ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗਿ

ਡਾæ ਗੁਰਨਾਮ ਕੌਰ ਪਟਿਆਲਾ
ਭਗਤ ਕਬੀਰ ਜੀ ਦਾ ਇਹ ਸ਼ਬਦ ‘ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗਿ’ ਗੁਰੂ ਗ੍ਰੰਥ ਸਾਹਿਬ ਦੇ ਪੰਨਾ 475-476 ‘ਤੇ ਦਰਜ ਹੈ ਜਿਸ ਵਿਚ ਉਨ੍ਹਾਂ ਨੇ ਉਪਰੋਂ ਧਾਰਮਿਕ ਹੋਣ ਦਾ ਪਖੰਡ ਕਰਨ ਵਾਲੇ ਪਰ ਅੰਦਰੋਂ ਦੰਭੀ ਤੇ ਪਖੰਡੀ ਮਨੁੱਖਾਂ ਦੀ ਅਸਲੀਅਤ ਨੂੰ ਬਿਆਨ ਕੀਤਾ ਹੈ। ਭਗਤ ਕਬੀਰ ਅਨੁਸਾਰ ਜਿਹੜੇ ਮਨੁੱਖ ਧਾਰਮਿਕ ਦਿਸਣ ਲਈ ਸਾਢੇ ਤਿੰਨ ਤਿੰਨ ਗਜ ਦੀਆਂ ਧੋਤੀਆਂ ਪਹਿਨਦੇ ਤੇ ਤਿਹਰੀਆਂ ਤਿਹਰੀਆਂ ਤੰਦਾਂ ਵਾਲੇ ਜਨੇਊ ਪਾਉਂਦੇ ਹਨ (ਹਿੰਦੂ ਪਰੰਪਰਾ ਅਨੁਸਾਰ), ਗਲ ‘ਚ ਮਾਲਾ ਪਾਉਂਦੇ ਹਨ ਅਤੇ ਹੱਥ ਵਿਚ ਮਾਂਜ-ਸਵਾਰ ਕੇ ਲਿਸ਼ਕਾਏ ਲੋਟੇ ਫੜੇ ਹੋਏ ਹਨ-ਅਜਿਹੇ ਮਨੁੱਖਾਂ ਦਾ ਮਹਿਜ ਬਾਹਰੀ ਲਿਬਾਸ ਦੇਖ ਕੇ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ

ਉਹ ਪਰਮਾਤਮਾ ਦੇ ਭਗਤ ਹਨ। ਅਸਲ ਵਿਚ ਉਹ ਬਨਾਰਸੀ ਠੱਗ ਹਨ ਜੋ ਧਰਮ ਦੀ ਆੜ ਵਿਚ ਲੋਕਾਂ ਨਾਲ ਠੱਗੀਆਂ ਮਾਰਦੇ ਹਨ।
ਭਗਤ ਜੀ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ ਜੋ ਮੂਲ ਨੂੰ ਟਹਿਣੀਆਂ ਸਮੇਤ ਖਾ ਜਾਣ ਅਰਥਾਤ ਜਿਹੜੇ ਮਾਇਆ ਦੇ ਲਾਲਚ ਕਾਰਨ ਮਨੁੱਖਾਂ ਨੂੰ ਜਾਨੋਂ ਮਾਰਨ ਤੋਂ ਵੀ ਗੁਰੇਜ ਨਹੀਂ ਕਰਦੇ। ਭਗਤ ਜੀ ‘ਸੰਤ’ ਕਹਾਉਣ ਵਾਲੇ ਲੋਕਾਂ ਦੇ ਪਖੰਡ ਦਾ ਪਰਦਾ ਫਾਸ਼ ਕਰਦੇ ਹਨ ਕਿ ਅਜਿਹੇ ਲੋਕ ਧਰਤੀ ਨੂੰ ਪੁੱਟ ਕੇ ਚੁੱਲ੍ਹੇ ਬਣਾਉਂਦੇ ਹਨ, ਭਾਂਡੇ ਮਾਂਜ ਕੇ, ਸੁੱਚੇ ਕਰਕੇ ਚੁੱਲ੍ਹੇ ਉਤੇ ਰੱਖਦੇ ਹਨ, ਹੋਰ ਤਾਂ ਹੋਰ ਏਨੀ ਸੁੱਚ ਵਿਖਾਉਂਦੇ ਹਨ ਕਿ ਚੁੱਲ੍ਹੇ ਵਿਚ ਲੱਕੜਾਂ ਵੀ ਧੋ ਕੇ ਬਾਲਦੇ ਹਨ, ਪਰ ਅੰਦਰੋਂ ਇਹ ਪੂਰੇ-ਸੂਰੇ ਮਨੁੱਖ ਨੂੰ ਖਾ ਜਾਣ ਵਾਲੇ ਹੁੰਦੇ ਹਨ। ਅਜਿਹੇ ਮੰਦੇ ਕਰਮ ਕਰਨ ਵਾਲੇ ਮਨੁੱਖ ਸਦਾ ਹੀ ਵਿਕਾਰਾਂ ਵਿਚ ਲਿਬੜੇ ਰਹਿੰਦੇ ਹਨ ਪਰ ਉਪਰੋਂ ਮੂੰਹੋਂ ਅਖਵਾਉਂਦੇ ਹਨ ਕਿ ਅਸੀਂ ਮਾਇਆ ਤੋਂ ਨਿਰਲੇਪ ਹਾਂ, ਮਾਇਆ ਨੂੰ ਹੱਥ ਤੱਕ ਨਹੀਂ ਲਾਉਂਦੇ। ਇਹ ਸਦਾ ਅਹੰਕਾਰ ਵਿਚ ਮਸਤ ਰਹਿੰਦੇ ਹਨ। ਇਹ ਆਪ ਤਾਂ ਵਿਕਾਰਾਂ ਵਿਚ ਡੁੱਬਦੇ ਹੀ ਹਨ, ਨਾਲ ਹੀ ਆਪਣੇ ਸਾਥੀਆਂ ਨੂੰ ਵੀ ਡੋਬਦੇ ਹਨ:
ਗਜ ਸਾਢੇ ਤੈ ਤੈ ਧੋਤੀਆ
ਤਿਹਰੇ ਪਾਇਨਿ ਤਗ॥
ਗਲੀ ਜਿਨ੍ਹਾ ਜਪਮਾਲੀਆ
ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ
ਬਾਨਾਰਸਿ ਕੇ ਠਗ॥੧॥
ਭਗਤ ਕਬੀਰ ਬਨਾਰਸ ਦੇ ਜੰਮਪਲ ਹੋਣ ਕਰਕੇ ਬਨਾਰਸ ਵਿਚ ਜਾਂ ਇਸ ਦੇ ਆਸ-ਪਾਸ ਵਿਚਰਦੇ ਰਹੇ। ਬਨਾਰਸ ਹਿੰਦੂਆਂ ਦਾ ਵੱਡਾ ਧਾਰਮਿਕ ਸਥਾਨ ਹੈ ਜਿੱਥੇ ਧਾਰਮਿਕ ਕਹਾਉਣ ਵਾਲੇ ਲੋਕ ਬਹੁ-ਗਿਣਤੀ ਵਿਚ ਵਿਚਰਦੇ ਜਾਂ ਰਹਿੰਦੇ ਸਨ। ਉਸ ਵੇਲੇ ਵੀ ਧਰਮ ਦੇ ਨਾਂ ‘ਤੇ ਅਨੇਕਾਂ ਠੱਗੀਆਂ ਮਾਰੀਆਂ ਜਾਂਦੀਆਂ ਸਨ, ਖਾਸ ਕਰਕੇ ਬਨਾਰਸ ਸ਼ਹਿਰ ਧਰਮ ਦੀ ਆੜ ਹੇਠ ਠੱਗੀ ਮਾਰੇ ਜਾਣ ਲਈ ਬਹੁਤ ਮਸ਼ਹੂਰ ਸੀ। ਇਸੇ ਲਈ ਧਰਮ ਦੇ ਨਾਂ ‘ਤੇ ਠੱਗੀ ਮਾਰਨ ਵਾਲਿਆਂ ਲਈ ਆਮ ਮੁਹਾਵਰਾ ‘ਬਨਾਰਸ ਦੇ ਠੱਗ’ ਪ੍ਰਚਲਿਤ ਹੋ ਗਿਆ।
ਅੱਜ ਵੀ ਅਜਿਹਾ ਬਹੁਤ ਕੁਝ ਧਰਮ ਦੀ ਆੜ ਹੇਠ ਹੋ ਰਿਹਾ ਹੈ, ਜਿਸ ਦੀ ਗਵਾਹੀ ਹੁਣੇ ਵਾਪਰੀ ਘਟਨਾ ਡੇਰਾ ਸੱਚਾ ਸੌਦਾ ਤੋਂ ਮਿਲਦੀ ਹੈ। ਜੋ ਕੁਝ ਮੀਡੀਏ ਰਾਹੀਂ ਸਾਹਮਣੇ ਆਇਆ ਹੈ, ਇਹ ਰਿੱਝ-ਪੱਕ ਤਾਂ ਬਹੁਤ ਦੇਰ ਤੋਂ ਰਿਹਾ ਸੀ ਪਰ ਕਿਸੇ ਸਰਕਾਰ ਜਾਂ ਮੀਡੀਏ ਦੇ ਕੰਨਾਂ ‘ਤੇ ਜੂੰ ਨਹੀਂ ਸੀ ਸਰਕਦੀ। ਪੱਤਰਕਾਰ ਛਤਰਪਤੀ ਨੇ ਇਸ ਸਾਧ ਦਾ ਮੁੱਦਾ ਉਠਾਇਆ ਤਾਂ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਸਾਰਾ ਵਰਤਾਰਾ ਸਪੱਸ਼ਟ ਰੂਪ ਵਿਚ ਉਜਾਗਰ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਭਾਵ ‘ਸੌਦਾ ਸਾਧ’ ਨੂੰ ਦੋ ਵੱਖ ਵੱਖ ਕੇਸਾਂ ਵਿਚ 20 ਸਾਲ ਦੀ ਬਾ-ਮੁਸ਼ੱਕਤ ਕੈਦ ਅਤੇ 30 ਲੱਖ ਰੁਪਏ ਦੇ ਜ਼ੁਰਮਾਨੇ ਕਾਰਨ ਹੋਇਆ ਹੈ।
ਮੀਡੀਏ ਰਾਹੀਂ ਅਨੇਕ ਕਿਸਮ ਦੇ ਖੁਲਾਸੇ ਹੋ ਚੁਕੇ ਹਨ ਅਤੇ ਹੋ ਰਹੇ ਹਨ। ਇਨ੍ਹਾਂ ਸਭ ਖੁਲਾਸਿਆਂ ਤੋਂ ਬਹੁਤ ਸਾਰੇ ਸਵਾਲ ਸਾਹਮਣੇ ਆ ਰਹੇ ਹਨ, ਜਿਨ੍ਹਾਂ ਬਾਰੇ ਚਿੰਤਨ ਅਤੇ ਚਿੰਤਾ-ਦੋਵੇਂ ਕਰਨ ਦੀ ਲੋੜ ਹੈ। ਇਨ੍ਹਾਂ ਦਾ ਹੱਲ ਲੱਭਣ ਦੀ ਸੂਝਵਾਨ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਡੇਰਾਵਾਦੀ ਵਰਤਾਰਾ ਅੰਦਰੋ-ਅੰਦਰ ਅਧਿਆਤਮਕਤਾ ਦੇ ਨਾਂ ਹੇਠ ਸਮਾਜ ਦੀ ਲੁੱਟ-ਖਸੁੱਟ ਅਤੇ ਗੰਭੀਰ ਨੁਕਸਾਨ ਕਰ ਰਿਹਾ ਹੈ, ਖਾਸ ਕਰਕੇ ਪਿਛਲੇ 30-40 ਸਾਲਾਂ ਵਿਚ ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਪੰਜਾਬੀ ਸਮਾਜ ਦਾ ਇਸ ਡੇਰਾਵਾਦ ਕਾਰਨ ਹੋਇਆ ਹੈ। ਡੇਰੇ ਭਾਵੇਂ ਕਿਸੇ ਵੀ ਧਰਮ ਨਾਲ ਜੁੜੇ ਹੋਏ ਹੋਣ, ਉਹ ਸਮਾਜ ਦੀ ਭਲਾਈ ਨਾਲੋਂ ਉਸ ਦਾ ਨੁਕਸਾਨ ਜ਼ਿਆਦਾ ਕਰ ਰਹੇ ਹਨ ਕਿਉਂਕਿ ਉਹ ਭੋਲੇ ਭਾਲੇ ਲੋਕਾਂ ਦੀ ਮਾਨਸਿਕਤਾ ਨੂੰ ਖਾਸ ਕਿਸਮ ਦੀ ਅਧਿਆਤਮਕ ਪੁੱਠ ਵਾਲੀ ਗੁਲਾਮੀ ਵਿਚ ਜਕੜ ਕੇ ਉਨ੍ਹਾਂ ਦੀ ਸਰੀਰਕ, ਸਮਾਜਿਕ ਅਤੇ ਆਰਥਿਕ ਲੁੱਟ-ਖਸੁੱਟ ਕਰਦੇ ਹਨ। ਅਧਿਆਤਮਕਤਾ ਦੇ ਨਾਂ ਹੇਠ ਬਹੁਤ ਹੀ ਸ਼ਾਤਰ ਢੰਗ ਨਾਲ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਕੰਮ ਕਰਦੇ ਹਨ। ਕਿਸੇ ਵੀ ਮਰਜ ਦੇ ਇਲਾਜ ਤੋਂ ਪਹਿਲਾਂ, ਮਰਜ ਭਾਵੇਂ ਮਾਨਸਿਕ ਹੋਵੇ, ਸਰੀਰਕ ਜਾਂ ਸਮਾਜਿਕ, ਉਸ ਦੇ ਕਾਰਨਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੁੰਦਾ ਹੈ।
ਡੇਰਿਆਂ ਦਾ ਰੋਗ ਵੱਡੇ ਪੱਧਰ ‘ਤੇ ਫੈਲਿਆ ਹੋਇਆ ਹੈ। ਬਹੁਤੇ ਡੇਰੇਦਾਰ ਆਚਾਰ-ਭ੍ਰਿਸ਼ਟ ਹਨ ਜਿਸ ਦੀ ਉਦਾਹਰਣ ਇੱਕੀਵੀਂ ਸਦੀ ਦੇ ਦੋ ਦਹਾਕਿਆਂ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਇਸ ਵੇਲੇ ਆਸਾ ਰਾਮ, ਪਰਮਾਨੰਦ, ਭੀਮਾਨੰਦ, ਨਿਤਿਆਨੰਦ ਤੇ ਹੁਣ ਗੁਰਮੀਤ ਰਾਮ ਰਹੀਮ ਦਾ ਬਲਾਤਕਾਰ ਦੇ ਕੇਸਾਂ ਵਿਚ ਸਜ਼ਾ-ਯਾਫਤਾ ਹੋ ਕੇ ਜੇਲ੍ਹ ਜਾਣਾ ਹੈ। ਜਿਵੇਂ ਇਹ ਡੇਰੇਦਾਰ ਆਚਾਰ-ਭ੍ਰਿਸ਼ਟ ਹਨ, ਇਸੇ ਤਰ੍ਹਾਂ ਬਹੁਤ ਸਾਰੇ ਸਾਧ ਅਤੇ ਡੇਰੇਦਾਰ ਅਜਿਹੇ ਹਨ ਜੋ ਧਾਰਮਿਕ ਅਤੇ ਸਮਾਜਿਕ ਨਫਰਤ ਫੈਲਾ ਰਹੇ ਹਨ। ਅਫਸੋਸ ਇਸ ਗੱਲ ਦਾ ਹੈ ਕਿ ਉਨ੍ਹਾਂ ਵਿਚੋਂ ਕੁਝ ਮੁੱਖ ਮੰਤਰੀ ਜਾਂ ਸੰਸਦ ਦੇ ਮੈਂਬਰਾਂ ਦੇ ਅਹੁਦੇ ਤੱਕ ਪਹੁੰਚੇ ਹੋਏ ਹਨ। ਮਾਇਆ ਦੇ ਲਾਲਚ ਵਿਚ ਕਈ ਡੇਰੇਦਾਰਾਂ ਨੇ ਦਵਾਈਆਂ ਅਤੇ ਹੋਰ ਕਈ ਕਿਸਮ ਦੇ ਵਪਾਰ ਸ਼ੁਰੂ ਕੀਤੇ ਹੋਏ ਹਨ ਜਿਸ ਦੀ ਸਭ ਤੋਂ ਵੱਡੀ ਉਦਾਹਰਣ ‘ਸੌਦਾ ਸਾਧ’ ਹੈ। ਖਬਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਡੇਰੇ ਦੀ ਆੜ ਵਿਚ ਚੱਲਦੇ ਹਸਪਤਾਲਾਂ ਅਤੇ ਵਿਦਿਅਕ ਅਦਾਰਿਆਂ ਤੋਂ ਕਿਸ ਕਿਸਮ ਦੇ ਕੰਮ ਲੈਂਦਾ ਰਿਹਾ ਹੈ।
ਇਥੇ ਮੈਨੂੰ ਔਰਤਾਂ ਦੇ ਹੱਕਾਂ ਦੀ ਝੰਡਾ-ਬਰਦਾਰ ਅਤੇ ‘ਮਾਈ ਫਿਊਡਲ ਲਾਰਡ’ ਦੀ ਪਾਕਿਸਤਾਨੀ ਲੇਖਿਕਾ ਤਹਿਮੀਨਾ ਦੁਰਾਨੀ ਦਾ ‘ਕੁਫਰ’ ਨਾਂ ਦਾ ਨਾਵਲ ਯਾਦ ਆ ਗਿਆ ਹੈ ਜਿਸ ਵਿਚ ਉਸ ਨੇ ਇਸ ਤੱਥ ਦਾ ਖੁਲਾਸਾ ਕੀਤਾ ਹੈ (ਉਸ ਅਨੁਸਾਰ ਇਹ ਨਾਵਲ ਸੱਚੀ ਘਟਨਾ ‘ਤੇ ਆਧਾਰਤ ਹੈ) ਕਿ ਇੱਕ ‘ਪੀਰ’ ਕਹਾਉਣ ਵਾਲਾ ਬੰਦਾ ਕਿਸ ਤਰ੍ਹਾਂ ਦਾ ਵਿਭਚਾਰੀ ਹੈ ਜੋ ਆਪਣੇ ‘ਪੀਰ’ ਹੋਣ ਨੂੰ ਔਰਤਾਂ ਦੀ ਇੱਜਤ ਲੁੱਟਣ ਲਈ ਵਰਤਦਾ ਹੈ ਜਿਸ ਤੋਂ ਉਸ ਦੀਆਂ ਆਪਣੀਆਂ ਧੀਆਂ ਦਾ ਵੀ ਬਚ ਸਕਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਭੈ ਉਸ ਦੀ ਬੀਵੀ ਨੂੰ ਅਜਿਹੇ ਧਰਮ ਸੰਕਟ ਵਿਚ ਪਾ ਦਿੰਦਾ ਹੈ ਅਤੇ ਉਸ ਦੇ ਕੁਕਰਮਾਂ ਵਿਚ ਉਸ ਨੂੰ ਸ਼ਮੂਲੀਅਤ ਕਰਨੀ ਪੈਂਦੀ ਹੈ।
ਆਖਰਕਾਰ ਹਿੰਦੁਸਤਾਨ ਵਿਚ ਆਜ਼ਾਦੀ ਤੋਂ ਬਾਅਦ ਖੁੰਭਾਂ ਵਾਂਗ ਡੇਰਿਆਂ ਦੇ ਪੈਦਾ ਹੋਣ ਅਤੇ ਰਾਤੋ-ਰਾਤ ਕਰੋੜਾਂ ਦੀ ਜਾਇਦਾਦਾਂ ਦੇ ਮਾਲਕ ਬਣ ਜਾਣ ਪਿੱਛੇ ਕਿਹੜੇ ਕਾਰਨ ਹਨ? ਕੀ ਕਾਰਨ ਹੈ ਕਿ ਆਜ਼ਾਦੀ ਤੋਂ ਬਾਅਦ ਵਿੱਦਿਆ ਦੇ ਪਾਸਾਰ ਦੇ ਬਾਵਜੂਦ ਡੇਰੇਦਾਰੀ ਦਾ ਰੋਗ ਦਿਨੋ-ਦਿਨ ਏਨਾ ਫੈਲ ਰਿਹਾ ਹੈ? ਮੰਨਿਆ ਤਾਂ ਇਹ ਵੀ ਜਾਂਦਾ ਹੈ ਕਿ ਡੇਰੇਦਾਰੀ ਦਾ ਬੀਜ, ਖਾਸ ਤੌਰ ‘ਤੇ ਸਿੱਖ ਧਰਮ ਦੀ ਆੜ ਵਿਚ ਜਾਂ ਸਿੱਖ ਧਰਮ ਨਾਲ ਜੁੜੇ ਸੰਤਾਂ ਦੇ ਡੇਰਿਆਂ ਦਾ ਬੀਜ ਅੰਗਰੇਜ਼ਾਂ ਨੇ ਹੀ ਬੀਜਿਆ ਸੀ ਕਿਉਂਕਿ ਪੁਰਾਣੇ ਸੰਤ ਜ਼ਿਆਦਾਤਰ ਅੰਗਰੇਜ਼ਾਂ ਦੀ ਭਾਰਤੀ ਫੌਜ ਵਿਚੋਂ ਰਿਟਾਇਰਡ ਫੌਜੀ ਸਨ। ਸ਼ਾਇਦ ਇਸ ਦਾ ਕਾਰਨ ਲੋਕਾਂ ਨੂੰ ਸਿੱਖੀ ਦੀ ਮੁੱਖ ਧਾਰਾ ਤੋਂ ਪਾਸੇ ਲੈ ਜਾਣਾ ਹੋਵੇ।
ਲੋਕਰਾਜ ਵਿਚ ਰਾਜਨੀਤਕ ਸ਼ਕਤੀ ਦੇ ਹਿੱਸੇਦਾਰ ਬਣਨ ਲਈ ਚੋਣਾਂ ਲੜਨੀਆਂ ਪੈਂਦੀਆਂ ਹਨ ਅਤੇ ਇਸ ਵਿਚ ਕਾਮਯਾਬ ਹੋਣ ਲਈ ਵੱਧ ਤੋਂ ਵੱਧ ਵੋਟਾਂ ਲੈਣੀਆਂ ਪੈਂਦੀਆਂ ਹਨ। ਡੇਰਿਆਂ ‘ਤੇ ਜਾਣ ਵਾਲੇ ਲੋਕ ਡੇਰੇਦਾਰਾਂ ਨੂੰ ਆਪਣਾ ‘ਰੱਬ’ ਮੰਨਦੇ ਹਨ ਅਤੇ ਇਸ ਲਈ ‘ਰੱਬ’ ਦੇ ਹੁਕਮ ਅਨੁਸਾਰ ਵੋਟਾਂ ਪਾਉਂਦੇ ਹਨ। ਇਹੀ ਕਾਰਨ ਹੈ ਕਿ ਸਿਆਸੀ ਪਾਰਟੀਆਂ ਸੱਤਾ ਹਾਸਲ ਕਰਨ ਤੇ ਸੱਤਾ ਵਿਚ ਬਣੇ ਰਹਿਣ ਲਈ ਡੇਰੇਦਾਰਾਂ ਦੀ ਚਾਪਲੂਸੀ ਵੀ ਕਰਦੀਆਂ ਹਨ ਅਤੇ ਡੇਰਿਆਂ ਦੀ ਹਰ ਤਰ੍ਹਾਂ ਨਾਲ ਜਾਇਜ਼-ਨਾਜਾਇਜ਼ ਮਦਦ ਵੀ ਕਰਦੀਆਂ ਹਨ। ਸਿਰਸਾ ਵਾਲੇ ਡੇਰੇ ਨੂੰ ਕੇਂਦਰ, ਹਰਿਆਣਾ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੇ ਹਰ ਤਰ੍ਹਾਂ ਨਾਲ ਜਾਇਜ਼-ਨਾਜਾਇਜ਼ ਮਦਦ ਦਿੱਤੀ। ਪਿਛਲੇ ਵਰ੍ਹਿਆਂ ਵਿਚ ਇਸ ਸਿਆਸੀ ਮਦਦ ਕਾਰਨ ਕੀ ਕੁਝ ਵਾਪਰਦਾ ਰਿਹਾ ਹੈ, ਸਭ ਦੇ ਸਾਹਮਣੇ ਹੈ। ਸਿਆਸੀ ਪਾਰਟੀਆਂ ਅਤੇ ਲੀਡਰਾਂ ਤੋਂ ਬਿਨਾ ਡੇਰਿਆਂ ਨੂੰ ਉਚਾ ਚੁੱਕਣ ਵਾਲੀ ਇੱਕ ਹੋਰ ਜਮਾਤ ਹੈ, ਉਹ ਹੈ ਅਮੀਰ ਵਪਾਰੀਆਂ, ਕਾਰਖਾਨੇਦਾਰਾਂ ਅਤੇ ਪੈਸੇ ਵਾਲੇ ਲੋਕਾਂ ਦੀ। ਇਹ ਜਮਾਤ ਆਪਣੀ ਚੌਧਰ ਚਮਕਾਉਣ ਲਈ ਅਤੇ ਕਾਨੂੰਨੀ ਤੇ ਗੈਰਕਾਨੂੰਨੀ ਧੰਦੇ ਕਰਨ ਲਈ ਵੀ ਇਨ੍ਹਾਂ ਡੇਰਿਆਂ ਨੂੰ ਆਸਰਾ ਦਿੰਦੀ ਹੈ।
ਹੈਰਾਨੀ ਹੈ ਕਿ ਭਾਰਤ ਵੱਡੇ ਵੱਡੇ ਪ੍ਰਮੁੱਖ ਧਰਮਾਂ ਦਾ ਘਰ ਹੁੰਦਿਆਂ ਵੀ ਇੱਥੇ ਆਮ ਲੋਕਾਈ ਡੇਰਿਆਂ ਵੱਲ ਏਨਾ ਕਿਉਂ ਖਿੱਚੀ ਚਲੀ ਜਾਂਦੀ ਹੈ? ਇਸ ਦਾ ਕੋਈ ਇੱਕ ਇੱਕਲਾ ਕਾਰਨ ਨਹੀਂ ਹੈ। ਇਹ ਕਾਰਨ ਬਹੁ-ਪਰਤੀ ਹਨ ਜਿਨ੍ਹਾਂ ਨੂੰ ਪਹਿਚਾਨਣ ਦੀ ਕੋਸਿਸ਼ ਕਰਨੀ ਚਾਹੀਦੀ ਹੈ। ਆਪਣੇ ਆਸ-ਪਾਸ ਝਾਤੀ ਮਾਰਿਆਂ ਜੋ ਸਭ ਤੋਂ ਵੱਡਾ ਕਾਰਨ ਨਜ਼ਰ ਆਉਂਦਾ ਹੈ, ਉਹ ਹੈ ਆਮ ਲੋਕਾਂ ਦਾ ਥੁੜ੍ਹਾਂ ਮਾਰਿਆ ਜੀਵਨ। ਇਸ ਵਿਚ ਹਰ ਕਿਸਮ ਦਾ ਗਰੀਬੀ ਵਿਚ ਰਹਿ ਰਿਹਾ ਤਬਕਾ ਸ਼ਾਮਲ ਹੈ, ਭਾਵੇਂ ਉਹ ਕਿਸੇ ਵੀ ਜਾਤ, ਧਰਮ ਜਾਂ ਖਿੱਤੇ ਨਾਲ ਸਬੰਧਤ ਹੈ। ਭਾਰਤ ਦੀ ਅੱਧੀ ਤੋਂ ਵੀ ਵੱਧ ਵੱਸੋਂ ਅਜਿਹੀ ਹੈ ਜਿਸ ਕੋਲ ਦੋ ਵਕਤ ਦੀ ਰੋਟੀ ਕਮਾਉਣ ਦਾ ਕੋਈ ਠੋਸ ਪ੍ਰਬੰਧ ਨਹੀਂ ਹੈ। ਆਜ਼ਾਦੀ ਤੋਂ ਬਾਅਦ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ ਅਤੇ ਗਰੀਬ ਹੋਰ ਗਰੀਬ। ਦਿਨੋ-ਦਿਨ ਮਹਿੰਗਾਈ ਛਾਲਾਂ ਮਾਰਦੀ ਵਧੀ ਜਾਂਦੀ ਹੈ ਜਦਕਿ ਕਮਾਈ ਦੇ ਸਾਧਨ, ਸਣੇ ਵਾਹੀਯੋਗ ਜਮੀਨਾਂ ਦੇ, ਸੁੰਗੜਦੇ ਜਾਂਦੇ ਹਨ। ਸਿਹਤ ਸਹੂਲਤਾਂ ਅਤੇ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਘੱਟ ਪੜ੍ਹਿਆਂ ਜਾਂ ਅਨਪੜ੍ਹਾਂ ਦੀ ਤਾਂ ਰੁਜ਼ਗਾਰ ਤੱਕ ਪਹੁੰਚ ਕੀ ਹੋਣੀ ਹੈ, ਡਿਗਰੀਆਂ ਵਾਲੇ ਵੀ ਬੇਰੁਜ਼ਗਾਰ ਤੁਰੇ ਫਿਰਦੇ ਹਨ।
