6 ਸਤੰਬਰ 1940 ਦੇ ਸ਼ਹੀਦਾਂ ਨੂੰ ਸਮਰਪਿਤ
ਕੰਵਲਬੀਰ ਸਿੰਘ ਪੰਨੂੰ*
ਫੋਨ: 91-98766-98068
ਭਾਰਤ ਨੂੰ ਅੰਗਰੇਜ਼ੀ ਸ਼ਾਸਨ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਨੇ ਲੰਮੀ ਜਦੋ ਜਹਿਦ ਕਰਦਿਆਂ ਅਣਗਿਣਤ ਤਸੀਹੇ ਤੇ ਕਸ਼ਟ ਝੱਲੇ ਅਤੇ ਜਾਨਾਂ ਵੀ ਵਾਰੀਆਂ। ਇਸ ਸੰਘਰਸ਼ ਦੌਰਾਨ ਦੇਸ਼ ਵਿਚ ਕਈ ਆਜ਼ਾਦੀ ਲਹਿਰਾਂ ਚੱਲੀਆਂ। ਅਜਿਹੀ ਹੀ ਇੱਕ ਲਹਿਰ ਸੀ, ਗਦਰ ਪਾਰਟੀ ਲਹਿਰ ਜਿਸ ਦਾ ਅਰੰਭ ਵੀਹਵੀਂ ਸਦੀ ਦੇ ਮੁਢ ਵਿਚ ਕੈਨੇਡਾ ਤੇ ਅਮਰੀਕਾ ਦੀ ਧਰਤੀ ‘ਤੇ ਰੋਜ਼ੀ ਰੋਟੀ ਤੇ ਚੰਗੇ ਭਵਿੱਖ ਲਈ ਗਏ ਭਾਰਤੀਆਂ ਨੇ ਕੀਤਾ। ਇਨ੍ਹਾਂ ਵਿਚ ਬਹੁਗਿਣਤੀ ਸਿੱਖਾਂ ਦੀ ਸੀ। ਪਾਰਟੀ ਦਾ ਮੁੱਖ ਉਦੇਸ਼ ਭਾਰਤ ਦੀ ਮੁਕੰਮਲ ਆਜ਼ਾਦੀ ਅਤੇ ਗੈਰ ਫਿਰਕੂ ਰਾਜ ਦੀ ਸਥਾਪਨਾ ਕਰਨਾ ਸੀ।
ਪਹਿਲਾ ਵਿਸ਼ਵ ਯੁੱਧ ਸਮੇਂ ਤੋਂ ਪਹਿਲਾਂ ਸ਼ੁਰੂ ਹੋਣ ਕਰਕੇ ਗਦਰ ਦੀ ਤਿਆਰੀ ਲਈ ਘੱਟ ਸਮਾਂ ਮਿਲਣ ਕਾਰਨ ਗਦਰੀ ਦੇਸ਼ ਭਗਤਾਂ ਨੂੰ 1915 ਵਿਚ ਭਾਵੇਂ ਪੂਰੀ ਕਾਮਯਾਬੀ ਨਾ ਮਿਲੀ ਪਰ ਉਨ੍ਹਾਂ ਦੀ ਸ਼ੁਰੂ ਕੀਤੀ ਲਹਿਰ ਸਮੇਂ ਨਾਲ ਰੰਗ ਲਿਆਈ। ਗਦਰੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੇ ਝੱਲੇ ਕਸ਼ਟਾਂ ਨੇ ਭਾਰਤੀ ਲੋਕਾਂ ਅੰਦਰ ਪੂਰਨ ਆਜ਼ਾਦੀ ਦੀ ਭਾਵਨਾ ਨੂੰ ਚਿੰਗਾਰੀ ਲਾ ਦਿੱਤੀ। ਨਤੀਜੇ ਵਜੋਂ ਕ੍ਰਾਂਤੀਕਾਰੀ ਨੌਜਵਾਨਾਂ ਨੇ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਸੰਗਠਨ ਕਾਇਮ ਕਰਕੇ ਆਜ਼ਾਦੀ ਲਈ ਯੁੱਧ ਅਰੰਭਿਆ। ਗਦਰੀਆਂ ਵਲੋਂ ਫੌਜੀ ਛਾਉਣੀਆਂ ‘ਚ ਕੀਤੇ ਪ੍ਰਚਾਰ ਨੇ ਭਾਰਤੀ ਫੌਜੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਦਾ ਪ੍ਰਤੱਖ ਸਬੂਤ 1915 ਤੋਂ ਲੈ ਕੇ 1946 ਤੱਕ ਬਹੁਤ ਸਾਰੇ ਰਸਾਲਿਆਂ ਤੇ ਪਲਟਨਾਂ ਦੇ ਭਾਰਤੀ ਫੌਜੀਆਂ ਦੀਆਂ ਬਗਾਵਤਾਂ ਤੋਂ ਮਿਲਦਾ ਹੈ। ਅੰਗਰੇਜ਼ ਹਾਕਮਾਂ ਨੇ ਇਨ੍ਹਾਂ ਬਗਾਵਤਾਂ ਵਿਚ ਸ਼ਾਮਲ ਹਜ਼ਾਰਾਂ ਵਿਚੋਂ ਕਰੀਬ 80 ਫੌਜੀਆਂ ਨੂੰ ਗੋਲੀਆਂ ਮਾਰ ਕੇ ਜਾਂ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ। 300 ਤੋਂ ਵੱਧ ਨੂੰ ਉਮਰ ਕੈਦ, ਜਲਾਵਤਨੀ, ਜਾਇਦਾਦ ਜ਼ਬਤੀ ਅਤੇ ਹੋਰ ਸਜ਼ਾਵਾਂ ਭੁਗਤਣੀਆਂ ਪਈਆਂ।
