ਸਿਆਸਤ ਅਤੇ ਡੇਰਾਵਾਦ ਹੱਥੋਂ ਲੋਕਾਂ ਦੀ ਲੁੱਟ ਦਾ ਸਿਲਸਿਲਾ ਜਾਰੀ

ਸੁਕੰਨਿਆ ਭਾਰਦਵਾਜ ਨਾਭਾ
ਫੋਨ: 815-307-3112
15 ਸਾਲ ਬਾਅਦ ਕਥਿਤ ਦੋਸ਼ੀ ਪਾਏ ਗਏ ਸਿਰਸੇ ਵਾਲੇ ਬਾਬੇ ਦੇ ਫੈਸਲੇ ਵਿਚ ਜਿਸ ਢੰਗ-ਤਰੀਕੇ ਇਸ ਨਾਲ ਨਜਿਠਿਆ ਗਿਆ ਹੈ, ਇਸ ਨੇ ਜਿਥੇ ਸਿਆਸਤ ਅਤੇ ਸਿਆਸਤਦਾਨਾਂ ਦਾ ਕਰੂਪ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ ਹੈ, ਉਥੇ ਅਮਨ ਕਾਨੂੰਨ ਦੀ ਸਮੁੱਚੀ ਪ੍ਰਕ੍ਰਿਆ ਉਤੇ ਵੀ ਪ੍ਰਸ਼ਨ ਚਿੰਨ ਲਾ ਦਿੱਤਾ ਹੈ। ਲੋਕਤੰਤਰੀ ਕਦਰਾਂ ਕੀਮਤਾ ਦਾ ਜੋ ਘਾਣ ਹੋਇਆ ਹੈ, ਉਸ ਲਈ ਨਾ ਸਰਕਾਰਾਂ ਤੇ ਨਾ ਧਰਮ ਦੇ ਨਾਂ ‘ਤੇ ਵਰਗਲਾਈ ਗਈ ਇਹ ਜਨਤਾ ਜਿੰਮੇਵਾਰ ਹੈ।

ਸਰਕਾਰਾਂ ਦਾ ਹੱਥਠੋਕਾ ਬਣੇ ਇਹ ਨਾਮ ਨਿਹਾਦ ਧਾਰਮਿਕ ਗੁਰੂ ਕਦੇ ਸਿਰਸਾ, ਰਾਮਪਾਲ, ਨੂਰਮਹਿਲੀਏ, ਨਿਰੰਕਾਰੀ, ਨਿਰਮਲ, ਭਨਿਆਰਾ, ਢੱਕੀ ਵਾਲਾ, ਰਾਧੇ ਮਾਂ, ਵਾਧੇ ਮਾਂ, ਕਦੇ ਊਸ਼ਾ, ਕਦੇ ਆਸਾ ਮਾਂ ਬਣ ਕੇ ਲੋਕਾਂ ਦੇ ਜਜ਼ਬਾਤ ਨਾਲ ਖਿਲਵਾੜ ਕਰਦੇ ਰਹਿਣਗੇ। ਭੋਲੇ ਭਾਲੇ ਲੋਕ ਧਰਮ ਦੀ ਆਜ਼ਾਦੀ, ਬੋਲਣ, ਲਿਖਣ, ਰੋਸ ਪ੍ਰਦਰਸ਼ਨ ਦੀ ਆਜ਼ਾਦੀ ਦਾ ਕਾਰਜ ਇਸ ਤਰ੍ਹਾਂ ਆਪਣੀਆਂ ਕੀਮਤੀ ਜਾਨਾਂ ਦੇ ਕੇ ਕਰਦੇ ਰਹਿਣਗੇ। ਗੁਰੂਆਂ ਪੀਰਾਂ ਦੀ ਧਰਤੀ ਜਿਥੇ ਵੇਦਾਂ, ਪੁਰਾਣਾਂ, ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ, ਉਥੋਂ ਦੀ ਜਨਤਾ ਆਪਣੀਆਂ ਸਮੱਸਿਆਵਾਂ ਦਾ ਹੱਲ ਇਨ੍ਹਾਂ ਅਖੌਤੀ ਦੇਹਧਾਰੀ ਗੁਰੂਆਂ ਤੋਂ ਭਾਲਦੀ ਹੈ, ਬਜਾਏ ਇਨ੍ਹਾਂ ਮਹਾਨ ਗ੍ਰੰਥਾਂ ਤੋਂ ਸੇਧ ਲੈਣ ਦੇ।
ਸਵਾਲ ਹੈ ਕਿ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਸਮੇਤ ਸਮੁੱਚੇ ਦੇਸ਼ ਨੂੰ ਪਤਾ ਸੀ ਕਿ ਜਿਹੜਾ ਬਾਬਾ ਅੱਜ ਤਕ ਸਿੱਧੇ ਤੌਰ ‘ਤੇ ਪੇਸ਼ੀ ਭੁਗਤਣ ਨਹੀਂ ਆਇਆ, ਉਹ ਫੈਸਲੇ ਦੀ ਘੜੀ ਕੀ ਕਰ ਗੁਜਰੇਗਾ? ਜਦੋਂ ਵੀ ਪੇਸ਼ੀ ਹੁੰਦੀ, ਬਾਬੇ ਤੋਂ ਪਹਿਲਾਂ ਇਹ ਅਖੌਤੀ ਸ਼ਰਧਾਲੂ ਆ ਪੰਚਕੂਲਾ ਸੀæਬੀæਆਈæ ਅਦਾਲਤ ਵਿਚ ਜਮਾਵੜਾ ਬਣਾ ਲੈਂਦੇ। ਬਾਬਾ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤ ਜਾਂਦਾ ਰਿਹਾ। ਹੋਰ ਤਾਂ ਹੋਰ, ਉਸ ਵੇਲੇ ਦੀ ਹਰਿਆਣਾ ਦੀ ਚੌਟਾਲਾ ਸਰਕਾਰ ਨੇ ਤਾਂ ਸੁਪਰੀਮ ਕੋਰਟ ਵਿਚ ਪਟੀਸ਼ਨ ਤਕ ਪਾ ਦਿੱਤੀ ਕਿ ਬਾਬੇ ਦਾ ਕੇਸ ਸੀæਬੀæਆਈæ ਨੂੰ ਨਾ ਦਿੱਤਾ ਜਾਵੇ। ਹੁਣ ਇਸ ਹੁਕਮ ਦੇ ਫੈਸਲੇ ਸਮੇਂ ਚਾਰੇ ਸਟੇਟਾਂ ਦੀਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ-ਕਾਂਗਰਸ, ਭਾਜਪਾ, ਅਕਾਲੀ ਦਲ, ਇਨੈਲੋ, ਖਾਸ ਕਰਕੇ ਮੌਜੂਦਾ ਹਰਿਆਣਾ ਸਰਕਾਰ ਇਸ ਸਾਰੇ ਕਾਸੇ ਤੋਂ ਮੁਨਕਰ ਨਹੀਂ ਹੋ ਸਕਦੀਆਂ।
ਜਦੋਂ 25 ਅਗਸਤ ਨੂੰ ਬਾਬੇ ਨੂੰ ਦੋਸ਼ੀ ਕਰਾਰ ਦੇਣ ਦਾ ਫੈਸਲਾ ਆਇਆ ਤਾਂ ਹਰਿਆਣਾ ਸਰਕਾਰ ਦੇ ਨੇਤਾ ਤਾਂ ਦੜ ਵੱਟ ਗਏ ਪਰ ਕੇਂਦਰ ਸਰਕਾਰ ਦਾ ਇੱਕ ਸੰਸਦ ਮੈਂਬਰ ਸਾਕਸ਼ੀ ਮਹਾਰਾਜ, ਜਿਸ ਉਤੇ ਵਿਭਚਾਰ ਤੇ ਹੱਤਿਆ ਦੇ ਮੁਕੱਦਮੇ ਚੱਲ ਰਹੇ ਹਨ, ਨੇ ਬਾਬੇ ਨੂੰ ਕਲੀਨ ਚਿੱਟ ਦਿੰਦਿਆਂ ਨਿਆਂ ਪਾਲਿਕਾ ਨੂੰ ਹੀ ਕਟਹਿਰੇ ਵਿਚ ਲਿਆ ਖੜਾਇਆ। ਕਿਸੇ ਨੇ ਵੀ ਔਰਤ ਦੇ ਸਨਮਾਨ, ਔਰਤਾਂ ਨਾਲ ਵਿਭਚਾਰ ਦੀ ਹੱਦ ਤਕ ਹੋਈ ਬੇਇਨਸਾਫੀ ਦੀ ਨਿੰਦਾ ਤੇ ਕੋਰਟ ਦੇ ਫੈਸਲੇ ਦਾ ਸੁਆਗਤ ਨਹੀਂ ਕੀਤਾ।
