‘ਸਿਰ ਦਸਤਾਰ, ਗੁੱਟ ‘ਤੇ ਧਾਗਾ’

ਮਾਨਯੋਗ ਸੰਪਾਦਕ ਜੀਓ,
ਪੰਜਾਬ ਟਾਈਮਜ਼ ਦੇ 26 ਅਗਸਤ ਦੇ ਪਰਚੇ ਵਿਚ ਬੀਬੀ ਗੁਰਜੀਤ ਕੌਰ ਦਾ ਲੇਖ ‘ਸਿਰ ਦਸਤਾਰ, ਗੁੱਟ ‘ਤੇ ਧਾਗਾ’ ਪੜ੍ਹਿਆ ਜਿਸ ਵਿਚ ਉਨ੍ਹਾਂ ਠੋਸ ਦਲੀਲਾਂ ਤੇ ਗੁਰਬਾਣੀ ਦੇ ਹਵਾਲਿਆਂ ਨਾਲ ਰੱਖੜੀ ਬੰਧਨ ਦੇ ਰਿਵਾਜ਼ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਇਸ ਰਿਵਾਜ਼ ਨੂੰ ਵਿਵੇਕ ਦੀ ਕਸੌਟੀ ‘ਤੇ ਪਰਖਦਿਆਂ ਅਰਥਹੀਣ ਤੇ ਪਿਛਾਂਹ-ਖਿੱਚੂ ਸੋਚ ਦਾ ਪ੍ਰਤੀਕ ਦੱਸਿਆ ਹੈ। ਉਨ੍ਹਾਂ ਅਨੁਸਾਰ ਰੱਖੜੀ ਇਕ ਬ੍ਰਾਹਮਣਵਾਦੀ ਪ੍ਰਥਾ ਹੈ ਤੇ ਅਜੋਕੇ ਸਮਾਜ, ਖਾਸ ਕਰ ਸਿੱਖ ਭਾਈਚਾਰੇ ਵਿਚ ਇਸ ਦੇ ਮਨਾਉਣ ਦੀ ਕੋਈ ਤੁਕ ਨਹੀਂ।

ਬੀਬੀ ਜੀ ਨੇ ਸਰਲ ਪਰ ਸਪਸ਼ਟ ਸ਼ਬਦਾਂ ਵਿਚ ਇਸ ਗੱਲ ‘ਤੇ ਜੋਰ ਦਿੱਤਾ ਹੈ ਕਿ ਇਕ ਸਭਿਅ ਸਮਾਜ ਵਿਚ ਅੰਧ-ਵਿਸ਼ਵਾਸ ਤੇ ਪਖੰਡ ਲਈ ਕੋਈ ਥਾਂ ਨਹੀਂ। ਇਸ ਵਿਚ ਹਰ ਇਕ ਗੱਲ, ਇਥੋਂ ਤੀਕ ਕਿ ਸਮਾਜਿਕ ਰਹੁ-ਰੀਤਾਂ ਤੇ ਤਿਉਹਾਰਾਂ ਦਾ ਨਿਰਣਾ ਵੀ ਤਰਕ-ਸੰਗਤ ਢੰਗ ਨਾਲ ਹੋਣਾ ਚਾਹੀਦਾ ਹੈ। ਤਰਕ ਰਹਿਤ ਕਾਰਜ ਮਨੁੱਖ ਦੀ ਸੋਚ ਨੂੰ ਡਾਵਾਂਡੋਲ ਕਰਦੇ ਹਨ। ਇਹ ਸਹੀ ਜਾਪਦਾ ਹੈ।