ਆਜ਼ਾਦੀ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਜੋ ਸੁਪਨੇ ਦੇਖੇ ਸਨ, ਉਹ ਸਭ ਆਜ਼ਾਦ ਭਾਰਤ ਦੇ ਲਾਲਚੀ ਲੀਡਰਾਂ ਦੀ ਬਿਰਤੀ ਨੇ ਚਕਨਾਚੂਰ ਕਰ ਦਿੱਤੇ ਹਨ। ਇਸ ਤਰ੍ਹਾਂ ਜ਼ਿਆਦਾਤਰ ਲੋਕ ਕੋਈ ਚਮਤਕਾਰ ਵਾਪਰਨ ਦੀ ਆਸ ਵਿਚ ਇਨ੍ਹਾਂ ਪਖੰਡੀ ਡੇਰੇਦਾਰਾਂ ਦੇ ਮਗਰ ਲੱਗ ਜਾਂਦੇ ਹਨ। ਦੂਜਾ ਵੱਡਾ ਕਾਰਨ ਸਾਡੇ ਪ੍ਰਮੁੱਖ ਧਰਮਾਂ, ਭਾਵੇਂ ਉਹ ਹਿੰਦੂ ਧਰਮ ਹੈ ਜਾਂ ਸਿੱਖ ਧਰਮ, ਦੇ ਆਪੂੰ ਬਣੇ ਠੇਕੇਦਾਰ ਅਰਥਾਤ ਪ੍ਰਬੰਧਕੀ ਪ੍ਰਚਲਨ ‘ਤੇ ਕਾਬਜ ਲੋਕ ਹਨ ਜੋ ਆਪਣੇ ਅਸਰ-ਰਸੂਖ ਅਤੇ ਪੈਸੇ ਦੇ ਆਸਰੇ ਰਾਜਨੀਤੀ ਦੇ ਨਾਲ ਨਾਲ ਧਰਮ ‘ਤੇ ਵੀ ਕਾਬਜ ਹੋਣ ਵਿਚ ਕਾਮਯਾਬ ਹੋ ਗਏ ਹਨ। ਹਿੰਦੂ ਧਰਮ ਤਾਂ ਮੁੱਢ ਕਦੀਮ ਤੋਂ ਹੀ ਆਪਣੇ ਜਾਤ-ਪਾਤੀ ਪ੍ਰਬੰਧ ‘ਤੇ ਆਧਾਰਤ ਵੰਡੀਆਂ ਪਾ ਕੇ ਚੱਲਣ ਵਾਲਾ ਧਰਮ ਹੈ। ਜਾਤ-ਵੰਡ ਦੇ ਨਿਚਲੇ ਤਬਕੇ ਨਾਲ ਸਬੰਧਤ ਭਾਈਚਾਰਾ, ਜਿਨ੍ਹਾਂ ਨੂੰ ਦਲਿਤ ਵਰਗ ਵੀ ਕਿਹਾ ਜਾਂਦਾ ਹੈ, ਨੂੰ ਧਾਰਮਿਕ ਕੰਮਾਂ ਵਿਚ ਬਰਾਬਰ ਤੇ ਹਿੱਸਾ ਲੈਣ ਦੀ ਆਗਿਆ ਤਾਂ ਬਹੁਤ ਦੂਰ ਦੀ ਗੱਲ ਹੈ, ਉਨ੍ਹਾਂ ਨਾਲ ਅਣਮਨੁੱਖੀ ਵਿਹਾਰ ਵੀ ਕੀਤਾ ਜਾਂਦਾ ਹੈ। ਮਨੁੱਖ ਹੋਣ ਦੇ ਨਾਤੇ ਜੋ ਸਤਿਕਾਰ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ, ਉਹ ਆਜ਼ਾਦੀ ਦੇ 70 ਸਾਲ ਬੀਤ ਜਾਣ ‘ਤੇ ਵੀ ਬਹੁਤਾ ਸੰਭਵ ਨਹੀਂ ਹੋ ਸਕਿਆ। ਇਹੀ ਕਾਰਨ ਹੈ ਕਿ ਹਿੰਦੂ ਦਲਿਤ ਭਾਈਚਾਰਾ ਜਾਂ ਤਾਂ ਈਸਾਈ ਧਰਮ ਅਪਨਾ ਰਿਹਾ ਹੈ ਜਾਂ ਫਿਰ ਡੇਰਿਆਂ ਦੇ ਲੜ ਲੱਗ ਰਿਹਾ ਹੈ ਕਿਉਂਕਿ ਡੇਰਿਆਂ ਵਿਚ ਆਮ ਤੌਰ ‘ਤੇ ਜਾਤ-ਪਾਤ ਦਾ ਵਿਤਕਰਾ ਨਹੀਂ ਕੀਤਾ ਜਾਂਦਾ।
ਸਿੱਖ ਧਰਮ ਦੇ ਠੇਕੇਦਾਰ ਵੀ ਸ਼ੇਖੀਆਂ ਭਾਵੇਂ ਜਿੰਨੀਆਂ ਮਰਜੀ ਮਾਰਨ ਪਰ ਗੁਰੂ ਸਾਹਿਬਾਨ ਦੀ ਏਨੀ ਘਾਲਣਾ ਦੇ ਬਾਵਜੂਦ ਉਨ੍ਹਾਂ ਦੇ ਦੱਸੇ ਆਦਰਸ਼ਾਂ ਤੋਂ ਬਹੁਤ ਦੂਰ ਚਲੇ ਗਏ ਹਨ। ਗੁਰੂ ਨਾਨਕ ਨੇ ਮਲਿਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਨੂੰ ਗਲ ਲਾਇਆ ਸੀ ਅਤੇ ਮਰਦਾਨੇ ਨੂੰ ਉਸ ਦੇ ਆਖਰੀ ਸਵਾਸਾਂ ਤੱਕ ਆਪਣਾ ਸਾਥੀ ਬਣਾ ਕੇ ਰੱਖਿਆ। ਗੁਰੂ ਗੋਬਿੰਦ ਸਿੰਘ ਨੇ ਖੰਡੇ ਦੀ ਪਾਹੁਲ ਇੱਕੋ ਬਾਟੇ ਵਿਚੋਂ ਛਕਾ ਕੇ ਹਰ ਤਰ੍ਹਾਂ ਦੇ ਜਾਤ-ਪਾਤ ਦੇ ਵਖਰੇਵੇਂ ਦੂਰ ਕਰ ਕੇ ਸਭ ਨੂੰ ਬਰਾਬਰ ਦਾ ਦਰਜਾ ਦਿੱਤਾ। ਪਹਾੜੀ ਰਾਜਿਆਂ ਦੀ ਗੁਰੂ ਗੋਬਿੰਦ ਸਿੰਘ ਨਾਲ ਕਿਸ ਆਧਾਰ ‘ਤੇ ਲੜਾਈ ਸ਼ੁਰੂ ਹੋਈ? ਉਹ ਚਾਹੁੰਦੇ ਸਨ ਕਿ ਗੁਰੂ ਸਾਹਿਬ ਇਨ੍ਹਾਂ ਨੀਵੇਂ ਕਹੇ ਜਾਣ ਵਾਲੇ ਲੋਕਾਂ ਨੂੰ ਉਨ੍ਹਾਂ ਉਚ-ਜਾਤੀ ਹਿੰਦੂਆਂ ਦੇ ਬਰਾਬਰ ਦਾ ਸਤਿਕਾਰ ਨਾ ਦੇਣ, ਉਨ੍ਹਾਂ ਨੂੰ ਬਰਾਬਰ ਬੈਠ ਕੇ ਲੰਗਰ ਛਕਣ ਅਤੇ ਸੇਵਾ ਕਰਨ ਦੀ ਆਗਿਆ ਨਾ ਦੇਣ। ਗੁਰੂ ਸਾਹਿਬ ਨੇ ਉਨ੍ਹਾਂ ਦਾ ਇਹ ਤਰਕ ਮਨਜ਼ੂਰ ਨਹੀਂ ਕੀਤਾ ਜਿਸ ਤੋਂ ਵਿਚਾਰਾਂ ਦਾ ਯੁੱਧ ਸ਼ੁਰੂ ਹੋ ਕੇ ਹਥਿਆਰਾਂ ਦੀ ਲੜਾਈ ਤੱਕ ਪਹੁੰਚ ਗਿਆ।