ਸਰਕਾਰਾਂ ਨੇ ਇੱਕ ਦੂਜੇ ਨੂੰ ਲਿੰਕ ਕਰਦੀਆਂ ਰੇਲ ਗੱਡੀਆਂ ਤੇ ਬਸਾਂ ਆਦਿ ਬੰਦ ਕਰ ਦਿੱਤੀਆਂ। ਇੰਟਰਨੈਟ, ਵੱਟਸ ਐਪ ਤੇ ਹੋਰ ਸੋਸ਼ਲ ਸੇਵਾਵਾਂ ਬੰਦ ਕਰਕੇ ਆਮ ਲੋਕਾਂ ਤੋਂ ਜਾਣਕਾਰੀ ਹਾਸਲ ਕਰਨ ਦਾ ਹੱਕ ਖੋਹ ਲਿਆ ਗਿਆ। ਪੰਚਕੂਲਾ ਵਿਚ ਜਿਥੇ ਪਹਿਲਾਂ ਹੀ 18 ਅਗਸਤ ਨੂੰ ਦਫਾ 144 ਲਾ ਦਿੱਤੀ ਸੀ ਤੇ ਸੈਨਿਕ, ਅਰਧ ਸੈਨਿਕ ਬਲ, ਪੁਲਿਸ ਤਾਇਨਾਤ ਸੀ, ਫਿਰ ਉਸ ਦੇ ਮੁਢਲੇ ਨਿਯਮ ਪੰਜ ਤੋਂ ਵੱਧ ਬੰਦੇ ਇਕੱਠੇ ਹੋਣ ‘ਤੇ ਕਿਉਂ ਅਮਲ ਨਹੀਂ ਕੀਤਾ ਗਿਆ ਜਾਂ ਅਜਿਹਾ ਕਰਨ ਦੀ ਇੱਛਾ ਸ਼ਕਤੀ ਹੀ ਨਹੀਂ ਸੀ? ਸਰਕਾਰੀ ਛਤਰ ਛਾਇਆ ਹੇਠ ਲੋਕਾਂ ਦਾ ਹਜੂਮ ਇਕੱਠਾ ਹੁੰਦਾ ਗਿਆ। ਤਾਊ ਦੇਵੀ ਲਾਲ ਸਟੇਡੀਅਮ ਵਿਚ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਰੱਖਣ ਦੇ ਪ੍ਰਬੰਧ ਅਗਾਊਂ ਕਰ ਲਏ ਗਏ ਪਰ ਉਨ੍ਹਾਂ ਨੂੰ ਪੰਚਕੂਲੇ ਇਕੱਠੇ ਹੋਣ ਤੋਂ ਨਹੀ ਰੋਕਿਆ ਗਿਆ। ਡੇਰਾ ਮੁਖੀ ਨੇ ਵੀ ਡੇਰਾ ਪ੍ਰੇਮੀਆਂ ਨੂੰ ਢਾਲ ਦੇ ਰੂਪ ਵਿਚ ਵਰਤਣ ਲਈ ਉਨ੍ਹਾਂ ਨੂੰ ਡੇਰੇ ਤੇ ਤਿੰਨ ਰੋਜਾ ਸਤਸੰਗ ਦਾ ਸੰਦੇਸ਼ ਭੇਜ ਕੇ ਅਨਪੜ੍ਹ ਜਨਤਾ ਨੂੰ ਬਲੈਕਮੇਲ ਕੀਤਾ। ਜ਼ਿਕਰਯੋਗ ਹੈ ਕਿ ਇਸ ਡੇਰੇ ਦੇ ਸ਼ਰਧਾਲੂ ਜ਼ਿਆਦਾਤਰ ਦੱਬੇ ਕੁਚਲੇ ਅਨਪੜ੍ਹ ਲੋਕ ਹਨ ਜਿਨ੍ਹਾਂ ਨੂੰ ਬਹੁਤੀ ਵਾਰੀ ਆਰਥਿਕ ਮਦਦ, ਗਰੀਬ ਤੇ ਵਿਧਵਾ ਔਰਤਾਂ ਨੂੰ ਘਰ ਬਣਾ ਕੇ ਦੇਣ ਆਦਿ ਨਾਲ ਵਰਗਲਾਇਆ ਗਿਆ।
