ਪ੍ਰੋ. ਅਜਮੇਰ ਔਲਖ, ਹਰਭਜਨ ਮਾਨ ਅਤੇ ਮੈਂ

ਅਸ਼ੋਕ ਭੌਰਾ
ਫੋਨ: 510-415-3315
ਜਿਹੜੇ ਲੋਕ ਜ਼ਿੰਦਗੀ ‘ਚ ਸਿਰਫ ਵਾਲ ਕਾਲੇ ਕਰਨ ਦਾ ਜ਼ਿਆਦਾ ਫਿਕਰ ਕਰਦੇ ਨੇ ਇਨ੍ਹਾਂ ਵਿਚੋਂ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਸਿਰਫ ਇਸੇ ਨਾਲ ਹੀ ਆਪਣੀ ਸ਼ਖਸੀਅਤ ਉਸਾਰਨ ਵਿਚ ਲੱਗੇ ਹੋਏ ਹੁੰਦੇ ਨੇ। ਕੋਈ ਚੱਜ ਦਾ ਕੰਮ ਹੁੰਦਾ ਜਾਂ ਨਹੀਂ, ਅਕਲ ਗਲਵੱਕੜੀ ਪਾਉਂਦੀ ਆ ਕਿ ਨਹੀਂ, ਕੋਈ ਵਾਸਤਾ ਨਹੀਂ, ਸਿਰਫ ਵਾਲਾਂ ਦੇ ਚਿੱਟੇ ਹੋਣ ਦਾ ਡਰ ਖਾਈ ਜਾ ਰਿਹਾ ਹੈ। ਇੰਨ ਬਿੰਨ ਸਥਿਤੀ ਹੈ, ਪੰਜਾਬੀ ਗਾਇਕੀ ਦੀ। ਵਿਰਸਾ ਬਚਦਾ ਹੈ ਕਿ ਨਹੀਂ, ਲੋਕ ਗੀਤ ਜਿਉਂਦੇ ਰਹਿੰਦੇ ਆ ਕਿ ਨਹੀਂ, ਰਿਸ਼ਤੇ ਨਾਤਿਆਂ ਦੀ ਲੱਜ ਬਚਦੀ ਹੈ ਕਿ ਨਹੀਂ, ਕੋਈ ਵਾਸਤਾ ਨਹੀਂ, ਦੁਨੀਆਂ ਨੂੰ ਲੁੱਟਣ ਦਾ ਇਕ ਯਤਨ ਗਾਉਣਾ ਬਣਦਾ ਜਾ ਰਿਹਾ ਹੈ। ਗਲੇ ਦਾ ਜਾਂ ਸੁਰ ਦਾ ਕੀ ਐ? ਇਹ ਭਾਰ ਵਿਗਿਆਨਕ ਯੰਤਰ ਚੁੱਕੀ ਜਾ ਰਹੇ ਨੇ।

ਹਰਭਜਨ ਮਾਨ ਨੂੰ ਮੈਂ ਬਹੁਤ ਪਿਆਰ ਕਰਦਾਂ। ਜੇ ਹੁਣ ਤੱਕ ਦਾਅਵੇ ਨਾਲ ਪਿਛਲੇ ਤਿੰਨ ਦਹਾਕਿਆਂ ਦੀ ਗਾਇਕੀ ਬਾਰੇ ਕੁਝ ਕਹਿਣਾ ਹੋਵੇ ਤਾਂ ਹਰਭਜਨ ਉਨ੍ਹਾਂ ਹੀ ਦੋ ਚਾਰ ਗਿਣਵੇਂ ਨਾਂਵਾਂ ਵਿਚੋਂ ਇਕ ਨਾਂ ਹੈ ਜਿਨ੍ਹਾਂ ਨੇ ਆਪਣੀ ਗਾਇਕੀ ਵਿਚ ਕਿਤੇ ਵੀ ਉਲਾਂਭਾ ਨਹੀਂ ਖੱਟਿਆ, ਅਜਿਹਾ ਕੁਝ ਵੀ ਨਹੀਂ ਗਾਇਆ ਜਿਹਦੇ ਨਾਲ ਕੋਈ ਉਂਗਲ ਉਠ ਸਕਦੀ ਹੋਵੇ। ਗੱਲ ‘ਚਿੱਠੀਏ ਨੀਂ ਚਿੱਠੀਏ’ ਜਾਂ ‘ਜੱਗ ਜਿਉਂਦਿਆਂ ਦੇ ਮੇਲੇ’ ਦੀ ਨਹੀਂ ਤੇ ਨਾ ਹੀ ਉਹਦੀਆਂ ਫਿਲਮਾਂ ਦੀ ਹੈ। ਇਹਦੇ ਬਾਰੇ ਹਰ ਪੰਜਾਬੀ ਜਾਣਦਾ ਵੀ ਹੈ ਕਿ ਮੈਂ ਹਰਭਜਨ ਨੂੰ ਬਹੁਤ ਪਿਆਰ ਕਰਦਾ ਹਾਂ, ਕੀਤਾ ਵੀ ਹੈ, ਨਿਰਸਵਾਰਥ ਕੀਤਾ ਹੈ। ਰਾਜਨੀਤਕ ਅਹੁਦੇਦਾਰੀਆਂ ਤਿਆਗਣ ਵਾਲਾ ਸਿਰਫ ਹਰਭਜਨ ਮਾਨ ਹੀ ਹੋ ਸਕਦਾ ਹੈ। ਇਕ ਗੱਲ ਚਾਹੇ ਕਿਸੇ ਦੇ ਗਿੱਟੇ ਗੋਡੇ ਵੀ ਲੱਗੇ ਕਿ ਕਾਸ਼! ਕਿਤੇ ਗਵੱਈਏ ਹਰਭਜਨ ਮਾਨ ਵਾਂਗ ਸਿਆਣੇ ਵੀ ਹੁੰਦੇ, ਭਾਵੇਂ ਵਪਾਰਕ ਤਾਂ ਹਰਭਜਨ ਵੀ ਹੈ ਪਰ ਵਿਰਸੇ ਦੀ ਲਾਜ ਰੱਖਣੀ ਵੀ ਉਸ ਦੇ ਹੀ ਹਿੱਸੇ ਆਈ ਹੈ।
