ਅਧੂਰੀਆਂ ਕਹਾਣੀਆਂ ਦੇ ਪਾਤਰ

ਅਮਰਜੀਤ ਕੌਰ ਪੰਨੂੰ ਦੀਆਂ ਕਹਾਣੀਆਂ ਪੰਜਾਬੀ ਦੇ ਸਿਰਮੌਰ ਪਰਚੇ ḔਨਾਗਮਣੀḔ ਵਿਚ ਛਪਦੀਆਂ ਰਹੀਆਂ ਹਨ। ਉਸ ਦੀਆਂ ਕਹਾਣੀਆਂ ਭਾਵੁਕਤਾ ਵਿਚ ਰੰਗੀਆਂ ਹੁੰਦੀਆਂ ਹਨ ਅਤੇ ਪਾਠਕ ਸੁਤੇਸਿਧ ਹੀ ਭਾਵੁਕਤਾ ਵਿਚ ਰੰਗ ਹੋ ਜਾਂਦਾ ਹੈ। ਹੁਣ ਕੈਲੀਫੋਰਨੀਆ ਆ ਵੱਸੀ ਅਮਰਜੀਤ ਕੌਰ ਪੰਨੂੰ ਦੀ ਇਸ ਕਹਾਣੀ ਵਿਚੋਂ ਦਰਦ ਦਾ ਇਕ ਅਜਿਹਾ ਲਾਂਬੂ ਉਠਦਾ ਹੈ ਕਿ ਪਾਠਕ ਧੁਰ ਅੰਦਰ ਤੱਕ ਝੰਬਿਆ ਜਾਂਦਾ ਹੈ।

-ਸੰਪਾਦਕ

ਅਮਰਜੀਤ ਕੌਰ ਪੰਨੂੰ

ਪੰਦਰਾਂ ਨੰਬਰ ਬੈਡ ‘ਤੇ ਨਵੇਂ ਆਏ ਮਰੀਜ਼ ਵੱਲ ਵੇਖਦਿਆਂ ਹੀ ਰਾਜੀ ਦੇ ਪੈਰ ਠਠੰਬਰ ਕੇ ਖਲੋ ਗਏ, ਤੇ ਉਸ ਦੇ ਪੈਰਾਂ ਵਾਂਗ ਹੀ ਵਕਤ ਵੀ ਜਿਵੇਂ ਠਠੰਬਰ ਕੇ ਖਲੋ ਗਿਆ ਸੀ। ਉਹੀ ਮੁਹਾਂਦਰਾ, ਉਹੀ ਮੱਥਾ ਤੇ ਉਸ ਵਰਗੀਆਂ ਹੀ ਡੌਰ ਭੌਰੀਆਂ ਕਿਧਰੇ ਵੀ ਨਾ ਤੱਕ ਰਹੀਆਂ ਸੱਖਣੀਆਂ ਜਿਹੀਆਂ ਅੱਖਾਂ! ਰਾਜੀ ਦੇ ਅੰਦਰੋਂ ਇੱਕੋ ਝਮੱਕੇ ਨਾਲ ਕੁਝ ਬੁਝ ਜਿਹਾ ਗਿਆ, ਤੇ ਬੈਡ ‘ਤੇ ਪਿਆ ਮਨੁੱਖੀ ਪਿੰਜਰ ਕਦੇ ਉਸ ਨੂੰ ਦਿਸਣੋਂ ਹਟ ਜਾਂਦਾ ਤੇ ਕਦੇ ਦਿਸਣ ਲੱਗ ਪੈਂਦਾ।
ਰਾਜੀ ਨੂੰ ਜਾਪਿਆ, ਉਸ ਦੇ ਪੈਰਾਂ ਨਾਲ ਜੁੜ ਕੇ ਖਲੋਤਾ ਵਕਤ ਜਿਵੇਂ ਪਿਛਾਂਹ ਵੱਲ ਨੂੰ ਭੱਜ ਤੁਰਿਆ ਹੋਵੇ ਤੇ ਇੱਕ ਵਾ-ਵਰੋਲੇ ਵਾਂਗ ਦਸਾਂ ਵਰ੍ਹਿਆਂ ਦਾ ਚੱਕਰ ਕੱਢ ਕੇ ਫੇਰ ਉਸ ਦੇ ਸਾਹਮਣੇ ਆ ਖਲੋਤਾ ਹੋਵੇ। ਇੱਕ ਦਬੀ ਚੀਕ ਉਸ ਦੇ ਕਾਲਜੇ ‘ਚੋਂ ਉਠੀ ਤੇ ਬਾਹਰ ਨਿਕਲਣ ਤੋਂ ਪਹਿਲਾਂ ਹੀ ਦਫਨ ਹੋ ਗਈ। ਪਰ ਉਹ ਚੀਕ ਹਸਪਤਾਲ ਦੀਆਂ ਕੰਧਾਂ ਨੇ ਸੁਣ ਲਈ ਸੀ, ਉਸ ਚੀਕ ਦੀ ਮੱਧਮ ਜਿਹੀ ਆਵਾਜ਼ ਸ਼ਾਇਦ ਬੈਡ ‘ਤੇ ਪਏ ਪਿੰਜਰ ਤੱਕ ਵੀ ਪਹੁੰਚ ਗਈ ਹੋਵੇ, ਪਰ ਉਹ ਖਾਲੀ-ਖਾਲੀ ਅੱਖਾਂ ਨਾਲ ਛੱਤ ਵੱਲ ਤੱਕਦਾ ਵੀ ਸ਼ਾਇਦ ਕਿਧਰੇ ਵੀ ਨਾ ਤੱਕਦਾ ਰਿਹਾ।
ਹਰਪਾਲ ਨੂੰ ਤਾਂ ਰਾਜੀ ਨੇ ਆਪਣੇ ਹੱਥੀਂ ਤੋਰਿਆ ਸੀ, ਉਸ ਦੀਆਂ ਅਸਥੀਆਂ ਉਸ ਆਪ ਜਲ-ਪ੍ਰਵਾਹ ਕੀਤੀਆਂ ਸਨ। ਉਹ ਤੀਲਾ-ਤੀਲਾ ਹੋਈ ਕੁਝ ਪਲ ਉਸ ਵੱਲ ਤੱਕਦੀ ਰਹੀ ਤੇ ਫੇਰ ਆਪਣੇ ਆਪ ਨੂੰ ਹੂੰਝ ਕੇ ਇਕੱਠਿਆਂ ਕਰਦੀ ਉਸ ਦੇ ਮੰਜੇ ਦੀ ਬਾਹੀ ਲਾਗੇ ਪਿਆ ਚਾਰਟ ਵੇਖਣ ਲੱਗੀ।
ਨਾਮ ਬੈਂਜੇਮਿਨ ਸਮਿੱਥ, ਉਮਰ ਅਠੱਤੀ ਸਾਲ, ਤੇ ਬਿਮਾਰੀ ਐਡਵਾਂਸ ਸਟੇਜ ਔਫ ਏਡਜ਼, ਪਰ ਪਾਲ ਨੇ ਤਾਂ ਹੁਣ ਨੂੰ ਸੰਤਾਲੀਵਾਂ ਵਰ੍ਹਾ ਟੱਪ ਜਾਣਾ ਸੀ, ਨਾਲੇ ਇਹ ਤਾਂ ਹੈ ਵੀ ਕੋਈ ਅਮਰੀਕਨ ਗੋਰਾ, ਪਰ ਕਿੰਨਾ ਪਾਲ ਵਰਗਾ ਲਗਦਾ ਸੀ। ਉਹ ਸੋਚਾਂ ਵਿਚ ਪੈ ਗਈ, ਕੀ ਮੈਂ ਮੌਤ ਦਾ ਮੁਹਾਂਦਰਾ ਵੇਖ ਰਹੀ ਹਾਂ, ਕੀ ਮੌਤ ਦੀ ਕੋਈ ਨੁਹਾਰ ਹੁੰਦੀ ਹੈ, ਕੋਈ ਰੰਗ ਹੁੰਦਾ ਹੈ? ਮੌਤ ਦੇ ਕੋਈ ਨਕਸ਼ ਹੁੰਦੇ ਹਨ, ਕੋਈ ਜਾਤ ਹੁੰਦੀ ਹੈ?
ਮੌਤ ਤਾਂ ਸਭ ਨੂੰ ਇੱਕੋ ਜਿਹੀ ਆਉਂਦੀ ਹੈ, ਨਹੀਂ ਮੌਤ ਸਭ ਨੂੰ ਇੱਕੋ ਜਿਹਾ ਕਰ ਦਿੰਦੀ ਹੈ। ਹਰਪਾਲ ਵੀ ਮਰਨ ਤੋਂ ਪਹਿਲਾਂ ਕਿੰਨਾ ਬੈਂਜੇਮਿਨ ਵਰਗਾ ਲਗਦਾ ਸੀ, ਨਹੀਂ ਬੈਂਜੇਮਿਨ ਕਿੰਨਾ ਪਾਲ ਵਰਗਾ ਲਗਦਾ ਹੈ।
ਰਾਜੀ ਦੀਆਂ ਸੋਚਾਂ ਦੀ ਕਿਸ਼ਤੀ ਘੁੰਮਣ ਘੇਰੀਆਂ ਖਾਂਦੀ ਕਦੇ ਦਸ ਵਰ੍ਹੇ ਪਿਛਾਂਹ ਪਰਤ ਜਾਂਦੀ, ਤੇ ਕਦੇ ਦਸ ਵਰ੍ਹੇ ਅਗਾਂਹ। ਬੈਡ ‘ਤੇ ਪਿਆ ਮਨੁੱਖੀ ਪਿੰਜਰ ਕਦੇ ਪਾਲ ਬਣ ਜਾਂਦਾ, ਕਦੇ ਬੈਂਜੇਮਿਨ, ਤੇ ਕਦੇ ਫੇਰ ਪਾਲ।
ਰਾਜੀ ਨੇ ਅੱਗੇ ਵੀ ਕਈ ਏਡਜ਼ ਦੇ ਮਰੀਜ਼ ਵੇਖੇ ਸਨ, ਕੈਂਸਰ ਦੇ ਮਰੀਜ਼ ਤੇ ਬੁਢੇਪੇ ਦੀਆਂ ਬਿਮਾਰੀਆਂ ਦੇ ਮਰੀਜ਼ ਵੇਖੇ ਸਨ। ਇਸ ਛੋਟੇ ਜਿਹੇ ਹਸਪਤਾਲ ਦੇ ਇੱਕ ਪਾਸੇ ਬਿਮਾਰ ਬੁੱਢਿਆਂ ਦਾ ਵਾਰਡ, ਵਰ੍ਹਿਆਂ ਦੇ ਵਰ੍ਹੇ ਹੰਢਾ ਚੁੱਕੇ ਅੱਧਮਰੇ ਜਿਹੇ ਹੱਡ ਪੈਰ, ਜੱਗ ਤਮਾਸ਼ਾ ਤੱਕ ਤੱਕ ਕੇ ਹਾਰੀਆਂ ਅੱਖਾਂ ਦੀਆਂ ਪੁਤਲੀਆਂ, ਪਰ ਕੁਝ ਚਿਰ ਹਾਲੀ ਹੋਰ ਜਿਉਣ ਲਈ ਤਰਸਦੇ ਦਿਲ।
ਹਸਪਤਾਲ ਦੇ ਦੂਜੇ ਪਾਸੇ ਏਡਜ਼ ਤੇ ਕੈਂਸਰ ਨਾਲ ਘੁਲਦੀਆਂ ਗਲ ਸੜ ਰਹੀਆਂ ਜਵਾਨੀਆਂ, ਤੇ ਚੁਫੇਰੇ ਪੱਸਰੀ ਮਾਤਮੀ ਚੁੱਪ, ਚੁੱਪ ਜੋ ਕਿਸੇ ਦੇ ਪਾਸਾ ਪਰਤਣ ਲੱਗਿਆਂ ਨਿਕਲੀ ਕਰਾਹਟ ਨਾਲ ਪਲ ਭਰ ਲਈ ਟੁੱਟਦੀ, ਤੇ ਫੇਰ ਉਹੀ ਮਾਤਮੀ ਚੁੱਪ, ਤੇ ਉਹੀ ਮੁਰਝਾਏ ਚਿਹਰੇ।
ਪਰ ਹਰ ਬੁੱਧਵਾਰ ਹਸਪਤਾਲ ਦੇ ਇਸ ਮਰੇ ਜਿਹੇ ਮਾਹੌਲ ਵਿਚ ਜਿਵੇਂ ਕਿਸੇ ਨੇ ਜ਼ਿੰਦਗੀ ਦਾ ਛੱਟਾ ਦੇ ਦਿੱਤਾ ਹੋਵੇ, ਸੋਗੀ ਚਿਹਰਿਆਂ ‘ਤੇ ਰੰਗਤ ਜਿਹੀ ਆ ਜਾਂਦੀ, ਜਿਉਣ ਤੋਂ ਮੁਨਕਰ ਹੋ ਰਹੀਆਂ ਅੱਖਾਂ ਵਿਚ ਆਸ ਦੀ ਜੋਤ ਜਗ ਪੈਂਦੀ, ਹਸਪਤਾਲ ਦੀ ਕੁੱਬੀ ਹੋ ਚੁੱਕੀ ਹਵਾ ਵੀ ਮਿਨੀ-ਮਿਨੀ ਖੁਸ਼ਬੂ ਭਰੀ ਪੌਣ ਵਾਂਗੂੰ ਰੁਕਮਣ ਲੱਗ ਪੈਂਦੀ। ਰਾਜੀ ਇੱਕ ਪੋਲੇ ਜਿਹੇ ਹਵਾ ਦੇ ਝੋਂਕੇ ਵਾਂਗ ਆਉਂਦੀ, ਕਿਸੇ ਦੇ ਪੈਰਾਂ ਦੀਆਂ ਤਲੀਆਂ ਝੱਸਦੀ, ਹੱਸਦੀ ਕਿਸੇ ਦੇ ਵਾਲ ਸਵਾਰਦੀ, ਕਿਸੇ ਨੂੰ ਸਹਾਰਾ ਦੇ ਕੇ ਬਿਠਾ ਦਿੰਦੀ, ਸਾਰਾ ਦਿਨ ਉਨ੍ਹਾਂ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ, ਉਨ੍ਹਾਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਸੁਣਦੀ।
ਪਤਾ ਨਹੀਂ ਕੀ ਖਿੱਚ ਸੀ ਰਾਜੀ ਦੇ ਹੱਥਾਂ ਦੀ ਛੋਹ ਵਿਚ, ਜਾਂ ਉਸ ਦੇ ਚਿਹਰੇ ‘ਤੇ ਫੈਲੀ ਰੁਹਾਨੀ ਰੰਗਤ ਵਿਚ, ਕਈਆਂ ਨੂੰ ਤਾਂ ਵਹਿਮ ਜਿਹਾ ਹੋ ਗਿਆ ਸੀ ਕਿ ਉਸ ਦੇ ਹੱਥਾਂ ਦੀ ਛੋਹ ਨਾਲ ਪੀੜ ਵੀ ਹਰ ਹੋ ਜਾਂਦੀ ਹੈ।
ਪਰ ਅੱਜ ਬੈਂਜੇਮਿਨ ਨੂੰ ਤੱਕਦਿਆਂ ਹੀ ਰਾਜੀ ਦੀ ਰੂਹ ਵਿਲਕ ਉਠੀ, ਪੀੜਾਂ ਚੁਗਣ ਵਾਲੀ ਰਾਜੀ ਅੱਜ ਆਪ ਪੀੜ ਨਾਲ ਪਰੁੱਨੀ ਪਈ ਸੀ। ਉਹ ਕੁਝ ਪਲਾਂ ਤੋਂ ਵੱਧ ਉਥੇ ਖਲੋ ਨਾ ਸਕੀ ਤੇ ਪੈਰ ਘਸੀਟਦੀ ਘਰ ਨੂੰ ਮੁੜ ਪਈ।
ਸਾਰੀ ਰਾਤ ਉਹ ਸੌਂ ਨਾ ਸਕੀ, ਪਲ ਕੁ ਅੱਖ ਲਗਦੀ ਤਾਂ ਪਾਲ ਉਸ ਦੇ ਸਾਹਮਣੇ ਹੁੰਦਾ, ਪਰ ਉਸ ਦੇ ਕੋਈ ਗੱਲ ਕਰਨ ਤੋਂ ਪਹਿਲਾਂ ਹੀ ਰਾਜੀ ਦੀ ਤ੍ਰਭਕ ਕੇ ਜਾਗ ਖੁੱਲ ਜਾਂਦੀ। ਜਿਉਂਦੇ ਜੀ ਵੀ ਤਾਂ ਪਾਲ ਨੇ ਰਾਜੀ ਨਾਲ ਗਿਣਤੀ ਦੇ ਬੋਲ ਹੀ ਸਾਂਝੇ ਕੀਤੇ ਸਨ, ਤੇ ਉਨ੍ਹਾਂ ਗਿਣਤੀ ਦੇ ਬੋਲਾਂ ਵਿਚੋਂ ਪਿਆਰ ਦੇ ਬੋਲ ਸਿਰਫ ਉਹ ਸਨ ਜੋ ਦਸ ਦਿਨ ਉਨ੍ਹਾਂ ਇਕੱਠਿਆਂ ਬਿਤਾਏ ਸਨ ਤੇ ਕੁਝ ਉਹ ਸਨ ਜੋ ਉਸ ਚਿੱਠੀ ਵਿਚ ਲਿਖ ਕੇ ਬੋਲੇ ਸਨ, ਬਾਕੀ ਦੇ ਰਹਿੰਦੇ ਬੋਲਾਂ ਵਿਚ ਮਜ਼ਬੂਰੀਆਂ ਸਨ, ਪਛਤਾਵੇ ਸਨ, ਉਦਾਸੀਆਂ ਤੇ ਲਾਚਾਰੀਆਂ ਸਨ, ਤੇ ਸਭ ਤੋਂ ਵੱਧ ਖਾਮੋਸ਼ੀਆਂ ਸਨ।
ਅੱਜ ਫੇਰ ਕਈ ਵਰ੍ਹਿਆਂ ਪਿਛੋਂ ਰਾਜੀ ਇਨ੍ਹਾਂ ਮੋਏ ਪਲਾਂ ਦੇ ਮਲਬੇ ਵਿਚੋਂ ਕੁਝ ਸਹਿਕਦੇ ਪਲਾਂ ਨੂੰ ਫਰੋਲਣ ਲੱਗ ਪਈ ਸੀ ਜਿਵੇਂ ਰਾਖ ਦੇ ਢੇਰ ਵਿਚੋਂ ਕੋਈ ਚੰਗਿਆੜੀ ਲੱਭ ਰਿਹਾ ਹੋਵੇ, ਸੋਚਾਂ ਸੋਚਦਿਆਂ ਤੇ ਆਪਣੇ ਆਪ ਨਾਲ ਗੱਲਾਂ ਕਰਦਿਆਂ ਉਸ ਸਾਰੀ ਰਾਤ ਲੰਘਾ ਲਈ।
ਇਹ ਕਿਹੋ ਜਿਹਾ ਪਿਆਰ ਸੀ ਤੇਰਾ ਜੋ ਤੈਨੂੰ ਮੌਤ ਵੱਲ ਲੈ ਤੁਰਿਆ, ਮੌਤ ਨੂੰ ਸਿੱਖਣਾ ਨਹੀਂ ਪੈਂਦਾ, ਇਹ ਤਾਂ ਆਪ ਹੀ ਆ ਜਾਂਦੀ ਏ, ਸਿੱਖਣਾ ਤਾਂ ਜ਼ਿੰਦਗੀ ਨੂੰ ਪੈਂਦਾ ਏ, ਤੇ ਪਿਆਰ ਜ਼ਿੰਦਗੀ ਸਿਖਾਉਂਦਾ ਏ, ਤੇਰਾ ਪਿਆਰ ਤਾਂ ਸ਼ਾਇਦ ਕਦੇ ਵੀ ਪਿਆਰ ਨਹੀਂ ਸੀ।
ਜਦ ਤੂੰ ਚਿੱਠੀ ਵਿਚ ਲਿਖਿਆ ਸੀ, Ḕਧਰਤੀ ਤੇ ਅਸਮਾਨ ਵੀ ਦਿਸਹੱਦੇ ‘ਤੇ ਮਿਲ ਪੈਂਦੇ ਨੇ ਰਾਜੀਏ, ਤੇਰੀ ਨੁਹਾਰ ਨੂੰ ਲੱਭਦਾ ਮੈਂ ਤਾਂ ਬਹੁਤ ਦੂਰ ਨਿਕਲ ਗਿਆ ਹਾਂ, ਬਹੁਤ ਦੂਰ। ਤੇ ਮੈਨੂੰ ਜਾਪਿਆ ਸੀ, ਸ਼ਾਇਦ ਤੂੰ ਕਵੀ ਹੋ ਗਿਆ ਏਂ। ਪਰ ਮੇਰੇ ਖਤਾਂ ਦਾ ਜੁਆਬ ਸਿਰਫ ਏਨਾ ਕੁ ਹੀ ਆਇਆ ਸੀ, ਮੈਂ ਉਖੜ ਗਿਆ ਹਾਂ ਰਾਜੀਏ, ਮੈਂ ਭਟਕ ਗਿਆ ਹਾਂ।Ḕ
ਤੇ ਉਸ ਤੋਂ ਬਾਅਦ ਉਮਰਾਂ ਜੇਡੀ ਲੰਮੀ ਚੁੱਪ। ਤੇਰੀ ਚਿੱਠੀ ਦੇ ਨਾਲ ਹੀ ਦਿੱਲੀ ਵਾਲੀ ਚਿੱਠੀ ਨੇ ਵੀ ਚੁੱਪ ਧਾਰ ਲਈ ਸੀ। ਉਨ੍ਹਾਂ ਵੀ ਸਿਰਫ ਇੱਕ ਵਾਰ ਏਨਾ ਕੁ ਹੀ ਲਿਖਿਆ ਸੀ ਕਿ ਤੁਹਾਡੇ ਫਾਈਲ ਕੀਤੇ ਕਾਗਜ਼ ਅੰਬੈਸੀ ਨੂੰ ਪਹੁੰਚ ਗਏ ਹਨ, ਬਾਕੀ ਦੀ ਇਨਫਰਮੇਸ਼ਨ ਉਹ ਬਾਅਦ ‘ਚ ਭੇਜਣਗੇ, ਤੇ ਉਸ ਤੋਂ ਬਾਅਦ ਸਿਰਫ ਚੁੱਪ ਸੀ।
ਨਾ ਮੈਨੂੰ ਤੇਰੀ ਚੁੱਪ ਦਾ ਕਾਰਨ ਪਤਾ ਸੀ, ਨਾ ਦਿੱਲੀ ਵਾਲੀ ਚਿੱਠੀ ਦੀ ਚੁੱਪ ਦਾ, ਪਰ ਇਸ ਚੁੱਪ ਦਾ ਚੀਕ ਚਿਹਾੜਾ ਬਿਜਲੀ ਵਾਂਗ ਕੜਕਦਾ ਮੇਰੀਆਂ ਹੱਡੀਆਂ ਕੜਕਾ ਜਾਂਦਾ।
ਫੇਰ ਤਾਂ ਤੂੰ ਕਦੇ ਆਪਣੀ ਬੱਚੀ ਦਾ ਹਾਲ ਵੀ ਨਾ ਪੁੱਛਿਆ, ਪੰਘੂੜੇ ਵਿਚ ਪਈ ਨੂੰ ਤੇਰੀਆਂ ਚਿੱਠੀਆਂ ਪੜ੍ਹ ਕੇ ਸੁਣਾਇਆ ਕਰਦੀ ਸਾਂ, ਤੇ ਫੇਰ ਉਸ ਮਲਕੜੇ ਜਿਹੇ ਹੀ ਪੰਘੂੜੇ ‘ਚੋਂ ਆਪਣਾ ਪੱਬ ਧਰਤੀ ‘ਤੇ ਰੱਖ ਲਿਆ ਸੀ ਤੇ ਨਿੱਕਾ ਜਿਹਾ ਬਸਤਾ ਗਲ ਵਿਚ ਪਾਈ ਉਹ ਸਕੂਲ ਵੀ ਜਾਣ ਲੱਗ ਪਈ, ਪਰ ਹੁਣ ਉਸ ਨੂੰ ਸੁਣਾਉਣ ਲਈ ਮੇਰੇ ਕੋਲ ਕੋਈ ਚਿੱਠੀ ਨਹੀਂ ਸੀ ਪਹੁੰਚਦੀ।
