ਹੁਣ ਕੈਪਟਨ ਸਰਕਾਰ ਵੀ ਬਾਦਲਾਂ ਵਾਲੇ ਰਾਹ ਤੁਰੀ

ਚੰਡੀਗੜ੍ਹ: ਕਾਂਗਰਸ ਵੱਲੋਂ ਵਿਰੋਧੀ ਧਿਰ ਵਜੋਂ ਪਿਛਲੀ ਬਾਦਲ ਸਰਕਾਰ ਨੂੰ ਸਭ ਤੋਂ ਵੱਧ ਤਨਖਾਹਾਂ ਰੋਕਣ ਵਾਲੇ ਮੁੱਦੇ ‘ਤੇ ਭੰਡਿਆ ਜਾਂਦਾ ਸੀ। ਦੋਸ਼ ਲਾਇਆ ਜਾਂਦਾ ਸੀ ਕਿ ਸਰਕਾਰ ਨੇ ਖਜ਼ਾਨਾ ਦਫ਼ਤਰਾਂ ਉਤੇ ਅਣਐਲਾਨੀ ਰੋਕ ਲਾਈ ਹੈ ਜਦੋਂ ਕਿ ਹੁਣ ਕੈਪਟਨ ਸਰਕਾਰ ਖੁਦ ਇਸ ਰਾਹ ਪੈ ਗਈ ਹੈ। ਪੰਜਾਬ ਸਰਕਾਰ ਲੱਖਾਂ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ ਤਨਖਾਹ ਨਹੀਂ ਦੇ ਸਕੀ। ਸਰਕਾਰ ਨੇ ਕਾਨੂੰਨੀ ਡੰਡੇ ਤੋਂ ਡਰਦਿਆਂ ਸਿਰਫ ਅਦਾਲਤੀ ਸਟਾਫ ਨੂੰ ਹੀ ਤਨਖਾਹਾਂ ਦੇਣ ਦੇ ਹੁਕਮ ਦਿੱਤੇ ਹਨ।

ਸੂਤਰਾਂ ਅਨੁਸਾਰ ਵਿੱਤ ਵਿਭਾਗ ਨੇ ਪਿਛਲੀ ਬਾਦਲ ਸਰਕਾਰ ਦੀ ਤਰਜ਼ ‘ਤੇ ਸਾਰੇ ਖਜ਼ਾਨਾ ਅਫਸਰਾਂ ਨੂੰ ਟੈਲੀਫੋਨ ਰਾਹੀਂ ਸਮੂਹ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਦੇ ਆਦੇਸ਼ ਦਿੱਤੇ ਸਨ। ਸਰਕਾਰ ਨੇ ਨਵੇਂ ਆਦੇਸ਼ ਜਾਰੀ ਕਰ ਕੇ ਸੂਬੇ ਦੀਆਂ ਅਦਾਲਤਾਂ ਦੇ ਸਟਾਫ ਨੂੰ ਤਨਖਾਹਾਂ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਦੱਸਣਯੋਗ ਹੈ ਕਿ ਸਰਕਾਰ ਦੇ ਅਜਿਹੇ ਜਬਾਨੀ ਹੁਕਮਾਂ ਕਾਰਨ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਕਰੋੜਾਂ ਰੁਪਏ ਦੀਆਂ ਅਦਾਇਗੀਆਂ ਕਈ ਮਹੀਨਿਆਂ ਤੋਂ ਰੁਕੀਆਂ ਪਈਆਂ ਹਨ, ਜਿਸ ਕਾਰਨ ਰੋਜ਼ਾਨਾ ਖਜ਼ਾਨਾ ਅਫਸਰਾਂ ਨੂੰ ਆਮ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਚੰਡੀਗੜ੍ਹ ਤੋਂ ਖੜਕੇ ਟੈਲੀਫੋਨਾਂ ਬਾਅਦ ਤਨਖਾਹਾਂ ਰਿਲੀਜ਼ ਕਰਨ ਦੀ ਪ੍ਰਕਿਰਿਆ ਰੋਕ ਦਿੱਤੀ ਗਈ। ਇਥੋਂ ਤੱਕ ਕਿ ਖ਼ਜ਼ਾਨਾ ਦਫਤਰਾਂ ਦੇ ਮੁਲਾਜ਼ਮ ਵੀ ਆਪਣੀਆਂ ਤਨਖਾਹਾਂ ਜਾਰੀ ਕਰਾਉਣ ਤੋਂ ਅਸਮਰੱਥ ਰਹੇ ਸਨ।
ਸੇਵਾ ਮੁਕਤ ਮੁਲਾਜ਼ਮਾਂ ਦੀਆਂ ਵੱਖ-ਵੱਖ ਅਦਾਇਗੀਆਂ ਦੇ ਬਿੱਲ ਵੀ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਖਜ਼ਾਨਾ ਦਫਤਰਾਂ ਵਿਚ ਅਣਐਲਾਨੀ ਰੋਕ ਲਾ ਕੇ ਪੈਂਡਿੰਗ ਰੱਖੇ ਗਏ ਹਨ। ਜੀæਪੀæ ਫੰਡ ਦੇ ਫਾਈਨਲ ਭੁਗਤਾਨ ਦੇ ਬਿੱਲ ਵੀ ਤਿੰਨ ਮਹੀਨਿਆਂ ਤੋਂ ਖਜ਼ਾਨਾ ਦਫਤਰਾਂ ‘ਚ ਰੁਕੇ ਪਏ ਹਨ। ਇਸੇ ਤਰ੍ਹਾਂ ਮੁਲਾਜ਼ਮਾਂ ਦੇ ਵੱਖ ਵੱਖ ਤਰ੍ਹਾਂ ਦੇ ਬਕਾਇਆਂ ਦੇ ਬਿੱਲ ਪਿਛਲੇ 10 ਮਹੀਨਿਆਂ ਤੋਂ ਠੰਢੇ ਬਸਤੇ ਵਿਚ ਪਏ ਹਨ।
ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਆਪਣੇ ਹੀ ਜੀæਪੀæਐਫ਼ ਖਾਤਿਆਂ ਵਿਚੋਂ ਐਡਵਾਂਸ ਲੈਣ ਦੇ ਬਿੱਲ ਪਿਛਲੇ ਤਿੰਨ ਮਹੀਨਿਆਂ ਤੋਂ ਪੈਂਡਿੰਗ ਹਨ। ਇਸ ਕਾਰਨ ਮੁਲਾਜ਼ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਪਿਛਲੇ ਡੇਢ ਮਹੀਨੇ ਤੋਂ ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਉਤੇ ਵੀ ਰੋਕ ਲਾਈ ਹੋਈ ਹੈ। ਸਟਾਫ ਦੇ ਟੀæਏæ, ਦਫਤਰੀ ਖਰਚਿਆਂ ਆਦਿ ਦੇ ਬਿੱਲ ਵੀ ਖਜ਼ਾਨਾ ਦਫ਼ਤਰਾਂ ਵਿਚ ਰੁਲ ਰਹੇ ਹਨ।
_____________________________
ਨੌਕਰੀ ਬਾਰੇ ਵਾਅਦਾ ਪੂਰਾ ਕਰਨ ਤੋਂ ਭੱਜਿਆ ਕੈਪਟਨ: ਚੰਦੂਮਾਜਰਾ
ਚਮਕੌਰ ਸਾਹਿਬ: ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੇ ਪਹਿਲੇ ਪੜਾਅ ਦੌਰਾਨ ਹੀ ‘ਹਰ ਘਰ ਇੱਕ ਨੌਕਰੀ’ ਦੇਣ ਦਾ ਆਪਣਾ ਚੋਣ ਵਾਅਦਾ ਪੂਰਾ ਕਰਨ ਵਿਚ ਨਾਕਾਮ ਰਹੇ ਹਨ, ਪਰ ਰੁਜ਼ਗਾਰ ਮੇਲਿਆਂ ਦੇ ਨਾਂ ਉਤੇ ਨਿੱਜੀ ਸੰਸਥਾਵਾਂ ਦੇ ਪ੍ਰੋਗਰਾਮਾਂ ਨੂੰ ਹਾਈਜੈਕ ਕਰ ਕੇ ਪੱਕੀ ਪਕਾਈ ਰੋਟੀ ਹਾਸਲ ਕਰਨ ਦੇ ਯਤਨ ਕਰ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੰਜਾਬ ਦੀ ਕਿਸਾਨੀ ਅਤੇ ਨੌਜਵਾਨੀ ਨੂੰ ਲੈ ਕੇ ਚਿੰਤਤ ਹੈ ਤਾਂ ਉਹ ਸਾਰੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਰੁਜ਼ਗਾਰ ਮੁਹੱਈਆ ਕਰਵਾਏ।
_____________________________
ਤਕਨੀਕੀ ਸਿੱਖਿਆ ਮੰਤਰੀ ਪੀæਐਚæਡੀ ਟੈਸਟ ਵਿਚੋਂ ਫੇਲ੍ਹ
ਚੰਡੀਗੜ੍ਹ: ਪੰਜਾਬ ਦੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦਾ ‘ਡਾਕਟਰ’ ਬਣਨ ਦਾ ਸੁਪਨਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਉਹ ਪੀæਐਚæ ਡੀ ਵਿਚ ਦਾਖਲੇ ਦੇ ਸਾਂਝੇ ਟੈਸਟ ਵਿਚੋਂ ਪਾਸ ਨਹੀਂ ਹੋ ਸਕੇ। ਪੰਜਾਬ ਯੂਨੀਵਰਸਿਟੀ ਵੱਲੋਂ ਪੀæਐਚæ ਡੀ ਅਤੇ ਐਮæ ਫਿਲ਼ ਵਿਚ ਦਾਖਲੇ ਵਾਸਤੇ ਨੌਂ ਜੁਲਾਈ ਨੂੰ ਟੈਸਟ ਲਿਆ ਗਿਆ ਸੀ ਜਿਸ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ।
ਉਨ੍ਹਾਂ ਰਾਜਨੀਤੀ ਵਿਗਿਆਨ ਦੀ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਵਿਚ ਦਾਖਲਾ ਲੈਣ ਲਈ ਇਹ ਟੈਸਟ ਦਿੱਤਾ ਸੀ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਯੋਗਦਾਨ ‘ਤੇ ਰਿਸਰਚ ਕਰਨ ਦੇ ਚਾਹਵਾਨ ਹਨ। ਟੈਸਟ ਵਿਚੋਂ 55 ਫ਼ੀਸਦੀ ਪਾਸ ਅੰਕਾਂ ਦੀ ਸ਼ਰਤ ਰੱਖੀ ਜਾਂਦੀ ਹੈ ਜਦੋਂ ਕਿ ਰਾਖਵੇਂ ਵਰਗ ਵਾਸਤੇ 50 ਫੀਸਦੀ ਅੰਕ ਰੱਖੇ ਜਾਂਦੇ ਹਨ ਅਤੇ ਸ੍ਰੀ ਚੰਨੀ ਪਾਸ ਅੰਕ ਪ੍ਰਾਪਤ ਨਹੀਂ ਕਰ ਸਕੇ ਹਨ।