ਜਗਦੇਵ ਸਿੰਘ ਜੱਸੋਵਾਲ ਦੇ ਲੁਧਿਆਣੇ ਵਿਚਲੇ ਗੁਰਦੇਵ ਨਗਰ ਵਾਲੇ ਘਰ ‘ਚ ਹਰਭਜਨ ਮਾਨ ਨੂੰ ਥਾਲੀ ਵਜਾ ਕੇ ਗਾਉਂਦੇ ਨੂੰ ਬਹੁਤ ਵਾਰ ਸੁਣਿਆ ਹੈ। ਇਸ ਤੋਂ ਪਹਿਲਾਂ ਹਰਭਜਨ ਤੇ ਗੁਰਸੇਵਕ ਦੀ ਕਵੀਸ਼ਰੀ ਬਾਰੇ ਜੱਸੋਵਾਲ ਅਕਸਰ ਗੱਲ ਕਰਿਆ ਕਰਦਾ ਸੀ। 1991 ‘ਚ ਸ਼ੌਂਕੀ ਮੇਲੇ ਦੇ ਪਹਿਲੇ ਦਿਨ ਅਜਮੇਰ ਔਲਖ ਦਾ ਨਾਟਕ ‘ਬੇਗਾਨੇ ਬੋਹੜ ਦੀ ਛਾਂ’ ਦੁਆਬਾ ਕਲਾ ਮੰਚ ਮੰਗੂਵਾਲ ਦੇ ਜਸਵੰਤ ਖਟਕੜ ਦੀ ਟੀਮ ਨੇ ਖੇਡਣਾ ਸੀ। ਪਰ ਮੈਂ ਇਸ ਨਾਟਕ ਨੂੰ ਵੇਖਣ ਲਈ ਮਾਨਸੇ ਤੋਂ ਅਜਮੇਰ ਔਲਖ ਨੂੰ ਵੀ ਬੁਲਾਇਆ। ਨਾਟਕ ਪੂਰੀ ਤਰ੍ਹਾਂ ਸਫਲ ਰਿਹਾ, ਔਲਖ ਖੁਸ਼ ਸੀ ਤੇ ਪੇਸ਼ਕਾਰੀ ਦੌਰਾਨ ਜਸਵੰਤ ਦੀਆਂ ਡਾਇਲਾਗ ਡਲਿਵਰੀ ਵੇਲੇ ਕੱਢੀਆਂ ਗਾਲ੍ਹਾਂ ਵੀ ਦਰਸ਼ਕਾਂ ਨੇ ਬਰਦਾਸ਼ਤ ਕਰ ਲਈਆਂ ਸਨ। ਇਹ ਮੇਰੀ ਤੇ ਔਲਖ ਦੀ ਪਹਿਲੀ ਮੁਲਾਕਾਤ ਮਾਹਿਲਪੁਰ ‘ਚ ਸੀ। ਉਨ੍ਹੇ ਮੇਰੇ ਕੰਨ ਵਿਚ ਕਿਹਾ, ‘ਤੂੰ ਹਰਭਜਨ ਨੂੰ ਜਾਣਦੈਂ?’ ਮੈਂ ਕਿਹਾ, ‘ਹਰਭਜਨ ਮਾਨ ਨੂੰ?’ ਤਾਂ ਉਹ ਕਹਿਣ ਲੱਗਾ, ‘ਅੱਜ ਕੱਲ ਹੋਰ ਹਰਭਜਨ ਹੈ ਕਿਹੜਾ? ਅਗਲੇ ਸਾਲ ਸ਼ੌਂਕੀ ਮੇਲੇ ‘ਤੇ ਹਰਭਜਨ ਨੂੰ ਸੱਦਾ ਦੇਈਂ।’ ਕਿਉਂਕਿ ‘ਚਿੱਠੀਏ ਨੀਂ ਚਿੱਠੀਏ’ ਗੀਤ ਇਕ ਤਰ੍ਹਾਂ ਨਾਲ ਹਰਭਜਨ ਮਾਨ ਦੀ ਪੈੜ ਤੇ ਉਹ ਵੀ ਸਥਾਈ ਬਣਾ ਚੁਕਾ ਸੀ।
ਬਰੇਕ ਮਿਲਣ ਤੋਂ ਬਾਅਦ ਹਰਭਜਨ ਮਾਨ ਨਾਲ ਮੇਰਾ ਮੇਲ ਅਗਲੇ ਵਰ੍ਹੇ ਪ੍ਰੋਫੈਸਰ ਮੋਹਨ ਸਿੰਘ ਮੇਲੇ, ਜੋ ਪਹਿਲੀ ਵਾਰੀ ਪੰਜਾਬੀ ਭਵਨ ‘ਚੋਂ ਨਿਕਲ ਕੇ ਪੱਖੋਵਾਲ ਰੋਡ ‘ਤੇ ਨਹਿਰ ਕਿਨਾਰੇ ਲੱਗ ਰਿਹਾ ਸੀ, ‘ਤੇ ਹੋਇਆ ਜਦੋਂ ਉਹ ਰਾਤ ਕਰੀਬ 11 ਵਜੇ ਪ੍ਰੋæ ਮੋਹਨ ਸਿੰਘ ਮੇਲਾ ਸੱਚੀਂ ਮੁੱਚੀਂ ਹੀ ਲੁੱਟ ਕੇ ਲੈ ਗਿਆ ਸੀ। ਸਟੇਜ ਤੋਂ ਉਤਰਦੇ ਨੂੰ ਮੈਂ ਕਿਹਾ, ‘ਮੇਰਾ ਨਾਂ ਅਸ਼ੋਕ ਭੌਰਾ ਹੈ।’ ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਕਹਿਣ ਲੱਗਾ, ‘ਕੀ ਗੱਲ ਕਰਦੇ ਹੋ, ਇਹ ਨਾਂ ਸਾਰੇ ਪੰਜਾਬੀ ਗਾਇਕਾਂ ਲਈ ਵੀ ਪਿਆਰਾ ਹੈ।’ ਮੈਂ ਉਹਨੂੰ ਅਗਲੇ ਸਾਲ ਸ਼ੌਂਕੀ ਮੇਲੇ ‘ਤੇ ਆਉਣ ਦੀ ਪੇਸ਼ਕਸ਼ ਕੀਤੀ ਅਤੇ ਇਹ ਵੀ ਕਿਹਾ ਕਿ ਅਸੀਂ ਰੁਪਈਆ ਕੋਈ ਨ੍ਹੀਂ ਦਿੰਦੇ। ਉਹ ਚਾਅ ਨਾਲ ਬੋਲਿਆ, ‘ਆਵਾਂਗਾ ਵੀ, ਲਵਾਂਗਾ ਵੀ ਕੁਝ ਨਹੀਂ।’
ਮਿਊਜ਼ਿਕ ਬੈਂਕ ਵਲੋਂ ‘ਚਿੱਠੀਏ ਨੀਂ ਚਿੱਠੀਏ’ ਰਿਲੀਜ਼ ਕੀਤੀ ਗਈ ਸੀ। ਚਰਨਜੀਤ ਆਹੂਜਾ ਨਾਲ ਮੈਂ ਜਦੋਂ ਕੰਪਨੀ ਦੇ ਮਾਲਕ ਅਨਿਲ ਨੂੰ ਵਧਾਈ ਦੇਣ ਗਿਆਂ ਤਾਂ ਉਹ ਖੁਸ਼ ਇਸ ਕਰਕੇ ਸੀ ਕਿ ਪੰਜਾਬੀ ਸੰਗੀਤ ਇੰਡਸਟਰੀ ‘ਚ ਇਸ ਕੈਸਿਟ ਨੇ ਮਲਕੀਅਤ ਦੀ ‘ਤੂਤਕ ਤੂਤਕ ਤੂਤੀਆਂ’ ਤੋਂ ਬਾਅਦ ਵਿਕਣ ਦਾ ਨਵਾਂ ਰਿਕਾਰਡ ਪੈਦਾ ਕੀਤਾ ਸੀ। ਵਜ੍ਹਾ ਇਹ ਵੀ ਸੀ ਕਿ ਮੈਂ ਅਨਿਲ ਤੇ ਚਰਨਜੀਤ ਆਹੂਜਾ ਨੂੰ ਵੀ ਹਰਭਜਨ ਦੇ ਨਾਲ ਮਾਹਿਲਪੁਰ ਦੇ ਸ਼ੌਂਕੀ ਮੇਲੇ ਲਈ ਸੱਦਾ ਦੇ ਕੇ ਆਇਆ ਸੀ। ਜਿਸ ਸਾਲ ‘ਜੱਗ ਜਿਉਂਦਿਆਂ ਦੇ ਮੇਲੇ’ ਦੀ ਚੜ੍ਹਾਈ ਵੇਲੇ ਹਰਭਜਨ ਮਾਨ ਮਾਹਿਲਪੁਰ ਆਇਆ, ਇਤਫਾਕ ਇਹ ਸੀ ਕਿ 1994 ਦੇ ਵਰ੍ਹੇ ਚਰਨਜੀਤ ਆਹੂਜਾ ਦੀ ਸਾਰੀ ਟੀਮ ਵੀ ਲਗਭਗ ਹਾਜ਼ਰ ਸੀ। ਖੰਨੇ ਵਾਲਾ ਦਵਿੰਦਰ, ਸੰਜੀਵ ਆਨੰਦ, ਕਮਲਜੀਤ ਨੀਰੂ, ਸ਼ਾਰੀ ਬੋਇਲ, ਹਰਭਜਨ ਮਾਨ ਤੇ ਖੁਦ ਚਰਨਜੀਤ ਆਹੂਜਾ ਹਾਜ਼ਰ ਹੋਏ ਸਨ।
ਇਹ ਗੱਲ ਹਾਲੇ ਤੱਕ ਸ਼ਾਇਦ ਬਹੁਤ ਲੋਕਾਂ ਲਈ ਭੇਦ ਹੋਵੇ ਕਿ ਇਸੇ ਵਰ੍ਹੇ ਗੀਤਕਾਰ ਤੋਂ ਗਾਇਕ ਬਣਿਆ ਦੇਬੀ ਮਖਸੂਸਪੁਰੀ ਤੇ ਗਾਇਕੀ ਦਾ ਪ੍ਰਵੇਸ਼ ਦੁਆਰ ਖੜਕਾਉਣ ਵਾਲਾ ਮਨਮੋਹਨ ਵਾਰਸ ਸ਼ੌਂਕੀ ਮੇਲੇ ਦੇ ਮੰਚ ਤੋਂ ਪਹਿਲੀ ਵਾਰ ਪੇਸ਼ ਹੋਏ ਸਨ। ਇਤਫਾਕ ਸੀ ਕਿ ਮੇਲੇ ਤੋਂ ਕੁਝ ਦਿਨ ਪਹਿਲਾਂ ਕੈਨੇਡਾ ਦੇ ਇਕ ਬਹੁਚਰਚਿਤ ਪ੍ਰੋਮੋਟਰ ਦੇ ਨਜ਼ਦੀਕੀਆਂ ਨੇ ਹੁਸ਼ਿਆਰਪੁਰ ਦੇ ਇਕ ਰੈਸਟੋਰੈਂਟ ‘ਚ ਬੁਲਾ ਕੇ ਮੈਨੂੰ ਵੀਹ ਹਜ਼ਾਰ ਰੁਪਏ ਦੀ ਸ਼ੌਂਕੀ ਮੇਲੇ ਦੀ ਮਦਦ ਕਰਨ ਲਈ ਪੇਸ਼ਕਸ਼ ਕੀਤੀ। ਉਨ੍ਹਾਂ ਦਿਨਾਂ ਵਿਚ ਇਹ ਵੱਡੀ ਰਾਸ਼ੀ ਸੀ। ਪਰ ਸ਼ਰਤ ਸੁਣ ਕੇ ਮੈਂ ਆਪਣਾ ਰੁਖ ਬਦਲ ਲਿਆ। ਕਿਉਂਕਿ ਉਹ ਕਹਿ ਰਹੇ ਸਨ ਕਿ ਹਰਭਜਨ ਨੂੰ ਗਾਉਣ ਦਾ ਉਦੋਂ ਮੌਕਾ ਦੇਣਾ ਜਦੋਂ ਕੁਰਸੀਆਂ ਖਾਲੀ ਹੋ ਜਾਣ ਤੇ ਮਨਮੋਹਨ ਨੂੰ ਉਦੋਂ ਜਦੋਂ ਮੇਲੇ ਦੀ ਸਿਖਰ ਹੋਵੇ। ਮੈਂ ਵੀਹ ਹਜ਼ਾਰ ਰੁਪਏ ਦੀ ਪੇਸ਼ਕਸ਼ ਠੁਕਰਾ ਦਿੱਤੀ, ਇਹ ਕਹਿ ਕੇ ਕਿ ਹਰਭਜਨ ਨੇ ਖੇਮੂਆਣੇ ਤੋਂ ਇਸ ਮੇਲੇ ਲਈ ਮੁਫਤ ਗਾਉਣ ਆਉਣਾ ਹੈ ਤੇ ਇਸ ਵੇਲੇ ਉਸ ਦੇ ਹੱਥ ‘ਚ ਪੰਜਾਬੀ ਗਾਇਕੀ ਦੇ ਅਖਾੜੇ ਦੀ ਪਟਕੇ ਵਾਲੀ ਝੰਡੀ ਹੈ ਪਰ ਮਨਮੋਹਨ ਵਾਰਸ ਨੂੰ ਇਸ ਵੇਲੇ ਕੋਈ ਨਹੀਂ ਜਾਣਦਾ। ਪਰ ਮੈਂ ਇਹ ਜ਼ਰੂਰ ਕਰਾਂਗਾ ਕਿ ਹਰਭਜਨ ਮਾਨ ਤੋਂ ਪਹਿਲਾਂ ਮੇਲੇ ਦੀ ਸਿਖਰ ਵੇਲੇ ਮਨਮੋਹਨ ਨੂੰ ਵਕਤ ਜ਼ਰੂਰ ਦੇ ਦਿਆਂਗਾ। ਕਿਉਂਕਿ ਉਨ੍ਹੀਂ ਦਿਨੀਂ ਹਾਲਾਤ ਇਹ ਵੀ ਸਨ ਕਿ ਮਨਮੋਹਨ ਨੂੰ ਮੈਂ ਕਦੇ ਦੂਰਦਰਸ਼ਨ ਤੇ ਕਦੇ ਪ੍ਰਿੰਟ ਮੀਡੀਏ ‘ਚ ਤੇ ਕਦੇ ਮੇਲਿਆਂ ‘ਤੇ ਪ੍ਰੋਗਰਾਮਾਂ ‘ਚ ਉਂਗਲ ਫੜ ਕੇ ਲਈ ਫਿਰਦਾ ਸਾਂ। ਇਸੇ ਮੇਲੇ ‘ਚ ਆਸ਼ਾ ਸ਼ਰਮਾ ਪਹਿਲੀ ਵਾਰ ਮੰਚ ਸੰਚਾਲਕਾ ਵਜੋਂ ਇੰਟਰੋਡਿਊਸ ਹੋਈ ਸੀ। ਹਰਭਜਨ ਮਾਨ ਨੇ ਮੇਲੇ ਦੀ ਸਿਖਰ ਕੀਤੀ ਤੇ ਮੇਰਾ ਮਾਣ ਹੀ ਨਹੀਂ ਰੱਖਿਆ ਸਗੋਂ ਗੱਡੀ ਤੱਕ ਦਾ ਕਿਰਾਇਆ ਵੀ ਸਵੀਕਾਰ ਨਹੀਂ ਕੀਤਾ। ਨਾਲ ਦੀ ਨਾਲ ਇਹ ਵੀ ਗੱਲ ਦੱਸ ਦਿਆਂ ਕਿ ਇਸੇ ਮੇਲੇ ‘ਚ ਸਭ ਤੋਂ ਅਖੀਰਲਾ ਟਾਈਮ ਇੰਦਰਜੀਤ ਬੈਂਸ ਦੀ ਉਸ ਵੇਲੇ ਦੀ ਪੇਸ਼ਕਸ਼ ਨਿਵੇਕਲੇ ਵਾਲਾਂ ਦੀ ਦਿੱਖ ਵਾਲੇ ਜੈਜ਼ੀ ਬੈਂਸ ਦੇ ਹਿੱਸੇ ਆਇਆ ਸੀ।
ਕਮਾਲ ਇਹ ਸੀ ਕਿ ਉਹ ਹਰਭਜਨ ਮਾਨ ਤੋਂ ਬਾਅਦ ਨਵਾਂ ਹੋਣ ਦੇ ਬਾਵਜੂਦ ਦਰਸ਼ਕਾਂ ‘ਤੇ ਆਪਣੀ ਗਹਿਰੀ ਛਾਪ ਛੱਡ ਗਿਆ। ਇਸ ਮੇਲੇ ਤੋਂ ਤੁਰੰਤ ਬਾਅਦ ਮੇਰੇ ਪਿੰਡ ਗਾਇਕਾਂ ਨੇ ਮਾਰੂਤੀ ਕਾਰ ਨਾਲ ਮੇਰਾ ਸਨਮਾਨ ਰੱਖਿਆ ਸੀ। ਆਸ਼ਾ ਸ਼ਰਮਾ ਤਾਂ ਆਈ ਪਰ ਸਵੇਰੇ ਭਗਵੰਤ ਮਾਨ ਨਾਲ ਹਾਜ਼ਰੀ ਲਾ ਕੇ ਚਲੀ ਗਈ। ਹਰਭਜਨ ਮਾਨ, ਗੁਰਸੇਵਕ, ਕੁੜੀ ਗੁਜਰਾਤ ਦੀ ਵਾਲਾ ਜੱਸੀ, ਪਰਮਿੰਦਰ ਸੰਧੂ ਸਾਰੇ ਆਏ। ਪਰ ਮਨਮੋਹਨ ਵਾਰਸ ਨਾ ਆਇਆ।