ਆਪਣੀ ਧੀ ਨੂੰ ਗਲ ਨਾਲ ਲਾਈ ਚੁੱਪ ਚੁਪੀਤੀ ਟਿਕ ਕੇ ਬੈਠ ਗਈ ਸਾਂ, ਪਰ ਸੋਚਾਂ ਦੇ ਪੰਛੀਆਂ ਦਾ ਕੀ ਕਰਦੀ ਜੋ ਕੁਤਰੇ ਹੋਏ ਖੰਭਾਂ ਨਾਲ ਵੀ ਉਡਾਰੀ ਮਾਰਨੋਂ ਨਾ ਹਟਦੇ, ਬੰਦ ਦਰਵਾਜ਼ਿਆਂ ਤੇ ਉਚੀਆਂ ਕੰਧਾਂ ਨਾਲ ਟਕਰਾ ਕੇ ਲਹੂ ਲੁਹਾਣ ਹੋਈ ਜਾਂਦੇ।
ਅੱਜ ਦਾਦੀ ਮਾਂ ਦੀ ਗੱਲ ਪਤਾ ਨਹੀਂ ਕਿਉਂ ਚੇਤੇ ਆ ਗਈ ਏ। ਆਖਦੀ ਹੁੰਦੀ ਸੀ, Ḕਕਰਮਾਂ ਵਾਲੀ ਹੋਵੇਂ ਧੀਏ’ ਤੇ ਮੈਂ ਹੱਸ ਕੇ ਆਖ ਦੇਣਾ, Ḕਕਿਹੜੇ ਕਰਮਾਂ ਵਾਲੀ, ਕਰਮ ਤਾਂ ਚੰਗੇ ਵੀ ਹੁੰਦੇ ਨੇ ਤੇ ਮਾੜੇ ਵੀ।Ḕ ਪਰ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮਾਂ ਨੇ ਝਿੜਕ ਦੇਣਾ, Ḕਐਵੇਂ ਨਹੀਂ ਚੰਦਰੀ ਜਬਾਨ ਬੋਲੀਦੀ, ਕਰਮਾਂ ਵਾਲੀ ਚੰਗਿਆਂ ਕਰਮਾਂ ਵਾਲੀ ਹੀ ਹੁੰਦੀ ਏ।’
ਉਦੋਂ ਤਾਂ ਚੰਗੇ ਕਰਮਾਂ ਵਾਲੀ ਹੀ ਸਾਂ, ਪਰ ਝੱਟ ਹੀ ਮਾੜੇ ਕਰਮਾਂ ਵਾਲੀ ਹੋ ਗਈ ਜਦ ਪਾਪਾ ਦੀ ਲਾਸ਼ ਸੜਕ ਦੇ ਕੰਢੇ ਇੱਕ ਟੋਏ ਵਿਚੋਂ ਲੱਭੀ ਸੀ, ਤੇ ਕੁਝ ਦਿਨਾਂ ਪਿੱਛੋਂ ਦਾਦੀ ਵੀ ਸਵੇਰੇ ਸੁੱਤੀ ਨਹੀਂ ਸੀ ਉਠੀ, ਮਾਂ ਕਿੰਨਾਂ ਚਿਰ ਗੁੰਮ-ਸੁੰਮ ਰਹਿਣ ਪਿੱਛੋਂ ਫੇਰ ਹੌਲੀ ਹੌਲੀ ਰਾਜੀ ਹੋਣ ਲੱਗ ਪਈ ਸੀ।
ਇੱਕ ਵਾਰ ਫੇਰ ਮੈਂ ਚੰਗੇ ਕਰਮਾਂ ਵਾਲੀ ਹੋ ਗਈ ਸਾਂ, ਜਦ ਤੂੰ ਮੱਥੇ ‘ਤੇ ਸਿਹਰਾ ਬੰਨ੍ਹ ਕੇ ਆਇਆ ਸੈਂ, ਤੇ ਦਸਾਂ ਕੁ ਦਿਨਾਂ ਪਿੱਛੋਂ ਫੇਰ ਮਾੜੇ ਕਰਮਾਂ ਵਾਲੀ ਹੋ ਗਈ ਜਦ ਤੈਨੂੰ ਏਅਰ ਪੋਰਟ ਤੋਂ ਚੜ੍ਹਾ ਕੇ ਮੈਂ ਵਾਪਸ ਆਈ ਸਾਂ।
ਉਸ ਰਾਤ ਵਾਲਾ ਸੁਪਨਾ ਹਾਲੇ ਵੀ ਚੰਗੀ ਤਰ੍ਹਾਂ ਯਾਦ ਏ, ਤੇ ਉਹ ਪੁਲ ਅਜੇ ਵੀ ਐਨ ਉਸੇ ਤਰ੍ਹਾਂ ਹੀ ਦਿਸਦਾ ਏ, ਪੁਲ ਦੇ ਪਾਸਿਆਂ ਤੇ ਉਚੇ ਉਚੇ ਜੰਗਲੇ, ਤੇ ਜੰਗਲਿਆਂ ਉਤੇ ਵੱਡੇ ਵੱਡੇ ਬਲਬਾਂ ਦੀ ਤੇਜ ਰੌਸ਼ਨੀ ਅਜੇ ਵੀ ਅੱਖਾਂ ਚੁੰਧਿਆ ਦਿੰਦੀ ਏ। ਜੰਗਲੇ ਤੋਂ ਹੇਠਾਂ ਵੱਲ ਤੱਕਦਿਆਂ ਸਿਰਫ ਹਨੇਰਾ, ਤੇ ਤੇਰਾ ਘੁੱਟ ਕੇ ਫੜ੍ਹਿਆ ਹੱਥ ਪਤਾ ਨਹੀਂ ਕਿਵੇਂ ਮੇਰੇ ਹੱਥਾਂ ਵਿਚੋਂ ਤਿਲਕ ਜਾਂਦਾ ਏ, ਪਾਣੀ ਵਾਂਗ ਵਹਿ ਜਾਂਦਾ ਏ, ਤੇ ਤੂੰ ਜੰਗਲੇ ਦੇ ਹੇਠਾਂ ਘੁੱਪ ਹਨੇਰੇ ਵਿਚ ਹਵਾ ਵਾਂਗ ਰਲ ਗਿਆ। ਮੇਰੀ ਸੁਪਨੇ ਵਿਚ ਨਿਕਲੀ ਚੀਕ ਨੇ ਮੈਨੂੰ ਜਗਾ ਦਿੱਤਾ ਸੀ।
ਉਸ ਦਿਨ ਪਿਛੋਂ ਇੱਕ ਜ਼ਿੰਦਗੀ ਸੁਪਨਿਆਂ ਵਿਚ ਜਿਉਂਦੀ ਰਹੀ, ਤੇ ਇੱਕ ਜਾਗਦਿਆਂ। ਪਤਾ ਨਹੀਂ ਦੋਵਾਂ ਵਿਚੋਂ ਕਿਹੜੀ ਸੱਚ ਸੀ ਤੇ ਕਿਹੜੀ ਝੂਠ। ਸ਼ਾਇਦ ਦੋਵੇਂ ਸੱਚ ਸਨ ਜਾਂ ਦੋਵੇਂ ਝੂਠ। ਜਦ ਬੱਚੀ ਦਾ ਜਨਮ ਹੋਇਆ ਤਾਂ ਸਭ ਸੱਚ ਜਾਪਿਆ, ਜਦ ਤੇਰਾ ਖਤ ਆਉਣਾ ਬੰਦ ਹੋਇਆ ਤਾਂ Ḕਸਭ ਝੂਠ’ ਜਾਪਿਆ, ਤੇ ਮੇਰੀ ਰੂਹ ਇਸ ਝੂਠ ਤੇ ਸੱਚ ਦੀ ਚੱਕੀ ਦੇ ਪੁੜਾਂ ਵਿਚਕਾਰ ਪਿਸਦੀ ਰਹੀ।
ਤੇ ਫੇਰ ਦਿੱਲੀ ਵਾਲੀ ਚਿੱਠੀ ਇੱਕ ਸੱਚ ਜਿਹਾ ਬਣ ਕੇ ਆ ਗਈ ਤੇ ਤੇਰੇ ਵੱਲੋਂ ਇੱਕ ਚਿੱਠੀ Ḕਸਭ ਝੂਠḔ ਜਿਹਾ ਬਣ ਕੇ ਆ ਗਈ, ਜਿਸ ਵਿਚ ਤੂੰ ਮੈਨੂੰ ਤੇ ਬੱਚੀ ਨੂੰ ਤੇਰੇ ਕੋਲ ਆਉਣ ਤੋਂ ਵਰਜ ਘੱਲਿਆ ਸੀ।
ਪਰ ਮੈਂ ਇੱਕ ਹੱਥ ਨਾਲ ਦਿੱਲੀ ਵਾਲੀ ਚਿੱਠੀ ਦੇ ਸੱਚ ਨੂੰ ਫੜਦੀ ਤੇ ਦੂਜੇ ਹੱਥ ਨਾਲ ਬੱਚੀ ਦੇ ਸੱਚ ਨੂੰ ਫੜਦੀ ਤੇਰੇ ਕੋਲ ਆ ਗਈ ਸਾਂ। ਤੇਰਾ ਪੀਲਾ ਜ਼ਰਦ ਚਿਹਰਾ ਤੱਕਦਿਆਂ ਹੀ ਮੈਨੂੰ ਕੁਝ ਝੂਠ ਵਰਗਾ ਜਾਪਿਆ, ਪਰ ਤੇਰੀਆਂ ਅੱਖਾਂ ਵਿਚ ਪਿਆਰ ਮੈਨੂੰ ਅਜੇ ਵੀ ਸੱਚ ਜਾਪਿਆ।
ਤੇਰਾ ਮੇਰੇ ਤੋਂ ਹਮੇਸ਼ਾਂ ਪਰ੍ਹੇ ਰਹਿਣਾ ਕਿੰਨਾ ਸੱਚ ਸੀ, ਪਰ ਕਿੰਨਾ ਝੂਠ ਵੀ ਇਸ ਵਿਚ ਰਲਿਆ ਹੋਇਆ ਸੀ। ਤੇਰੀ ਬੇਰੁਖੀ ਤੋਂ ਮੈਨੂੰ ਇੰਜ ਜਾਪਦਾ ਜਿਵੇਂ ਤੈਨੂੰ ਮੇਰੇ ਨਾਲ ਕੋਈ ਗਿਲਾ ਸੀ, ਪਰ ਤੇਰੀ ਤੱਕਣੀ ਤੋਂ ਇੰਜ ਲਗਦਾ ਜਿਵੇਂ ਤੇਰੀ ਕੋਈ ਮਜਬੂਰੀ ਸੀ। ਤੇਰਾ ਹਰ ਹਫਤੇ ਮੇਜ ‘ਤੇ ਪੈਸੇ ਰੱਖ ਦੇਣਾ ਤੇ ਮੇਰਾ ਹਰ ਹਫਤੇ ਮੇਜ ਤੋਂ ਪੈਸੇ ਚੁੱਕਣ ਲੱਗਿਆਂ ਹੱਥ ਦਾ ਕੰਬ ਜਾਣਾ, ਧੁਰ ਅੰਦਰ ਤੀਕ ਮੇਰੀ ਰੂਹ ਦਾ ਕੰਬ ਜਾਣਾ, ਪਤਾ ਨਹੀਂ ਝੂਠ ਸੀ ਜਾਂ ਸੱਚ, ਪਰ ਆਂਦਰਾਂ ਦੀ ਭੁੱਖ ਤਾਂ ਸੱਚ ਸੀ ਜੋ ਮੇਜ ਤੋਂ ਪੈਸੇ ਚੁੱਕ ਕੇ ਗਰੌਸਰੀ ਸਟੋਰ ਵੱਲ ਮੇਰੇ ਪੈਰਾਂ ਨੂੰ ਤੋਰ ਦਿੰਦੀ।
ਤੇ ਫੇਰ ਇੱਕ ਦਿਨ ਇਸ ਝੂਠ ਤੇ ਸੱਚ ਦੇ ਛਲਾਵਿਆਂ ਤੋਂ ਮੈਂ ਅੱਕ ਗਈ ਸਾਂ। ਮੇਰਾ ਆਪਾ ਪ੍ਰਸ਼ਨ ਚਿੰਨ੍ਹਾਂ ਨਾਲ ਵਿੰਨ੍ਹਿਆ ਗਿਆ ਸੀ। ਮੈਂ ਕੌਣ ਹਾਂ?, ਏਥੇ ਕਿਉਂ ਆਈ ਹਾਂ? ਕਿਉਂ ਰਹਿਨੀ ਆਂ? ਕਿਉਂ ਜੀਨੀ ਆਂ? ਤੇ ਇਸ ਕਿਉਂ ਵਿਚੋਂ ਗੁੱਸਾ ਭੜਕ ਉਠਿਆ ਸੀ। ਗੁੱਸੇ ਤੇ ਪੀੜਾ ਦੀ ਅੱਗ ਨਾਲ ਮੇਰੇ ਸਾਹ ਧੁਆਂਖੇ ਗਏ, ਮੇਰਾ ਜ਼ਿਹਨ ਭੁੱਬਲ ਵਰਗਾ ਹੋ ਗਿਆ ਸੀ। ਮੇਰੇ ਆਪਣੇ ਹੀ ਅੰਦਰੋਂ ਨਿਕਲੀ ਅੱਗ ਨੇ ਮੈਨੂੰ ਸਾਰੀ ਦੀ ਸਾਰੀ ਨੂੰ ਨਿਗਲ ਲਿਆ, ਤੇ ਮੈਂ ਭਾਂਬੜ ਵਾਂਗ ਮੱਚ ਉਠੀ ਸਾਂ। ਉਸ ਦਿਨ, ਧਰਤੀ ਤੇ ਅਸਮਾਨ ਸਾਰਾ ਕੁਝ ਫੂਕ ਦੇਣ ਨੂੰ ਜੀ ਕਰ ਉਠਿਆ ਸੀ।
ਪਰ ਤੂੰ ਸ਼ਾਂਤ ਬੈਠਾ ਸਭ ਕੁਝ ਸੁਣਦਾ ਰਿਹਾ, ਤੇਰੇ ਚਿਹਰੇ ਦੀ ਪਿਲੱਤਣ ਹੋਰ ਵੀ ਗੂੜ੍ਹੀ ਹੋ ਗਈ, ਤੇਰੀਆਂ ਅੱਖਾਂ ਵਿਚ ਅੱਥਰੂ ਮੈਂ ਉਸ ਦਿਨ ਪਹਿਲੀ ਵਾਰ ਵੇਖੇ ਸਨ, ਉਦੋਂ ਤਾਂ ਮੈਨੂੰ ਏਡਜ਼ ਦੇ ਨਾਂ ਦਾ ਵੀ ਨਹੀਂ ਸੀ ਪਤਾ, ਤੂੰ ਕਿੰਨਾ ਚਿਰ ਮੈਨੂੰ ਸਮਝਾਉਂਦਾ ਰਿਹਾ, ਤੇ ਗੁੱਸੇ ਦੀ ਅੱਗ ਹੰਝੂਆਂ ਦੇ ਹੜ੍ਹ ਵਿਚ ਡੁੱਬਦੀ ਤਰਦੀ ਬੁਝ ਗਈ, ਤੇ ਫੇਰ ਅਗਲੇ ਦਿਨ ਹੀ ਤੂੰ ਮੈਨੂੰ ਕੰਮ ‘ਤੇ ਛੱਡ ਆਇਆ ਸੈਂ। ਆਪ ਤੂੰ ਕਿੰਨੇ ਦਿਨ ਕੰਮ ਤੇ ਨਹੀਂ ਸੀ ਜਾ ਸਕਿਆ, ਤੇ ਫੇਰ ਕੰਮ ਕਰਨਾ ਤੇਰੇ ਵੱਸ ਵਿਚ ਨਹੀਂ ਸੀ ਰਿਹਾ।
ਕੰਮ ਦਾ ਧਿਆਨ ਆਉਂਦਿਆਂ ਹੀ ਰਾਜੀ ਜਿਵੇਂ ਕਿਸੇ ਦੂਸਰੀ ਦੁਨੀਆਂ ‘ਚੋਂ ਵਾਪਸ ਪਰਤ ਆਈ ਹੋਵੇ। ਵੀਰਵਾਰ ਦੀ ਸਵੇਰ ਹੋ ਗਈ ਸੀ। ਉਸ ਨੇ ਅੱਜ ਹਸਪਤਾਲ ਨਹੀਂ ਸੀ ਜਾਣਾ। ਜਦ ਤਾਸ਼ਾ ਦੀ ਕੰਪਨੀ 2-3 ਸਾਲਾਂ ਵਿਚ ਹੀ ਕਾਫੀ ਤਰੱਕੀ ਕਰ ਗਈ ਤਾਂ ਉਸ ਰਾਜੀ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਸੀ। ਪਰ ਉਹ ਫੇਰ ਵੀ ਹਰ ਬੁੱਧਵਾਰ ਮਰੀਜ਼ਾਂ ਦੀ ਸੇਵਾ ਲਈ ਹਸਪਤਾਲ ਜਾਂਦੀ ਰਹੀ। ਰਾਜੀ ਦੀ ਧੀ ਤਾਸ਼ਾ ਰਾਜੀ ਦਾ ਸਰਵਣ ਪੁੱਤਰ ਸੀ। ਰਾਜੀ ਨੇ ਅੱਜ ਹਸਪਤਾਲ ਨਹੀਂ ਸੀ ਜਾਣਾ, ਪਰ ਪਤਾ ਨਹੀਂ ਕਿਉਂ ਉਸ ਦੇ ਪੈਰ ਆਪ ਮੁਹਾਰੇ ਹਸਪਤਾਲ ਵੱਲ ਉਠ ਤੁਰੇ! ਅਜੇ ਕੱਲ ਹੀ ਬਜ਼ੁਰਗਾਂ ਦੇ ਵਾਰਡ ਵਿਚ ਜਦ ਉਸ ਨਵੇਂ ਆਏ ਬੁੱਢੇ ਡੇਵਿਡ ਦੇ ਹੱਥਾਂ ਪੈਰਾਂ ਦੀ ਮਾਲਸ਼ ਕੀਤੀ ਤਾਂ ਉਸ ਪੁੱਛਿਆ ਸੀ, “ਕੀ ਤੂੰ ਕੱਲ ਨੂੰ ਫੇਰ ਆਵੇਂਗੀ?”
ਜਦ ਰਾਜੀ ਨੇ ਉਸ ਨੂੰ ਦੱਸਿਆ ਕਿ ਉਹ ਤਾਂ ਸਿਰਫ ਬੁੱਧਵਾਰ ਹੀ ਮਰੀਜਾਂ ਦੀ ਸੇਵਾ ਕਰਨ ਆਉਂਦੀ ਹੈ, ਤਾਂ ਬੁੱਢਾ ਡੇਵਿਡ ਜਿਵੇਂ ਮਨ ਦੇ ਪੋਟਿਆਂ ‘ਤੇ ਅੱਜ ਤੋਂ ਲੈ ਕੇ ਅਗਲੇ ਬੁੱਧਵਾਰ ਤਕ ਦੇ ਦਿਨ ਗਿਣਨ ਲੱਗ ਪਿਆ ਸੀ।
ਰਾਜੀ ਇੱਕ ਸੁਪਨੇ ਵਾਂਗ ਹੀ ਬੈਂਜੇਮਿਨ ਦੇ ਬੈਡ ਕੋਲ ਆ ਖਲੋਤੀ। ਅੱਜ ਬੈਂਜੇਮਿਨ ਨੇ ਉਸ ਨੂੰ ਆਉਂਦਿਆਂ ਵੇਖ ਲਿਆ ਸੀ, ਵੇਖਿਆ ਤਾਂ ਸ਼ਾਇਦ ਕੱਲ ਵੀ ਹੋਵੇ, ਪਰ ਰਾਜੀ ਉਥੋਂ ਪਿਛਲੇ ਪੈਰੀਂ ਹੀ ਪਰਤ ਆਈ ਸੀ। ਬੈਂਜੇਮਿਨ ਨੇ ਪੂਰਾ ਤਾਣ ਲਾ ਕੇ ਆਪਣਾ ਕਮਜ਼ੋਰ ਜਿਹਾ ਹੱਥ ਕੰਬਲ ‘ਚੋਂ ਬਾਹਰ ਕੱਢਿਆ। ਉਸ ਦੇ ਮੈਦੇ ਰੰਗੇ ਹੱਥ ਨੂੰ ਰਾਜੀ ਦੇ ਕਣਕ ਰੰਗੇ ਹੱਥਾਂ ਵਿਚੋਂ ਜਿਵੇਂ ਕੋਈ ਤਾਕਤ ਮਿਲ ਗਈ ਹੋਵੇ, ਉਸ ਦੀਆਂ ਬੁਝੂੰ-ਬੁਝੂੰ ਕਰਦੀਆਂ ਅੱਖਾਂ ਇਕ ਵਾਰ ਫੇਰ ਚਮਕ ਪਈਆਂ, “ਤੂੰ ਬਿਲਕੁਲ ਠੀਕ ਹੋ ਜਾਵੇਂਗਾ, ਬੈਂਜੇਮਿਨ!”
ਕਿੰਨੀ ਝੂਠੀ ਗੱਲ ਆਖੀ ਸੀ ਰਾਜੀ ਨੇ, ਤੇ ਉਸ ਝੂਠ ਦਾ ਪਤਾ ਰਾਜੀ ਨੂੰ ਵੀ ਸੀ ਤੇ ਬੈਂਜੇਮਿਨ ਨੂੰ ਵੀ, ਪਰ ਉਹ ਫੇਰ ਵੀ ਹੱਸ ਪਿਆ ਤੇ ਉਸ ਨਿੱਕੇ ਜਿਹੇ ਹਾਸੇ ਨਾਲ ਹੀ ਉਹ ਕਿੰਨਾ ਥੱਕ ਗਿਆ ਸੀ, ਹੌਂਕਣ ਲੱਗ ਪਿਆ ਸੀ।
“ਪਾਲ ਵੀ ਕਿੰਨੀ ਛੇਤੀ ਥੱਕ ਜਾਇਆ ਕਰਦਾ ਸੀ।” ਰਾਜੀ ਫੇਰ ਸੋਚਾਂ ਵਿਚ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਈ। ਉਹ ਕਈ-ਕਈ ਦਿਨ ਇਕ ਲਫਜ਼ ਵੀ ਨਾ ਬੋਲਦਾ, ਤੇ ਇਕ ਵਾਰੀ ਕਿੰਨੇ ਹੀ ਦਿਨਾਂ ਦੀ ਇਕੱਠੀ ਕੀਤੀ ਤਾਕਤ ਨਾਲ ਉਸ ਆਖਿਆ ਸੀ, “ਜਦ ਇਨਸਾਨ ਰਸਤਾ ਭੁੱਲ ਜਾਂਦਾ ਏ, ਗਵਾਚ ਜਾਂਦਾ ਏ, ਤਾਂ ਉਹ ਹੋਰ ਵੀ ਤੇਜ ਦੌੜਨ ਲਗਦਾ ਏ, ਮੈਂ ਤਾਂ ਦੌੜਦਾ-ਦੌੜਦਾ ਬਹੁਤ ਦੂਰ ਨਿਕਲ ਗਿਆ, ਪਤਾ ਨਹੀਂ ਕਿਹੜੀ ਪਗਡੰਡੀ ਕਿੱਥੋਂ ਨਿੱਖੜਦੀ ਤੇ ਕਿੱਥੇ ਜਾ ਕੇ ਕਿਹੜੀ ਸੜਕ ਨੂੰ ਮਿਲਦੀ ਸੀ, ਮੈਨੂੰ ਕਦੇ ਮਾਫ ਨਾ ਕਰੀਂ ਰਾਜੀ, ਮੈਂ ਤੇਰਾ ਵੱਡਾ ਗੁਨਾਹਗਾਰ ਹਾਂ।”
ਬੋਲਦੇ-ਬੋਲਦੇ ਪਾਲ ਨੂੰ ਸਾਹ ਚੜ੍ਹ ਗਿਆ ਤੇ ਰਾਜੀ ਨੇ ਆਪਣਾ ਹੱਥ ਉਸ ਦੇ ਮੂੰਹ ਉਤੇ ਰੱਖ ਦਿੱਤਾ ਸੀ।
ਰਾਜੀ ਨੇ ਵੇਖਿਆ, ਬੈਂਜੇਮਿਨ ਦਾ ਸਾਹ ਕਾਹਲਾ-ਕਾਹਲਾ ਚੱਲ ਰਿਹਾ ਸੀ ਤੇ ਉਹ ਅੱਖਾਂ ਬੰਦ ਕਰ ਕੇ ਨਿਢਾਲ ਜਿਹਾ ਪਿਆ ਰਿਹਾ। ਰਾਜੀ ਉਸ ਦੇ ਕੋਲ ਬੈਠੀ ਕਦੀ ਬੀਤੇ ਵਿਚ ਪਹੁੰਚ ਜਾਂਦੀ ਤੇ ਕਦੇ ਮੁੜ ਵਰਤਮਾਨ ਵਿਚ ਪਰਤ ਆਉਂਦੀ।
ਅਗਲੇ ਦਿਨ ਬੈਂਜੇਮਿਨ ਨੇ ਰਾਜੀ ਨੂੰ ਦੱਸਿਆ, ਕਈ ਵਰ੍ਹੇ ਪਹਿਲਾਂ ਇੱਕ ਕਾਰ ਐਕਸੀਡੈਂਟ ਤੋਂ ਬਾਅਦ ਉਸ ਨੂੰ ਖੂਨ ਦਿੱਤਾ ਗਿਆ ਸੀ ਤੇ ਉਸ ਖੂਨ ਦੇ ਨਾਲ ਹੀ ਏਡਜ਼, ਜੋ ਕਈ ਵਰ੍ਹੇ ਉਸ ਦੇ ਅੰਦਰ ਚੁੱਪ ਕਰਕੇ ਬੈਠੀ ਰਹੀ। ਵਿਆਹ ਤੋਂ ਕੁਝ ਦੇਰ ਉਹ ਬਿਮਾਰ ਰਹਿਣ ਲੱਗ ਪਿਆ ਸੀ। ਜਦ ਡਾਕਟਰਾਂ ਨੇ ਉਸ ਨੂੰ ਏਡਜ਼ ਬਾਰੇ ਦੱਸਿਆ ਤਾਂ ਆਪਣੀ ਮੰਗੇਤਰ ਨੂੰ ਬਿਨਾ ਦੱਸੇ ਹੀ ਉਹ ਘਰੋਂ ਨੱਸ ਆਇਆ ਸੀ। ਬੈਂਜੇਮਿਨ ਨੇ ਇੱਕ ਮੁਚੜੀ ਜਿਹੀ ਤਸਵੀਰ ਰਾਜੀ ਦੇ ਸਾਹਮਣੇ ਕਰ ਦਿੱਤੀ। ਇੱਕ ਭੋਲੀ ਜਿਹੀ ਬਿੱਲੀਆਂ ਅੱਖਾਂ ਵਾਲੀ ਕੁੜੀ ਡਰੀ-ਡਰੀ ਜਿਹੀ ਉਸ ਵੱਲ ਤੱਕ ਰਹੀ ਸੀ।
ਤਸਵੀਰ ਵੱਲ ਵੇਖਦਿਆਂ ਹੀ ਰਾਜੀ ਦੇ ਅੰਦਰੋਂ ਕੁਝ ਬੋਲ ਉਠਿਆ, ਮੈਂ ਵੀ ਕਿੰਨਾ ਡਰ ਗਈ ਸਾਂ, ਪਾਲ ਵੱਲ ਵੇਖ ਕੇ, ਜਦ ਇੱਕ ਸਵੇਰ ਚਮਚ ਨਾਲ ਚਾਹ ਦਾ ਘੁੱਟ ਉਸ ਦੇ ਮੂੰਹ ਵਿਚ ਪਾਉਣ ਲੱਗੀ ਤਾਂ ਉਸ ਪੁੱਛਿਆ ਸੀ, “ਕਿੱਥੇ ਹੈਂ, ਤੂੰ ਰਾਜੀ?”
“ਆਹ ਵੇਖਾਂ, ਮੈਂ ਤਾਂ ਤੇਰੇ ਸਾਹਮਣੇ ਆਂ।”
ਪਰ ਰਾਜੀ ਉਸ ਦੇ ਸਾਹਮਣੇ ਖੜ੍ਹੀ ਵੀ ਉਸ ਨੂੰ ਹੁਣ ਨਹੀਂ ਸੀ ਦਿਸਦੀ। ਪਾਲ ਦੀਆਂ ਖੁੱਲ੍ਹੀਆਂ ਅੱਖਾਂ ਵਿਚ ਕੋਈ ਹਰਕਤ ਨਹੀਂ ਸੀ, ਕੋਈ ਜੋਤ ਨਹੀਂ ਸੀ। ਰਾਜੀ ਨੇ ਉਸ ਦਾ ਹੱਥ ਫੜ ਕੇ ਆਪਣੇ ਚਿਹਰੇ ਨਾਲ ਛੁਹਾਇਆ, ਤਾਂ ਉਸ ਦੀਆਂ ਉਂਗਲਾਂ ਦੇ ਪੋਟੇ ਢੇਰ ਚਿਰ ਤਕ ਰਾਜੀ ਦੇ ਮੂੰਹ ਵੱਲ ਤੱਕਦੇ ਰਹੇ। ਅਗਲੇ ਦਿਨ ਪਾਲ ਦੀਆਂ ਉਂਗਲਾਂ ਦੇ ਪੋਟੇ ਵੀ ਉਸ ਦੀਆਂ ਅੱਖਾਂ ਵਾਂਗ ਹੀ ਨਿਰਜਿੰਦ ਹੋ ਗਏ।
ਕਿੰਨੇ ਘੱਟ ਲੋਕ ਆਏ ਸਨ ਉਨ੍ਹਾਂ ਦੇ ਘਰ। ਸਾਰਾ ਕਾਰ ਵਿਹਾਰ ਦੋਂਹ ਚੌਂਹ ਦਿਨਾਂ ਵਿਚ ਹੀ ਨਿੱਬੜ ਗਿਆ ਸੀ। ਉਸ ਦੇ ਤੁਰ ਜਾਣ ਪਿਛੋਂ ਨੌਕਰੀ ਕਰਨੀ ਵੀ ਕਿੰਨੀ ਔਖੀ ਹੋ ਗਈ ਸੀ। ਜਿੱਥੇ ਵੀ ਜਾਂਦੀ, ਕੁਝ ਚਿਰ ਪਿੱਛੋਂ ਉਥੇ ਘੁਸਰ-ਮੁਸਰ ਹੋਣ ਲੱਗ ਪੈਂਦੀ। ਕਈ ਪੰਜਾਬੀ ਔਰਤਾਂ ਤਾਂ ਤੁਰੀ ਆਉਂਦੀ ਨੂੰ ਵੇਖ ਕੇ ਹੀ ਲਾਂਭੇ ਹੋ ਜਾਂਦੀਆਂ ਜਿਵੇਂ ਉਸ ਦੇ ਪ੍ਰਛਾਵੇਂ ਤੋਂ ਹੀ ਉਨ੍ਹਾਂ ਨੂੰ ਏਡਜ਼ ਹੋ ਜਾਵੇਗੀ, ਤੇ ਕਈ ਆਪਣੇ ਸਵਾਲਾਂ ਦੇ ਤੀਲਿਆਂ ਨਾਲ ਉਸ ਦੀ ਹਿੱਕ ਦੇ ਜ਼ਖਮਾਂ ਨੂੰ ਖੁਰਚ-ਖੁਰਚ ਕੇ ਛਿੱਛੜੇ ਲਾਹ ਦਿੰਦੀਆਂ। ਕਿੰਨੀ ਥਾਂਈਂ ਕੰਮ ਬਦਲਨਾ ਪਿਆ ਸੀ ਰਾਜੀ ਨੂੰ। ਕੰਪਿਊਟਰਾਂ ਦੇ ਪੁਰਜ਼ੇ ਬਣਾਉਣ ਵਾਲੀ ਫੈਕਟਰੀ, ਬੱਚਿਆਂ ਦੇ ਖਿਡੌਣੇ ਪੈਕ ਕਰਨ ਵਾਲੀ ਥਾਂ, ਤੇ ਹੋਰ ਕਿੰਨੇ ਹੀ ਸਟੋਰ, ਤੇ ਅਖੀਰ ਵਿਚ ਇਹ ਹਸਪਤਾਲ।
