕਰੋੜ ਦੇ 1000 ਤੇ 500 ਰੁਪਏ ਦੇ ਪੁਰਾਣੇ ਨੋਟ ਚੱਲ ਰਹੇ ਸੀ। ਕੇਂਦਰੀ ਬੈਂਕ ਨੇ ਇਹ ਦੱਸਿਆ ਕਿ ਰੱਦ ਕੀਤੇ 15æ28 ਲੱਖ ਕਰੋੜ ਰੁਪਏ ਦੇ ਨੋਟ ਤਾਂ ਬੈਂਕ ਕੋਲ ਵਾਪਸ ਆ ਗਏ ਹਨ। ਇਹ ਕਰੰਸੀ ਬਾਜ਼ਾਰ ਵਿਚ ਜਾਰੀ ਇਨ੍ਹਾਂ ਨੋਟਾਂ ਦੇ ਕੁੱਲ ਮੁੱਲ ਦਾ 99 ਫੀਸਦੀ ਬਣਦੀ ਹੈ।
ਇਸ ਦਾ ਮਤਲਬ ਕਿ ਨੋਟਬੰਦੀ ਨਾਲ ਇਹ ਸਾਬਤ ਹੋਇਆ ਹੈ ਕਿ ਭਾਰਤ ਵਿਚ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੇ ਰੂਪ ਵਿਚ ਸਿਰਫ 1 ਫੀਸਦੀ ਕਾਲਾ ਧਨ ਹੈ। ਸਰਕਾਰ ਕੋਲ ਸਿਰਫ 16,000 ਕਰੋੜ ਰੁਪਏ ਦੇ ਪੁਰਾਣੇ ਨੋਟ ਨਹੀਂ ਜਮ੍ਹਾਂ ਕਰਵਾਏ ਗਏ, ਜਦਕਿ ਸਰਕਾਰ ਨੂੰ ਆਸ ਸੀ ਕਿ ਤਿੰਨ ਲੱਖ ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲੱਗੇਗਾ। ਨੋਟਬੰਦੀ ਉਤੇ ਵਿਸ਼ਾ ਮਾਹਰਾਂ ਦੀ ਵੱਖ-ਵੱਖ ਰਾਏ ਸੀ, ਪਰ ਜ਼ਿਆਦਾਤਰ ਇਸ ਦਾ ਕੋਈ ਖਾਸ ਫਾਇਦਾ ਨਾ ਹੋਣ ਬਾਰੇ ਹੀ ਕਹਿ ਰਹੇ ਸਨ। ਆਰæਬੀæਆਈæ ਵੱਲੋਂ ਜਾਰੀ ਅੰਕੜਿਆਂ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀæ ਚਿਦੰਬਰਮ ਨੇ ਨੋਟਬੰਦੀ ਬਾਰੇ ਕੁਝ ਤੱਥ ਸਾਹਮਣੇ ਰੱਖੇ। ਉਨ੍ਹਾਂ ਕਹਿਣਾ ਹੈ ਕਿ ਸਰਕਾਰ ਨੇ ਹੁਣ ਤੱਕ 500 ਤੇ 2,000 ਰੁਪਏ ਮੁੱਲ ਦੇ ਨਵੇਂ ਨੋਟ ਛਾਪਣ ਤੋਂ ਲੈ ਕੇ ਇਸ਼ਤਿਹਾਰਬਾਜ਼ੀ ਆਦਿ ਸਮੇਤ ਲੋਕਾਂ ਤੱਕ ਪਹੁੰਚਾਉਣ ਲਈ 21,000 ਕਰੋੜ ਰੁਪਏ ਖਰਚ ਕੀਤੇ ਹਨ। ਇੰਨਾ ਰੁਪਿਆ ਖਰਚ ਕਰਨ ਤੋਂ ਬਾਅਦ ਸਰਕਾਰ ਨੂੰ ਇਹ ਪਤਾ ਲੱਗਾ ਹੈ ਕਿ 16,000 ਕਰੋੜ ਦੇ ਪੁਰਾਣੇ ਨੋਟ ਵਾਪਸ ਨਹੀਂ ਆਏ।
ਉਨ੍ਹਾਂ ਟਵਿੱਟਰ ਰਾਹੀਂ ਵਿਅੰਗ ਕਰਦਿਆਂ ਕਿਹਾ ਕਿ ਨੋਟਬੰਦੀ ਲਾਗੂ ਕਰਨ ਵਾਲੇ ਅਰਥਸ਼ਾਸਤਰੀਆਂ ਨੂੰ ਨੋਬੇਲ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਤੇ ਨੋਟਬੰਦੀ ਕਾਲੇ ਧਨ ਨੂੰ ਕਾਨੂੰਨੀ ਰੂਪ ਵਿਚ ਸਫੈਦ ਬਣਾਉਣ ਦੀ ਪ੍ਰਕਿਰਿਆ ਤਾਂ ਨਹੀਂ ਸਾਬਤ ਹੋਈ। ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਸਾਲ ਆਜ਼ਾਦੀ ਦਿਹਾੜੇ ਦੇ ਸਮਾਗਮ ਮੌਕੇ ਨੋਟਬੰਦੀ ਦੇ ਅਸਿੱਧੇ ਫਾਇਦਿਆਂ ਬਾਰੇ ਆਪਣੇ ਭਾਸ਼ਣ ਵਿਚ ਦਾਅਵਾ ਕੀਤਾ ਸੀ ਕਿ ਕਰੀਬ 2 ਲੱਖ ਕਰੋੜ ਰੁਪਏ ਦੀ ਅਣ-ਐਲਾਨੀ ਆਮਦਨ ਬੈਂਕਿੰਗ ਪ੍ਰਣਾਲੀ ਵਿਚ ਆਈ ਹੈ। ਇਸ ਨਾਲ ਆਮਦਨ ਕਰ ਰਿਟਰਨ ਭਰਨ ਵਾਲਿਆਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ।
___________________________
ਨੋਟਬੰਦੀ ਦੀ ਨਾਕਾਮੀ ‘ਤੇ ਵਿਰੋਧੀ ਧਿਰ ਹੋਈ ਹਮਲਾਵਰ
ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ 99 ਫੀਸਦੀ ਨੋਟ ਵਾਪਸ ਆਉਣ ਦੇ ਅੰਕੜੇ ਜਾਰੀ ਹੋਣ ਤੋਂ ਬਾਅਦ ਕੇਂਦਰ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ। ਵਿਰੋਧੀ ਧਿਰ ਵੱਲੋਂ ਨੋਟਬੰਦੀ ਨੂੰ ‘ਰਾਸ਼ਟਰ ਵਿਰੋਧੀ ਕਾਰਵਾਈ’ ਅਤੇ ‘ਅਰਥਚਾਰੇ ਦੀ ਤਬਾਹੀ’ ਦਾ ਕਾਰਨ ਦੱਸਿਆ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਇਸ ਨੂੰ ਸਰਕਾਰ ਦੀ ਨਾਕਾਮੀ ਕਰਾਰ ਦਿੰਦਿਆਂ ਕਿਹਾ ਕਿ ਇਸ ਕਾਰਨ ਕਈ ਬੇਗੁਨਾਹ ਜ਼ਿੰਦਗੀਆਂ ਖਤਮ ਹੋ ਗਈਆਂ ਅਤੇ ਅਰਥਚਾਰਾ ਤਬਾਹ ਹੋ ਗਿਆ। ਸੀæਪੀæਆਈæ (ਐਮæ) ਦੇ ਨੇਤਾ ਸੀਤਾਰਾਮ ਯੇਚੁਰੀ ਨੇ ਨੋਟਬੰਦੀ ਨੂੰ ਭਾਰਤ ਵਿਰੋਧੀ ਕਾਰਵਾਈ ਦੱਸਦਿਆਂ ਕਿਹਾ ਕਿ ਦੇਸ਼ ਇਸ ਲਈ ਮੋਦੀ ਸਰਕਾਰ ਨੂੰ ਕਦੇ ਮੁਆਫ ਨਹੀਂ ਕਰੇਗਾ।