ਇਸ ਦਾ ਜੇ ਧਾਰਮਿਕ ਪੱਖ ਦੇਖਿਆ ਜਾਵੇ ਤਾਂ ਹਿੰਦੂ, ਸਿੱਖ, ਬੁਧ, ਜੈਨ ਧਰਮਾਂ ਦਾ ਸਮਾਜ ਵੀ ਜਿੰਮੇਵਾਰ ਹੈ ਜਿਨ੍ਹਾਂ ਦਲਿਤ ਵਰਗ ਨੂੰ ਕਦੇ ਬਰਾਬਰੀ ਦਾ ਦਰਜਾ ਨਹੀਂ ਦਿੱਤਾ। ਪਰ ਡੇਰਾ ਸਿਰਸਾ ਵਿਚ ਵੱਡੇ ਤੋਂ ਵੱਡੇ ਜਥੇਦਾਰ ਨੂੰ ਵੀ ‘ਭੰਗੀਦਾਸ’ ਦਾ ਅਹੁਦਾ ਦੇ ਕੇ ਸਨਮਾਨਿਆ ਗਿਆ। ਰੋਟੀ ਰੋਜੀ ਤੋਂ ਬਾਅਦ ਹਰ ਕੋਈ ਸਮਾਜ ਵਿਚ ਮਾਣ-ਸਨਮਾਨ ਜਰੂਰ ਭਾਲਦਾ ਹੈ। ਆਰਥਿਕ ਮੰਦਹਾਲੀ, ਨਸ਼ੇ, ਭ੍ਰਿਸ਼ਟਾਚਾਰ ਨੇ ਜਿਵੇਂ ਪੰਜਾਬ ਦਾ ਕਣ ਹੀ ਮਾਰ ਦਿੱਤਾ ਹੈ। ਲੋਕ ਇਨ੍ਹਾਂ ਅਲਾਮਤਾਂ ਦੇ ਭਜਾਏ ਕਿਤੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਨ ਤੇ ਉਹ ਡੇਰਿਆਂ ਵਲ ਭੱਜਦੇ ਹਨ। ਇਹ ਅਖੌਤੀ ਧਾਰਮਿਕ ਗੁਰੂ ਉਨ੍ਹਾਂ ਦੇ ਹੱਥਾਂ ਵਿਚ ਧਰਮ, ਮੋਕਸ਼ ਦਾ ਛੁਣਛੁਣਾ ਦੇ ਕੇ ਆਪਣੇ ਪਿਛੇ ਲਾਉਂਦੇ ਨੇ। ਲੋਕਾਂ ਦੀ ਇਸ ਮਾਨਸਿਕਤਾ ਦਾ ਭਰਪੂਰ ਫਾਇਦਾ ਉਠਾਇਆ ਗਿਆ, ਇਸ ਸਾਰੇ ਡੇਰਾ ਪ੍ਰਚਲਨ ਵਿਚ।
ਸਿਆਸੀ ਪੁਸ਼ਤਪਨਾਹੀ ਇਸ ਦੀ ਕੀ, ਕਿਸੇ ਵੀ ਡੇਰੇ ਦੀ ਲੁਕੀ ਛਿਪੀ ਨਹੀਂ। ਪਰ ਸਿਆਸੀ ਪਾਰਟੀਆਂ ਤੇ ਸਮੇਂ ਦੀਆਂ ਸਰਕਾਰਾਂ ਵੋਟਾਂ ਹੀ ਸਭ ਕੁਝ ਜਾਣ ਕੇ ਇਨ੍ਹਾਂ ਡੇਰਿਆਂ ਦੀ ਭਰਪੂਰ ਵਰਤੋਂ ਕਰਦੀਆਂ ਹਨ। ਇਸ ਦਾ ਸਬੂਤ ਡੇਰੇ ਵਲੋਂ ਆਏ ਪ੍ਰੈਸ ਬਿਆਨ ਤੋਂ ਮਿਲਦਾ ਹੈ ਕਿ ਭਾਜਪਾ ਨਾਲ ਉਨ੍ਹਾਂ ਦੀ ਕੇਸ ਖਤਮ ਕਰਾਉਣ ਦੀ ‘ਡੀਲ’ ਹੋਈ ਸੀ। ਇਸ ਕਰਕੇ ਪੁਲਿਸ ਗੋਲੀ ਜਾਂ ਭਗਦੜ ਵਿਚ ਮਾਰੇ ਗਏ ਲੋਕਾਂ ਦਾ ਡੇਰਾ ਮੁਖੀ/ਸਰਕਾਰ ਨੂੰ ਕੋਈ ਗਮ ਨਹੀਂ। ਇਹ ਤਾਂ ਉਹੀ ਜਾਣਦੇ ਹਨ ਜਿਨ੍ਹਾਂ ਦੇ ਘਰਾਂ ਦੇ ਜੀਅ ਇਸ ਦੋਗਲੀ ਪ੍ਰਕ੍ਰਿਆ ਦੇ ਲੇਖੇ ਲਗ ਗਏ ਹਨ।
ਕਥਿਤ ਬਾਬਾ ਪੇਸ਼ੀ ਭੁਗਤਣ ਲਈ ਸਿਰਸਾ ਤੋਂ ਪੰਚਕੂਲਾ ਇਸ ਤਰ੍ਹਾਂ ਆਇਆ ਜਿਵੇਂ ਕੋਈ ਰਾਸ਼ਟਰਪਤੀ, ਪ੍ਰਧਾਨ ਮੰਤਰੀ ਦਾ ਕਾਫਲਾ ਜਾ ਰਿਹਾ ਹੋਵੇ। ਦੋਸ਼ੀ ਵਾਲੀ ਕੋਈ ਗੱਲ ਨਹੀਂ ਸੀ ਵਿਖਾਈ ਦੇ ਰਹੀ। ਫਿਰ ਰੋਹਤਕ ਜੇਲ੍ਹ ਲਈ ਉਸ ਨੂੰ ਹੈਲੀਕਾਪਟਰ ਵਿਚ ਉਸ ਦੀ ‘ਮੂੰਹ ਬੋਲੀ ਬੇਟੀ ਹਨੀਪ੍ਰੀਤ ਕੌਰ’ ਸਮੇਤ ਲਿਜਾਇਆ ਗਿਆ। ਬਾਬੇ ਦੇ ਹਨੀਪ੍ਰੀਤ ਨਾਲ ਨਾਜਾਇਜ਼ ਸਬੰਧ ਹਨ, ਇਹ ਖੁਲਾਸਾ ਹਨੀਪ੍ਰੀਤ ਦੇ ਸਹੁਰੇ ਪਰਿਵਾਰ ਨੇ ਕੀਤਾ ਹੈ ਜੋ ਬਾਬੇ ਦਾ ਸਭ ਤੋਂ ਪਹਿਲਾ ਸੇਵਕ ਤੇ ਬਿਜਨਸ ਪਾਰਟਨਰ ਸੀ। ਉਨ੍ਹਾਂ ਕੁਝ ਦੇਰ ਕੇਸ ਵੀ ਲੜਿਆ ਫਿਰ ਕੁਝ ਸਮੇਂ ਬਾਅਦ ਉਹ ਲੜਕੀ ਨੂੰ ਡੇਰੇ ‘ਤੇ ਹੀ ਛੱਡ ਕੇ ਕੇਸ ਖਤਮ ਕਰ ਗਏ। ਲੜਕੀ ਦਾ ਸਹੁਰਾ ਹਰਿਆਣਾ ਤੋਂ ਦੋ ਵਾਰੀ ਵਿਧਾਇਕ ਰਹਿ ਚੁਕਾ ਹੈ।
ਉਕਤ ਕੇਸ ਤੋਂ ਇਲਾਵਾ ਸਿਰਸਾ ਤੋਂ ਨਿਕਲਦੇ ਰੋਜ਼ਾਨਾ ਅਖਬਾਰ ‘ਪੂਰਾ ਸੱਚ’ ਦੇ ਪੱਤਰਕਾਰ/ਮਾਲਕ ਰਾਮਚੰਦ ਛੱਤਰਪਤੀ ਦਾ ਕਤਲ, ਮੈਨੇਜਰ ਰਣਜੀਤ ਸਿੰਘ ਦਾ ਕਤਲ ਅਤੇ ਡੇਰੇ ਦੇ ਸਾਧਾਂ/ਸ਼ਰਧਾਲੂਆਂ ਨੂੰ ਆਪ੍ਰੇਸ਼ਨ ਰਾਹੀਂ ਨਪੁੰਸਕ ਬਣਾਏ ਜਾਣ ਦੇ ਕੇਸ ਵੀ ਬਾਬੇ ਖਿਲਾਫ ਚਲ ਰਹੇ ਹਨ। ਇਸ ਕੇਸ ਦਾ ਫੈਸਲਾ ਪੂਰੇ 15 ਸਾਲ ਬਾਅਦ ਆਇਆ ਹੈ।
ਪੱਤਰਕਾਰ ਰਾਮਚੰਦ੍ਰ ਛਤਰਪਤੀ ਡੇਰੇ ਵਿਚ ਚਲ ਰਹੀਆਂ ਬੇਨਿਯਮੀਆਂ ਨੂੰ ਲਗਾਤਾਰ ਛਾਪ ਰਹੇ ਸਨ। ਉਨ੍ਹਾਂ ਨੂੰ ਡੇਰੇ ਵਲੋਂ ਡਰਾਇਆ ਧਮਕਾਇਆ ਜਾਂਦਾ ਸੀ, ਇਸ ਨੂੰ ਵੀ ਉਹ ਆਪਣੇ ਅਖਬਾਰ ਵਿਚ ਛਾਪਦੇ ਤੇ ਇਕੱਠਾਂ ਵਿਚ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਜਾਨ-ਮਾਲ ਨੂੰ ਖਤਰੇ ਬਾਰੇ ਦਸਦੇ ਰਹਿੰਦੇ, ਪਰ ਕਿਸੇ ਨੇ ਮਦਦ ਨਾ ਕੀਤੀ। 