ਗੁਰੂ ਗੋਬਿੰਦ ਸਿੰਘ ਦੇ ਸਿੱਖ ਕਹਾਉਣ ਵਾਲੇ ਅੱਜ ਧਰਮ ਦੇ ਆਪੇ ਬਣੇ ਠੇਕੇਦਾਰ ਕੀ ਕਰ ਰਹੇ ਹਨ? ਇਨ੍ਹਾਂ ਦੀ ਬਦੌਲਤ ਅੱਜ ਸਿੱਖ ਭਾਈਚਾਰੇ ਦੇ ਲੋਕ ਜੱਟ ਸਿੱਖ, ਮਜ੍ਹਬੀ ਸਿੱਖ, ਰਵਿਦਾਸੀਏ ਸਿੱਖ, ਰਾਮਗੜ੍ਹੀਏ ਸਿੱਖ, ਆਹਲੂਵਾਲੀਏ ਸਿੱਖ ਅਤੇ ਭਾਪੇ ਸਿੱਖ ਕਰਕੇ ਵੰਡੇ ਹੋਏ ਹਨ ਅਤੇ ਗੁਰਦੁਆਰਾ ਇੱਕ ਹੋਣ ਦੀ ਥਾਂ ਗੁਰਦੁਆਰੇ ਵੱਖ ਵੱਖ ਜਾਤਾਂ ਦੇ ਨਾਮ ‘ਤੇ ਬਣੇ ਹੋਏ ਹਨ। ਭਾਵ ਭਾਰਤੀ ਸਮਾਜ ਵਿਚੋਂ ਜਿਸ ਰੋਗ ਦੀ ਜੜ੍ਹ ਵੱਢਣ ਲਈ ਦਸ ਗੁਰੂ ਸਾਹਿਬਾਨ ਨੇ ਵੱਖ ਵੱਖ ਸੰਸਥਾਵਾਂ ਬਣਾ ਕੇ ਸਾਰਾ ਜ਼ੋਰ ਲਾ ਦਿੱਤਾ, ਉਸ ਰੋਗ ਦੀ ਛੂਤ ਫੈਲਾਉਣ ਲਈ ਵਰਤਮਾਨ ਠੇਕੇਦਾਰਾਂ ਨੇ ਸਾਰਾ ਜ਼ੋਰ ਲਾਇਆ ਹੋਇਆ ਹੈ।
ਪੰਜਾਬ ਰਹਿੰਦੇ ਸੌਦਾ ਸਾਧ ਦੇ ਚੇਲੇ ਬਹੁਤਾ ਕਰਕੇ ਗਰੀਬ ਅਤੇ ਦਲਿਤ ਕਹੇ ਜਾਣ ਵਾਲੇ ਭਾਈਚਾਰੇ ਵਿਚੋਂ ਹਨ। ਇਸ ਦੇ ਨਾਲ ਹੀ ਇੱਕ ਹੋਰ ਸਾਈਡ-ਫੈਕਟਰ ਵੀ ਹੈ। ਗੁਰਦੁਆਰੇ ਚੜ੍ਹਾਵਾ, ਅਖੰਡ ਪਾਠ ਕੋਈ ਵੀ ਜਾ ਕੇ ਕਰਾ ਸਕਦਾ ਹੈ ਕਿਉਂਕਿ ਇਸ ਨਾਲ ਤਾਂ ਮਾਇਆ ਆਉਣੀ ਹੈ ਪਰ ਘੋਨ-ਮੋਨ ਸੰਗਤ ਨੂੰ ਪ੍ਰਬੰਧ ਦੇ ਕਿਸੇ ਨੁਕਸ ਲਈ ਵੀ ਬੋਲਣ ਦਾ ਹੱਕ ਨਹੀਂ ਦਿੱਤਾ ਜਾਂਦਾ, ਬਾਕੀ ਗੱਲਾਂ ਤਾਂ ਦੂਰ ਰਹੀਆਂ। ਇਹ ਵੀ ਕਾਰਨ ਹੈ, ਲੋਕਾਂ ਦਾ ਡੇਰਿਆਂ ਵੱਲ ਖਿੱਚੇ ਜਾਣ ਦਾ। ਉਥੇ ਹਰ ਇੱਕ ਦਾ ਸੁਆਗਤ ਹੈ। ਸਿਰਸੇ ਵਾਲੇ ਸਾਧ ਨੇ ਆਪਣੇ ‘ਗੁਰਮੀਤ ਸਿੰਘ’ ਨਾਂ ਨਾਲ ‘ਰਾਮ ਰਹੀਮ’ ਕਿਉਂ ਲਾਇਆ? ਤਾਂ ਕਿ ਉਹ ਹਰ ਧਰਮ ਅਤੇ ਵਰਗ ਦੇ ਲੋਕਾਂ ਨੂੰ ਆਪਣੇ ਵੱਲ ਵੱਧ ਤੋਂ ਵੱਧ ਖਿੱਚ ਸਕੇ।
ਇੱਕ ਹੋਰ ਵੱਡਾ ਕਾਰਨ ਹੈ, ਪੰਜਾਬ ਵਿਚ ਅੰਨ੍ਹੇਵਾਹ ਨਸ਼ਿਆਂ ਦਾ ਫੈਲਣਾ। ਨਸ਼ੇ ਦੇ ਸੇਵਨ ਨਾਲ ਪੰਜਾਬ ਦੀ ਜੁਆਨੀ ਅਤੇ ਘਰਾਂ ਦੇ ਘਰ ਤਬਾਹ ਹੋ ਰਹੇ ਹਨ। ਇਨ੍ਹਾਂ ਡੇਰਿਆਂ ਵਿਚ ਨਸ਼ੇ ਛੁਡਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਬਹੁਤੇ ਲੋਕ ਇਥੇ ਜਾ ਕੇ ਨਸ਼ੇ ਛੱਡ ਵੀ ਦਿੰਦੇ ਹਨ। ਨਸ਼ਿਆਂ ਤੋਂ ਪੀੜਤ ਪਰਿਵਾਰਾਂ ਦੀਆਂ ਔਰਤਾਂ ਪਹਿਲਾਂ ਆਪ ਆਸ-ਪਾਸ ਤੋਂ ਸੁਣ ਕੇ ਡੇਰਿਆਂ ਦੀਆਂ ਭਗਤਣੀਆਂ ਬਣਦੀਆਂ ਹਨ ਅਤੇ ਫਿਰ ਆਪਣੇ ਪਰਿਵਾਰ ਦੇ ਹੋਰ ਜੀਆਂ ਨੂੰ, ਖਾਸ ਕਰਕੇ ਬੰਦਿਆਂ ਨੂੰ ਜਾਣ ਲਈ ਪ੍ਰੇਰਦੀਆਂ ਹਨ। ਸਿਰਸਾ ਡੇਰੇ ‘ਤੇ ਜਾਣ ਵਾਲੇ ਵੀ ਬਹੁਤੇ ਪਰਿਵਾਰ ਕਿਸੇ ਨਾ ਕਿਸੇ ਸਮੇਂ ਨਸ਼ੇ ਤੋਂ ਪੀੜਤ ਰਹੇ ਹਨ। ਇਹ ਵੀ ਸਾਡੇ ਸਿਆਸੀ ਲੀਡਰਾਂ ਦੀ ਮਿਹਰਬਾਨੀ ਹੈ ਕਿ ਪੰਜਾਬ ਦੀ ਜੁਆਨੀ ਨਸ਼ਿਆਂ ਨੇ ਖਾ ਲਈ ਅਤੇ ਘਰਾਂ ਦੇ ਘਰ ਇਸ ਦੀ ਮਾਰ ਹੇਠ ਆ ਗਏ।
ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਨੀ ਚਾਹਾਂਗੀ। ਮੇਰੇ ਵਿਭਾਗ ਦਾ ਇੱਕ ਸੇਵਾਦਾਰ, ਜੋ ਸਿੱਖ ਸੀ ਅਤੇ ਦਲਿਤ ਕਹੇ ਜਾਣ ਵਾਲੇ ਭਾਈਚਾਰੇ ਨਾਲ ਸਬੰਧਤ ਜੁਆਨ ਮੁੰਡਾ ਸੀ ਜਿਸ ਦਾ ਵਿਆਹ ਵੀ ਵਿਭਾਗ ਵਿਚ ਆਉਣ ਤੋਂ ਬਾਅਦ ਹੀ ਹੋਇਆ ਸੀ, ਸ਼ਰਾਬ ਦਾ ਆਦੀ ਹੋ ਗਿਆ। ਉਸ ਦੀ ਇਹ ਆਦਤ ਏਨੀ ਗੰਭੀਰ ਹੋ ਗਈ ਕਿ ਸ਼ਰਾਬ ਕਾਰਨ ਉਸ ਨੂੰ ਥੋੜ੍ਹੇ ਦਿਨਾਂ ਬਾਅਦ ਹੀ ਕੰਮ ਤੋਂ ਛੁੱਟੀ ਲੈਣੀ ਪੈਂਦੀ ਅਤੇ ਸਿਹਤ ਪੱਖੋਂ ਕਮਜ਼ੋਰ ਉਸ ਦੀ ਪਤਨੀ ਔਖੇ-ਸੌਖੇ ਬੱਚਿਆਂ ਨੂੰ ਸੰਭਾਲਦੀ। ਕੁਝ ਦੇਰ ਤਾਂ ਅਸੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਰਕ ਨਾ ਪਿਆ। ਇੱਕ ਦਿਨ ਮੈਂ ਉਸ ਨੂੰ ਬੁਲਾ ਕੇ ਕਿਹਾ ਕਿ ਇਸ ਵਿਭਾਗ ਵਿਚ ਉਸ ਦਾ ਇਸ ਤਰ੍ਹਾਂ ਟਿਕਣਾ ਮੁਸ਼ਕਿਲ ਹੈ ਅਤੇ ਇਸ ਲਈ ਉਸ ਦੀ ਬਦਲੀ ਯੂਨੀਵਰਸਿਟੀ ਦੇ ਕਿਸੇ ਹੋਰ ਵਿਭਾਗ ਵਿਚ ਕੀਤੀ ਜਾਂਦੀ ਹੈ।
ਬਦਲੀ ਤੋਂ ਕੁਝ ਦੇਰ ਬਾਅਦ ਪਤਾ ਨਹੀਂ ਕਿਸ ਦੇ ਕਹਿਣ ‘ਤੇ ਉਸ ਨੇ ਸਿਰਸੇ ਵਾਲੇ ਡੇਰੇ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਨਾ ਸਿਰਫ ਸ਼ਰਾਬ ਤੋਂ ਛੁਟਕਾਰਾ ਹੀ ਪਾ ਲਿਆ ਬਲਕਿ ਯੂਨੀਵਰਸਿਟੀ ਦੀ ਨੌਕਰੀ ਦੇ ਨਾਲ ਨਾਲ ਛੁੱਟੀ ਵਾਲੇ ਦਿਨ ਕੈਟਰਿੰਗ ਦਾ ਕੰਮ ਵੀ ਸ਼ੁਰੂ ਕਰ ਲਿਆ। ਹੌਲੀ ਹੌਲੀ ਆਪਣੇ ਸਕੂਲ ਪੜ੍ਹਦੇ ਮੁੰਡੇ ਨੂੰ ਵੀ ਨਾਲ ਲਾ ਲਿਆ, ਉਸ ਨੂੰ ਡੀæ ਜੇæ ਖਰੀਦ ਦਿੱਤਾ, ਮੋਟਰ ਸਾਈਕਲ ਰੱਖ ਲਿਆ ਅਤੇ ਚੰਗੀ ਕਮਾਈ ਕਰਨ ਲੱਗ ਪਿਆ। ਭਾਵ ਡੇਰਿਆਂ ‘ਤੇ ਜਾਣ ਵਾਲੇ ਬਹੁਤੇ ਕੇਸ ਆਮ ਤੌਰ ‘ਤੇ ਇਸ ਕਿਸਮ ਦੇ ਹੁੰਦੇ ਹਨ। ਬਾਕੀ ਅਗਲੇ ਹਫਤੇ।