ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਉਨ੍ਹਾਂ ਜਗ ਜਨਨੀ ਮਾਂ ਦੀਆਂ ਰਹਿਮਤਾਂ ਦੀ ਗੱਲ ਕਰਦਿਆਂ ਕਿਹਾ ਸੀ ਕਿ ਮਾਂ ਬੱਚਿਆਂ ਦੀ ਸਭ ਤੋਂ ਵੱਡੀ ਰਹਿਨੁਮਾ।
ਉਨ੍ਹਾਂ ਦੀ ਮਾਰਗ ਦਰਸ਼ਕ, ਉਨ੍ਹਾਂ ਦੇ ਰਾਹਾਂ ਵਿਚੋਂ ਕੰਡੇ ਚੁਗ ਕੇ ਆਪਣੇ ਪੋਟਿਆਂ ਨੂੰ ਪੀੜ-ਪੀੜ ਕਰਨ ਵਾਲੀ ਅਤੇ ਲਾਡਲਿਆਂ ਨੂੰ ਰੋੜਾਂ ਦੀ ਚੁਭਣ ਤੋਂ ਬਚਾਉਣ ਲਈ ਮਲੂਕ ਪੈਰਾਂ ਹੇਠ ਤਲੀਆਂ ਧਰਨ ਵਾਲੀ।æææ ਮਾਂ ਤੋਂ ਬਗੈਰ ਤਾਂ ਤੁਸੀਂ ਆਪਣੀ ਹੋਂਦ ਵੀ ਨਹੀਂ ਚਿੱਤਵ ਸਕਦੇ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਰਿਸ਼ਤਿਆਂ ਦੀ ਗੱਲ ਕੀਤੀ ਹੈ ਕਿ ਕਿਵੇਂ ਦੋਸਤ ਤੁਹਾਡੀ ਆਤਮਾ ਲਈ ਬਹੁਤ ਵੱਡਾ ਆਸਰਾ ਬਣਦੇ ਹਨ। ਨਿਜੀ ਰਿਸ਼ਤਿਆਂ ਦੀ ਆਪਣੀ ਅਹਿਮੀਅਤ ਹੈ। ਇਸੇ ਕਰਕੇ ਉਹ ਕਹਿੰਦੇ ਹਨ, ਕਾਸ਼! ਅਸੀਂ ਆਪਣੇ ਬਜ਼ੁਰਗਾਂ ਦੇ ਸਿਦਕ, ਸਮਰਪਣ ਅਤੇ ਸੰਵੇਦਨਾ ਦੇ ਹਾਣੀ ਹੋ ਸਕੀਏ। ਅਫਸੋਸ! ਸਾਨੂੰ ਆਪਣੀ ਜ਼ਿੰਦਗੀ ਦੀ ਮਕੈਨੀਕਲ ਦੌੜ ਵਿਚੋਂ ਸਮਾਂ ਹੀ ਨਹੀਂ ਮਿਲਦਾ ਆਪਣੇ ਬਜ਼ੁਰਗਾਂ ਦੀ ਅਹਿਮੀਅਤ ਨੂੰ ਕਿਆਸਣ ਦਾ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਮੈਂ ਅਕਸਰ ਉਦਾਸ ਹੋ ਜਾਂਦਾ ਹਾਂ। ਸੰਵੇਦਨਸ਼ੀਲ ਲੋਕਾਂ ਨਾਲ ਅਜਿਹਾ ਹੋਣਾ ਸੁਭਾਵਿਕ ਹੈ। ਉਨ੍ਹਾਂ ਦੀ ਸੋਚ ਦੀ ਤਾਸੀਰ ਹੀ ਅਜਿਹੀ ਹੁੰਦੀ ਏ ਕਿ ਉਹ ਹਰ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਨੇ। ਉਹ ਵਕਤ ਦੇ ਵਰਤਾਰੇ ਦੀ ਤਹਿ ਵਿਚ ਜਾਂਦੇ ਹਨ ਅਤੇ ਫਿਰ ਇਸ ਦੀਆਂ ਵੱਖ-ਵੱਖ ਪਰਤਾਂ ਨੂੰ ਆਪਣੇ ਨਜ਼ਰੀਏ ਤੋਂ ਫਰੋਲਦੇ, ਇਸ ਵਿਚਲੇ ਸਰੋਕਾਰਾਂ ਦੀ ਨਬਜ਼ ਨੂੰ ਪਕੜਨ ਦੀ ਕੋਸ਼ਿਸ਼ ਕਰਦੇ ਨੇ। ਅਜਿਹਾ ਫਿਕਰਮੰਦ ਲੋਕਾਂ ਦੀ ਹੋਣੀ ਹੁੰਦਾ ਏ ਅਤੇ ਉਦਾਸੀ, ਉਨ੍ਹਾਂ ਦੀ ਜੀਵਨ ਜਾਚ ਦਾ ਅਹਿਮ-ਅੰਗ।
ਮੈਂ ਜਦ ਨਿਰਮੋਹੇ ਲੋਕਾਂ ਵਿਚ ਘਿਰਿਆ ਉਦਾਸ ਹੋਵਾਂ ਤਾਂ ਮੈਂ ਆਪਣੇ ਪਿੰਡ ਦੀ ਜੂਹ ਵਿਚ ਪਹੁੰਚ, ਸਬਰ-ਸੰਤੋਖ ਨਾਲ ਜਿਉਂਦੇ ਆਪਣੇ ਬਜ਼ੁਰਗਾਂ ਦੀ ਅਕੀਦਤ ਕਰਦਾ ਹਾਂ। ਦਿਲਾਂ ਦੇ ਅਮੀਰ, ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਜ਼ਿੰਦਗੀ ਜਿਉਣ ਦੀ ਜਾਚ ਸੀ ਅਤੇ ਉਹ ਖੁਸ਼ ਜ਼ਿੰਦਗੀ ਜਿਉਂਦੇ ਲੋੜ ਵੇਲੇ ਆਪਣੇ ਸ਼ਰੀਕੇ-ਭਾਈਚਾਰੇ ਲਈ ਤੂਤ ਦਾ ਮੋਢਾ ਬਣ ਜਾਂਦੇ ਸਨ। ਪਿੰਡ ਦੀ ਧੀ-ਭੈਣ ਦੇ ਵਿਆਹ ਸਮੇਂ ਦੁੱਧ-ਲੱਸੀ ਅਤੇ ਬਿਸਤਰੇ ਇਕੱਠੇ ਕਰਨ ਤੋਂ ਲੈ ਕੇ, ਆਪਣਾ ਸਮੁੱਚ ਦੂਜੀ ਧਿਰ ਲਈ ਹਾਜ਼ਰ ਕਰ ਦਿੰਦੇ ਤਾਂ ਕਿ ਪਿੰਡ ਦੀ ਇੱਜਤ ਨੂੰ ਕੋਈ ਠੇਸ ਨਾ ਪਹੁੰਚੇ। ਹਰ ਅਮੀਰ ਅਤੇ ਗਰੀਬ ਦੇ ਸਮਾਗਮ ਦੀ ਸਫਲਤਾ ਲਈ ਸਾਰਾ ਪਿੰਡ ਇਕ ਹੁੰਦਾ ਸੀ। ਉਨ੍ਹਾਂ ਲਈ ਕਿਸੇ ਦਾ ਧਨ ਖੋਹ ਕੇ ਆਪਣੀਆਂ ਪੀੜ੍ਹੀਆਂ ਲਈ ਜੋੜਨ ਦੇ ਕੋਈ ਬਹੁਤੇ ਅਰਥ ਨਹੀਂ ਸਨ ਹੁੰਦੇ ਅਤੇ ਉਹ ਭਾਈਚਾਰਕ ਸਾਂਝ ਦਾ ਜਿਉਂਦਾ ਜਾਗਦਾ ਸਬੂਤ ਸਨ। ਪੈਸੇ ਟਕੇ ਵਲੋਂ ਖਾਲੀ ਹੁੰਦਿਆਂ ਵੀ ਅਮੀਰਾਂ ਵਾਲੀ ਜ਼ਿੰਦਗੀ ਜਿਉਂਦੇ ਸਨ ਪਰ ਆਰਥਿਕ ਪੱਖੋਂ ਖੁਸ਼ਹਾਲ ਤੇ ਹੋਰ ਬੜਾ ਕੁਝ ਹੁੰਦਿਆਂ ਵੀ ਆਪਣੇ ਆਪ ਨੂੰ ਗਰੀਬ ਸਮਝਣ ਵਾਲੇ ਲੋਕ ਮਨਾਂ ਦੇ ਗਰੀਬ ਹੁੰਦੇ ਹਨ। ਕੋਈ ਵੀ ਵਿਅਕਤੀ ਅਮੀਰ ਜਾਂ ਗਰੀਬ ਨਹੀਂ ਹੁੰਦਾ, ਇਹ ਸਾਡੀ ਮਾਨਸਿਕਤਾ ਹੁੰਦੀ ਹੈ ਜੋ ਸਾਨੂੰ ਅਮੀਰ ਜਾਂ ਗਰੀਬ ਦੀ ਸ਼੍ਰੇਣੀ ਵਿਚ ਖੜ੍ਹੀ ਕਰ ਦਿੰਦੀ ਹੈ। ਲੋੜ ਹੈ, ਆਪਣੀ ਮਾਨਸਿਕਤਾ ਨੂੰ ਜੀਵਨ-ਜਾਚ ਦੇ ਹਾਣੀ ਕਰੇਂਦਿਆਂ, ਹਰ ਪਲ ਨੂੰ ਭਰਪੂਰ ਜਿਉਣ ਦਾ ਅਹਿਦ ਕਰੀਏ।
ਮੈਂ ਜਦ ਕਦੇ ਰਿਸ਼ਤਿਆਂ ਵਿਚ ਮਰ ਚੁਕੀ ਅਪਣੱਤ ਅਤੇ ਸੰਜੀਦਗੀ ਨੂੰ ਨਿਹਾਰਦਾ ਉਦਾਸੀ ਦੀ ਪਰਤ ਵਿਚ ਲਪੇਟਿਆ ਜਾਂਦਾ ਹਾਂ ਤਾਂ ਆਪਣੇ ਦੋਸਤ ਦੀ ਨਿੱਘੀ ਸੰਗਤ ਨੂੰ ਮਾਣਦਾ ਹਾਂ। ਦੋਸਤ, ਜਿਸ ਦਾ ਰੱਬ ਨੇ ਸਖਤ ਇਮਤਿਹਾਨ ਲੈਂਦਿਆਂ ਛੋਟੇ ਹੁੰਦਿਆਂ ਹੀ ਮਾਂ-ਬਾਪ, ਭੈਣ-ਭਰਾ ਤੋਂ ਵਿਰਵਾ ਰੱਖਿਆ ਸੀ। ਉਸ ਦੇ ਮਨ ਵਿਚ ਇਕ ਕਸਕ ਉਠਦੀ, ਉਹ ਕੁਝ ਰਾਹਤ ਅਤੇ ਸਕੂਨ ਲੈਣ ਲਈ ਆਪਣੀਆਂ ਮਾਸੀਆਂ-ਚਾਚੀਆਂ ਦੀ ਬੁੱਕਲ ਵਿਚ ਲੁੱਕਣਾ ਚਾਹੁੰਦਾ। ਉਸ ਦੀਆਂ ਅੱਖਾਂ ਵਿਚ ਜੰਮ ਚੁਕੇ ਅੱਥਰੂ, ਅਣ-ਕਹੇ ਦਰਦ ਦਾ ਜੰਮਿਆ ਦਰਿਆ ਨੇ ਅਤੇ ਉਸ ਦੇ ਮੁੱਖ ‘ਤੇ ਤੈਰਦੀ ਹਾਸੀ, ਦਰਦਾਂ ਅਤੇ ਗਮਾਂ ਦੀ ਤ੍ਰਾਸਦੀ ਅੱਗੇ ਹਾਰਨ ਤੋਂ ਆਕੀ ਏ। ਉਹ ਜਿੰæਦਗੀ ਨੂੰ ਉਸ ਦੇ ਮੌਜੂਦਾ ਰੂਪ ਵਿਚ ਮਾਣਦਾ ਅੱਜ ਕੱਲ ਸੰਪੂਰਨ ਅਤੇ ਸੰਤੁਸ਼ਟ ਪਰਿਵਾਰ ਦਾ ਮੁਖੀ ਏ। ਉਸ ਲਈ ਰਿਸ਼ਤਿਆਂ ਦੇ ਬਦਲਦੇ ਰੰਗਾਂ ਦਾ ਤਸੱਵਰ, ਜੀਵਨ ਦੀ ਕੁੜੱਤਣ ਨਹੀਂ, ਸਗੋਂ ਜੀਵਨ ਦਾ ਕਠੋਰ ਸੱਚ ਏ ਜਿਸ ਦੇ ਰੂਬਰੂ ਹੁੰਦਿਆਂ ਉਸ ਨੇ ਜ਼ਿੰਦਗੀ ਨੂੰ ਕਰੂਰ ਹਾਲਤਾਂ ਵਿਚ ਵੀ ਜਿਉਣ ਦਾ ਅੰਦਾਜ਼ ਸਿਖਾਇਆ। ਉਸ ਨੇ ਰਿਸ਼ਤਿਆਂ ਦੇ ਫਿੱਕੇਪਣ ਵਿਚੋਂ ਜੀਵਨ ਦੀ ਮਿਠਾਸ ਨੂੰ ਮਾਣਿਆ ਏ।
ਰਿਸ਼ਤਿਆਂ ‘ਤੇ ਨਿਰਭਰਤਾ ਤੁਹਾਨੂੰ ਅਪਾਹਜ ਬਣਾਉਣ ਤੋਂ ਸਿਵਾਏ, ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈ। ਰਿਸ਼ਤੇ ਨਿੱਭਣ ਅਤੇ ਨਿਭਾਉਣ ਲਈ ਹੁੰਦੇ ਨੇ ਪਰ ਜੇ ਰਿਸ਼ਤੇ ਆਪਣੀ ਹੋਂਦ ਤੋਂ ਹੀ ਮੁਨਕਰ ਹੋ ਜਾਣ ਤਾਂ ਆਪਣੇ ਆਪ ਨੂੰ ਇੰਨਾ ਤਕੜਾ ਕਰੋ ਕਿ ਉਹੀ ਰਿਸ਼ਤੇ ਤੁਹਾਡਾ ਸਿਰਨਾਂਵਾਂ ਭਾਲਦੇ ਭਾਲਦੇ ਜ਼ਿੰਦਗੀ ਤੋਂ ਹਾਰ ਜਾਣ। ਸਮਾਜਿਕ ਰਿਸ਼ਤਿਆਂ ਤੋਂ ਉਪਰ ਵੀ ਕੁਝ ਦੋਸਤੀਆਂ ਵਰਗੇ ਨਿੱਘੇ ਰਿਸ਼ਤੇ ਹੁੰਦੇ ਨੇ ਜੋ ਤੁਹਾਡੀਆਂ ਬਾਂਹਾਂ ਬਣਦੇ ਨੇ। ਇਹ ਤੁਹਾਡੀਆਂ ਆਂਦਰਾਂ ਬਣ ਕੇ ਤੁਹਾਡੇ ਸਾਹਾਂ ਦੀ ਮਹਿਕ ਬਣਦੇ ਨੇ ਅਤੇ ਜੀਵਨ ਦਾ ਸੰਦਲਾ ਸਰੂਪ ਤੁਹਾਨੂੰ ਜੀਵਨ ਦੀ ਭਰਪੂਰਤਾ ਬਖਸ਼ਦਾ ਏ।
ਮੈਂ ਜਦ ਜ਼ਿਆਦਾ ਉਦਾਸ ਹੋ ਕੇ ਇਕੱਲ ਨਾਲ ਭਰ ਜਾਂਦਾ ਹਾਂ ਤਾਂ ਮੇਰੇ ਬਾਪ ਦਾ ਅਸੀਸ ਰੂਪੀ ਹੱਥ ਮੇਰੇ ਅੰਗ-ਸੰਗ ਰਹਿੰਦਾ, ਮੈਨੂੰ ਸਰਬ-ਸਾਥ ਦਾ ਅਹਿਸਾਸ ਕਰਵਾਉਂਦਾ ਏ। ਆਪਣੇ ਲਡਿੱਕਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਵਰਗੇ ਮਾਪੇ ਜਿੰਨਾ ਚਿਰ ਜਿਉਂਦੇ ਨੇ, ਤੁਹਾਨੂੰ ਆਪਣੇ ਆਪ ‘ਤੇ ਇੰਨਾ ਵਿਸ਼ਵਾਸ ਹੁੰਦਾ ਏ ਕਿ ਜੀਵਨ ਦੀਆਂ ਤਮਾਮ ਮੁਸ਼ਕਿਲਾਂ ਤੁਹਾਡੀਆਂ ਮੰਜ਼ਿਲਾਂ ਦਾ ਸਿਰਨਾਂਵਾਂ ਬਣ ਜਾਂਦੀਆਂ ਨੇ। ਹਲ ਵਾਹ ਕੇ ਆਪਣੇ ਬੱਚਿਆਂ ਨੂੰ ਉਚ ਵਿਦਿਆ ਦੇਣ ਵਾਲੇ ਅਨਪੜ੍ਹ ਬਾਪ ਦੀ ਦੇਣ ਤਾਂ ਮੈਂ ਦੇ ਹੀ ਨਹੀਂ ਸਕਦਾ। ਆਪਣੇ ਬੱਚਿਆਂ ਨੂੰ ਵਿਦਿਆ ਦਿੰਦਾ ਸੋਚਦਾ ਹਾਂ ਕਿ ਮੈਂ ਆਪਣੇ ਬਾਪ ਦੀ ਕਦੇ ਬਰਾਬਰੀ ਨਹੀਂ ਕਰ ਸਕਾਂਗਾ ਜਿਸ ਨੇ ਖਾਲੀ ਹੱਥ, ਨਿਰੋਲ ਆਪਣੇ ਸਿਰੜ ਅਤੇ ਮਿਹਨਤ ਨਾਲ ਜ਼ਿੰਦਗੀ ਨੂੰ ਸੂਹੀ ਰੰਗਤ ਬਖਸ਼ੀ, ਜੋ ਉਸ ਦੇ ਪਰਿਵਾਰ ਦੇ ਹਰ ਵਿਹੜੇ ਵਿਚ ਪਸਰੀ ਹੋਈ ਏ। ਕਾਸ਼! ਅਸੀਂ ਆਪਣੇ ਬਜ਼ੁਰਗਾਂ ਦੇ ਸਿਦਕ, ਸਮਰਪਣ ਅਤੇ ਸੰਵੇਦਨਾ ਦੇ ਹਾਣੀ ਹੋ ਸਕੀਏ। ਅਫਸੋਸ! ਸਾਨੂੰ ਆਪਣੀ ਜ਼ਿੰਦਗੀ ਦੀ ਮਕੈਨੀਕਲ ਦੌੜ ਵਿਚੋਂ ਸਮਾਂ ਹੀ ਨਹੀਂ ਮਿਲਦਾ ਆਪਣੇ ਬਜ਼ੁਰਗਾਂ ਦੀ ਅਹਿਮੀਅਤ ਨੂੰ ਕਿਆਸਣ ਦਾ।
ਜਦ ਮੈਂ ਜ਼ਿਆਦਾ ਹੀ ਉਦਾਸ ਹੋ ਜਾਵਾਂ ਤਾਂ ਔਝੜ ਰਾਹਾਂ ਵਿਚ ਮਾਰਗ ਦਰਸ਼ਨ ਕਰਨ ਵਾਲੇ ਮਿੱਤਰਾਂ ਦੀ ਸੁਹਬਤ ਮੇਰੀ ਸੋਚ ਆਣ ਮੱਲਦੀ ਏ ਜਿਨ੍ਹਾਂ ਨੇ ਮੈਨੂੰ ਮੇਰੇ ਆਪੇ ਦੇ ਰੂਬਰੂ ਕਰਦਿਆਂ ਮੇਰੇ ਰੁੱਸੇ ਹੋਏ ਪਲਾਂ ਨੂੰ ਮੋੜ ਕੇ ਲਿਆਂਦਾ। ਨਿਜੀ ਮੁਫਾਦ ਤੋਂ ਉਪਰ ਉਠ ਕੇ ਕਿਸੇ ਲਈ ਕੁਝ ਕਰਨ ਵਾਲੇ ਦੋਸਤ ਤੁਹਾਡੀ ਜ਼ਿੰਦਗੀ ਦਾ ਉਹ ਸਰਮਾਇਆ ਹੁੰਦੇ ਹਨ ਜਿਸ ‘ਤੇ ਤੁਸੀਂ ਨਾਜ਼ ਕਰ ਸਕਦੇ ਹੋ। ਇਹ ਤੁਹਾਡੀ ਉਮਰ ਭਰ ਦੀ ਕਮਾਈ ਹੁੰਦੀ ਹੈ ਅਤੇ ਤੁਸੀਂ ਭੋਰਾ ਭੋਰਾ ਕਰਕੇ ਇਸ ਨੂੰ ਖਾਂਦੇ, ਇਸ ‘ਚੋਂ ਲੱਜਤ ਪ੍ਰਾਪਤ ਕਰਦੇ ਹੋ। ਆਪਣਿਆਂ ਵਰਗੇ ਦੋਸਤਾਂ ਦੀ ਦੁਨੀਆਂ ਤੁਹਾਡੇ ਵਿਅਕਤੀਤਵ ਦਾ ਉਹ ਹਿੱਸਾ ਹੈ ਜੋ ਤੁਹਾਨੂੰ ਜੀਵਨ ਨਾਲ ਜੋੜੀ ਰੱਖਦਾ ਏ। ਜਾਣ-ਪਛਾਣ ਬਹੁਤ ਹੋ ਸਕਦੀ ਏ ਪਰ ਦੋਸਤੀਆਂ ਵਿਰਲੀਆਂ ਹੁੰਦੀਆਂ ਨੇ ਅਤੇ ਉਨ੍ਹਾਂ ਵਿਰਲਿਆਂ ਵਿਚੋਂ ਇਕ ਦੋ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਸਾਂਝ ਉਮਰਾਂ ਨਾਲ ਨਿੱਭ ਜਾਂਦੀ ਏ। ਅਜਿਹੇ ਦੋਸਤਾਂ ਦੀ ਮਾਨਸਿਕ ਸਾਂਝ ਮੇਰੀ ਉਦਾਸੀ ਨੂੰ ਪੇਤਲੀ ਕਰ ਮੈਨੂੰ ਜੀਵਨ ਧਾਰਾ ਨਾਲ ਜੋੜ ਦਿੰਦੀ ਹੈ।
ਜਦ ਕਦੇ ਮੈਂ ਬਹੁਤ ਜ਼ਿਆਦਾ ਉਦਾਸ ਹੋਵਾਂ ਤਾਂ ਆਪਣੀ ਪਰਦੇਸਣ ਧੀ ਨਾਲ ਗੱਲਾਂ ਕਰਦਾ ਹਾਂ। ਉਸ ਦੀਆਂ ਨਸੀਹਤਾਂ ਮੇਰੀਆਂ ਉਦਾਸੀ ਨੂੰ ਆਪਣੇ ਵਿਚ ਹਜ਼ਮ ਕਰ ਲੈਂਦੀਆਂ ਨੇ। ਉਸ ਦੀਆਂ ਸਲਾਹਾਂ, ਮੇਰੇ ਲਈ ਜਿਉਣ ਦਾ ਆਹਰ ਬਣਦੀਆਂ ਨੇ। ਉਸ ਦਾ ਛੇਤੀ ਮਿਲਣ ਦਾ ਲਾਰਾ ਮੈਨੂੰ ਇਕ ਉਡੀਕ ਨਾਲ ਭਰ ਦਿੰਦਾ ਏ ਅਤੇ ਇਸ ਉਡੀਕ ਵਿਚ ਆਪਣੀ ਆਂਦਰ ਨੂੰ ਮਿਲਣ ਦਾ ਵਿਸਮਾਦ ਹੁੰਦਾ ਏ। ਕਦੇ ਕਦੇ ਮੈਂ ਆਪਣੀ ਧੀ ਨੂੰ ਖਤ ਵੀ ਲਿਖਦਾ ਹਾਂ। ਖਤ ਕਿ ਜਿਸ ਵਿਚ ਮਨ ਦੀਆਂ ਪਰਤਾਂ ਖੋਲਦਾ ਹਾਂ, ਜੋ ਉਸ ਦੀ ਜੀਵਨ ਜਾਚ ਲਈ ਮਾਰਗ ਵੀ ਬਣਦੀਆਂ ਨੇ। ਆਪਣੇ ਜੀਵਨ ਨੂੰ ਭਰਪੂਰਤਾ ਨਾਲ ਜਿਉਣ ਵਾਲੀ ਧੀ ਦੇ ਮਿੱਠੜੇ ਬੋਲ, ਮੇਰੀ ਲਈ ਇਕ ਆਹਰ ਲੈ ਕੇ ਆਉਂਦੇ ਨੇ ਜੋ ਮੇਰੀ ਜ਼ਿੰਦਗੀ ਨੂੰ ਸਕੂਨ ਬਖਸ਼ਦੇ ਨੇ।
