ਸਿੱਖਾਂ ਬਾਰੇ ਜਾਗਰੂਕਤਾ ਮੁਹਿੰਮ ਨੂੰ ਮਿਲਿਆ ਹਾਂ-ਪੱਖੀ ਹੁੰਗਾਰਾ

ਵਾਸ਼ਿੰਗਟਨ: ਸਿੱਖੀ ਤੇ ਸਿੱਖਾਂ ਬਾਰੇ ਜਾਗਰੂਕਤਾ ਮੁਹਿੰਮ ‘ਵੀ ਆਰ ਸਿੱਖਜ਼’ ਦੇ ਹਾਂ ਪੱਖੀ ਨਤੀਜੇ ਸਾਹਮਣੇ ਆਏ ਹਨ। ਇਕ ਸਰਵੇਖਣ ਵਿਚ ਇਹ ਗੱਲ ਸਾਫ ਹੋਈ ਹੈ ਕਿ ਇਕ ਮਹੀਨਾ ਚੱਲੀ ਇਸ ਮੁਹਿੰਮ ਤੋਂ ਬਾਅਦ ਅਮਰੀਕਾ ਦੇ ਬਾਸ਼ਿੰਦਿਆਂ ਵਿਚ ਸਿੱਖਾਂ ਦੀ ਪਛਾਣ ਪਹਿਲਾਂ ਦੇ ਮੁਕਾਬਲੇ ਵਧੀ ਹੈ। ਸਿੱਖਾਂ ਵਿਰੁੱਧ ਵਧ ਰਹੇ ਨਸਲੀ ਹਮਲਿਆਂ ਦੇ ਹੱਲ ਲਈ ਸਿੱਖਾਂ ਨੇ ਇਸ ਸਾਲ 14 ਅਪਰੈਲ ਨੂੰ ਵਿਸਾਖੀ ਵਾਲੇ ਦਿਨ ਇਸ ਮੁਹਿੰਮ ਦਾ ਆਗ਼ਾਜ਼ ਕੀਤਾ ਸੀ।

ਜ਼ਮੀਨੀ ਪੱਧਰ ‘ਤੇ ਕਰਵਾਏ ਜਾਣ ਵਾਲੇ ਸਮਾਗਮਾਂ ਤੋਂ ਇਲਾਵਾ ਟੈਲੀਵਿਜ਼ਨ, ਰਿਵਾਇਤੀ ਤੇ ਡਿਜ਼ੀਟਲ ਇਸ਼ਤਿਹਾਰ ਤੇ ਮੀਡੀਆ ਵਿਚ ਉਚੇਚੇ ਤੌਰ ਉਤੇ ਸਿੱਖਾਂ ਬਾਰੇ ਖਬਰਾਂ ਇਸ ਮੁਹਿੰਮ ਦਾ ਹਿੱਸਾ ਸਨ। ਦੇਸ਼ ਵਿਆਪੀ ਚੈਨਲਾਂ ‘ਤੇ ਵੱਡੇ ਪੱਧਰ ਉਤੇ ਸਿੱਖਾਂ ਦੇ ਬਰਾਬਰਤਾ, ਔਰਤ ਦਾ ਸਤਿਕਾਰ, ਲੰਗਰ ਤੇ ਸਭ ਧਰਮਾਂ ਲਈ ਆਦਰ ਵਰਗੇ ਮੂਲ ਸਿਧਾਂਤਾਂ ਦੇ ਨਾਲ-ਨਾਲ ਵਿਸ਼ਵ ਦੇ 5ਵੇਂ ਸਭ ਤੋਂ ਵੱਡੇ ਧਰਮ ਬਾਰੇ ਵਿਸ਼ੇਸ਼ ਪ੍ਰੋਗਰਾਮ ਵਿਖਾਏ ਗਏ। ਇਸ ਮੁਹਿੰਮ ਨੂੰ ਚਲਾਉਣ ਲਈ 1æ3 ਮਿਲੀਅਨ ਡਾਲਰ ਖਰਚ ਕਰਨੇ ਪਏ।
ਇਸ ਦਾ ਨਤੀਜਾ ਇਹ ਹੋਇਆ ਕਿ 59 ਫੀਸਦੀ ਫਰੈਜ਼ਨੋ ਵਾਸੀ ਅਮਰੀਕਾ ਵਿਚ ਵਸਦੇ ਸਿੱਖਾਂ ਬਾਰੇ ਕੁਝ ਨਾ ਕੁਝ ਜਾਣਦੇ ਸਨ। 68 ਫੀਸਦੀ ਲੋਕਾਂ ਨੇ ਕਿਹਾ ਕਿ ਸਿੱਖ ਚੰਗੇ ਗੁਆਂਢੀ ਹੁੰਦੇ ਹਨ ਜਦਕਿ 64 ਫੀਸਦੀ ਲੋਕ ਸਿੱਖਾਂ ਨੂੰ ਨੇਕਦਿਲ ਮੰਨਦੇ ਹਨ।
ਜੇਕਰ ਗੱਲ ‘ਵੀ ਆਰ ਸਿੱਖਜ਼’ ਮੁਹਿੰਮ ਦੇ ਅਸਰ ਦੀ ਕਰੀਏ ਤਾਂ 57 ਫੀਸਦੀ ਲੋਕਾਂ ਨੇ ਇਹ ਦੱਸਿਆ ਕਿ ਦਾੜ੍ਹੀ ਵਾਲੇ ਬੰਦੇ ਜੋ ਦਸਤਾਰ ਸਜਾਉਂਦੇ ਹਨ, ਸਿੱਖ ਹਨ। ਫਰਿਜ਼ਨੋ ਦੇ 67 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਵੀਡੀਓ ਵੇਖਿਆ ਹੈ, ਜਿਸ ਵਿਚ ਬਰਾਬਰਤਾ ਤੇ ਸਾਰਿਆਂ ਲਈ ਦਿਲ ਵਿਚ ਥਾਂ ਰੱਖਣ ਵਾਲੇ ਵਿਅਕਤੀ ਨੂੰ ਵਿਖਾਇਆ ਗਿਆ ਹੈ ਤੇ ਉਹ ਇਕ ਸਿੱਖ ਸੀ। ਹਾਰਟ ਰਿਸਰਚ ਐਸੋਸੀਏਟਸ ਦੇ ਮੁਖੀ ਜਿਓਫ ਗ੍ਰੇਨ ਨੇ ਦੱਸਿਆ ਕਿ ਸਮਾਜਿਕ ਤੇ ਸਿਆਸੀ ਵਾਤਾਵਰਨ ਪ੍ਰਤੀਕੂਲ ਨਾ ਹੋਣ ਦੇ ਬਾਵਜੂਦ ਪੱਗ ਤੇ ਲੰਮੀ ਦਾੜ੍ਹੀਆਂ ਤੋਂ ਪਛਾਣੇ ਜਾ ਸਕਣ ਵਾਲੇ ਅਮਰੀਕਨ ਸਿੱਖਾਂ ਨੇ ਆਪਣੀ ਮੁਹਿੰਮ ਦੇ ਉਦੇਸ਼ ਪੂਰੇ ਕਰ ਲਏ ਹਨ।
ਦੱਸਣਾ ਬਣਦਾ ਹੈ ਕਿ ਮਾਰਚ ਵਿਚ ਇਕ ਨਕਾਬਪੋਸ਼ ਨੇ ਸਿੱਖ ਨੂੰ ਉਸ ਦੇ ਘਰ ਦੇ ਬਾਹਰ ਹੀ ਆਪਣੇ ਦੇਸ਼ ਵਾਪਸ ਜਾਣ ਬਾਰੇ ਕਹਿੰਦੇ ਹੋਏ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਸਿੱਖਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਰਾਹੀਂ ਉਹ ਆਪਣੇ ਬਾਰੇ ਤੇ ਧਰਮ ਬਾਰੇ ਪ੍ਰਚਾਰ ਕੀਤਾ ਸੀ। ਸਿੱਖਾਂ ਦੀ ਇਸ ਪਹਿਲ ਨੂੰ ਸੋਸ਼ਲ ਮੀਡੀਆ ‘ਤੇ ਵੀ ਚੰਗਾ ਹੁੰਗਾਰਾ ਮਿਲਿਆ ਜਿਸ ਰਾਹੀਂ ਉਹ ਆਪਣੀ ਪਛਾਣ ਪ੍ਰਤੀ ਅਮਰੀਕਾ ਦੇ ਮੂਲ ਵਾਸੀਆਂ ਨੂੰ ਜਾਗਰੂਕ ਕਰਵਾਉਣ ਵਿਚ ਸਫਲ ਰਹੇ।
_______________________________________
ਇਕ ਜਨੂਨੀ ਹੱਥੋਂ ਸਿੱਖ ਵਿਦਿਆਰਥੀ ਦਾ ਕਤਲ
ਸਿਆਟਲ: ਯੂਨੀਵਰਸਿਟੀ ਵਿਚ ਦਾਖਲਾ ਨਾ ਮਿਲਣ ਕਾਰਨ ਪਰੇਸ਼ਾਨ ਇਕ ਅਮਰੀਕੀ ਵਿਦਿਆਰਥੀ ਨੇ ਚਾਕੂ ਮਾਰ ਕੇ ਸਾਫਟਵੇਅਰ ਇੰਜੀਨੀਅਰਿੰਗ ਦੇ ਤੀਜੇ ਸਾਲ ਦੇ ਵਿਦਿਆਰਥੀ ਗਗਨਦੀਪ ਸਿੰਘ (22 ਸਾਲ) ਦਾ ਕਤਲ ਕਰ ਦਿੱਤਾ। ਗਗਨਦੀਪ ਟੈਕਸੀ ਵੀ ਚਲਾਉਂਦਾ ਸੀ।