ਦੂਜੀ ਸੰਸਾਰ ਜੰਗ ਸਮੇਂ 1940 ਵਿਚ ਹੋਈ ਐਮæਟੀæ ਦੀ ਬਗਾਵਤ, ਫੇਰ 21 ਨੰਬਰ ਰਸਾਲੇ ਦੀ ਬਗਾਵਤ ਅਤੇ ਪੰਜਾਬ ਰੈਜੀਮੈਂਟ ਦੀ ਬਗਾਵਤ ਦਾ ਫੌਜੀ ਬਗਾਵਤਾਂ ਦੇ ਇਤਿਹਾਸ ਵਿਚ ਖਾਸ ਸਥਾਨ ਹੈ। ਇਨ੍ਹਾਂ ਬਗਾਵਤਾਂ ਵਿਚ ਫੌਜੀਆਂ ਨੂੰ ਸ਼ਾਮਲ ਕਰਨ ਦਾ ਕੰਮ ਵੀ 1915 ਦੇ ਗਦਰੀ ਆਗੂ ਭਾਈ ਸੰਤੋਖ ਸਿੰਘ ਧਰਦਿਉ ਵਲੋਂ ਸ਼ੁਰੂ ਕੀਤੇ ਗਏ ਅਖਬਾਰ ‘ਕਿਰਤੀ ਲਹਿਰḔ ਨੇ ਕੀਤਾ। ਇਸ ਅਖਬਾਰ ਨੂੰ ਭਾਈ ਸੰਤੋਖ ਸਿੰਘ ਦੇ 1927 ਵਿਚ ਚਲਾਣੇ ਪਿਛੋਂ ਕਾਮਰੇਡ ਸੋਹਣ ਸਿੰਘ ਜੋਸ਼, ਸ਼æ ਗੁਰਚਰਨ ਸਿੰਘ ਸਹਿੰਸਰਾ ਤੇ ਸੋਢੀ ਹਰਮਿੰਦਰ ਸਿੰਘ ਮਿਲ ਕੇ ਛਾਪਦੇ ਰਹੇ ਤੇ ਵੱਖ ਵੱਖ ਛਾਉਣੀਆਂ ਵਿਚ ਪਹੁੰਚਾਉਂਦੇ ਰਹੇ।
ਸੈਂਟਰਲ ਇੰਡੀਆ ਹਾਰਸ (21 ਨੰਬਰ ਰਸਾਲੇ) ਦੀ ਬਗਾਵਤ ਵਿਚ ਸ਼ਾਮਲ 110 ਸੂਰਬੀਰ ਫੌਜੀਆਂ ਦੀ ਵੀਰਤਾ ਵੀ ਆਜ਼ਾਦੀ ਦੇ ਇਤਿਹਾਸ ਵਿਚ ਇਕ ਖਾਸ ਸਥਾਨ ਹੈ। ਜੰਗ ਲੱਗਣ ਵੇਲੇ 21 ਨੰæ ਰਸਾਲੇ ਨੂੰ ਮੇਰਠ ਤੋਂ ਨਵੰਬਰ 1939 ਵਿਚ ਬੁਲਾਰਮ, ਸਿਕੰਦਰਾਬਾਦ ਬਦਲ ਦਿੱਤਾ ਗਿਆ। ਏਥੇ ਮਿਸਰ ਨੂੰ ਭੇਜੀਆਂ ਜਾਣ ਵਾਲੀਆਂ ਯੂਨਿਟਾਂ ਰੱਖੀਆਂ ਜਾ ਰਹੀਆਂ ਸਨ। ਲਗਭਗ 50,000 ਫੌਜੀਆਂ ਨੂੰ 18 ਜਹਾਜਾਂ ਵਿਚ ਲੈ ਕੇ ਜਾਣਾ ਸੀ। ਸਰਕਾਰ ਨੂੰ ਇਸ ਰਸਾਲੇ ਦੀਆਂ ਗਤੀਵਿਧੀਆਂ ‘ਤੇ ਪਹਿਲਾਂ ਹੀ ਸ਼ੱਕ ਸੀ, ਜਿਸ ਕਰਕੇ ਸਰਕਾਰ ਨੇ ਸਭ ਤੋਂ ਪਹਿਲਾਂ ਰਸਾਲੇ ਨੂੰ ਜਹਾਜ ਚੜ੍ਹਨ ਦਾ ਹੁਕਮ ਦਿੱਤਾ। ਇਸ ਬਗਾਵਤ ਵਿਚ ਸ਼ਾਮਲ ਸ਼ ਅਤਰ ਸਿੰਘ ਪਿੰਡ ਭਰਾੜੀਵਾਲ ਅਤੇ ਪ੍ਰਦੁਮਣ ਸਿੰਘ ਪਿੰਡ ਨੂਰਪੁਰ, ਜਿਲ੍ਹਾ ਫਿਰੋਜਪੁਰ ਦੇ ਬਿਆਨਾਂ ਅਨੁਸਾਰ ਬਗਾਵਤ ਵਾਲੇ ਦਿਨ 16 ਜੁਲਾਈ 1940 ਨੂੰ ਸਵੇਰੇ ਹੀ ਉਨ੍ਹਾਂ ਦੇ ਰਸਾਲੇ ਨੂੰ ਮਿਸਰ ਭੇਜਣ ਲਈ ਅਲੈਗਜੈਂਡਰਾ ਡੈਕ ‘ਤੇ ਪਹੁੰਚਾ ਦਿੱਤਾ ਗਿਆ। ਅੰਗਰੇਜ਼ ਅਫਸਰ ਨੇ ਜਹਾਜ ਵਿਚ ਇੱਕ ਗਾਰਦ ਨਿਯੁਕਤ ਕੀਤੀ ਜਿਸ ਵਿਚ ਬਿਸ਼ਨ ਸਿੰਘ ਬੁੱਟਰ, ਗੁਰਚਰਨ ਸਿੰਘ ਚੁਗਾਵਾਂ, ਅਜਾਇਬ ਸਿੰਘ ਨੰਦਪੁਰ ਅਤੇ ਸਾਧੂ ਸਿੰਘ ਦਦੇਹਰ ਸ਼ਾਮਲ ਸਨ। ਗਾਰਦ ਨੂੰ ਜਹਾਜ ਵਿਚ ਚੜ੍ਹਨ ਦਾ ਹੁਕਮ ਕੀਤਾ ਗਿਆ। ਗਾਰਦ ਨੇ ਜਹਾਜ ਵਿਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ। ਬਸ ਉਦੋਂ ਹੀ ਬਗਾਵਤ ਦਾ ਬਿਗਲ ਵੱਜ ਗਿਆ। ਮੌਕੇ ‘ਤੇ ਮੌਜੂਦ ਲੈਫਟੀਨੈਂਟ ਕਰਨਲ ਪੀæ ਜੀæ ਪਕਾਕ ਨੇ ਮੇਜਰ ਕਾਕਸ ਨੂੰ ਗਾਰਦ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ। ਇਸ ਪਿਛੋਂ ਬੀæ ਸੁਕੁਆਡਰਨ ਦੇ ਸਿੱਖ ਸਿਪਾਹੀਆਂ ਨੇ ਵੀ ਜਹਾਜ ਚੜ੍ਹਨ ਤੋਂ ਨਾਂਹ ਕਰ ਦਿੱਤੀ। ਇਸ ‘ਤੇ ਸਾਰੀ ਰੈਜੀਮੈਂਟ ਹੀ ਬਾਗੀ ਹੋ ਬੈਠੀ। ਨਾਂਹ ਕਰਨ ਵਾਲਿਆਂ ਨੂੰ ਮਨਾਉਣ ਲਈ ਸਾਰਾ ਦਿਨ ਯਤਨ ਹੁੰਦੇ ਰਹੇ। ਕਰਨਲ ਪਕਾਕ ਪ੍ਰੇਸ਼ਾਨ ਸੀ ਕਿਉਂਕਿ ਫੌਜੀਆਂ ਕੋਲ ਹਥਿਆਰ ਸਨ, ਜਿਨ੍ਹਾਂ ਵਿਚ 303 ਰਾਈਫਲਾਂ ਦੇ 6 ਲੱਖ ਅਤੇ ਰੀਵਾਲਵਰਾਂ ਦੇ 60,000 ਰੌਂਦ ਸਨ। ਫੌਜੀਆਂ ਨੂੰ ਮਨਾਉਣ ਲਈ ਵਾਰ ਵਾਰ ਕਿਹਾ ਗਿਆ ਕਿ ਜਿਹੜੇ ਫੌਜੀ ਬਗਾਵਤ ਤੋਂ ਵੱਖ ਹੋ ਜਣਗੇ, ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਹੋਵੇਗੀ। ਅਖੀਰ ਸ਼ਾਮ ਤੱਕ ਸਿੱਖ ਸਕੁਆਡਰਨ ਦੇ 108 ਸਿੱਖ ਤੇ ਦੋ ਮੁਸਲਮਾਨ ਹੀ ਰਹਿ ਗਏ। ਜੇæਓæਸੀæ ਨੇ ਸਿੱਖਾਂ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਹਥਿਆਰ ਸੁੱਟਣ ਲਈ ਕਿਹਾ। ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੀ ਧਮਕੀ ਦਿੱਤੀ ਗਈ। ਇਸ ਉਤੇ ਸਿੱਖ ਫੌਜੀਆਂ ਨੇ ਕਿਹਾ ਕਿ “ਅਸੀਂ ਮਰਨ ਲਈ ਤਿਆਰ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਸਹੁੰ ਚੁੱਕੀ ਹੈ ਕਿ ਅਸੀਂ ਬਰਤਾਨਵੀ ਹਕੂਮਤ ਲਈ ਵਿਦੇਸ਼ੀ ਧਰਤੀ ‘ਤੇ ਜਾ ਕੇ ਨਹੀਂ ਲੜਾਂਗੇ ਤੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜਾਂਗੇ।” ਇਸ ਉਤੇ ਫੌਜੀਆਂ ਨੂੰ ਬੇਹਥਿਆਰ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਤਰੀਮੁਲਗੇਰੀ ਜੇਲ੍ਹ (ਪੋਰਟ ਆਰਥਰ ਜੇਲ੍ਹ), ਸਿਕੰਦਰਾਬਾਦ ਭੇਜ ਦਿੱਤਾ।
26 ਜੁਲਾਈ 1940 ਨੂੰ ਜੇਲ੍ਹ ਅੰਦਰ ਹੀ ਇਨ੍ਹਾਂ ਸੂਰਬੀਰਾਂ ਦਾ ਕੋਰਟ ਮਾਰਸ਼ਲ ਸ਼ੁਰੂ ਹੋਇਆ, ਜੋ ਕੇਵਲ ਚਾਰ ਦਿਨ ਹੀ ਚੱਲਿਆ ਤੇ ਚਾਰ ਫੌਜੀਆਂ ਨੂੰ ਫਾਂਸੀ ਦੀ ਸਜ਼ਾ, 16 ਐਨæਸੀæਓæ ਨੂੰ 14-14 ਸਾਲ ਦੀ ਬਾਮੁਸ਼ੱਕਤ ਕੈਦ, 84 ਘੋੜਸਵਾਰਾਂ ਨੂੰ 10-10 ਸਾਲ ਬਾਮੁਸ਼ੱਕਤ ਕੈਦ ਅਤੇ ਛੇ ਰੰਗਰੂਟਾਂ ਨੂੰ 4-4 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਗਈ। ਇਹ ਸਜ਼ਾਵਾਂ 23 ਅਗਸਤ 1940 ਨੂੰ ਸੁਣਾਈਆਂ ਗਈਆਂ।
ਭਾਈ ਨਾਹਰ ਸਿੰਘ ਦੀ ਸੂਚਨਾ ਮੁਤਾਬਿਕ ਕੋਰਟ ਮਾਰਸ਼ਲ ਵਿਚ ਪਹਿਲਾਂ 14 ਐਨæਸੀæਓæ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਪਰ ਬਾਅਦ ਵਿਚ ਦਸਾਂ ਦੀ ਫਾਂਸੀ ਕੱਟ ਕੇ ਚੌਹਾਂ ਨੂੰ। ਡਰ ਸੀ ਕਿ ਬਹੁਤੀਆਂ ਸਜ਼ਾਵਾਂ ਦੇਣ ਨਾਲ ਇਨ੍ਹਾਂ ਫੌਜੀਆਂ ਦੇ ਸਬੰਧਿਤ ਜਿਲ੍ਹਿਆਂ ਵਿਚ ਬਗਾਵਤ ਹੋ ਜਾਵੇਗੀ। 21 ਨੰæ ਰਸਾਲੇ ਦੇ ਚਾਰ ਸੂਰਬੀਰ ਫੌਜੀਆਂ-ਸ਼ਹੀਦ ਬਿਸ਼ਨ ਸਿੰਘ ਬੁੱਟਰ, ਸ਼ਹੀਦ ਗੁਰਚਰਨ ਸਿੰਘ ਚੁਗਾਵਾਂ, ਸ਼ਹੀਦ ਅਜਾਇਬ ਸਿੰਘ ਨੰਦਪੁਰ ਅਤੇ ਸ਼ਹੀਦ ਸਾਧੂ ਸਿੰਘ ਦਦੇਹਰ ਨੂੰ 6 ਸਤੰਬਰ 1940 ਨੂੰ ਸਿਕੰਦਰਾਬਾਦ ਜੇਲ੍ਹ ਵਿਚ ਅੰਗਰੇਜ਼ ਸਰਕਾਰ ਵੱਲੋਂ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਸ਼ਹੀਦ ਬਿਸ਼ਨ ਸਿੰਘ ਦਾ ਜਨਮ 1915 ਵਿਚ ਪਿੰਡ ਬੁੱਟਰ, ਜਿਲ੍ਹਾ ਅੰਮ੍ਰਿਤਸਰ ਵਿਚ ਸ਼ ਗੁਰਦਿੱਤ ਸਿੰਘ ਨੰਬਰਦਾਰ ਦੇ ਘਰ ਹੋਇਆ। ਉਨ੍ਹਾਂ ਮੁਢਲੀ ਵਿਦਿਆ ਡੀæਬੀæ ਮਿਡਲ ਸਕੂਲ ਮਹਿਤਾ ਨੰਗਲ ਅਤੇ ਮੈਟ੍ਰਿਕ ਗੁਰੂ ਤੇਗ ਬਹਾਦਰ ਖਾਲਸਾ ਹਾਈ ਸਕੂਲ ਬਾਬਾ ਬਕਾਲਾ ਤੋਂ ਕੀਤੀ। ਉਹ ਬਚਪਨ ਵਿਚ ਗੁਰਸਿੱਖੀ ਲਗਨ ਵਾਲੇ ਸਨ। ਮਹਿਤਾ ਨੰਗਲ ਦੇ ਸਕੂਲ ਦੇ ਰਸਤੇ ਵਿਚ ਸਿੰਘ ਬੇਲਾ ਗੁਰਦੁਆਰਾ ਸੀ, ਜਿਥੇ ਨਾਮ ਬਾਣੀ ਦਾ ਪਰਵਾਹ ਚੱਲਦਾ ਰਹਿੰਦਾ ਸੀ। ਉਹ ਸਕੂਲ ਤੋਂ ਮੁੜਦਿਆਂ ਗੁਰਦੁਆਰੇ ਦੀਵਾਨਾਂ ਦੀ ਹਾਜਰੀ ਭਰਦੇ। ਇਸ ਗੁਰਦੁਆਰੇ ਵਿਚ ਦੇਸ਼ ਭਗਤ ਸੰਤੋਖ ਸਿੰਘ ਧਰਦੇਓ, ਸੰਤ ਇੰਦਰ ਸਿੰਘ ਆਦਿ ਸੰਤ ਭੇਸ ਵਿਚ ਰਿਹਾ ਕਰਦੇ ਸਨ। ਉਨ੍ਹਾਂ ਦੇ ਵਿਚਾਰ ਸੁਣ ਕੇ ਬਿਸ਼ਨ ਸਿੰਘ ਨੂੰ ਦੇਸ਼ ਭਗਤੀ ਦੀ ਲਗਨ ਲੱਗੀ। ਉਨ੍ਹਾਂ ਦਾ ਵਿਆਹ ਬੀਬੀ ਚਰਨ ਕੌਰ ਵਾਸੀ ਦਕੋਹਾ ਨਾਲ ਹੋਇਆ। ਉਨ੍ਹਾਂ ਦਾ ਇੱਕ ਪੁੱਤਰ ਸ਼ ਕਸ਼ਮੀਰ ਸਿੰਘ ਹੈ, ਜੋ ਆਪਣੇ ਪਿਤਾ ਦੇ ਫਾਂਸੀ ਲੱਗਣ ਸਮੇਂ ਸਿਰਫ ਛੇ ਮਹੀਨੇ ਦਾ ਸੀ, ਪਿੰਡ ਬੁੱਟਰ ਵਿਚ ਹੀ ਰਹਿ ਰਿਹਾ ਹੈ।
ਜਦੋਂ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਉਹ ਰਸਾਲੇ ਵਿਚੋਂ ਛੁੱਟੀ ਲੈ ਕੇ ਘਰ ਆਉਣ ਦੀ ਬਜਾਏ ਸ਼ਾਰਧਾ ਗਰਾਮ, ਨੇੜੇ ਵਾਰਧਾ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਬਗਾਵਤ ਲਈ ਸਹਿਯੋਗ ਸਬੰਧੀ ਮੁਲਾਕਾਤ ਕਰਕੇ ਹੀ ਵਾਪਸ ਚਲੇ ਗਏ। ਫੌਜ ਵਿਚ ਰਹਿੰਦਿਆਂ ਵੀ ਉਨ੍ਹਾਂ ਦਾ ਸੰਪਰਕ ਕਿਰਤੀ ਪਾਰਟੀ ਨਾਲ ਬਣਿਆ ਰਿਹਾ। ਉਹ ਸਾਥੀਆਂ ਨੂੰ ਕਿਰਤੀ ਲਿਟਰੇਚਰ ਨਾਲ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਲਈ ਪ੍ਰੇਰਦੇ ਰਹਿੰਦੇ। ਇਸ ਸ਼ਹੀਦ ਦੀ ਕੋਈ ਵੀ ਯਾਦਗਰ ਨਹੀਂ ਹੈ।
ਸ਼ਹੀਦ ਗੁਰਚਰਨ ਸਿੰਘ ਦਾ ਜਨਮ 10 ਜੁਲਾਈ 1911 ਨੂੰ ਪਿੰਡ ਚੁਗਾਵਾਂ ਸਾਧਪੁਰਾ, ਜਿਲ੍ਹਾ ਅੰਮ੍ਰਿਤਸਰ ਵਿਖੇ ਸ਼ ਬਲਵੰਤ ਸਿੰਘ ਦੇ ਘਰ ਹੋਇਆ। ਉਨ੍ਹਾਂ ਸ਼ਾਮ ਨਗਰ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਉਨ੍ਹਾਂ ਦਾ ਵਿਆਹ ਬੀਬੀ ਗੁਰਵੇਲ ਕੌਰ ਪਿੰਡ ਭਾਂਬੜੀ, ਗੁਰਦਾਸਪੁਰ ਨਾਲ ਹੋਇਆ। ਬੀਬੀ ਗੁਰਵੇਲ ਕੌਰ ਨੇ ਕੋਈ ਸੰਤਾਨ ਨਾ ਹੋਣ ਦੇ ਬਾਵਜੂਦ ਸਾਰੀ ਉਮਰ ਸ਼ਹੀਦ ਪਤੀ ਦੀ ਯਾਦ ਵਿਚ ਗੁਜਾਰ ਦਿੱਤੀ। ਸ਼ਹੀਦ ਦੇ ਨਾਂ ‘ਤੇ ਪਿੰਡ ਦੀ ਪੰਚਾਇਤ ਨੇ ਸਰਕਾਰ ਦੀ ਮਦਦ ਨਾਲ ਸਰਕਾਰੀ ਸਕੂਲ ਬਣਾਇਆ ਹੈ।
ਸ਼ਹੀਦ ਅਜਾਇਬ ਸਿੰਘ ਦਾ ਜਨਮ 1912 ਵਿਚ ਪਿੰਡ ਨੰਦਪੁਰ, ਜਿਲ੍ਹਾ ਤਰਨ ਤਾਰਨ ਵਿਖੇ ਸ਼ ਜੇਠਾ ਸਿੰਘ ਦੇ ਘਰ ਮਾਤਾ ਇੰਦ ਕੌਰ ਦੀ ਕੁੱਖੋਂ ਹੋਇਆ। ਉਹ ਇੰਡੀਅਨ ਅਰਮੀ ਵਿਚ ਸੈਂਟਰਲ ਇੰਡੀਅਨ ਹੌਰਸ ਰੈਜੀਮੈਂਟ ਦੇ 21 ਨੰਬਰ ਰਸਾਲੇ ਵਿਚ ਲਾਂਸ ਨਾਇਕ ਸਨ। ਉਹ ਸ਼ੁਰੂ ਤੋਂ ਹੀ ਸਿੱਖੀ ਜੀਵਨ ਜਾਚ ਤੋਂ ਪ੍ਰਭਾਵਿਤ ਸਨ, ਤੁਰਦੇ ਫਿਰਦੇ ਵੀ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ। ਸ਼ਹੀਦ ਹੋਣ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਬੀਬੀ ਪਾਲ ਕੌਰ ਪਿੰਡ ਰੂੜੀਵਾਲਾ, ਜਿਲ੍ਹਾ ਤਰਨ ਤਾਰਨ ਨਾਲ ਹੋਇਆ। ਬੀਬੀ ਪਾਲ ਕੌਰ ਨੇ ਕੋਈ ਸੰਤਾਨ ਨਾ ਹੋਣ ਦੇ ਬਾਵਜੂਦ ਦੂਸਰਾ ਵਿਆਹ ਨਹੀਂ ਕਰਵਾਇਆ ਅਤੇ ਨਾ ਹੀ ਸਹੁਰੇ ਪਰਿਵਾਰ ਤੋਂ ਆਪਣੇ ਸ਼ਹੀਦ ਪਤੀ ਦੀ ਜਾਇਦਾਦ ਦਾ ਹਿੱਸਾ ਲਿਆ। ਸ਼ਹੀਦ ਅਜਾਇਬ ਸਿੰਘ ਦੀ ਵੀ ਕੋਈ ਯਾਦਗਰ ਨਹੀਂ ਹੈ।
ਸ਼ਹੀਦ ਸਾਧੂ ਸਿੰਘ ਦਾ ਜਨਮ ਪਿੰਡ ਦਦੇਹਰ ਸਾਹਿਬ, ਜਿਲ੍ਹਾ ਤਰਨ ਤਾਰਨ ਵਿਚ ਸ਼ ਨੌਰੰਗ ਸਿੰਘ ਦੇ ਘਰ 1909 ‘ਚ ਹੋਇਆ। ਉਨ੍ਹਾਂ ਦੀ ਪਤਨੀ ਦਾ ਨਾਂ ਬਚਨ ਕੌਰ ਸੀ ਜਿਨ੍ਹਾਂ ਦਾ ਪੇਕਾ ਪਿੰਡ ਮਾਨੋਚਾਹਲ, ਜਿਲ੍ਹਾ ਤਰਨ ਤਾਰਨ ਸੀ। ਉਨ੍ਹਾਂ ਦਾ ਇੱਕ ਪੁੱਤਰ ਰਣਜੀਤ ਸਿੰਘ ਪਿਤਾ ਨੂੰ ਫਾਂਸੀ ਲੱਗਣ ਸਮੇਂ ਚਾਰ ਸਾਲ ਦਾ ਸੀ, ਜਿਸ ਦਾ ਪਰਿਵਾਰ ਹਣਿ ਦਦੇਹਰ ਸਾਹਿਬ ਹੀ ਰਹਿੰਦਾ ਹੈ। ਉਨ੍ਹਾਂ ਨੂੰ ਦੇਸ਼ ਭਗਤੀ ਦੀ ਲਗਨ ਆਪਣੇ ਹੀ ਪਿੰਡ ਦੇ ਗਦਰੀ ਦੇਸ਼ ਭਗਤ ਬਾਬਾ ਵਿਸਾਖਾ ਸਿੰਘ ਦੀ ਕੁਰਬਾਨੀ ਤੋਂ ਮਿਲੀ। ਕੋਈ ਯਾਦਗਰ ਨਹੀਂ ਬਣੀ।
ਸੈਂਟਰਲ ਇੰਡੀਆ ਹਾਰਸ (21 ਨੰਬਰ ਰਸਾਲਾ) ਦੇ ਜਿਨ੍ਹਾਂ ਹੋਰ 106 ਬਾਗੀ ਫੌਜੀਆਂ ਨੂੰ ਬਾਮੁਸ਼ੱਕਤ ਕੈਦ ਦੀ ਸਜ਼ਾ ਦਿੱਤੀ ਗਈ, ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ:
ਜਿਲ੍ਹਾ ਅੰਮ੍ਰਿਤਸਰ: ਪਿੰਡ ਝਲਾੜੀ ਤੋਂ ਸ਼ ਬਸੰਤ ਸਿੰਘ, ਪਿੰਡ ਠੱਠੀਆਂ ਤੋਂ ਸ਼ ਕਰਤਾਰ ਸਿੰਘ, ਪਿੰਡ ਬੁਤਾਲਾ ਤੋਂ ਸ਼ ਅਮਰਜੀਤ ਸਿੰਘ, ਸ਼ ਉਜਾਗਰ ਸਿੰਘ, ਸ਼ ਬਹਾਦਰ ਸਿੰਘ, ਸ਼ ਦੇਵਾ ਸਿੰਘ, ਸ਼ ਕਰਤਾਰ ਸਿੰਘ, ਸ਼ ਸੁਦਾਗਰ ਸਿੰਘ, ਪਿੰਡ ਸਠਿਆਲਾ ਤੋਂ ਸ਼ ਗੁਰਬਚਨ ਸਿੰਘ ਤੇ ਸ਼ ਦਲੀਪ ਸਿੰਘ, ਵਡਾਲਾ ਕਲਾਂ ਤੋਂ ਸ਼ ਕਰਨੈਲ ਸਿੰਘ ਤੇ ਸ਼ ਕੁੰਦਨ ਸਿੰਘ, ਕੰਮੋਕੇ ਤੋਂ ਸ਼ ਚੰਨਣ ਸਿੰਘ, ਥਾਨੇਵਾਲ ਤੋਂ ਸ਼ ਸਾਧੂ ਸਿੰਘ, ਖਾਨਪੁਰ ਤੋਂ ਸ਼ ਪ੍ਰੀਤਮ ਸਿੰਘ, ਸਤੋਵਾਲ ਤੋਂ ਸ਼ ਇੰਦਰ ਸਿੰਘ, ਸ਼ ਪੂਰਨ ਸਿੰਘ, ਪਿੰਡ ਜੋਧੇ ਤੋਂ ਸ਼ ਕਰਮ ਸਿੰਘ, ਖਾਪੜਖੇੜੀ ਤੋਂ ਸ਼ ਹਜਾਰਾ ਸਿੰਘ, ਸ਼ ਬੰਤਾ ਸਿੰਘ, ਸ਼ ਮੱਖਣ ਸਿੰਘ, ਭਰਾੜੀਵਾਲ ਤੋਂ ਸ਼ ਅਤਰ ਸਿੰਘ, ਜਮਾਲਪੁਰ ਤੋਂ ਸ਼ ਦੀਦਾਰ ਸਿੰਘ, ਕਾਲੇਕੇ ਤੋਂ ਸ਼ ਬੂਟਾ ਸਿੰਘ, ਸ਼ ਠਾਕਰ ਸਿੰਘ, ਗੁਨੋਵਾਲ ਤੋਂ ਸ਼ ਬਲਵੰਤ ਸਿੰਘ, ਵਜੀਰ ਭੁੱਲਰ ਤੋਂ ਸ਼ ਟਹਿਲ ਸਿੰਘ ਅਤੇ ਖਾਨਪੁਰ ਤੋਂ ਸ਼ ਮੱਖਣ ਸਿੰਘ।
ਜਿਲ੍ਹਾ ਤਰਨ ਤਾਰਨ: ਪਿੰਡ ਨੰਦਪੁਰ ਤੋਂ ਸ਼ ਮੱਸਾ ਸਿੰਘ ਤੇ ਸ਼ ਲਛਮਣ ਸਿੰਘ, ਏਕਲਗੱਡਾ ਤੋਂ ਸ਼ ਦਲੀਪ ਸਿੰਘ, ਠੱਟਾ ਤੋਂ ਸ਼ ਸੱਜਣ ਸਿੰਘ, ਭਿੱਖੀਵਿੰਡ ਤੋਂ ਸ਼ ਨਿਰੰਜਨ ਸਿੰਘ, ਸ਼ ਗਿਆਨ ਸਿੰਘ ਤੇ ਸ਼ ਚੈਂਚਲ ਸਿੰਘ, ਚੇਲਾ ਤੋਂ ਸ਼ ਬਹਾਦਰ ਸਿੰਘ, ਵੀਰਮ ਤੋਂ ਸ਼ ਪ੍ਰੀਤਮ ਸਿੰਘ, ਦਲਾਵਲਪੁਰ ਤੋਂ ਸ਼ ਚੰਨਣ ਸਿੰਘ, ਸ਼ ਸੁਰਜਨ ਸਿੰਘ ਤੇ ਸ਼ ਗੁਰਬਖਸ਼ ਸਿੰਘ, ਠੱਠੀਖਾਰਾ ਤੋਂ ਸ਼ ਕਰਨੈਲ ਸਿੰਘ, ਜੌਹਲ ਢਾਏ ਵਾਲਾ ਤੋਂ ਸ਼ ਜਰਨੈਲ ਸਿੰਘ, ਸ਼ ਹਰਭਜਨ ਸਿੰਘ ਕੰਗ, ਭਰੋਵਾਲ ਤੋਂ ਸ਼ ਪਾਲ ਸਿੰਘ, ਕਸੇਲ ਤੋਂ ਸ਼ ਦਰਸ਼ਨ ਸਿੰਘ, ਭੈਣੀ ਤੋਂ ਸ਼ ਠਾਕਰ ਸਿੰਘ ਅਤੇ ਸ਼ਾਹਪੁਰ ਤੋਂ ਸ਼ ਸੁਰਜਨ ਸਿੰਘ।
ਜਿਲ੍ਹਾ ਫਰੀਦਕੋਟ: ਪਿੰਡ ਨੂਰਪੁਰ ਤੋਂ ਸ਼ ਪਰਦੁਮਣ ਸਿੰਘ, ਚੂਹੜਚਕ ਤੋਂ ਸ਼ ਕਰਤਾਰ ਸਿੰਘ ਤੇ ਸ਼ ਸੁਦਾਗਰ ਸਿੰਘ, ਸਮਾਧ ਭਾਈ ਤੋਂ ਸ਼ ਜਗੀਰ ਸਿੰਘ, ਕੋਕਰੀ ਕਲਾਂ ਤੋਂ ਸ਼ ਸੰਤਾ ਸਿੰਘ ਅਤੇ ਨੰਗਲ ਤੋਂ ਸ਼ ਫੂਲਾ ਸਿੰਘ।
ਜਿਲ੍ਹਾ ਲੁਧਿਆਣਾ: ਪਿੰਡ ਲਲਤੋਂ ਖੁਰਦ ਤੋਂ ਸ਼ ਪਿਆਰਾ ਸਿੰਘ, ਸ਼ ਭਗਵਾਨ ਸਿੰਘ, ਸ਼ ਮੱਘਰ ਸਿੰਘ, ਸ਼ ਤੇਜਾ ਸਿੰਘ ਤੇ ਸ਼ ਅਲਬੇਲ ਸਿੰਘ, ਭਾਨੀਰਾੜਾ ਤੋਂ ਸ਼ ਜੋਗਿੰਦਰ ਸਿੰਘ, ਦਾਖਾ ਤੋਂ ਸ਼ ਲਛਮਣ ਸਿੰਘ ਤੇ ਸ਼ ਬਚਨ ਸਿੰਘ, ਈਸੇਵਾਲ ਤੋਂ ਸ਼ ਅਜੀਤ ਸਿੰਘ, ਲਲਤੋਂ ਕਲਾਂ ਤੋਂ ਸ਼ ਨਾਹਰ ਸਿੰਘ, ਸ਼ ਜਗਮੇਲ ਸਿੰਘ ਤੇ ਸ਼ ਗੁਰਚਰਨ ਸਿੰਘ, ਸ਼ ਚਰਨ ਸਿੰਘ, ਬੱਦੋਵਾਲ ਤੋਂ ਸ਼ ਸਾਧੂ ਸਿੰਘ, ਥਰੀਕੇ ਤੋਂ ਸ਼ ਸਰਦਾਰਾ ਸਿੰਘ, ਸਾਹਨੇਵਾਲ ਤੋਂ ਸ਼ ਕਰਤਾਰ ਸਿੰਘ, ਨੰਗਲ ਖੁਰਦ ਤੋਂ ਸ਼ ਅਜਾਇਬ ਸਿੰਘ, ਗੁਜਰਵਾਲ ਤੋਂ ਸ਼ ਜੁਗਿੰਦਰ ਸਿੰਘ, ਬਿੰਜਲ ਤੋਂ ਸ਼ ਕਰਨੈਲ ਸਿੰਘ ਤੇ ਸ਼ ਰਾਏ ਸਿੰਘ, ਜੰਡ ਤੋਂ ਸ਼ ਵਜੀਰ ਸਿੰਘ, ਚਮਿੰਡੇ ਤੋਂ ਸ਼ ਦਲੀਪ ਸਿੰਘ, ਚੀਮਾ ਤੋਂ ਸ਼ ਬਖਤਾਵਰ ਸਿੰਘ, ਜੱਸੋਵਾਲ ਤੋਂ ਸ਼ ਮਹਾਂ ਸਿੰਘ, ਸਾਹਨੇਵਾਲ ਖੁਰਦ ਤੋਂ ਸ਼ ਉਦੇ ਸਿੰਘ, ਬੀਰ ਕਲਾਂ ਸ਼ ਗੁਰਬਖਸ਼ ਸਿੰਘ, ਕੋਹਲੀ ਕਲਾਂ ਤੋਂ ਸ਼ ਅਜੀਤ ਸਿੰਘ, ਪੱਖੋਵਾਲ ਤੋਂ ਸ਼ ਗੁਰਚਰਨ ਸਿੰਘ, ਰਾਸ਼ੀਨ ਤੋਂ ਸ਼ ਬਖਸ਼ੀਸ਼ ਸਿੰਘ, ਸੁਧਾਰ ਤੋਂ ਸ਼ ਜੋਗਿੰਦਰ ਸਿੰਘ, ਭਾਨੋਹੜ ਤੋਂ ਸ਼ ਦਲੀਪ ਸਿੰਘ, ਭੱਟੀਆਂ ਤੋਂ ਸ਼ ਮਹਿੰਦਰ ਸਿੰਘ, ਬੱਸੀਆਂ ਤੋਂ ਸ਼ ਕਿਰਪਾਲ ਸਿੰਘ ਤੇ ਸ਼ ਜੋਗਿੰਦਰ ਸਿੰਘ, ਰੰਗੂਵਾਲ ਤੋਂ ਸ਼ ਨਗਿੰਦਰ ਸਿੰਘ, ਢੀਂਡਸਾ ਤੋਂ ਸ਼ ਅਮਰ ਸਿੰਘ, ਈਸੜੂ ਤੋਂ ਸ਼ ਸਰਵਨ ਸਿੰਘ, ਕਾਲਾਟੋਹ ਤੋਂ ਸ਼ ਸੁਰਜਨ ਸਿੰਘ ਅਤੇ ਡੱਲਾ ਤੋਂ ਸ਼ ਬਖਤਾਵਰ ਸਿੰਘ।
ਜਿਲ੍ਹਾ ਗੁਰਦਾਸਪੁਰ: ਵੀਲਾਬੱਜੂ ਤੋਂ ਸ਼ ਰਣਜੀਤ ਸਿੰਘ, ਰਲਿਆਲੀ ਤੋਂ ਸ਼ ਜਰਨੈਲ ਸਿੰਘ ਤੇ ਸ਼ ਕਰਨੈਲ ਸਿੰਘ।
ਜਿਲ੍ਹਾ ਸੰਗਰੂਰ: ਸ਼ੇਰਪੁਰ ਤੋਂ ਸ਼ ਗੁਰਦਿਆਲ ਸਿੰਘ, ਚੁਹਾਨਕੇ ਤੋਂ ਸ਼ ਹਰਚੰਦ ਸਿੰਘ, ਬਾਦਾਰਾ ਤੋਂ ਸ਼ ਖਜਾਨ ਸਿੰਘ, ਅੱਕਾਂਵਾਲੀ ਤੋਂ ਸ਼ ਚੰਦ ਸਿੰਘ, ਮਿੱਠੇਵਾਲ ਤੋਂ ਸ਼ ਡੋਗਰ ਸਿੰਘ ਅਤੇ ਹਰੀਗੜ੍ਹ ਤੋਂ ਸ਼ ਅਜਾਇਬ ਸਿੰਘ।
ਜਿਲ੍ਹਾ ਜਲੰਧਰ ਦੇ ਪਿੰਡ ਤੇਜੇਵਾਲ ਤੋਂ ਸ਼ ਤਾਰਾ ਸਿੰਘ; ਹਰਿਆਣਾ ਦੇ ਜਿਲ੍ਹਾ ਹਿਸਾਰ ਦੇ ਪਿੰਡ ਮਾਹਨੀ ਤੋਂ ਸ਼ ਦੇਵਾ ਸਿੰਘ; ਰਾਜਸਥਾਨ ਦੇ ਜਿਲ੍ਹਾ ਭਰਤਪੁਰ ਦੇ ਪਿੰਡ ਜਲ ਨਿਆਸ ਤੋਂ ਸ਼ ਜਗਦੇਵ ਸਿੰਘ ਅਤੇ ਮੱਧ ਪ੍ਰਦੇਸ਼ ਦੇ ਪਿੰਡ ਗੁੰਨਾ ਤੋਂ ਇਬਰਾਹਿਮ ਖਾਨ ਤੇ ਯਾਕੂਬ ਖਾਨ।
ਇਨ੍ਹਾਂ 106 ਬਾਗੀ ਫੌਜੀਆਂ ਨੂੰ ਬਾਮੁਸ਼ੱਕਤ ਕੈਦ ਦੀ ਸਜ਼ਾ ਦੇ ਕੇ ਕਾਲੇ ਪਾਣੀ (ਅੰਡੇਮਾਨ ਦੀ ਸੈਲੂਲਰ ਜੇਲ੍ਹ) ਭੇਜ ਦਿੱਤਾ ਗਿਆ।
ਹਰ ਸਾਲ 6 ਸਤੰਬਰ ਦਾ ਦਿਨ ਸਾਨੂੰ ਇਨ੍ਹਾਂ ਮਹਾਨ ਸੂਰਬੀਰ ਫੌਜੀ ਯੋਧਿਆਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਖਾਤਿਰ ਨੌਕਰੀਆਂ, ਰੁਜਗਾਰ ਤੇ ਆਪਣੇ ਪਰਿਵਾਰਾਂ ਦੇ ਭਵਿੱਖ ਦੀ ਪਰਵਾਹ ਨਾ ਕੀਤੀ।
—
*ਚੌਧਰੀਵਾਲਾ, ਨੌਸ਼ਹਿਰਾ ਪੰਨੂੰਆਂ
ਜਿਲ੍ਹਾ ਤਰਨ ਤਾਰਨ।