ਰਾਮ ਰਹੀਮ ਕਾਂਡ ਅਤੇ ਆਪਾ ਚੀਨਣ ਦਾ ਵੇਲਾ

ਕੇਕੀ ਦਾਰੂਵਾਲਾ
ਆਪਣੀ ਕਿਤਾਬ ‘ਇੰਡੀਆ ਡਾਈਸੈਂਟਸ’ ਵਿਚ ਸ਼ਾਮਲ ਇਕ ਲੇਖ ਵਿਚ ਮੈਂ ਲਿਖਿਆ ਸੀ, “ਕਿਸੇ ਨੁਕਸਾਨ ਰਹਿਤ ਕਾਮੇਡੀਅਨ ਕੀਕੂ ਸ਼ਾਰਦਾ (ਕਮੇਡੀਅਨ ਆਮ ਤੌਰ ‘ਤੇ ਨੁਕਸਾਨ ਰਹਿਤ ਹੀ ਹੁੰਦੇ ਹਨ) ਨੇ ਗੁਰਮੀਤ ਰਾਮ ਰਹੀਮ ਦਾ ਸਵਾਂਗ ਬੜੇ ਤਿੱਖੇ ਰੂਪ ਵਿਚ ਕੀਤਾ। ਕੈਥਲ (ਹਰਿਆਣਾ) ਦੀ ਜ਼ਿਲ੍ਹਾ ਪੁਲਿਸ ਨੇ ਰਾਮ ਰਹੀਮ ਦਾ ਸਵਾਂਗ ਉਤਾਰਨ ਦੇ ਦੋਸ਼ ਵਿਚ ਉਸ ਨੂੰ ਫੜਨ ਲਈ ਆਪਣੇ ਇੰਸਪੈਕਟਰ ਮੁੰਬਈ ਭੇਜੇ। ਉਸ ਨੂੰ ਬਾਕਾਇਦਾ ਹਰਿਆਣਾ ਲਿਆਂਦਾ ਗਿਆ। ਖੈਰ, ਅਦਾਲਤ ਦੇ ਹੁਕਮਾਂ ਤੋਂ ਬਾਅਦ ਉਹ ਜ਼ਮਾਨਤ ‘ਤੇ ਰਿਹਾ ਹੋ ਗਿਆ, ਪਰ ਜਦੋਂ ਉਹ ਵਾਪਸ ਦਿੱਲੀ ਪਰਤ ਰਿਹਾ ਸੀ ਤਾਂ ਫਤਿਹਾਬਾਦ (ਇਹ ਹਰਿਆਣਾ ਵਿਚ ਹੀ ਪੈਂਦਾ ਹੈ) ਪੁਲਿਸ ਨੇ ਤੁਰੰਤ ਸਰਗਰਮੀ ਦਿਖਾਈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ।”

ਕੀ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਇੱਛਾ ਤੋਂ ਬਗੈਰ ਪੁਲਿਸ ਵਾਲੇ ਕੀਕੂ ਸ਼ਾਰਦਾ ਨੂੰ ਲੈਣ ਜਾ ਸਕਦੇ ਸਨ ਅਤੇ ਇਹ ਅਜਿਹੀ ਨਿਆਂਇਕ ਕਾਮੇਡੀ ਇੱਦਾਂ ਵਾਪਰ ਸਕਦੀ ਸੀ? ਇਹ ਕਿੱਡਾ ਕੁ ਮਸਲਾ ਹੈ-ਜੇ ਕੋਈ ਕਲਾਕਾਰ ਬਲਾਤਕਾਰ ਦੇ ਦੋਸ਼ੀ, ਪਰ ਰਸੂਖ ਵਾਲੇ ਡੇਰੇ ਦੇ ਮੁਖੀ ਦਾ ਮਜ਼ਾਕ ਉਡਾਉਂਦਾ ਹੈ? ਇਸ ਦਾ ਕਾਨੂੰਨ ਵਿਵਸਥਾ ਉਤੇ ਭਲਾ ਕੀ ਅਤੇ ਕਿੰਨਾ ਕੁ ਅਸਰ ਪੈਂਦਾ ਹੈ? ਦਰਅਸਲ, ਭਾਰਤੀ ਜਨਤਾ ਪਾਰਟੀ ਡੇਰਾ ਪ੍ਰੇਮੀਆਂ ਦੀਆਂ ‘ਭਾਵਨਾਵਾਂ ਨੂੰ ਲੱਗੀ ਠੇਸ’ ਨੂੰ ਹੀ ਹੱਲਾਸ਼ੇਰੀ ਦੇ ਰਹੀ ਸੀ! ਇਸ ਤੋਂ ਪਹਿਲਾਂ ਵੀ ਮੈਂ ਲਿਖਿਆ ਸੀ ਕਿ ਹਰਿਆਣਾ ਦਾ ਖੇਡ ਮੰਤਰੀ ਖੁਦ ਡੇਰੇ ਜਾ ਕੇ 50 ਲੱਖ ਰੁਪਏ ਦੇ ਕੇ ਆਇਆ ਹੈ।
ਹਰਿਆਣਾ ਪੁਲਿਸ ਬਾਰੇ ਤਾਂ ਜਿੰਨਾ ਕਹੋ, ਉਨਾ ਹੀ ਥੋੜ੍ਹਾ ਹੈ। ਕੀ ਇਹ ਦੇਖਣਾ ਇਸ ਦੀ ਜ਼ਿੰਮੇਵਾਰੀ ਨਹੀਂ ਸੀ ਕਿ ਪੰਚਕੂਲਾ ਵਿਚ ਇੰਨੀ ਭੀੜ ਕਿੱਦਾਂ ਜਮ੍ਹਾਂ ਹੋ ਗਈ? ਕੀ ਇਹ ਪੁਲਿਸ ਮੁਖੀ ਦੀ ਡਿਊਟੀ ਨਹੀਂ ਸੀ? ਫਿਰ ਹੁਣ ਤੱਕ ਉਸ ਨੂੰ ਮੁਅੱਤਲ ਕਿਉਂ ਨਹੀਂ ਕੀਤਾ ਗਿਆ? ਮੁੱਖ ਮੰਤਰੀ ਨੇ ਅਜੇ ਤੱਕ ਉਸ ਨੂੰ ਬਰਤਰਫ ਕਿਉਂ ਨਹੀਂ ਕੀਤਾ? ਇਸ ਮੁਲਕ ਵਿਚ ਕੀ ਕਿਸੇ ਦੀ ਕੋਈ ਜਵਾਬਦੇਹੀ ਨਹੀਂ ਹੈ? ਕੀ ਹਰ ਕੋਈ ਖੁੱਲ੍ਹੇਆਮ ਕੁਝ ਵੀ ਕਰ ਸਕਦਾ ਹੈ? ਇਹ ਸਵਾਲ ਗੋਲੀ ਨਾਲ ਹੋਈਆਂ ਮੌਤਾਂ ਤੋਂ ਬਾਅਦ ਦਾ ਹੈ।
ਕੀ ਅਸੀਂ ਇਸ ਤਰ੍ਹਾਂ ਦਾ ਤਮਾਸ਼ਾ ਮਥੁਰਾ ਵਿਚ ਨਹੀਂ ਸੀ ਦੇਖਿਆ, ਜਦੋਂ ਇਕ ਜਾਅਲੀ ਧਾਰਮਿਕ ਸ਼ਖਸ ਦੇ 20 ਬੰਦੇ ਮਾਰੇ ਗਏ ਸਨ ਅਤੇ ਇਸ ਝੜਪ ਵਿਚ ਬਦਮਾਸ਼ਾਂ ਨੇ ਬਹਾਦਰ ਐਸ਼ਪੀæ ਨੂੰ ਮਾਰ ਮੁਕਾਇਆ ਸੀ? ਮੈਨੂੰ ਹਰਿਆਣਾ ਦੇ ਉਸ ਠੱਗ ਦਾ ਵੀ ਚੇਤਾ ਆ ਰਿਹਾ ਹੈ ਜੋ ਦੁੱਧ ਨਾਲ ਨਹਾਉਂਦਾ ਸੀ ਅਤੇ ਉਸ ਦੇ ਸ਼ਰਧਾਲੂ ਇਸੇ ਦੁੱਧ ਨੂੰ ਪ੍ਰਸਾਦ ਵਜੋਂ ਲੈਂਦੇ ਸਨ।