ਹੈਰਾਨ ਸਾਂ ਕਿ ਜਿਹੜੀ ਗੱਲ ਮੇਰੇ ਚਿੱਤ ਚੇਤੇ ਵੀ ਨਹੀਂ ਸੀ, ਉਹ ਮੈਨੂੰ ਦੂਰਦਰਸ਼ਨ ਦੇ ਇਕ ਕਰਮਚਾਰੀ ਜੋ ਸ਼ੌਂਕੀ ਮੇਲੇ ਦੀ ਕਵਰੇਜ ਲਈ ਆਇਆ ਸੀ, ਨੇ ਦੱਸੀ ਕਿ ਤੁਸੀਂ ਮਨਮੋਹਨ ਨੂੰ ਜਦੋਂ ਹਰਭਜਨ ਮਾਨ ਤੋਂ ਪਹਿਲਾਂ ਗੁਆਇਆ ਤੇ ਉਸ ਨੂੰ ਦੂਜਾ ਗੀਤ ਪੂਰਾ ਨਹੀਂ ਗਾਉਣ ਦਿੱਤਾ। ਮਾਈਕ ਆਸ਼ਾ ਸ਼ਰਮਾ ਨੇ ਫੜ ਲਿਆ ਸੀ। ਇਹ ਨਜ਼ਲਾ ਮੇਰੇ ‘ਤੇ ਡਿੱਗ ਰਿਹਾ ਸੀ। ਪਰ ਸੱਚ ਇਹ ਸੀ ਕਿ ਮੈਂ ਤੇ ਮਨਮੋਹਨ ਨੂੰ ਲਈ ਫਿਰਦਾਂ ਸਾਂ, ਤੇ ਰੱਜ ਕੇ ਪਿਆਰ ਕਰਦਾ ਸਾਂ, ਏਦਾਂ ਹੋ ਕਿਵੇਂ ਸਕਦਾ ਸੀ? ਇਉਂ ਮੇਰੀ ਨਿਗਰਾਨੀ ਵਾਲੇ ਮੇਲਿਆਂ ‘ਚ ਮਨਮੋਹਨ ਦਾ ਇਹ ਪਹਿਲਾ ਤੇ ਆਖਰੀ ਮੇਲਾ ਹੋ ਨਿੱਬੜਿਆ ਸੀ। ਵੀਹ ਹਜ਼ਾਰ ਦੀ ਪੇਸ਼ਕਸ਼ ਵਾਲੀ ਗੱਲ ਅੱਜ ਤੱਕ ਮੈਂ ਹਰਭਜਨ ਨਾਲ ਕਦੇ ਸਾਂਝੀ ਨਹੀਂ ਕੀਤੀ। ਹਾਲਾਂਕਿ ਉਸ ਤੋਂ ਬਾਅਦ ਮੇਰੀ ਹਰਭਜਨ ਦੀ ਨੇੜਤਾ ਇਕ ਤਰ੍ਹਾਂ ਨਾਲ ‘ਤੂੰ ਪੀਂਘ ਤੇ ਮੈਂ ਹੁਲਾਰਾ’ ਵਾਲੀ ਰਹੀ।
ਇਤਫਾਕ ਇਹ ਹੋਇਆ ਕਿ ਮਾਨਸੇ ਪ੍ਰੋæ ਅਜਮੇਰ ਔਲਖ ਦੇ ਕਾਲਜ ਜਗਦੇਵ ਸਿੰਘ ਜੱਸੋਵਾਲ ਨੇ ਇਕ ਸਮਾਗਮ ਰੱਖ ਲਿਆ, ਜਿਹਦੇ ਵਿਚ ਢਾਡੀ ਚਰਨ ਸਿੰਘ ਆਲਮਗੀਰ ਤੇ ਹਰਭਜਨ ਮਾਨ ਦਾ 11-11 ਹਜ਼ਾਰ ਰੁਪਏ ਨਾਲ ਸਨਮਾਨ ਹੋਣਾ ਸੀ। ਲੁਧਿਆਣੇ ਤੋਂ ਗੱਡੀ ‘ਚ ਜਾਂਦਿਆਂ ਜ਼ਿਮੀਦਾਰਾ ਢਾਬੇ ਰੋਟੀ ਖਾਣ ਲੱਗੇ ਤਾਂ ਜੱਸੋਵਾਲ ਕਹਿਣ ਲੱਗਾ, ‘ਅਸ਼ੋਕ ਤੂੰ ਪੈਸੇ ਦੇ ਆ, ਮੇਰਾ ਬਟੂਆ ਘਰ ਰਹਿ ਗਿਆ।’ ਉਹਨੇ ਮੇਰੇ ਹੱਥ ਵਿਚੋਂ ‘ਪੰਜਾਬੀ ਟ੍ਰਿਬਿਊਨ’ ਅਖਬਾਰ ਫੜੀ ਤੇ ਉਹਦੀਆਂ ਤਹਿਆਂ ਲਾ ਕੇ ਇਕ ਚਿੱਟੇ ਲਿਫਾਫੇ ‘ਚ ਪਾ ਲਈ। ਮੈਂ ਪੁੱਛਿਆ, ‘ਇਹ ਕੀ?’ ਕਹਿਣ ਲੱਗਾ, ‘ਕੋਈ ਖਾਸ ਖਬਰ ਹੈ, ਮੈਂ ਸਾਂਭ ਕੇ ਰੱਖਣੀ ਐ।’
ਮਾਨਸੇ ਪੁੱਜੇ, ਸਮਾਗਮ ਔਲਖ ਨੇ ਵਧੀਆ ਅਯੋਜਿਤ ਕੀਤਾ ਸੀ, ਚੰਗੇ ਲੋਕ ਸਨ। ਪਹਿਲਾਂ ਢਾਡੀ ਆਲਮਗੀਰ ਦੇ ਜਥੇ ਨੇ ਉਨ੍ਹਾਂ ਦਿਨਾਂ ਵਿਚਲੀ ਆਪਣੀ ਚੜ੍ਹਾਈ ਨੂੰ ਕਾਲਜ ਦੇ ਵਿਦਿਆਰਥੀਆਂ ‘ਚ ਪੂਰੀ ਤਰ੍ਹਾਂ ਪ੍ਰਭਾਵੀ ਬਣਾ ਲਿਆ। ਫੇਰ ਹਰਭਜਨ ਨੇ ਤਕਰੀਬਨ ਇਕ ਘੰਟਾ ਲਗਾਤਾਰ ਆਪਣੇ ਗੀਤਾਂ ਦੀ ਛਹਿਬਰ ਮਾਨਸਾ ਕਾਲਜ ਦੇ ਵਿਹੜੇ ‘ਚ ਲਗਾਈ ਰੱਖੀ। ਬੜੀ ਅਜੀਬ ਸਥਿਤੀ ਇਹ ਸੀ ਕਿ ਪ੍ਰੋæ ਅਜਮੇਰ ਔਲਖ ਨੇ ਮੈਨੂੰ ਤੇ ਜੱਸੋਵਾਲ ਨੂੰ ਪਹਿਲਾਂ ਤੇ ਕਾਲਜ ਦੀ ਲੈਬੌਰਟਰੀ ‘ਚ ਦਾਰੂ ਪਿਆਈ। ਫਿਰ ਸਟੇਜ ‘ਤੇ ਸਟੀਲ ਦੇ ਗਿਲਾਸਾਂ ‘ਚ ਤੇ ਆਖਰ ਇਹ ਸੀ ਕਿ ਸਾਰਿਆਂ ਨੇ ਮਾਨਸੇ ਤੋਂ ਹਰਭਜਨ ਦੇ ਪਿੰਡ ਖੇਮੂਆਣੇ ਜਾਣਾ ਸੀ। ਜੱਸੋਵਾਲ ਚਰਨ ਸਿੰਘ ਆਲਮਗੀਰ ਦਾ ਜਥਾ, ਗੱਲ ਕੀ ਪੰਦਰਾਂ-ਵੀਹ ਜਾਣੇ ਅਸੀਂ ਦੇਰ ਸ਼ਾਮ ਖੇਮੂਆਣੇ ਪੁੱਜ ਗਏ। ਬਹੁਤ ਸੇਵਾ ਕੀਤੀ ਹਰਭਜਨ ਨੇ ਆਪਣੇ ਘਰ। ਸਵੇਰੇ ਉਠੇ ਤਾਂ ਹਰਭਜਨ ਮਾਨ ਮੈਨੂੰ ਹੱਸਦਿਆਂ ਕਹਿਣ ਲੱਗਾ ਕਿ ਜਿਹੜਾ ਲਿਫਾਫਾ ਗਿਆਰਾਂ ਹਜ਼ਾਰ ਦਾ ਕੱਲ੍ਹ ਸਟੇਜ ਤੋਂ ਦਿੱਤਾ ਸੀ, ਉਹਦੇ ਵਿਚੋਂ ‘ਪੰਜਾਬੀ ਟ੍ਰਿਬਿਊਨ’ ਅਖਬਾਰ ਨਿਕਲੀ ਹੈ। ਉਧਰੋਂ ਨਾਲ ਦੇ ਘਰ ਵਿਚੋਂ ਚਰਨ ਸਿੰਘ ਆਲਮਗੀਰ ਹੱਸਦਾ ਆਵੇ, ਉਹ ਮੈਨੂੰ ਕਹਿਣ ਲੱਗਾ, ‘ਭਾਜੀ, ਜੱਸੋਵਾਲ ਵੀ ਕਮਾਲ ਦੀ ਸ਼ੈਅ ਨੇ। ਸਵੇਰੇ ਮੈਂ ਲਿਫਾਫੇ ਵਿਚੋਂ ਗਿਆਰਾਂ ਹਜ਼ਾਰ ਕੱਢਣ ਲੱਗਾ ਤਾਂ ਵਿਚੋਂ ਪਰਸੋਂ ਦੀ ਅਜੀਤ ਅਖਬਾਰ ਨਿਕਲੀ।’
ਮੈਂ ਵਾਪਸੀ ‘ਤੇ ਮੁੜਦਿਆਂ ਜੱਸੋਵਾਲ ਨੂੰ ਇਹ ਹਾਸੋਹੀਣਾ ਵਰਤਾਰਾ ਦੱਸਿਆ ਤਾਂ ਉਹ ਆਪਣੇ ਸੁਭਾਅ ਮੁਤਾਬਿਕ ਕਹਿਣ ਲੱਗਾ, ‘ਜੱਸੋਵਾਲ ਕੋਲ ਤਾਂ ਕੱਲ੍ਹ ਰੋਟੀ ਖਾਣ ਨੂੰ ਰੁਪਈਆ ਨਹੀਂ ਸੀ। ਇਨ੍ਹਾਂ ਨੂੰ ਭਲੇਮਾਣਸਾਂ ਨੂੰ ਕਿੱਥੋਂ ਗਿਆਰਾਂ-ਗਿਆਰਾਂ ਹਜ਼ਾਰ ਦੇ ਦੇਣਾ ਸੀ? ਇਨ੍ਹਾਂ ਦੀ ਸਟੇਜ ‘ਤੇ ਬੱਲੇ ਬੱਲੇ ਕਰਾ’ਤੀ। ਇਕ ਨੂੰ ਅਜੀਤ ਤੇ ਇਕ ਨੂੰ ਪੰਜਾਬੀ ਟ੍ਰਿਬਿਊਨ ਦੇ ਦਿੱਤੀ ਕਿ ਅਖਬਾਰਾਂ ਪੜ੍ਹਿਆ ਕਰੋ, ਦੁਨੀਆਂ ਦੇ ਹਾਣ ਦੇ ਹੋਵੋ।’
ਇਹ ਗੱਲ ਹੁਣ ਵੀ ਜਦੋਂ ਕਦੇ ਹਰਭਜਨ ਮਾਨ ਜਾਂ ਆਲਮਗੀਰ ਨਾਲ ‘ਕੱਠੇ ਹੋਣ ਦਾ ਮੌਕਾ ਮਿਲੇ ਤਾਂ ਹਾਲਾਤ ਭਾਵੇਂ ਉਦਾਸੀ ਵਾਲੇ ਹੋਣ ਪਰ ਹਾਸਾ ਫਿਰ ਵੀ ਮੱਲੋਜ਼ੋਰੀ ਨਿਕਲ ਜਾਂਦਾ ਹੈ।
ਬਹੁਤ ਸਾਰੇ ਲੋਕ ਹਰਭਜਨ ਮਾਨ ਨੂੰ ਸਿਰਫ ਗਾਇਕ ਮੰਨਦੇ ਹਨ ਪਰ ਹਰਭਜਨ ਸਿਆਣਾ ਹੈ, ਸਿਆਣਾ ਸਾਹਿਤਕਾਰ ਹੈ, ਚੇਤੰਨ ਇਨਸਾਨ ਹੈ। ਉਹੀ ਜਾਣਦਾ ਹੈ ਕਿ ਭਾਰ ਪਚਵੰਝਾ ਸੱਠ ਕਿੱਲੋ ਤੋਂ ਵਧਣ ਹੀ ਨਹੀਂ ਦੇਣਾ ਚਾਹੀਦਾ।
