ਫੋਰਬਸ ਸੂਚੀ ਵਿਚ ਭਾਰਤ ਏਸ਼ੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਬੇਸ਼ੱਕ ਕਈ ਤਰ੍ਹਾਂ ਦੇ ਦਾਅਵੇ ਤੇ ਨੋਟਬੰਦੀ ਵਰਗੇ ਅਜੀਬੋ-ਗਰੀਬ ਤਜਰਬੇ ਕਰ ਕੇ ਦੇਸ਼ ਦੇ ਭ੍ਰਿਸ਼ਟਾਚਾਰ ਮੁਕਤ ਹੋਣ ਬਾਰੇ ਹੋਕਾ ਦਿੱਤਾ ਜਾ ਰਿਹਾ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ। ਸਿਆਸਤਦਾਨਾਂ ਦੇ ਹਵਾਈ ਕਿਲ੍ਹਿਆਂ ਦੇ ਉਲਟ ਤੱਥ ਦੱਸਦੇ ਹਨ ਕਿ ਇਸ ਵੇਲੇ ਭਾਰਤ ਏਸ਼ੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼ ਬਣ ਗਿਆ ਹੈ।

ਫੋਰਬਸ ਦੀ ਸੂਚੀ ਵਿਚ ਭਾਰਤ ਵਿਚ ਰਿਸ਼ਵਤਖੋਰੀ ਦਰ 69 ਫੀਸਦੀ ਹੋਣ ਕਾਰਨ ਇਸ ਨੂੰ ਏਸ਼ੀਆ ਦਾ ਸਭ ਤੋਂ ਭ੍ਰਿਸ਼ਟ ਮੁਲਕ ਦੱਸਿਆ ਗਿਆ ਹੈ। ਇਕ ਸਰਵੇਖਣ ਮੁਤਾਬਕ ਜਨਤਕ ਸੇਵਾਵਾਂ ਜਿਵੇਂ ਕਿ ਸਕੂਲ, ਹਸਪਤਾਲ, ਦਸਤਾਵੇਜ਼ਾਂ ਤੇ ਪੁਲਿਸ ਆਦਿ ਸਬੰਧਤ ਕੰਮ ਕਰਵਾਉਣ ਲਈ ਅੱਧ ਤੋਂ ਜ਼ਿਆਦਾ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਹਾਲਾਂਕਿ ਫੋਰਬਸ ਵਿਚ ਛਪੇ ਲੇਖ ਵਿਚ ਪ੍ਰਧਾਨ ਮੰਤਰੀ ਦੇ ਸੋਹਲੇ ਗਾਏ ਗਏ ਹਨ ਪਰ ਉਨ੍ਹਾਂ ਦਾ ਆਧਾਰ ਯਕੀਨੀ ਤੌਰ ‘ਤੇ ਇਹ ਅੰਕੜੇ ਨਹੀਂ ਹੋ ਸਕਦੇ। ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਰਿਸ਼ਵਤ ਦਰ 40 ਫੀਸਦੀ ਦਰਜ ਕੀਤੀ ਗਈ ਹੈ। ਸਰਵੇਖਣ ਵਿਚ ਸ਼ਾਮਲ 75 ਫੀਸਦੀ ਲੋਕਾਂ ਦਾ ਇਹ ਕਹਿਣਾ ਹੈ ਕਿ ਪਾਕਿਸਤਾਨ ਦੀ ਪੁਲਿਸ ਭ੍ਰਿਸ਼ਟ ਹੈ। ਬਰਲਿਨ ਵਿਚ ਸਥਾਪਤ ਭ੍ਰਿਸ਼ਟਾਚਾਰ ਮਾਪਣ ਵਾਲੀ ਇਕ ਸੰਸਥਾ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ (ਟੀæਆਈæ) ਵੱਲੋਂ 18 ਮਹੀਨਿਆਂ ਦੇ ਲੰਮੇ ਸਮੇਂ ਦੌਰਾਨ ਇਕ ਸਰਵੇਖਣ ਕਰਵਾਇਆ ਗਿਆ।
ਇਸ ਦੇ ਨਤੀਜਿਆਂ ਵਿਚ ਟੀæਆਈæ ਨੇ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ 168 ਦੇਸ਼ਾਂ ਵਿਚੋਂ 76ਵਾਂ ਸਥਾਨ ਦਿੱਤਾ ਹੈ। ਸਰਵੇਖਣ ਤੋਂ ਇਹ ਵੀ ਪਤਾ ਲੱਗਾ ਹੈ ਕਿ ਭਾਰਤੀਆਂ ਨੂੰ ਆਪਣੇ ਬੱਚੇ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਤੇ ਆਪਣੇ ਇਲਾਜ ਲਈ ਪੂਰੀ ਦੁਨੀਆਂ ਵਿਚੋਂ ਸਭ ਤੋਂ ਵੱਧ ਰਿਸ਼ਵਤ ਦੇਣੀ ਪੈਂਦੀ ਹੈ। ਅੰਕੜਿਆਂ ਦੇ ਨਾਲ ਹੀ ਇਹ ਵੀ ਕਿਹਾ ਹੈ ਭਾਰਤ ਦੀ ਮੌਜੂਦਾ ਸਰਕਾਰ ਨੂੰ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਵਾਲੇ ਉਦੇਸ਼ ਦੀ ਪੂਰਤੀ ਲਈ ਬਹੁਤ ਕੰਮ ਕਰਨਾ ਪੈਣਾ ਹੈ।