ਅਸੀਂ ਭਾਰਤੀ ਅਜੇ ਮਸਖਰਿਆਂ ਦੀ ਇਉਂ ਪੂਜਾ ਕਿਉਂ ਕਰਦੇ ਹਾਂ? ‘ਅਸੀਂ ਭਾਰਤੀਆਂ’ ਨੂੰ ਤੁਸੀਂ ‘ਅਸੀਂ ਉਤਰੀ ਭਾਰਤੀ’ ਪੜ੍ਹਨਾ ਹੈ। ਇਹ ਲੋਕ ਗੁੰਡਿਆਂ ਦੀ ਪੂਜਾ ਭਲਾ ਕਿਉਂ ਕਰਦੇ ਹਨ? ਮੁਆਫ ਕਰਨਾ, ਦਿਹਾਤੀ ਖੇਤਰਾਂ ਦੇ ਬਹੁਤੇ ਹਿੰਦੂ ਅਤੇ ਸਿੱਖ ਹੀ ਅਜਿਹੇ ਲੋਕਾਂ ਕੋਲ ਕਿਉਂ ਜਾਂਦੇ ਹਨ? ਹੋਰ ਭਾਈਚਾਰਿਆਂ-ਮੁਸਲਮਾਨਾਂ, ਈਸਾਈਆਂ, ਜੈਨੀਆਂ, ਬੋਧੀਆਂ ਦੇ ਤਾਂ ਅਜਿਹੇ ਭਗਵਾਨ ਨਹੀਂ ਹਨ। ਉਤਰੀ ਭਾਰਤ ਦੇ ਬਹੁਤੇ ਭਾਈਚਾਰਿਆਂ ਨੂੰ ਹੁਣ ਆਪਾ ਚੀਨਣ ਦੀ ਲੋੜ ਹੈ। ਧਾਰਮਿਕਤਾ ਕਿਸੇ ਭਾਈਚਾਰੇ ਦਾ ਨੁਕਸਾਨ ਨਹੀਂ ਕਰਦੀ ਅਤੇ ਬਜ਼ੁਰਗਾਂ ਨੂੰ ਹੁਣ ਸਿਰ ਜੋੜ ਕੇ ਅਜਿਹੇ ਮਨਹੂਸ ਮਨੁੱਖੀ ਪੈਗੰਬਰਾਂ ‘ਤੇ ਰੋਕ ਲਗਵਾਉਣੀ ਚਾਹੀਦੀ ਹੈ; ਹਾਲਾਂਕਿ ਮਸਲਾ ਵਿਚੋਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਅਜਿਹੀ ਨਕਲੀ ਧਾਰਮਿਕਤਾ ਨੂੰ ਲਗਾਤਾਰ ਹੱਲਾਸ਼ੇਰੀ ਦੇ ਰਹੀ ਹੈ। ਤੁਸੀਂ ਜਮੁਨਾ ਦੇ ਕਿਨਾਰੇ ਕੀਤੇ ਵਾਤਾਵਰਨ ਨਾਲ ਖਿਲਵਾੜ ਅਤੇ ਸ੍ਰੀ ਸ੍ਰੀæææਨੂੰ ਦਿੱਤੇ ਮਾਣ-ਸਨਮਾਨ ਵੱਲ ਹੀ ਦੇਖੋ, ਜਿਥੇ ਬੇਹੂਦਾ ਨਾਚ-ਗਾਣਾ ਕੀਤਾ ਵੀ ਗਿਆ। ਇਹ ਭਾਜਪਾ ਸਰਕਾਰ ਨੇ ਦੇਖਣਾ ਸੀ ਕਿ ਉਹ ਤਿੰਨ ਲੱਖ ਰੁਪਏ ਜੁਰਮਾਨਾ ਭਰਦਾ।
ਚਸਕੇਬਾਜ਼ ਆਸਾਰਾਮ ਨੂੰ ਕੌਣ ਭੁੱਲ ਸਕਦਾ ਹੈ, ਤੇ ਹਕੀਕਤ ਇਹ ਹੈ ਕਿ ਉਸ ਦੇ ਬਦਮਾਸ਼ਾਂ ‘ਤੇ ਹੁਣ ਤੱਕ ਸੱਤ ਗਵਾਹਾਂ ਦੇ ਕਤਲ ਦਾ ਦੋਸ਼ ਲਗ ਚੁਕਾ ਹੈ। ਇਕ ਵਾਰ ਵਲਸਾਦ (ਗੁਜਰਾਤ) ਵਿਚ ਜਦੋਂ ਆਸਾਰਾਮ ਆਇਆ ਸੀ ਤਾਂ ਮੈਂ ਇਤਫਾਕ ਵਸ ਉਥੇ ਹੀ ਸਾਂ। ਪ੍ਰਚਾਰ-ਪ੍ਰਸਾਰ ਇਸ ਤਰ੍ਹਾਂ ਦਾ ਸੀ ਕਿ ਮੈਨੂੰ ਲੱਗਿਆ, ਜਿਵੇਂ ਸਾਰਾ ਸ਼ਹਿਰ ਹੀ ਉਸ ਦਾ ਪੈਰੋਕਾਰ ਬਣਿਆ ਪਿਆ ਹੈ। ਉਸ ਦਾ ਰਾਸ਼ਟਰਪਤੀ ਦੀ ਤਰਜ਼ ‘ਤੇ ਮਾਣ-ਸਨਮਾਨ ਕੀਤਾ ਗਿਆ।