ਹੌਲੀ ਹੌਲੀ ਵਕਤ ਦੇ ਨਾਲ ਨਾਲ ਕਈ ਕੁਝ ਹੂੰਝਿਆ ਜਾਂਦਾ ਰਿਹਾ, ਬਦਲਦਾ ਰਿਹਾ। ਪਰ ਮੇਰੇ ਮਨ ‘ਚ ਪ੍ਰੋæ ਅਜਮੇਰ ਔਲਖ ਤੇ ਹਰਭਜਨ ਮਾਨ ਦਾ ਸਤਿਕਾਰ ਕਾਇਮ ਰਿਹਾ। ਹਾਲ ਹੀ ‘ਚ ਆਪਣੀ ਨਵੀਂ ਕਿਤਾਬ ‘ਖੁੱਲ੍ਹੇ ਬੂਹੇ ਬੰਦ ਬਾਰੀਆਂ’ ਮਾਹਿਲਪੁਰ ‘ਚ ਰਿਲੀਜ਼ ਕਰਨੀ ਸੀ। ਬੁਲਾਇਆ ਮੈਂ ਬਲਦੇਵ ਸਿੰਘ ਸੜਕਨਾਮਾ ਨੂੰ ਵੀ ਸੀ ਪਰ ਉਹਦੀ ਦੁਰਘਟਨਾ ‘ਚ ਅੱਖ ‘ਤੇ ਸੱਟ ਲੱਗਣ ਕਾਰਨ ਉਹ ਆ ਨਾ ਸਕਿਆ। ਡਾæ ਲਖਵਿੰਦਰ ਜੌਹਲ ਹਾਜ਼ਰ ਸਨ। ਮੈਨੂੰ ਸਭ ਤੋਂ ਵੱਧ ਖੁਸ਼ੀ ਸੀ ਕਿ ਹਰਭਜਨ ਮਾਨ ਇਕ ਸਾਹਿਤਕ ਸਮਾਗਮ ‘ਚ ਮੇਰੇ ਕਹਿਣ ‘ਤੇ ਪਹੁੰਚਿਆ ਅਤੇ ਜਿਹੜੀਆਂ ਗੱਲਾਂ ਉਹ ਕਰਕੇ ਗਿਆ, ਉਹ ਆਪਣੇ ਆਪ ਨੂੰ ਸਾਹਿਤਕਾਰ ਅਖਵਾਉਣ ਵਾਲੇ ਕਈ ਲੋਕਾਂ ਨਾਲੋਂ ਕਿਤੇ ਜ਼ਿਆਦਾ ਉਚ ਪਾਏ ਦੀਆਂ ਸਨ। ਅਸਲ ‘ਚ ਸਾਰੇ ਬੋਲਟ ਸਾਰੇ ਨਟਾਂ ‘ਤੇ ਨਹੀਂ ਚੜ੍ਹਦੇ। ਹੋ ਸਕਦਾ ਹਰਭਜਨ ਮਾਨ ਕਈਆਂ ਦੇ ਫਿੱਟ ਨਾ ਹੋਵੇ, ਕਈਆਂ ਦੇ ਬਿਲਕੁਲ ਹੀ ਅਨਫਿੱਟ ਹੋਵੇ, ਕਈ ਉਹਦੇ ਨਾਲ ਈਰਖਾ ਕਰਦੇ ਹੋਣ। ਪਰ ਮੈਂ ਆਪਣੇ ਪਿਛਲੇ ਤੀਹ ਸਾਲਾਂ ਦੇ ਵਕਫੇ ‘ਚ ਜਿੰਨਾ ਹਰਭਜਨ ਮਾਨ ਨੂੰ ਮਿਲਿਆਂ, ਉਹ ਮੈਨੂੰ ਚੰਗਾ ਹੀ ਲੱਗਦਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਆਪਣਿਆਂ ਵਾਂਗ ਵਿਚਰਿਆ ਹੈ। ਹੁਣ ਵੀ ਮੈਂ ਤਵੱਕੋਂ ਕਰਦਾਂ ਕਿ ਗਾਇਕੀ ਦਾ ਫੀਲਡ ਵਧਦੀ ਉਮਰ ਦੇ ਪ੍ਰਭਾਵਾਂ ਕਰਕੇ ਭਾਵੇਂ ਇਕ ਤਰ੍ਹਾਂ ਨਾਲ ਛੱਡ ਹੀ ਦਿੱਤਾ ਹੈ ਪਰ ਹਰਭਜਨ, ਸਰਦੂਲ ਜਾਂ ਹੋਰ ਕਈ ਸਾਥੀਆਂ ਨੂੰ ਜੇ ਮੈਂ ਆਵਾਜ਼ ਮਾਰਾਂ ਤਾਂ ਮੇਰਾ ਯਕੀਨ ਹੈ ਕਿ ਉਹ ਨਾਂਹ ‘ਚ ਸਿਰ ਨਹੀਂ ਹਿਲਾਉਣਗੇ।
ਲੁਧਿਆਣੇ ਤੋਂ ਜਲੰਧਰ ਨੂੰ ਜਾ ਰਹੇ ਸਾਂ। ਬਾਬੂ ਸਿੰਘ ਮਾਨ ਮੇਰੇ ਨਾਲ ਪਿਛਲੀ ਸੀਟ ‘ਤੇ ਬੈਠਾ ਸੀ। ਉਹਦੀ ਕਹੀ ਗੱਲ ਹਾਲੇ ਤੱਕ ਮੇਰੇ ਚੇਤੇ ‘ਚੋਂ ਨਹੀਂ ਵਿਸਰੀ ਕਿ ਮੁਹੰਮਦ ਸਦੀਕ ਤੇ ਰਣਜੀਤ ਕੌਰ ਤੋਂ ਬਾਅਦ ਗੀਤ ਰਚਣ ਵਿਚ ਜੇ ਕਿਸੇ ਨੇ ਮੈਨੂੰ ਨਵਾਂ ਬਾਬੂ ਸਿੰਘ ਮਾਨ ਬਣਾਇਆ ਹੈ ਤਾਂ ਉਹ ਹਰਭਜਨ ਮਾਨ ਹੀ ਹੈ। ਚਰਨਜੀਤ ਆਹੂਜਾ ਤੋਂ ਬਾਅਦ ਜੈ ਦੇਵ ਕੁਮਾਰ ਨਾਲ ਹਰਭਜਨ ਨੇ ਗਾਇਕੀ ‘ਚ ਬਹੁਤ ਝੰਡਾਂ ਕੀਤੀਆਂ ਹਨ ਤੇ ਆਪਣੀ ਪੈੜ ਨੂੰ ਨਰੋਈ ਬਣਾਇਆ ਹੈ। ਉਹਦੇ ਕੁਝ ਗਾਏ ਹੋਏ ਬੋਲ ਸਦੀਵੀ ਰਹਿਣਗੇ।