24 ਅਕਤੂਬਰ 2002 ਨੂੰ ਉਸ ਨੂੰ ਗੋਲੀ ਮਾਰ ਦਿੱਤੀ ਗਈ। ਸਿਤਮਜ਼ਰੀਫੀ ਇਹ ਕਿ ਗੋਲੀ ਲਗਣ ਤੋਂ ਬਾਅਦ ਉਹ ਹਸਪਤਾਲ ਵਿਚ ਪਿਆ ਪੁਲਿਸ ਨੂੰ ਆਪਣਾ ਬਿਆਨ ਦੇਣ ਲਈ ਕਹਿੰਦਾ ਰਿਹਾ ਪਰ ਪੁਲਿਸ ਨੇ ਐਫ਼ਆਈæਆਰæ ਵਿਚ ਡੇਰਾ ਮੁਖੀ ਦਾ ਨਾਂ ਵੀ ਸ਼ਾਮਲ ਨਾ ਕੀਤਾ ਜਦਕਿ ਛਤਰਪਤੀ ਪੁਕਾਰ ਪੁਕਾਰ ਕੇ ਕਹਿ ਰਿਹਾ ਸੀ ਕਿ ਇਹ ਕਾਤਲਾਨਾ ਹਮਲਾ ਉਸ ਉਤੇ ਡੇਰਾ ਮੁਖੀ ਨੇ ਕਰਵਾਇਆ ਹੈ। ਮਰਹੂਮ ਪੱਤਰਕਾਰ ਛਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਮੁਤਾਬਕ ਉਸ ਨੇ ਇਨਸਾਫ ਲਈ ਸੀæਬੀæਆਈæ ਕੋਰਟ ਵਿਚ ਗੁਹਾਰ ਲਾਈ ਤੇ ਉਸ ਤੋਂ ਬਾਅਦ ਹੀ 2007 ਵਿਚ ਉਸ ਦੀ ਐਫ਼ਆਈæਆਰæ ਦਰਜ ਕੀਤੀ ਗਈ। ਅੰਸ਼ੁਲ ਅਨੁਸਾਰ ਵਕੀਲ ਰਾਜਿੰਦਰ ਸੱਚਰ, ਰਣਜੀਤ ਸਿੰਘ ਚੀਮਾ ਸਮੇਤ ਹੋਰ ਪੰਜ ਵਕੀਲਾਂ ਨੇ ਉਸ ਦਾ ਕੇਸ ਬਿਨਾ ਫੀਸ ਤੋਂ ਲੜਿਆ। ਡੇਰੇ ਵਲੋਂ ਇਨ੍ਹਾਂ ਵਕੀਲਾਂ ਉਤੇ ਕਈ ਵਾਰੀ ਹਮਲੇ ਵੀ ਹੋਏ।
ਇਸ ਤੋਂ ਪਹਿਲਾਂ ਸਾਧਵੀਆਂ ਨਾਲ ਵਿਭਚਾਰ ਦੀ ਗੁੰਮਨਾਮ ਚਿੱਠੀ ਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੇ ਗੰਭੀਰ ਨੋਟਿਸ ਲੈਂਦਿਆਂ ਉਸ ਵੇਲੇ ਦੀ ਹਰਿਆਣਾ ਸਰਕਾਰ ਨੂੰ ਇਸ ਦੀ ਪੜਤਾਲ ਕਰਨ ਲਈ ਕਿਹਾ ਪਰ ਉਨ੍ਹਾਂ ਲੰਮੇ ਸਮੇਂ ਤਕ ਕੁਝ ਨਾ ਕੀਤਾ, ਜਿਸ ‘ਤੇ ਕੇਸ ਸੀæਬੀæਆਈæ ਨੂੰ ਸੌਂਪਿਆ ਗਿਆ। ਸੀæਬੀæਆਈæ ਦੇ ਡਿਟੈਕਟਿਵ ਡੀæਐਸ਼ਪੀæ ਡਾਬਰਾ ਦੀ ਭੂਮਿਕਾ ਵੀ ਬੜੀ ਸ਼ਲਾਘਾਯੋਗ ਰਹੀ ਜਿਸ ਨੇ ਡੇਰੇ ਦੇ ਦਬਾਅ ਵਿਚ ਨਾ ਆ ਕੇ 15 ਸਾਲ ਤੱਕ ਲੜਾਈ ਲੜੀ ਤੇ ਦੋਹਾਂ ਸਾਧਵੀਆਂ ਨੂੰ ਭਰੋਸਾ ਦੇ ਕੇ ਅਖੀਰ ਤਕ ਉਨ੍ਹਾਂ ਦਾ ਮਨੋਬਲ ਬਣਾਈ ਰੱਖਿਆ ਪਰ ਬਾਕੀ ਪੰਜ ਫਰਿਆਦੀ ਲੜਕੀਆਂ ਇਸ ਕੇਸ ਤੋਂ ਪਿਛੇ ਹਟ ਗਈਆਂ।
