ਡੇਰਾਵਾਦ ਤੇ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ

ਗੁਲਜ਼ਾਰ ਸਿੰਘ ਸੰਧੂ
ਮੇਰੇ ਬਚਪਨ ਸਮੇਂ ਮਾਲਵੇ ਵਿਚ ਇਹ ਟੱਪਾ ਬੜਾ ਚਲਦਾ ਸੀ, Ḕਕੀਹਦੇ-ਕੀਹਦੇ ਪੈਰੀਂ ਹੱਥ ਲਾਈਏ, ਸੰਤਾਂ ਦੇ ਵੱਗ ਫਿਰਦੇ।Ḕ

ਗੁਰਮੀਤ ਰਾਮ ਰਹੀਮ ਸਿੰਘ ਦੇ ਕੇਸ ਪਿੱਛੋਂ ਸੰਤਾਂ ਦੀ ਥਾਂ ਡੇਰਿਆਂ ਨੇ ਧਿਆਨ ਖਿੱਚਿਆ ਹੈ ਜਿੱਥੇ ਸੰਤ ਡੇਰੇ ਤੋਂ ਬਾਹਰ ਨਹੀਂ ਜਾਂਦੇ, ਉਨ੍ਹਾਂ ਦੇ ਭਗਤ ਉਰਫ ਪ੍ਰੇਮੀ ਡੇਰੇ ਜਾ ਕੇ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਹਨ। ਪ੍ਰੇਮਣਾਂ ਉਰਫ ਸਾਧਵੀਆਂ ਡੇਰਾ ਮੁਖੀਆਂ ਦੀਆਂ ਗੁਫਾਵਾਂ ਵਿਚ ਸ਼ਰਨ ਲੈਂਦੀਆਂ ਤੇ Ḕਪੈਰੀਂ ਹੱਥḔ ਲਾਉਂਦੀਆਂ ਹਨ। ਡੇਰਾਵਾਦ ਇਕੱਲੇ ਪੰਜਾਬ ਤੇ ਹਰਿਆਣਾ ਨੂੰ ਹੀ ਨਹੀਂ, ਪੂਰੇ ਭਾਰਤ ਨੂੰ ਘੁਣ ਵਾਂਗ ਲਗ ਚੁਕਾ ਹੈ। ਹਰ ਸੂਬੇ ਵਿਚ ਅਣਗਿਣਤ ਡੇਰੇ ਹਨ। ਜਿੰਨਾ ਵੱਡਾ ਡੇਰਾ, ਉਨਾ ਹੀ ਸਿਆਸੀ ਪ੍ਰਭਾਵ ਤੇ ਉਸ ਤੋਂ ਵੱਧ ਕਰਤੂਤਾਂ। ਭਗਤਾਂ ਦੇ ਰਹਿਣ ਲਈ ਬੰਗਲੇ, ਯਾਤਰਾ ਲਈ ਮਹਿੰਗੀਆਂ ਮੋਟਰ ਗੱਡੀਆਂ ਤੇ ਹੈਲੀਪੈਡ। ਮੁਖੀ ਸਿਰਹਾਣੇ ਪਿਸਤੌਲ ਰੱਖ ਕੇ ਸੌਂਦੇ ਹਨ, ਤੇ ਸਾਧਵੀਆਂ ਨਾਲ ਜਿਨਸੀ ਸਬੰਧ ਕਾਇਮ ਕਰਦੇ ਹਨ।
ਭਾਰਤ ਅਜਿਹਾ ਦੇਸ਼ ਹੈ ਜਿੱਥੇ ਧਰਮ ਦੇ ਨਾਂ ‘ਤੇ ਵੱਡੇ ਤੋਂ ਵੱਡਾ ਪਖੰਡ ਹੁੰਦਾ ਹੈ। ਸ਼ਰਧਾਵਾਨ ਵਿਚ ਕੇਵਲ ਅਨਪੜ੍ਹ ਹੀ ਨਹੀਂ, ਪੜ੍ਹੇ ਲਿਖੇ ਤੇ ਪੀਐਚæਡੀæ ਵਿਦਵਾਨ ਵੀ ਸ਼ਾਮਲ ਹਨ। ਸਿਆਸੀ ਪਾਰਟੀਆਂ ਡੇਰਾ ਮੁਖੀਆਂ ਦਾ ਪਾਣੀ ਭਰਦੀਆਂ ਹਨ। ਕਰਤਾ ਧਰਤਾ ਹਰ ਸਿਆਸੀ ਪਾਰਟੀ ਨੂੰ ਸਮਝਾ ਦਿੰਦੇ ਹਨ ਕਿ ਉਨ੍ਹਾਂ ਤੋਂ ਹਰ ਤਰ੍ਹਾਂ ਦੀ ਸਹਾਇਤਾ ਲੈਣਾ ਉਨ੍ਹਾਂ ਦਾ ਜਮਾਂਦਰੂ ਹੱਕ ਹੈ। ਇਨਕਮ ਟੈਕਸ ਦੀ ਮੁਆਫੀ ਤਾਂ ਮਾਮੂਲੀ ਗੱਲ ਹੈ।
ਡੇਰਾ ਸੱਚਾ ਸੌਦਾ ਆਜ਼ਾਦੀ ਦੇ ਅਗਲੇ ਸਾਲ ਬਾਬਾ ਮਸਤਾਨਾ ਬਲੋਚਸਤਾਨੀ ਨੇ ਅਰੰਭ ਕੀਤਾ ਸੀ। ਉਸ ਨੇ ਆਪਣੀ ਗੱਦੀ ਸ਼ਾਹ ਸਤਨਾਮ ਨੂੰ ਦਿੱਤੀ ਤੇ ਸਤਨਾਮ ਨੇ 1990 ਵਿਚ ਗੁਰਮੀਤ ਸਿੰਘ ਨੂੰ। ਗੁਰਮੀਤ ਸਿੰਘ ਨੇ ਗੱਦੀ ਸੰਭਾਲਦਿਆਂ ਹੀ ਆਪਣਾ ਨਾਂ ਗੁਰਮੀਤ ਰਾਮ ਰਹੀਮ ਸਿੰਘ ਰੱਖ ਲਿਆ। ਸ੍ਰੀ ਗੰਗਾਨਗਰ (ਰਾਜਸਥਾਨ) ਦੇ ਪਿੰਡ ਸ੍ਰੀ ਗੁਰੂਸਰ ਮੋਢੀਆਂ ਦੇ ਜੱਟ ਸਿੱਖ ਪਰਿਵਾਰ ਦਾ ਇਹ ਪੁੱਤਰ ਇਕ ਸਰਵੇਖਣ ਅਨੁਸਾਰ ਭਾਰਤ ਦੀ ਇੱਕ ਸੌ ਅਤਿਅੰਤ ਸ਼ਕਤੀਸ਼ਾਲੀ ਹਸਤੀਆਂ ਵਿਚ ਗਿਣਿਆ ਗਿਆ ਜਿਸ ਨੂੰ ਸਰਕਾਰ ਵੱਲੋਂ ਜ਼ੈਡ ਸੁਰੱਖਿਆ ਮਿਲੀ ਹੋਈ ਸੀ। ਏਸ ਪੱਖੋਂ ਵੀ ਉਹ ਸੁਰੱਖਿਆ ਛਤਰੀ ਵਾਲੇ 36 ਵਿਅਕਤੀਆਂ ਵਿਚੋਂ ਇਕ ਹੈ। ਕੱਲ ਤੱਕ ਉਹਦੇ ਕੋਲ 16 ਕਾਲੀਆਂ ਫੋਰਡ ਐਨਡੀਵਰਜ਼ ਸਮੇਤ ਸੌ ਕਾਰਾਂ ਤੇ ਐਸ਼ਯੂæਵੀæ ਗੱਡੀਆਂ ਸਨ ਅਤੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਰਾਜਨੀਤਕ ਗਾਂਢੇ ਸਾਂਢੇ। ਉਸ ਨੂੰ ਰਾਜਨੀਤਕ ਪੌਣਾਂ ਸੁੰਘਣ ਦਾ ਵੱਲ ਆਉਂਦਾ ਹੈ, ਉਸ ਜਾਨਵਰ ਵਾਂਗ ਜਿਹੜਾ ਸੁੰਘਣ ਸ਼ਕਤੀ ਦੇ ਬਾਵਜੂਦ ਆਪਣੀ ਮੌਤ ਤੋਂ ਉਕਾ ਬੇਖਬਰ ਹੁੰਦਾ ਹੈ। ਡੇਰੇ ਦੀ ਕੁੱਲ ਜਾਇਦਾਦ ਦਾ ਅਨੁਮਾਨ ਇਸ ਤੱਥ ਤੋਂ ਲਗ ਸਕਦਾ ਹੈ ਕਿ 2012-13 ਵਿਚ ਸਿਰਸਾ ਵਾਲੇ ਡੇਰੇ ਦੀ ਆਮਦਨ 60 ਕਰੋੜ ਸੀ। ਜੇ ਇਸ ਵਿਚ ਸਿਰਸਾ ਦੀਆਂ ਤਿੰਨ ਦੂਜੀਆਂ ਸ਼ਾਖਾਵਾਂ ਦੀ ਆਮਦਨ ਵੀ ਸ਼ਾਮਲ ਕਰ ਲਈਏ ਤਾਂ 97æ50 ਕਰੋੜ ਬਣਦੀ ਹੈ। ਇਸ ਵਿਚ ਦੇਸ਼ ਤੋਂ ਬਾਹਰਲੇ ਸੈਂਕੜੇ ਡੇਰਿਆਂ ਦੀ ਆਮਦਨ ਸ਼ਾਮਲ ਨਹੀਂ। ਖੂਬੀ ਇਹ ਕਿ ਰਾਜ ਸਰਕਾਰਾਂ ਇਸ ਆਮਦਨ ਉਤੇ ਇਨਕਮ ਟੈਕਸ ਮੁਆਫ ਕਰਵਾਉਂਦੀਆਂ ਰਹੀਆਂ ਹਨ।
ਡੇਰਾ ਸੱਚਾ ਸੌਦਾ ਦੇ ਮੁਖੀ ਉਤੇ ਦੋ ਸਾਧਵੀਆਂ ਨੇ ਬਲਾਤਕਾਰ ਦਾ ਦੋਸ਼ ਲਾਇਆ ਸੀ ਜਿਸ ਉਤੇ ਪੰਚਕੂਲਾ ਦੀ ਸੀæਬੀæਆਈæ ਅਦਾਲਤ ਨੇ 25 ਅਗਸਤ 2017 ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ। ਉਸ ਦਿਨ ਡੇਰਾ ਮੁਖੀ ਦੇ ਨਾਲ 179 ਕਾਰਾਂ ਦਾ ਕਾਫਲਾ ਸੀ। ਪਤਾ ਲੱਗਿਆ ਹੈ ਕਿ ਕਾਫਲੇ ਕੋਲ ਏæਕੇæ 47 ਤੇ ਮਾਊਜ਼ਰ, ਰਫਲਾਂ ਤੇ ਪਸਤੌਲ ਹੀ ਨਹੀਂ, ਅੱਗ ਲਾਉਣ ਲਈ ਪੈਟਰੋਲ ਦੀਆਂ ਕੇਨੀਆਂ ਤੇ ਮਾਚਸਾਂ ਵੀ ਸਨ। ਇਸ ਦੀ ਸੂਹ ਮਿਲਣ ‘ਤੇ ਸਰਕਾਰ ਨੂੰ ਸੁਰੱਖਿਆ ਹਿੱਤ 101 ਨੀਮ ਫੌਜੀ ਕੰਪਨੀਆਂ ਤੇ ਭਾਰਤੀ ਫੌਜ ਦੇ ਦਸ ਕਾਲਮ (ਜਿਨ੍ਹਾਂ ਦੀ 15000 ਸਿਪਾਹੀ ਬਣਦੀ ਹੈ) ਤਾਇਨਾਤ ਕਰਨੇ ਪਏ। ਫੇਰ ਵੀ ਦੋਸ਼ੀ ਠਹਿਰਾਏ ਜਾਣ ‘ਤੇ ਡੇਰਾ ਪ੍ਰੇਮੀਆਂ ਨੇ ਜਿਹੜੀ ਹੁਲੜਬਾਜ਼ੀ ਕੀਤੀ, ਸਭ ਜਾਣਦੇ ਹਨ। ਫੇਰ 28 ਅਗਸਤ ਵਾਲੇ ਦਿਨ ਸਿਰਸਾ ਦੀ ਜੇਲ੍ਹ ਨੂੰ ਆਰਜ਼ੀ ਕਚਹਿਰੀ ਬਣਾ ਕੇ 20 ਸਾਲ ਕੈਦ ਤੇ 30 ਲਖ ਜੁਰਮਾਨੇ ਦੀ ਸਜ਼ਾ ਸੁਣਾ ਕੇ ਜੱਜ ਨੇ ਜੱਸ ਖੱਟਿਆ ਹੈ। ਸਜ਼ਾ ਸੁਣਾਏ ਜਾਣ ਤੋਂ ਪਿੱਛੋਂ ਪੰਚਕੂਲਾ ਦੇ ਦੂਰ ਦੁਰਾਡੇ ਸਥਾਨਾਂ ਵਿਚ ਪ੍ਰੇਮੀਆਂ ਦੀ ਹੁਲੜਬਾਜੀ ਕਾਰਨ ਹੋਈ ਅਗਜ਼ਨੀ ਤੇ ਭੰਨ ਤੋੜ ਦਾ ਹਰਜਾਨਾ ਭਰਨ ਦੇ ਆਦੇਸ਼ ਵੀ ਦੇਣੇ ਪਏ। ਚੰਡੀਗੜ੍ਹ, ਸੁਰੱਖਿਅਤ ਰਹਿਣ ਦਾ ਸਿਹਰਾ ਸ਼ਹਿਰ ਦੇ ਪੁਲਿਸ ਮੁਖੀ ਤਜਿੰਦਰ ਸਿੰਘ ਦੇ ਸਿਰ ਬੱਝਦਾ ਹੈ ਜਿਸ ਦੀ ਕਾਵਿਕ ਸੂਝ (ਉਹ ਹਿੰਦੀ ਦਾ ਕਵੀ ਹੈ) ਨੇ ਉਸ ਨੂੰ ਚੇਤਨ ਕੀਤਾ ਤੇ ਉਸ ਨੇ ਪੰਚਕੂਲਾ ਵੱਲੋਂ ਰੋਕੇ ਕਾਫਲੇ ਚੰਡੀਗੜ੍ਹ ਵਿਚੋਂ ਲੰਘਣ ਦੀ ਆਗਿਆ ਨਹੀਂ ਦਿੱਤੀ।
ਸਜ਼ਾ ਦੇਣ ਵਾਲੇ ਜੱਜ ਹੀ ਸ਼ਲਾਘਾ ਦੇ ਹੱਕਦਾਰ ਨਹੀਂ, ਇਸ ਤੋਂ ਪਹਿਲਾਂ ਪੁੱਛ ਪੜਤਾਲ ਜਾਰੀ ਰੱਖਣ ਵਾਲੇ ਅਧਿਕਾਰੀਆਂ ਨੂੰ ਵੀ ਸ਼ਾਬਾਸ਼ ਦੇਣੀ ਬਣਦੀ ਹੈ ਜਿਹੜੇ ਡੇਰੇ ਦੀਆਂ ਧਮਕੀਆਂ ਦੇ ਬਾਵਜੂਦ ਨਹੀਂ ਡੋਲੇ।
ਮੇਰੇ ਨਿੱਜ ਨੂੰ ਖੁਸ਼ੀ ਹੈ ਕਿ ਪੀੜਤ ਸਾਧਵੀ ਦੀ ਚਿੱਠੀ ਮੀਡੀਆ ਵਿਚ ਲਿਆਉਣ ਵਾਲਾ ਮੇਰਾ ਵਿਦਿਆਰਥੀ ਸ਼ਮੀਲ (ਅਸਲ ਨਾਂ ਜਸਵੀਰ ਸਿੰਘ) ਹੈ। ਮੈਂ Ḕਦੇਸ ਸੇਵਕḔ ਦਾ ਸੰਪਾਦਕ ਹੁੰਦਿਆਂ ਉਸ ਨੂੰ ਅਪਣੇ ਸੰਪਾਦਕੀ ਅਮਲੇ ਵਿਚ ਸ਼ਾਮਲ ਕੀਤਾ ਸੀ। ਉਸ ਨੇ ਇਹ ਚਿੱਠੀ 2002 ਵਿਚ ਆਪਣੇ ਸੰਪਾਦਕ ਦੇ ਵਿਦੇਸ਼ ਦੌਰੇ ਸਮੇਂ ਛਾਪਣ ਦੀ ਜ਼ੁਰਅਤ ਕੀਤੀ ਸੀ। ਲੋਕਾਂ ਦਾ ਦਿਲ ਦਿਮਾਗ ਡੇਰੇ ਦੀਆਂ ਉਜਾਗਰ ਹੋਣ ਵਾਲੀਆਂ ਬਦਫੈਲੀਆਂ ਵੱਲ ਲੱਗਾ ਹੋਇਆ ਹੈ।
ਅੰਤਿਕਾ: (ਨਾ ਮਾਲੂਮ ਕਵੀ)
ਸ਼ੁਹਰਤ ਕੀ ਬੁਲੰਦੀ ਭੀ ਪਲ ਭਰ ਕਾ ਤਮਾਸ਼ਾ ਹੈ,
ਜਿਸ ਸ਼ਾਖ ਪੇ ਬੈਠੇ ਹੋ, ਵੁਹ ਟੂਟ ਭੀ ਸਕਤੀ ਹੈ।