ਜਦ ਉਦਾਸੀ ਸੌਣ ਤੋਂ ਲਾਚਾਰ ਕਰ ਦੇਵੇ ਤਾਂ ਮੈਂ ਅੱਖਰਾਂ ਦੀ ਪਨਾਹ ਵਿਚ ਚਲੇ ਜਾਂਦਾ ਹਾਂ। ਹਰਫਾਂ ਨੂੰ ਆਪਣੀ ਵੇਦਨਾ ਦੱਸਦਾ ਹਾਂ। ਉਹ ਮੇਰੇ ਅੰਦਰਲੇ ਨੂੰ ਆਪਣੇ ਵਿਚ ਸਮਾਉਂਦੇ ਵਰਕੇ ‘ਤੇ ਫੈਲ ਜਾਂਦੇ ਨੇ ਅਤੇ ਨਾਲ ਹੀ ਤਹਿਜ਼ੀਬ ਦੇ ਵਰਕੇ ‘ਤੇ ਪਸਰ ਜਾਂਦੀਆਂ ਨੇ ਮੇਰੀਆਂ ਸੰਵੇਦਨਾਵਾਂ। ਕਲਮ ਤੇ ਵਰਕੇ, ਮੇਰੇ ਸਾਥੀ ਬਣ ਜਾਂਦੇ ਨੇ ਅਤੇ ਇਹ ਹਰਫ ਕਈ ਪਰਤਾਂ ਵਿਚ ਬਹੁਰੂਪੀ ਅਰਥ ਸਮੇਟਦੇ ਮੈਨੂੰ ਆਪਣੇ ਆਗੋਸ਼ ਵਿਚ ਲੈ ਲੈਂਦੇ ਨੇ। ਮੈਂ ਆਪਣੇ ਆਪ ਨੂੰ ਹਰਫਾਂ ਦੀ ਧੂਣੀ ਵਿਚ ਰਮਾਉਂਦਾ ਹਾਂ। ਆਪਣੇ ਅੰਦਰਲੇ ਸੇਕ ਨਾਲ ਅੱਗ ਮਚਾਉਂਦਾ, ਕੁਝ ਲੋਅ ਅਤੇ ਸੇਕ ਦੇਣ ਦੇ ਯਤਨ ਵਿਚੋਂ ਸਕੂਨ ਪ੍ਰਾਪਤ ਕਰਦਾ ਹਾਂ। ਮੇਰੀ ਉਦਾਸੀ, ਇਕ ਰਾਹਤ ਬਣ ਕੇ ਮੇਰੇ ਦਰਾਂ ਵਿਚ ਦਸਤਕ ਬਣ ਜਾਂਦੀ ਹੈ ਅਤੇ ਮੇਰੀਆਂ ਮਾਨਸਿਕ ਨਿਵਾਣਾਂ ਨੂੰ ਪਰਬਤੀ ਮੁਹਾਣ ਬਖਸ਼ਦੀ ਏ। ਮੈਂ ਆਪਣਾ ਉਦਾਸ ਉਛਾੜ ਲਾਹ ਕੇ, ਇਕ ਸੁਰਖ ਲਿਬਾਸ ਪਾ ਲੈਂਦਾ ਹਾਂ ਅਤੇ ਆਪਣੀ ਜੀਵਨ ਜੋਤ ਨੂੰ ਆਤਮਿਕ ਜੋਤ ਨਾਲ ਪ੍ਰਕਾਸ਼ਦਾ ਹਾਂ।
ਜਦ ਬਹੁਤ ਹੀ ਜ਼ਿਆਦਾ ਉਦਾਸ ਹੋ ਜਾਵਾਂ ਤਾਂ ਮੈਂ ਆਪਣੇ ਅੰਦਰ ਉਤਰ ਜਾਂਦਾ ਹਾਂ ਅਤੇ ਆਪਣੇ ਆਪ ਨਾਲ ਅੰਤਰ-ਸੰਵਾਦ ਰਚਾਉਂਦਾ ਹਾਂ। ਆਪ ਹੀ ਪ੍ਰਸ਼ਨ ਅਤੇ ਆਪ ਹੀ ਜਵਾਬ ਬਣਦਾ ਹਾਂ। ਆਪਣੀਆਂ ਖੁਨਾਮੀਆਂ ਤੇ ਕੁਤਾਹੀਆਂ ਦਾ ਹਿਸਾਬ ਲਾਉਂਦਾ ਹਾਂ। ਆਪਣੀ ਹਉਮੈ ਅਤੇ ਹੰਕਾਰ ਨੂੰ ਮਾਪਦਾ ਹਾਂ। ਆਪਣੀ ਨੀਚਤਾ ਨੂੰ ਕਿਆਸਦਾ, ਆਪਣੇ ਆਪ ਨੂੰ ਦੁਰਕਾਰਦਾ ਹਾਂ। ਆਪਣੇ ਆਪ ਲਈ ਲਾਹਨਤ ਅਤੇ ਨੀਚਾਂ ਹੂੰ ਅੱਤ ਨੀਚ ਬਣ ਆਪਣੇ ਅੰਤਰੀਵੀ ਸੰਵਾਦ ਨਾਲ ਆਪਣੇ ਆਪ ਨੂੰ ਫਿਟਕਾਰਦਾ ਹਾਂ। ਮੇਰੀਆਂ ਸੰਭਾਵਨਾਵਾਂ ਅਤੇ ਪ੍ਰਾਪਤੀਆਂ ਵਿਚਲਾ ਫਾਸਲਾ ਮੈਨੂੰ ਸ਼ਰਮਸ਼ਾਰ ਕਰਦਾ ਏ।
ਜੇ ਮੈਨੂੰ ਉਦਾਸੀ ਤੋਂ ਕੋਈ ਰਾਹਤ ਮਿਲਣ ਦੀ ਆਸ ਨਜ਼ਰ ਨਾ ਆਵੇ ਤਾਂ ਮੈਂ ਚੁੱਪ ਹੋ ਜਾਂਦਾ ਹਾਂ। ਮੇਰੇ ਲਈ ਸਭ ਤੋਂ ਬਿਹਤਰ ਹੁੰਦਾ ਹੈ, ਚੁੱਪ ਦਾ ਸਾਥ। ਇਹ ਡੂੰਘੇਰੀ ਚੁੱਪ, ਮੇਰੀ ਉਦਾਸੀ ਲਈ ਇਕ ਮਰਹਮ ਬਣਦੀ ਏ। ਸੋਚਦਾ ਹਾਂ, ਜ਼ਿੰਦਗੀ ਵਿਚ ਵਾਪਰ ਰਿਹਾ ਬੜਾ ਕੁਝ ਤੁਹਾਡਾ ਇਮਤਿਹਾਨ ਲੈਂਦਾ ਏ। ਤੁਸੀਂ ਇਨ੍ਹਾਂ ਉਦਾਸ ਰੁੱਤਾਂ ਨੂੰ ਕਿਵੇਂ ਬਹਾਰਾਂ ਵਿਚ ਤਬਦੀਲ ਕਰਨਾ, ਤੁਸੀਂ ਇਨ੍ਹਾਂ ਉਦਾਸੀਆਂ ਨੂੰ ਬਾਬੇ ਨਾਨਕ ਵਾਲੀ ਰੰਗਤ ਕਿਵੇਂ ਬਖਸ਼ਣੀ ਏ, ਇਹ ਤੁਹਾਡੇ ‘ਤੇ ਮੁਨੱਸਰ ਕਰਦਾ ਏ, ਤੁਹਾਡਾ ਜੀਵਨ ਦ੍ਰਿਸ਼ਟੀਕੋਣ ਏ, ਤੁਹਾਡੇ ਅੰਦਰਲੇ ਦੀ ਆਭਾ ਏ। ਉਦਾਸੀ ਦੀ ਰੂਹਾਨੀਅਤ ਰੰਗਤ ਨੂੰ ਮਾਣਨ ਲਈ ਅੱਜ ਕੱਲ ਮੈਂ ਚੁੱਪ ਹੀ ਰਹਿੰਦਾ ਹਾਂ ਅਤੇ ਇਸ ਉਦਾਸ ਰੁੱਤ ‘ਚੋਂ ਆਪਣੇ ਆਪ ਨੂੰ ਵਿਸਤਾਰਨ ਦੀ ਜੁਗਤ ਵਿਚ ਰੁੱਝਿਆ, ਸੰਵੇਦਨਸ਼ੀਲ ਚੁੱਪ ਦਾ ਸਾਥ ਮਾਣਦਾ ਹਾਂ। ਅਜਿਹੀ ਚੁੱਪ ਦਾ ਸਾਥ ਬਹੁਤ ਵਿਰਲਿਆਂ ਨੂੰ ਨਸੀਬ ਹੁੰਦਾ ਏ। ਕਾਸ਼! ਅਸੀਂ ਸਾਰੇ ਭਾਗਾਂ-ਭਰੀ ਚੁੱਪ ਦੀ ਰਹਿਬਰੀ ਦਾ ਸਾਥ ਹਾਸਲ ਕਰ ਸਕੀਏ।