ਬੀਤਿਆ ਵੇਲਾ ਪਤਾ ਨਹੀਂ ਕਿਉਂ ਉਸ ਦੇ ਨਾਲ ਚੰਬੜ ਕੇ ਬੈਠ ਗਿਆ ਸੀ, ਜਾਂ ਰਾਜੀ ਹੀ ਪਿਛਾਂਹ ਪਰਤ ਕੇ ਬੀਤੇ ਨੂੰ ਫੜ੍ਹ ਬੈਠੀ ਸੀ। ਉਸ ਦੀ ਸੋਚ ਫੇਰ ਕੰਬ ਉਠੀ, “ਕਿੰਨਾ ਹਨੇਰਾ ਪਸਰਨ ਲੱਗ ਪਿਆ ਸੀ ਮੇਰੇ ਅੰਦਰ, ਹਨੇਰਾ ਮੇਰੀਆਂ ਬਰੂਹਾਂ ਦੀਆਂ ਝੀਤਾਂ ਥਾਣੀ ਸਰਕਦਾ ਮੇਰੇ ਵਿਹੜੇ ਵਿਚ ਸਮਾ ਗਿਆ ਸੀ, ਹਨੇਰਾ ਮੇਰੇ ਕੱਪੜਿਆਂ ਤੇ ਮੇਰੇ ਜਿਸਮ ਵਿਚ ਸਮਾ ਗਿਆ। ਮੈਂ ਚਾਨਣ ਦੀ ਕੰਨੀ ਖਿੱਚ-ਖਿੱਚ ਹਾਰ ਗਈ ਸਾਂ। ਰਾਤ ਮੁੱਕ ਜਾਇਆ ਕਰਦੀ ਪਰ ਕਦੇ ਦਿਨ ਨਹੀਂ ਸੀ ਚੜ੍ਹਦਾ, ਦਿਲ ‘ਤੇ ਪਈਆਂ ਰਾਤਾਂ ਦੀ ਸ਼ਾਇਦ ਕੋਈ ਸਵੇਰ ਨਹੀਂ ਹੁੰਦੀ।
ਪਰ ਇੱਕ ਚਿੱਪਰ ਜਿਹੀ ਚਾਨਣ ਦੀ ਮੈਂ ਹਨੇਰਿਆਂ ਤੋਂ ਲੁਕੋ ਲਈ ਸੀ, ਆਪਣੇ ਜ਼ਿਹਨ ਦੀ ਅੰਦਰਲੀ ਡੂੰਘੀ ਗੁਫਾ ਵਿਚ। ਰਾਜੀ ਦੀਆਂ ਸੋਚਾਂ ਦੀ ਲੜੀ ਟੁੱਟੀ, ਬੈਂਜੇਮਿਨ ਆਖ ਰਿਹਾ ਸੀ, “ਕਿੱਥੇ ਚਲੀ ਗਈ ਏਂ ਤੂੰ ਰਾਜੀ, ਏਨਾ ਕੰਬਦੀ ਕਿਉਂ ਪਈ ਏਂ?”
ਰਾਜੀ ਅਜੇ ਵੀ ਉਸ ਕੁੜੀ ਦੀ ਤਸਵੀਰ ਵੱਲ ਵੇਖ ਰਹੀ ਸੀ, ਨਹੀਂ, ਉਹ ਤਾਂ ਸ਼ਾਇਦ ਆਪਣੇ ਆਪ ਵੱਲ ਹੀ ਵੇਖ ਰਹੀ ਸੀ।
“ਮੈਂ ਕੱਲ ਫੇਰ ਆਵਾਂਗੀ ਬੈਂਜੇਮਿਨ।” ਆਖ ਕੇ ਰਾਜੀ ਉਥੋਂ ਤੁਰ ਆਈ ਪਰ ਸੋਚਾਂ ਦਾ ਪਰਾਗਾ ਭਰ ਕੇ ਆਪਣੇ ਨਾਲ ਹੀ ਲੈ ਆਈ ਸੀ।
ਅਗਲੇ ਦਿਨ ਰਾਜੀ ਦੇ ਪਹੁੰਚਣ ਤੋਂ ਪਹਿਲਾਂ ਹੀ ਬੈਂਜੇਮਿਨ ਇੱਕ ਅਧੂਰੀ ਕਹਾਣੀ ਦੇ ਪਾਤਰ ਵਾਂਗ ਤੁਰ ਗਿਆ ਸੀ, ਤੇ ਰਾਜੀ ਇੱਕ ਵਾਰ ਫੇਰ ਹਨੇਰੇ ਨੂੰ ਟਟੋਲਦੀ ਘਰ ਨੂੰ ਮੁੜ ਆਈ। ਕਮਰੇ ਵਿਚ ਤਾਸ਼ਾ ਦੀ ਨਿੱਕੀ ਹੁੰਦੀ ਦੀ ਤਸਵੀਰ ‘ਤੇ ਨਜ਼ਰ ਪੈਂਦਿਆਂ ਹੀ ਰਾਜੀ ਦੀ ਰੂਹ ਬੋਲ ਉਠੀ, “ਤੂੰ ਹੀ ਮੇਰੀ ਉਹ ਚਾਨਣ ਦੀ ਚਿੱਪਰ ਏਂ ਤਾਸ਼ਾ ਜੋ ਮੈਂ ਹਨੇਰਿਆਂ ਤੋਂ ਲੁਕੋ ਲਈ ਸੀ। ਜਦ ਫਿਕਰਾਂ ਤੇ ਉਦਾਸੀ ਭਰਿਆ ਸਿਰ ਮੈਂ ਤੇਰੇ ਨਿੱਕੇ ਜਿਹੇ ਮੋਢੇ ‘ਤੇ ਰੱਖ ਲੈਂਦੀ ਤਾਂ ਮੈਨੂੰ ਰੱਬ ਵਰਗਾ ਆਸਰਾ ਮਿਲਦਾ, ਤੇਰੀਆਂ ਨਿੱਕੀਆਂ-ਨਿੱਕੀਆਂ ਗੱਲਾਂ ਜੁਗਨੂੰਆਂ ਵਾਂਗ ਜਗਦੀਆਂ ਮੇਰੇ ਅੰਦਰ ਪੱਸਰੇ ਹਨੇਰੇ ਨੂੰ ਰੁਸ਼ਨਾ ਦਿੰਦੀਆਂ, ਇਹ ਨਿੱਕੇ-ਨਿੱਕੇ ਜੁਗਨੂੰਆਂ ਦੀ ਰੌਸ਼ਨੀ ਮੇਰਾ ਸੂਰਜ ਬਣਦੀ ਗਈ, ਤੇ ਮੇਰੀ ਰੂਹ ਰੁਸ਼ਨਾਉਂਦੀ ਗਈ।”
ਰਾਜੀ ਨੂੰ ਜਾਪਿਆ ਤਾਸ਼ਾ ਤਸਵੀਰ ਵਿਚੋਂ ਉਠ ਕੇ ਉਸ ਦੀ ਬੁੱਕਲ ਵਿਚ ਆ ਬੈਠੀ ਸੀ ਤੇ ਨਿੱਕੇ-ਨਿੱਕੇ ਜੁਗਨੂੰਆਂ ਦੀ ਰੌਸ਼ਨੀ ਉਸ ਦੇ ਅੰਦਰ ਫੈਲ ਰਹੇ ਹਨੇਰੇ ਨੂੰ ਫਿਰ ਤੋਂ ਰੁਸ਼ਨਾਉਣ ਲੱਗ ਪਈ।