ਸਾਡੀ ਨੌਜਵਾਨ ਵਿਦਵਾਨ ਪੀੜ੍ਹੀ ਵਿਚ ਅਜਿਹੀ ਵਿਵੇਕਸ਼ੀਲ ਸੋਚ ਦਾ ਪੈਦਾ ਹੋਣਾ ਇਕ ਵਧੀਆ ਰੁਝਾਨ ਹੈ ਜਿਸ ਦੀ ਹਰ ਕਾਲ ਵਿਚ ਬੜੀ ਮਹੱਤਤਾ ਰਹੀ ਹੈ। ਪਰ ਅੱਜ ਦੇ ਪੱਛੜੇ ਭਾਰਤੀ ਸਮਾਜ ਵਿਚ ਜੋ ਸਦੀਆਂ ਤੋਂ ਦਕੀਆਨੂਸੀ ਵਿਚਾਰਧਾਰਾਵਾਂ ਨਾਲ ਜੂਝ ਰਿਹਾ ਹੈ, ਵਿਚ ਅਜਿਹੇ ਵਿਚਾਰਾਂ ਦੀ ਅਤਿਅੰਤ ਲੋੜ ਹੈ। ਜੇ ਗੁਰੂ ਨਾਨਕ ਨੇ ਪੰਜ ਸੌ ਸਾਲ ਪਹਿਲਾਂ ਜਨੇਊ ਦੇ ਸੂਤ ਨੂੰ ਨਿਰਾਰਥਕ ਕਹਿ ਕੇ ਸੌ ਦੀ ਇਕ ਸੁਣਾ ਦਿਤੀ ਸੀ ਤਾਂ ਅੱਜ ਵੀ ਇਹ ਸਮਾਜ ਰੱਖੜੀ ਦੇ ਧਾਗਿਆਂ ਵਿਚ ਕਿਉਂ ਉਲਝ ਰਿਹਾ ਹੈ? ਭੈਣ ਦੇ ਕੁਦਰਤੀ ਰਿਸ਼ਤੇ ਦੀ ਪਵਿਤਰਤਾ ਨੂੰ ਵਿਸ਼ਵਵਿਆਪੀ ਮਾਨਤਾ ਮਿਲੀ ਹੋਈ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਸਿਰਫ ਭਾਰਤ ਵਿਚ ਹੀ ਇਹ ਪਿਆਰ ਭਰਿਆ ਰਿਸ਼ਤਾ ‘ਰੱਖੜੀ ਬੰਧਨ’ ਜਿਹੇ ਵਾਧੂ ਸਾਲਾਨਾ ਰਿਵਾਜ਼ ਦਾ ਮੁਹਤਾਜ ਹੈ।
ਬੀਬੀ ਗੁਰਜੀਤ ਕੌਰ ਨੇ ਸਹੀ ਕਿਹਾ ਹੈ ਕਿ ਨੈਤਿਕ ਤੌਰ ‘ਤੇ ਗਰਕ ਰਹੇ ਅਜੋਕੇ ਭਾਰਤੀ ਸਮਾਜ ਵਿਚ ਜਰੂਰਤ ਰੱਖੜੀ ਦੀ ਨਹੀਂ ਸਗੋਂ ਇਕ ਅਜਿਹੇ ਠੋਸ ਸਮਾਜੀਕਰਣ ਦੀ ਹੈ ਜਿਸ ਰਾਹੀਂ ਸਮੁੱਚੀ ਇਸਤਰੀ ਜਾਤੀ ਦੇ ਮਾਣ ਸਨਮਾਨ ਦਾ ਪਾਠ ਅਰੰਭ ਤੋਂ ਹੀ ਮਨੁੱਖੀ ਮਨ ਦੀਆਂ ਅੰਦਰੂਨੀ ਤਹਿਆਂ ਵਿਚ ਵਸਾਇਆ ਜਾਵੇ। ਇਸ ਤਰ੍ਹਾਂ ਕਰਨ ਨਾਲ ਕਿਸੇ ਇਸਤਰੀ ਵਿਸ਼ੇਸ਼ ਦੀ ਰੱਖਿਆ ਲਈ ਵਿਸ਼ੇਸ਼ ਪ੍ਰਬੰਧਾਂ ਜਾਂ ਰਸਮਾਂ ਰਿਵਾਜਾਂ ਦਾ ਇੰਤਜ਼ਾਮ ਕਰਨਾ ਹੀ ਨਹੀਂ ਪਵੇਗਾ। ਸੁਰੱਖਿਆ ਕੇਵਲ ਭੈਣ ਦੀ ਹੀ ਨਹੀਂ ਸਗੋਂ ਮਾਂ, ਪਤਨੀ, ਧੀ, ਭਰਜਾਈ, ਭੂਆ, ਭਤੀਜੀ, ਸਹਿਪਾਠਣ, ਸਹਿਕਰਮਣ-ਭਾਵ ਸਮਾਜਿਕ ਪੱਧਰ ‘ਤੇ ਹਰ ਇਸਤਰੀ ਦੀ ਬਰਾਬਰ ਅਤੇ ਨਿਸ਼ਚਿਤ ਤੌਰ ‘ਤੇ ਹੋਣੀ ਲੋੜੀਂਦੀ ਹੈ। ਇਹ ਕੇਵਲ ਭਰਾਵਾਂ ਦਾ ਭੈਣਾਂ ਪ੍ਰਤੀ ਹੀ ਨਹੀਂ ਸਗੋਂ ਸਭ ਮਰਦਾਂ ਦਾ ਸਭ ਇਸਤਰੀਆਂ ਪ੍ਰਤੀ ਜਰੂਰੀ ਕਰਤੱਵ ਸਵੀਕਾਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਜਿਨ੍ਹਾਂ ਔਰਤਾਂ ਦੇ ਆਪਣੇ ਸਕੇ ਭਰਾ ਨਹੀਂ, ਉਹ ਵੀ ਨਿਰਵਿਘਨ ਆਪਣੇ ਨਾਰੀਪਣ ਦੀ ਸੁਤੰਤਰਤਾ ਮਾਣ ਸਕਣਗੀਆਂ।
ਬੀਬੀ ਜੀ ਇਹ ਸੰਦੇਸ਼ ਵੀ ਦੇਣਾ ਚਾਹੁੰਦੇ ਹਨ ਕਿ ਅੱਜ ਦੀ ਭੈਣ ਇੰਨੀ ਕਮਜ਼ੋਰ ਵੀ ਨਹੀਂ ਕਿ ਉਹ ਆਪਣੀ ਰੱਖਿਆ ਲਈ ਆਪਣੇ ਭਰਾ ਜਾਂ ਕਿਸੇ ਹੋਰ ‘ਤੇ ਨਿਰਭਰ ਬਣੀ ਰਹੇ। ਅਜੋਕੇ ਸਮਾਜ ਵਿਚ ਸਮੁੱਚੀਆਂ ਸਮਾਜਿਕ ਸ਼ਕਤੀਆਂ ਦੇ ਨਾਲ ਨਾਲ ਉਹ ਜੁਡੋ-ਕਰਾਟੇ ਜਿਹੇ ਸਵੈ-ਰੱਖਿਆ ਦੇ ਆਧੁਨਿਕ ਢੰਗਾਂ ਦਾ ਸਹਾਰਾ ਵੀ ਲੈ ਸਕਦੀ ਹੈ। ਅਜਿਹੇ ਢੰਗ ਤਾਂ ਉਸ ਲਈ ਸਗੋਂ ਉਥੇ ਵੀ ਸਾਕਾਰ ਸਿੱਧ ਹੋ ਸਕਦੇ ਹਨ ਜਿਥੇ ਕੋਈ ਭਰਾ ਜਾਂ ਕੋਈ ਹੋਰ ਮਰਦ ਰਖਿਅਕ ਹਾਜਰ ਨਾ ਹੋਵੇ। ਸੱਚ ਹੀ ਰੱਖੜੀ ਜਿਹੀਆਂ ਪ੍ਰਥਾਵਾਂ ਨੇ ਮਨੁੱਖੀ ਸੋਚ ਨੂੰ ਸੌੜਾ ਕਰਕੇ ਉਸ ਦੀਆਂ ਸੂਖਮ ਭਾਵਨਾਵਾਂ ਨੂੰ ਨਪੀੜ ਦਿਤਾ ਹੈ। ਇਸ ਕਾਰਨ ਅਜੋਕਾ ਭਾਰਤੀ ਮਨੁੱਖ ਆਪਣੇ ਕਿਰਦਾਰ ਨੂੰ ਸੰਪੂਰਨ ਸਮਾਜਿਕ ਪਰਿਪੇਖ ਵਿਚ ਦੇਖਣ ਦੇ ਅਸਮਰਥ ਹੋ ਗਿਆ ਹੈ। ਬੀਬੀ ਗੁਰਜੀਤ ਕੌਰ ਨੇ ਇਸ ਤੰਗ-ਦਾਇਰੀ ਸੋਚ ਦਾ ਤਰਕਪੂਰਣ ਤੇ ਵਜ਼ਨਦਾਰ ਢੰਗ ਨਾਲ ਵਿਰੋਧ ਕੀਤਾ ਹੈ, ਜੋ ਸਰਾਹੁਣਯੋਗ ਹੈ।
ਜਿਵੇਂ ਉਪਰ ਕਿਹਾ ਗਿਆ ਹੈ, ਵਿਵੇਕਸ਼ੀਲਤਾ ਦੀ ਗੱਲ ਕਰਦਿਆਂ ਬੀਬੀ ਜੀ ਨੇ ਕਈ ਥਾਂਈ ਰੱਖੜੀ ਪ੍ਰਥਾ ਦੇ ਬ੍ਰਾਹਮਣਵਾਦੀ ਮੂਲ ਦਾ ਜ਼ਿਕਰ ਕੀਤਾ ਹੈ। ਅਜਿਹਾ ਕਰਦਿਆਂ ਉਨ੍ਹਾਂ ਨੇ ਬ੍ਰਾਹਮਣਵਾਦ ਦੇ ਅਰਥ ਕੇਵਲ ਮਨੂਵਾਦ ਤੀਕਰ ਹੀ ਸੀਮਤ ਨਹੀਂ ਰੱਖੇ ਸਗੋਂ ਪਿਛਾਖੜੀ-ਵੈਦਿਕ ਕਾਲ ਤੋਂ ਹੁਣ ਤੀਕ ਦੀ ਹਰ ਰੂੜੀਵਾਦੀ ਸਮਾਜਕ ਸੋਚ ਨਾਲ ਜੋੜੇ ਹਨ। ਉਹ ਇਸ ਮੱਤ ਦੇ ਧਾਰਨੀ ਹਨ ਕਿ ਵਿਵੇਕਹੀਣ ਪਰੰਪਰਾਵਾਦ ਦਾ ਨਾਂ ਹੀ ਬ੍ਰਾਹਮਣਵਾਦ ਹੈ ਭਾਵੇਂ ਇਹ ਕਿਸੇ ਸਮੁਦਾਏ ਦੀ ਸੋਚ ਦਾ ਹਿੱਸਾ ਹੋਵੇ।
ਉਨ੍ਹਾਂ ਨੇ ਵਿਵੇਕਹੀਣ ਸੋਚ ਵਾਲੇ ਅਖੌਤੀ ਸਿੱਖਾਂ ਨੂੰ ਵੀ ਨਹੀਂ ਬਖਸ਼ਿਆ ਜੋ ਸਿਰ ‘ਤੇ ਦਸਤਾਰ ਅਤੇ ਗੁੱਟ ‘ਤੇ ਰੱਖੜੀ ਬੰਨਦੇ ਹਨ। ਅਜਿਹੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਪੀਹੜੇ ਦੇ ਪਾਵਿਆਂ ਨਾਲ ਰੱਖੜੀ ਬੰਨਣ ਵਿਚ ਵੀ ਫਖਰ ਮਹਿਸੂਸ ਕਰਦੇ ਹਨ। ਬੀਬੀ ਜੀ ਦੀ ਇਸ ਦਲੀਲ ਦੇ ਵਿਸਤ੍ਰਿਤ ਪਰਿਪੇਖ ਵਿਚ ਕਈ ਹੋਰ ਸਿੱਖੀ ਪਰੰਪਰਾਵਾਂ ਵੀ ਵਿਵੇਕਸ਼ੀਲਤਾ ਦੇ ਕਟਹਿਰੇ ਵਿਚ ਆ ਖੜ੍ਹਦੀਆਂ ਹਨ। ਮਿਸਾਲ ਵਜੋਂ ਜੇ ਕਿਸੇ ਸਿੱਖ ਨੇ ਮਜ਼ਲੂਮਾਂ ਦੀ ਰੱਖਿਆ ਲਈ ਕਿਰਪਾਨ ਪਹਿਨੀ ਹੀ ਹੋਈ ਹੈ ਤਾਂ ਉਸ ਲਈ ਭੈਣ ਦੀ ਵਿਸ਼ੇਸ਼ ਰੱਖਿਆ ਲਈ ਗੁੱਟ ‘ਤੇ ਰੱਖੜੀ ਬੰਨਣ ਦੀ ਕੀ ਲੋੜ ਹੈ? ਜੇ ਸਿੱਖ ਨੇ ਕਿਰਪਾਨ ਪਹਿਨ ਕੇ ਕਿਸੇ ਮਜ਼ਲੂਮ ਦੀ ਰੱਖਿਆ ਕਰਨੀ ਹੀ ਨਹੀਂ ਤਾਂ ਫਿਰ ਕਿਰਪਾਨ ਧਾਰਨ ਕਰਨ ਦਾ ਕੀ ਤਰਕ ਹੈ? ਜੇ ਛੋਟੇ ਬੱਚੇ ਤੇ ਨਾਬਾਲਗ ਵਿਅਕਤੀ ਉਮਰ ਅਨੁਸਾਰ ਸ਼ਸ਼ਤਰ ਚਲਾਉਣ ਦੇ ਯੋਗ ਹੀ ਨਹੀਂ ਤਾਂ ਉਨ੍ਹਾਂ ਨੂੰ ਹਥਿਆਰ ਪਹਿਨਾਉਣ ਦਾ ਕੀ ਭਾਵ ਹੈ? ਜੇ ਗੁਰਬਾਣੀ ਸਮਝ ਵਿਚ ਨਹੀਂ ਆਉਂਦੀ ਤਾਂ ਉਸ ਦੇ ਰੋਜ਼ਾਨਾ ਰਟਵੇਂ ਪਾਠ ਦਾ ਕੀ ਤਰਕ ਲਾਭ ਹੈ? ਜੇ ਕਿਸੇ ਨੇ ਗੁਰਬਾਣੀ ਸੁਣਨੀ ਹੀ ਨਹੀਂ ਤਾਂ ਪਾਠਾਂ ਤੇ ਅਖੰਡ ਪਾਠਾਂ ਦੇ ਚਲਾਉਣ ਦਾ ਕੀ ਕੰਮ ਹੈ? ਬੀਬੀ ਜੀ ਨੇ ਇਨ੍ਹਾਂ ਕਈ ਪਹਿਲੂਆਂ ‘ਤੇ ਪਹਿਲਾਂ ਹੀ ਅਸਰਦਾਰ ਦਲੀਲਾਂ ਦਿੱਤੀਆਂ ਹੋਈਆਂ ਹਨ ਜੋ ‘ਪੰਜਾਬ ਟਾਈਮਜ਼’ (23 ਜੁਲਾਈ 2016) ਵਿਚ ਅਖੰਡ ਪਾਠਾਂ ਬਾਰੇ ਉਨ੍ਹਾਂ ਦੇ ਇਕ ਲੇਖ ਵਿਚ ਅੰਕਿਤ ਹਨ।