ਦੋਸ਼ ਆਇਦ ਕਰਨ ਦੀ ਤਰੀਕ ਸਮੇਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਭੂਮਿਕਾ ਵੀ ਬੜੀ ਅਹਿਮ ਰਹੀ ਜਿਸ ਨਾਲ ਲੋਕਾਂ ਦਾ ਦੇਸ਼ ਦੀ ਨਿਆਂ ਪਾਲਿਕਾ ‘ਤੇ ਭਰੋਸਾ ਵਧਿਆ ਹੈ। ਹਾਈ ਕੋਰਟ ਨੇ ਹਰਿਆਣਾ ਸਰਕਾਰ ਦੀ ਢਿੱਲ੍ਹੀ ਕਾਰਗੁਜ਼ਾਰੀ ਦੀ ਖਿਚਾਈ ਕੀਤੀ, ਪੁਲਿਸ ਡੀæਜੀæ ਖਿਲਾਫ ਕਾਰਵਾਈ ਕਰਨ, ਐਡੀਸ਼ਨਲ ਐਡਵੋਕੇਟ ਜਨਰਲ ਨੂੰ ਬਾਬੇ ਦਾ ਬੈਗ ਚੁੱਕ ਕੇ ਹੈਲੀਕਾਪਟਰ ਤਕ ਲੈ ਜਾਣ ਦੇ ਦੋਸ਼ ਹੇਠ ਉਸ ਨੂੰ ਬਰਖਾਸਤ ਕਰਨ ਅਤੇ ਧਾਰਾ 144 ‘ਤੇ ਕਾਨੂੰਨ ਮੁਤਾਬਕ ਕੰਮ ਨਾ ਕਰਨ, ਡੇਰਾ ਪ੍ਰੇਮੀਆਂ ਵਲੋਂ ਕੀਤੇ ਨੁਕਸਾਨ ਦੀ ਭਰਪਾਈ ਲਈ ਡੇਰੇ ਦੀ ਜਾਇਦਾਦ ਜ਼ਬਤ ਕਰਨ ਆਦਿ ਪੂਰੇ ਘਟਨਾਕ੍ਰਮ ਲਈ ਬਾਬੇ ਦੇ ਨਾਲ ਨਾਲ ਹਰਿਆਣਾ ਸਰਕਾਰ ਨੂੰ ਵੀ ਕਟਹਿਰੇ ਵਿਚ ਖੜਾ ਕੀਤਾ ਹੈ।
ਜਿਉਂ ਜਿਉਂ ਡੇਰੇ ਦੀ ਕਾਰਗੁਜ਼ਾਰੀ ਤੋਂ ਪਰਦਾ ਉਠ ਰਿਹਾ ਹੈ, ਬਹੁਤ ਸਾਰੇ ਭਿਅੰਕਰ ਰਾਜ ਲੋਕਾਂ ਸਾਹਮਣੇ ਆ ਰਹੇ ਹਨ। ਡੇਰੇ ਦੀ ਗੱਦੀ ਰਾਮ ਰਹੀਮ ਨੂੰ ਮਿਲਣ ਬਾਰੇ ਵੀ ਕਈ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਿਤ ਹਨ। ਡੇਰੇ ਵਿਚ ਗੁਫਾਵਾਂ ਬਾਰੇ ਵੀ ਸਨਸਨੀਖੇਜ਼ ਖੁਲਾਸੇ ਹੋ ਰਹੇ ਹਨ ਕਿ ਇਹ ਵਿਭਚਾਰ ਤੇ ਸਾਰੇ ਜੁਰਮਾਂ ਦੀ ਪਨਾਹਗਾਹ ਸਨ। ‘ਨੰਬਰ 209’ ਬਾਰੇ ਵੀ ਕਈ ਤਰ੍ਹਾਂ ਦੇ ਭੇਦ ਉਜਾਗਰ ਹੋ ਰਹੇ ਹਨ ਕਿ ਇਹ ਗੁਫਾ ਵਿਚ ਸਾਧਵੀਆਂ ਦੀ ਗਿਣਤੀ ਬਾਰੇ ਕੋਡ ਸੀ।