ਇਡਾਹੋ ਵਿਚ ਬੌਨਰ ਕਾਊਂਟੀ ਸ਼ੈਰਿਫ ਦਫਤਰ ਨੇ ਮੁਲਜ਼ਿਮ ਦੀ ਸ਼ਨਾਖਤ ਜੈਕਬ ਕੋਲਮੈਨ ਵਜੋਂ ਕੀਤੀ ਹੈ, ਜਿਸ ਖਿਲਾਫ਼ ਪਹਿਲਾ ਦਰਜਾ ਕਤਲ ਦੇ ਦੋਸ਼ ਲਾਏ ਗਏ ਹਨ। ਦੱਸਣਯੋਗ ਹੈ ਕਿ ਗਗਨਦੀਪ ਮੂਲ ਰੂਪ ਵਿਚ ਜਲੰਧਰ ਦਾ ਵਸਨੀਕ ਸੀ ਅਤੇ ਸਾਲ 2003 ਤੋਂ ਵਾਸ਼ਿੰਗਟਨ ਸਟੇਟ ‘ਚ ਰਹਿ ਰਿਹਾ ਸੀ।
ਸ਼ੈਰਿਫ ਦਫਤਰ ਦੇ ਬਿਆਨ ਮੁਤਾਬਕ ਕੋਲਮੈਨ ਸਿਆਟਲ ਤੋਂ ਸਪੋਕੇਨ ਦੀ ਗੌਂਜ਼ਾਗਾ ਯੂਨੀਵਰਸਿਟੀ ਵਿਚ ਦਾਖਲੇ ਲਈ ਆਇਆ ਸੀ ਪਰ ਇਥੇ ‘ਵਰਸਿਟੀ ਨੇ ਉਸ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ। ਜਵਾਬ ਮਿਲਣ ਬਾਅਦ ਉਸ ਨੂੰ ਗੁੱਸਾ ਆ ਗਿਆ ਅਤੇ ਉਸ ਦੇ ਦਿਮਾਗ ਵਿਚ ਖਤਰਨਾਕ ਖਿਆਲ ਆਉਣ ਲੱਗੇ। ਗੌਂਜ਼ਾਗਾ ਯੂਨੀਵਰਸਿਟੀ ਨੇ ਦੱਸਿਆ ਕਿ ਕੋਲਮੈਨ ਦੀ ਅਰਜ਼ੀ ਦਾ ਉਸ ਕੋਲ ਕੋਈ ਰਿਕਾਰਡ ਨਹੀਂ ਹੈ ਅਤੇ ਉਸ ਵੱਲੋਂ ਅਧਿਕਾਰੀਆਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕੋਲਮੈਨ ਨੇ ਟੈਕਸੀ ਲਈ ਅਤੇ ਗਗਨਦੀਪ ਸਿੰਘ ਨੂੰ ਉਸ ਦੇ ਬੌਨਰ ਕਾਊਂਟੀ, ਇਡਾਹੋ ਵਿਚ ਉਸ ਦੇ ਫਰਜ਼ੀ ਦੋਸਤ ਘਰ ਛੱਡਣ ਲਈ ਕਿਹਾ।
ਪੁਲਿਸ ਅਨੁਸਾਰ ਕੋਲਮੈਨ ਨੇ ਬਾਅਦ ‘ਚ ਮੰਨਿਆ ਕਿ ਸਫਰ ਦੌਰਾਨ ਉਹ ‘ਹਿੰਸਕ ਹੋ ਗਿਆ ਸੀ’ ਤੇ ਇਕ ਜਗ੍ਹਾ ਦੁਕਾਨ ‘ਤੇ ਰੁਕਣ ਸਮੇਂ ਉਸ ਨੇ ਚਾਕੂ ਖਰੀਦ ਲਿਆ ਸੀ। ਗਗਨਦੀਪ ਨੂੰ ਗਲਤ ਜਗ੍ਹਾ ਲਿਜਾਏ ਜਾਣ ਦਾ ਅਹਿਸਾਸ ਹੋਣ ‘ਤੇ ਉਸ ਨੇ ਸ਼ਹਿਰ ਕੂਟੇਨਈ ਵਿਚ ਕਾਰ ਰੋਕ ਲਈ ਤਾਂ ਕੋਲਮੈਨ ਨੇ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਅਮਰੀਕਾ ‘ਚ ਭਾਰਤੀਆਂ ਤੇ ਸਿੱਖਾਂ ਉਤੇ ਕਈ ਹਮਲੇ ਹੋਏ ਹਨ। ਜੁਲਾਈ ‘ਚ ਕੈਲੀਫੋਰਨੀਆ ਵਿਚ ਇਕ ਹਫਤੇ ਅੰਦਰ ਦੋ ਥਾਈਂ ਦੋ ਅਮਰੀਕੀ ਸਿੱਖ ਮਾਰ ਦਿੱਤੇ ਸਨ।