ਫਿਰ ਵੀ ਬੀਬੀ ਗੁਰਜੀਤ ਕੌਰ ਦੀ ਵਿਵੇਕਸ਼ੀਲਤਾ ਦੀ ਦਲੀਲ ਪਿੱਛੇ ਇਹ ਖਦਸ਼ਾ ਛੁਪਿਆ ਜਾਪਦਾ ਹੈ ਕਿ ਕਿਤੇ ਬ੍ਰਾਹਮਣਵਾਦ ਦਾ ਪ੍ਰਭਾਵ ਸਿੱਖੀ ਨੂੰ ਢਾਹ ਨਾ ਲਾ ਦੇਵੇ। ਅਜਿਹੇ ਡਰ ਪਹਿਲਾਂ ਭਾਈ ਕਾਹਨ ਸਿੰਘ ਨਾਭਾ (ਹਮ ਹਿੰਦੂ ਨਹੀਂ) ਤੇ ਕੁਲਬੀਰ ਸਿੰਘ ਕੌੜਾ (æææਤੇ ਸਿੱਖ ਵੀ ਨਿਗਲਿਆ ਗਿਆ) ਸਮੇਤ ਕਈ ਹੋਰ ਸਿੱਖ ਵਿਦਵਾਨ ਵੀ ਪ੍ਰਗਟਾ ਚੁਕੇ ਹਨ ਜੋ ਹੌਲੀ ਹੌਲੀ ਸਾਰੇ ਸਿੱਖ ਵਿਦਵਾਨਾਂ ਦੇ ਮਨਾਂ ਵਿਚ ਘਰ ਕਰ ਰਹੇ ਹਨ। ਪ੍ਰੰਤੂ ਜੋ ਵਿਦਵਾਨ ਅਜਿਹਾ ਭਰਮ ਪਾਲ ਰਹੇ ਹਨ, ਉਨ੍ਹਾਂ ਨੇ ਜਾਂ ਤਾਂ ਗੁਰਬਾਣੀ ਨੂੰ ਅੱਛੀ ਤਰ੍ਹਾਂ ਪੜ੍ਹਿਆ ਨਹੀਂ ਤੇ ਜੇ ਪੜ੍ਹਿਆ ਹੈ ਤਾਂ ਇਸ ਨੂੰ ਸੰਜੀਦਗੀ ਨਾਲ ਸਮਝਿਆ ਨਹੀਂ ਜਾਪਦਾ। ਦਰਅਸਲ ਸਿੱਖ ਸਿਧਾਂਤ ਇੰਨਾ ਵਿਗਿਆਨਕ ਤੇ ਸੱਚਾ ਹੈ ਕਿ ਕਈ ਬ੍ਰਾਹਮਣਵਾਦ ਇੱਕਠੇ ਹੋ ਕੇ ਵੀ ਇਸ ਦਾ ਵਾਲ ਵਿੰਗਾ ਨਹੀਂ ਕਰ ਸਕਦੇ। ਇਥੋਂ ਤੀਕਰ ਕਿ ਜੇ ਇਹ ਬ੍ਰਹਿਮੰਡ ਸੌ ਵਾਰ ਫਨਾਹ ਹੋਵੇ ਤੇ ਸੌ ਵਾਰ ਮੁੜ ਉਸਰੇ ਤਾਂ ਵੀ ਇਸ ਦੀ ਸੱਚਾਈ ‘ਤੇ ਕੋਈ ਆਂਚ ਨਹੀਂ ਆਵੇਗੀ। ਹਾਂ ਜੇ ਕੋਈ ਇਸ ਨੂੰ ਨਾ ਪੜ੍ਹੇ ਤੇ ਨਾ ਸਮਝੇ, ਫਿਰ ਤਾਂ ਡਰ ਘੇਰ ਹੀ ਲੈਣਗੇ। ਇਹ ਵਿਚਾਰ ਮੈਂ ਇਸ ਲਈ ਪੇਸ਼ ਨਹੀਂ ਕਰ ਰਿਹਾ ਕਿ ਮੈਂ ਸਿੱਖ ਧਰਮ ਦਾ ਅਥਾਹ ਸ਼ਰਧਾਲੂ ਹਾਂ ਤੇ ਇਸ ਵਿਚ ਵਿਸ਼ਵਾਸ ਕਰਨਾ ਮੇਰੀ ਕੋਈ ਸੰਸਕਾਰੀ ਮਜ਼ਬੂਰੀ ਹੈ। ਮੇਰਾ ਵਿਚਾਰ ਮੇਰੀ 16 ਸਾਲਾਂ ਦੀ ਨਿਰੰਤਰ ਤੇ ਨਿਰਪੱਖ ਖੋਜ ਦਾ ਨਿਚੋੜ ਹੈ ਜੋ ਮੇਰੀ ਪੁਸਤਕ Ḕਟਰੂਥ ਅਬੱਵ ਆਲḔ (ਠਰੁਟਹ Aਬੋਵe Aਲਲ) ਵਿਚ ਦਰਜ ਹੈ। ਜੇ ਕਿਸੇ ਪਾਠਕ ਨੇ ਇਸ ਵਿਚਾਰ ਦੀ ਪੁਸ਼ਟੀ ਕਰਨੀ ਹੋਵੇ ਤਾਂ ਦੂਰ ਜਾਣ ਦੀ ਲੋੜ ਨਹੀਂ, ਇੰਨਾ ਤਾਂ ਉਹ ਕੇਵਲ ਜਪੁਜੀ ਸਾਹਿਬ ਦੀਆਂ ਅਠੱਤੀ ਪੌੜੀਆਂ ਨੂੰ ਹੀ ਭਾਵਪੂਰਣ ਢੰਗ ਨਾਲ ਪੜ੍ਹ ਕੇ ਕਰ ਸਕਦਾ ਹੈ।
ਪਰ ਅਜਿਹਾ ਕੋਈ ਕਰ ਵੀ ਕਿਵੇਂ ਸਕੇਗਾ? ‘ਏਵਡੁ ਊਚਾ ਹੋਵੇ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥’ ਦੇ ਵਾਕ ਅਨੁਸਾਰ ਵਿਗਿਆਨ ਨੂੰ ਸਮਝਣ ਲਈ ਵਿਗਿਆਨਕ ਇਲਮ ਦੀ ਲੋੜ ਹੈ। ਬਹੁਤੇ ਸਿੱਖ ਵਿਦਵਾਨ ਤਾਂ ਵਿਗਿਆਨ ਤੋਂ ਉਕੇ ਹੀ ਕੋਰੇ ਹਨ। ਜਿਨ੍ਹਾਂ ਨੇ ਵਿਗਿਆਨਕ ਸਿਖਿਆ ਪ੍ਰਾਪਤ ਕੀਤੀ ਵੀ ਹੈ, ਉਹ ਵੀ ਇਸ ਦੀ ਵਰਤੋਂ ਨਹੀਂ ਕਰਦੇ। ਖਾਸ ਕਰਕੇ ਧਰਮ ਗ੍ਰੰਥਾਂ ਦੇ ਅਧਿਐਨ ਵੇਲੇ ਤਾਂ ਉਹ ਇਸ ਨੂੰ ਨੇੜੇ ਨਹੀਂ ਫਟਕਣ ਦਿੰਦੇ। ਸਿਖਿਆ ਤੇ ਸੰਸਕਾਰ ਹੀ ਅਜਿਹੇ ਹਨ ਕਿ ਉਨ੍ਹਾਂ ਨੂੰ ਧਰਮ ਤੇ ਵਿਗਿਆਨ ਵਿਚ ਅਮਿਟ ਟਕਰਾਓ ਨਜ਼ਰ ਆਉਂਦਾ ਹੈ। ਇਸ ਲਈ ਸਿੱਖੀ ਦੇ ਸਭ ਪੈਰੋਕਾਰ ਇਸ ਨੂੰ ਦੂਜੇ ਕਰਮਕਾਂਡੀ ਧਰਮਾਂ ਵਰਗਾ ਹੀ ਮੰਨਦਿਆਂ ਹਰ ਗੱਲ ਵਿਚ ਉਨ੍ਹਾਂ ਦੀ ਰੀਸ ਜਾਂ ਉਨ੍ਹਾਂ ਨਾਲ ਮੁਕਾਬਲਾ ਕਰਦੇ ਦਿਖਾਈ ਦਿੰਦੇ ਹਨ। ਘਟੋ ਘਟ ਮੈਂ ਅਜੇ ਤੀਕਰ ਅਜਿਹਾ ਕੋਈ ਸਿੱਖ ਵਿਦਵਾਨ, ਰਾਗੀ, ਪਾਠੀ ਜਾਂ ਪ੍ਰਚਾਰਕ ਪੜ੍ਹਿਆ ਜਾਂ ਸੁਣਿਆ ਨਹੀਂ ਹੈ ਜਿਸ ਨੇ ਸਿੱਖੀ ਦੀ ਤਰਕਪੂਰਣ ਵਿਆਖਿਆ ਕੀਤੀ ਹੋਵੇ ਤੇ ਇਸ ਵਿਚਲੇ ਵਿਗਿਆਨ ਨੂੰ ਛੂਹਿਆ ਹੋਵੇ। ਉਹ ਸਿੱਖੀ ਦੀ ਮਹਾਨਤਾ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਇਸ ਦੀ ਅਸਲ ਮਹਾਨਤਾ ਦਾ ਪਤਾ ਹੀ ਨਹੀਂ ਹੈ। ਅਜਿਹੇ ਸਿੱਖ ਵਿਦਵਾਨਾਂ ਦਾ ਕਈ ਪ੍ਰਕਾਰ ਦੇ ਭਰਮਾਂ ਤੇ ਸ਼ੰਕਿਆਂ ਦਾ ਸ਼ਿਕਾਰ ਹੋਣਾ ਸੁਭਾਵਿਕ ਹੈ। ਇਸ ਲਈ ਸਿੱਖੀ ਵਿਰਸੇ ਦੇ ਮਾਲਕਾਂ ਨੂੰ ਕਿਸੇ ਡਰ ਤੋਂ ਪ੍ਰੇਰਿਤ ਹੋ ਕੇ ਚਿੰਤਾਤੁਰ ਹੋਣ ਦੀ ਲੋੜ ਨਹੀਂ ਕਿਉਂਕਿ ਸਿੱਖ ਮੱਤ ਇਕ ਵਿਗਿਆਨਕ ਵਿਚਾਰਧਾਰਾ ਹੈ ਅਤੇ ਵਿਗਿਆਨ ਕਦੇ ਮਿਟਦਾ ਨਹੀਂ। ਲੋੜ ਕੇਵਲ ਗੁਰੂ ਸਾਹਿਬਾਨ ਜਿਹੀ ਉਚ-ਪੱਧਰੀ ਵਿਗਿਆਨਕ ਸੋਚ ਪੈਦਾ ਕਰਨ ਦੀ ਹੈ ਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਗੁਰਬਾਣੀ ਦੇ ਮੂਲ ਵਿਚਾਰਾਂ ਦੀ ਨਿੱਗਰਤਾ ਨੂੰ ਪਹਿਚਾਨਣ ਦੀ ਹੈ।
-ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310