ਸੂਬੇ ਦੀ ਆਰਥਿਕਤਾ ਇਨ੍ਹਾਂ ਬਾਬਿਆਂ ਤੇ ਸਿਆਸਤਦਾਨਾਂ ਦੇ ਕੁਰਸੀ ਮੋਹ ਦੇ ਕਲਿਕ ਨੇ ਬਰਬਾਦ ਕਰਕੇ ਰੱਖ ਦਿੱਤੀ ਹੈ। ਸ਼ਹਿਰਾਂ-ਪਿੰਡਾਂ ਵਿਚ ਇਨ੍ਹਾਂ ਡੇਰਿਆਂ ਦੀ ਭਰਮਾਰ ਹੈ। ਕਦੇ ਕੋਈ ਮਰਦ ਦਾ ਚੇਲਾ ਹੀ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਇਸ ਡੇਰਾਵਾਦ ਤੋਂ ਮੁਕਤ ਕਰਾ ਸਕੇਗਾ, ਨਹੀਂ ਤਾਂ ਅੱਜ ਇਸ ਸਿਰਸੇ ਵਾਲੇ ਡੇਰੇ ਦਾ ਅੰਤ ਹੋਇਆ ਹੈ ਤੇ ਕੱਲ ਨੂੰ ਕੋਈ ਹੋਰ ਇਸ ਦੀ ਥਾਂ ਲੈ ਲਵੇਗਾ। ਇਹ ਪ੍ਰਚਲਨ ਰੁਕੇਗਾ ਨਹੀਂ, ਜਦੋਂ ਤਕ ਲੋਕਾਂ ਦੇ ਮਾਨਸਿਕ, ਸਮਾਜਕ, ਆਰਥਿਕ ਬਰਾਬਰੀ ਦਾ ਕੋਈ ਹੱਲ ਨਹੀਂ ਹੋਵੇਗਾ।
ਮੇਰਾ ਖਿਆਲ ਹੈ ਕਿ ਡੇਰਾਵਾਦ ਨੂੰ ਜੰਮਾਉਣ ਵਿਚ ਪਰਵਾਸੀ ਵੀ ਘੱਟ ਪਿਛੇ ਨਹੀਂ। ਉਹ ਡੇਰੇਦਾਰਾਂ ਦੇ ਪ੍ਰੋਗਰਾਮ ਵਿਦੇਸ਼ੀ ਧਰਤੀ ‘ਤੇ ਕਰਵਾ ਕੇ ਡਾਲਰਾਂ-ਪੌਡਾਂ ਨਾਲ ਮਾਲੋਮਾਲ ਕਰ ਦਿੰਦੇ ਹਨ। ਜੇ ਭਾਰਤ-ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਲੋੜ ਹੈ ਆਪਣੇ ਗੁਰੂਆਂ ਪੀਰਾਂ ਪੈਗੰਬਰਾਂ ਵਲੋਂ ਰਚੇ ਪੁਰਾਤਨ ਧਾਰਮਿਕ ਸਾਹਿਤ ਨੂੰ ਪ੍ਰਫੁਲਿਤ ਕਰਨ, ਉਨ੍ਹਾਂ ‘ਤੇ ਵਿਚਾਰ ਗੋਸ਼ਟੀਆਂ ਤੇ ਵਿਸ਼ੇਸ਼ ਸਕੂਲਾਂ ਰਾਹੀਂ ਉਨ੍ਹਾਂ ਨਾਲ ਜੋੜਨ ਦੀ ਅਤੇ ਸਾਰੀਆਂ ਜਿੰਮੇਵਾਰ ਧਿਰਾਂ ਨੂੰ ਭਾਰਤ-ਪੰਜਾਬ ਨੂੰ ਡੇਰਾ ਮੁਕਤ ਕਰਨ ਲਈ ਰਲ ਕੇ ਹੰਭਲਾ ਮਾਰਨ ਦੀ। ਨਹੀਂ ਤਾਂ ਇਸੇ ਤਰ੍ਹਾਂ ਸਮਾਨੰਤਰ ਗੁਰੂਡੰਮ ਤੇ ਅਖੌਤੀ ਧਾਰਮਿਕ ਗ੍ਰੰਥ ਛਾਪ ਕੇ ਦੇਸ਼ ਦੀ ਜਨਤਾ ਨੂੰ ਮੂਰਖ ਬਣਾਇਆ ਜਾਂਦਾ ਰਹੇਗਾ ਤੇ ਵੱਖੋ ਵੱਖਰੇ ਭੇਖਾਧਾਰੀਆਂ ਵਲੋਂ ਇਸੇ ਤਰ੍ਹਾਂ ਠੱਗੇ ਜਾਣ ਦਾ ਸਿਲਸਿਲਾ ਜਾਰੀ ਰਹੇਗਾ!