ਆਪਣੇ ਜੀਵਨ ਦੀ ਰਚਨਾਤਮਿਕ ਗਾਇਨ ਸ਼ੈਲੀ ਵਿਚ ਮੈਂ ਹਰਭਜਨ ਨੂੰ ਚੰਗੀ ਥਾਂ ‘ਤੇ ਰੱਖਦਾ ਹਾਂ। ਉਹ ਮੇਰੇ ਲਈ ਕਦੇ ਵੀ ਓਪਰਿਆਂ ਵਰਗਾ ਨਹੀਂ ਰਿਹਾ। ਉਹ ਅਕਸਰ ਉਲਾਂਭਾ ਦਿੰਦਾ ਰਿਹਾ ਕਿ ਅਸ਼ੋਕ ਨੇ ਹਰਭਜਨ ਬਾਰੇ ਸਭ ਤੋਂ ਘੱਟ ਲਿਖਿਆ ਹੈ ਪਰ ਸਭ ਤੋਂ ਵੱਧ ਬਾਹਾਂ ਵੀ ਅਸ਼ੋਕ ਵੱਲ ਹਰਭਜਨ ਦੀਆਂ ਹੀ ਖੁੱਲ੍ਹਦੀਆਂ ਰਹੀਆਂ ਹਨ।
#

ਗੱਲ ਬਣੀ ਕਿ ਨਹੀਂ
ਜਿੰਦੜੀਏ! ਇਹ ਕਲਯੁਗ ਦਾ ਨਾਂ
ਘੁੱਗੀਆਂ ਦੇ ਆਲ੍ਹਣੇ ‘ਚ ਚੀਕਾਂ ਰਾਤੀਂ ਸੁਣਦੇ ਹਾਂ,
ਰੌਲਾ ਪਾਉਂਦੇ ਵੇਖੇ ਬਾਹਰ ਕਾਂ, ਜਿੰਦੜੀਏ ਇਹ ਕਲਯੁਗ ਦਾ ਨਾਂ।

ਮੱਥੇ ਉਤੇ ਟਿੱਕਾ ਪਰ ਮੂੰਹ ਉਤੇ ਨੱਕ ਹੈ ਨ੍ਹੀਂ, ਸਾਧਾਂ ਨੂੰ ਖੁਮਾਰੀ ਏ ਇਸ਼ਕ ਦੀ।
ਭਗਵੇਂ ਦੇ ਹੇਠਾਂ ਹੁੰਦੇ ਕਾਰੇ ਪੁੱਠੇ ਵੇਖ ਵੇਖ, ਜ਼ਮੀਂ ਪੈਰਾਂ ਹੇਠੋਂ ਜਾਂਦੀ ਏ ਖਿਸਕਦੀ।
ਬਾਪ ਤੋਂ ਵੀ ਵੱਡਾ ਪੱਤ ਲੁੱਟੀ ਜਾਵੇ ਅਬਲਾ ਦੀ, ਤਾਂ ਹੀ ਹੁਣ ਸ਼ਰਧਾ ਵਿਲਕਦੀ।
ਕੰਮ ਕਿੰਦਾ ਲੋਟ। ਪੱਕੀ ਹਾਕਮਾਂ ਦੀ ਵੋਟ।
ਦੱਸੋ ਹੋਰ ਅੱਗੇ ਕੀ ਕਹਾਂæææ। ਜਿੰਦੜੀਏ ਇਹ ਕਲਯੁਗ ਦਾ ਨਾਂ।

ਪਾ ਕੇ ਜੀਨਾਂ ਪਾਟੀਆਂ ਗਵੱਈਏ ਗਾਣੇ ਗਾਉਂਦੇ ਵੇਖੇ, ਵਿੰਗੇ ਟੇਡੇ ਬੋਦੇ ਰਖਵਾ ਲਏ।
ਪਿੰਡ ਦੇ ਹੀ ਪਿੰਡ ‘ਚ ਵਿਆਹ ਹੋਈ ਜਾਣ ਲੱਗੇ, ਗੀਤਾਂ ਨੇ ਇਹ ਰਿਸ਼ਤੇ ਵੀ ਖਾ ਲਏ।
ਕੰਮ ਕਾਰ ਹੈਨੀ ਕੋਈ ਐਸ਼ ਪੁੱਤ ਕਰੀ ਜਾਵੇ, ਕਰਜ਼ਿਆਂ ‘ਚ ਟੱਬਰ ਫਸਾ ਲਏ।
ਨਸ਼ਿਆਂ ਦੀ ਮਾਰ ਪਵੇ। ਗੈਂਗਾਂ ਦੀ ਗੁਹਾਰ ਪਵੇ।
ਬਚੀ ਕਿਹੜੀ ਏ ਪੰਜਾਬ ਵਿਚ ਥਾਂæææ? ਜਿੰਦੜੀਏ ਇਹ ਕਲਯੁਗ ਦਾ ਨਾਂ।

ਜਿੱਦਾਂ ਦੇ ਹਾਲਾਤ ਬਣੀ ਜਾਂਦੇ ਸਾਰੀ ਦੁਨੀਆਂ ਤੇ, ਲੱਗੇ ਸਭ ਕੁਝ ਜਾਊਗਾ ਗਰਕ ਨੀਂ।
ਆਪਣੀ ਪੁਗਾਉਣੀ ਗੱਲ ਕਿਸੇ ਦੀ ਵੀ ਸੁਣਨੀ ਨ੍ਹੀਂ, ਕੀਹਦੇ ਉਤੇ ਕਰੀਏ ਹਰਖ ਨੀਂ।
ਆਪ ਕਿਹੜਾ ਸੁੱਚਾ ‘ਭੌਰਾ’ ਲੁੱਚਿਆ ਦਾ ‘ਲੁੱਚਾ’ ਭੌਰਾ, ਪੈਂਦਾ ਕੀ ‘ਅਸ਼ੋਕ’ ਨੂੰ ਫਰਕ ਨੀਂ।
ਰੋਜ਼ ਪੁੱਤ ਘੂਰਦੇ ਨੇ। ਬੇਬੇ ਬਾਪੂ ਝੂਰਦੇ ਨੇ।
ਰੁੜ੍ਹ ਚੱਲੇ ਸ਼ਹਿਰ ਤੇ ਗਰਾਂæææ। ਨੀ ਜਿੰਦੜੀਏ ਇਹ ਕਲਯੁਗ ਦਾ ਨਾਂ।