ਪੁਣੇ ਦੀ ਸਨਾਤਨ ਸੰਸਥਾ, ਜਿਸ ਉਤੇ ਤਿੰਨ ਤਰਕਸ਼ੀਲਾਂ-ਨਰਿੰਦਰ ਦਾਭੋਲਕਰ, ਗੋਬਿੰਦ ਪਨਸਾਰੇ ਅਤੇ ਐਮæਐਮæ ਕਲਬੁਰਗੀ ਨੂੰ ਮਾਰਨ ਦੇ ਦੋਸ਼ ਹਨ, ਉਤੇ ਅਜੇ ਤੱਕ ਵੀ ਸ਼ਿਕੰਜਾ ਨਹੀਂ ਕੱਸਿਆ ਜਾ ਰਿਹਾ।
19ਵੀਂ ਸਦੀ ਵਿਚ ਆਰੀਆ ਸਮਾਜ ਅਤੇ ਬ੍ਰਹਮੋ ਸਮਾਜ ਵਰਗੇ ਧਾਰਮਿਕ ਸੁਧਾਰ ਅੰਦੋਰਨ ਛੇੜੇ ਗਏ। ਕੀ ਇਨ੍ਹਾਂ ਅੰਦੋਲਨਾਂ ਅਤੇ ਇਨ੍ਹਾਂ ਦੇ ਫਲਸਫੇ ਵਿਚ ਨਿਘਾਰ ਆ ਗਿਆ ਹੈ ਕਿ ਅੰਧ ਵਿਸ਼ਵਾਸੀ ਇਨ੍ਹਾਂ ‘ਤੇ ਭਾਰੀ ਪੈ ਗਏ ਹਨ? ਕੀ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਹੁਣ ਇਹ ਦੱਸਣਾ ਪਵੇਗਾ ਕਿ ਉਹ ਤਰਕਸ਼ੀਲ ਬਣਨ ਅਤੇ ਅੰਧ ਵਿਸ਼ਵਾਸ ਛੱਡ ਦੇਣ? ਯਾਦ ਕਰੋ, ਦੋ ਸਾਲ ਪਹਿਲਾਂ ਕੁਝ ਸੰਸਥਾਵਾਂ ਨੇ ਮੇਰਠ ਦੇ ਇਕ ਮੰਦਿਰ ਵਿਚ ਨਾਥੂ ਰਾਮ ਗੌਡਸੇ ਦਾ ਬੁੱਤ ਲਾਉਣ ਦੀ ਮੁਹਿੰਮ ਚਲਾ ਲਈ ਸੀ। ਹਿੰਦੂ ਮਹਾਂਸਭਾ ਉਸ ਨੂੰ ਸਨਮਾਨਤ ਕਰਨਾ ਚਾਹੁੰਦੀ ਹੈ। ਇਸ ਲਈ ਜੇ ਹੁਣ ਬੁੱਤ ਸਥਾਪਤੀ ‘ਤੇ ਘੱਟੋ ਘੱਟ ਦਸ ਸਾਲ ਦੀ ਰੋਕ ਲਾ ਦਿੱਤੀ ਜਾਵੇ ਤਾਂ ਕਿੰਜ ਰਹੇਗਾ? ਕੀ ਸਮਾਜ ਵਿਚ ਰਹਿ ਰਹੇ ਤਰਕਸ਼ੀਲਾਂ ਨੂੰ ਲੋਕਾਂ ਨੂੰ ਜਾਗਰੂਕ ਨਹੀਂ ਕਰਨਾ ਚਾਹੀਦਾ ਕਿ ਗੰਗਾ ਵੀ ਹੋਰ ਦਰਿਆਵਾਂ ਵਾਂਗ ਦਰਿਆ ਹੀ ਹੈ ਅਤੇ ਇਹ ਸਵਰਗ ਜਾਂ ਸ਼ਿਵ ਦੀਆਂ ਜਟਾਵਾਂ ਵਿਚੋਂ ਨਹੀਂ ਨਿਕਲਦਾ?
ਦਰਅਸਲ, ਮਿਥਹਾਸ ਅਤੇ ਹਕੀਕਤ ਵਿਚਕਾਰਲਾ ਖੱਪਾ ਖਤਮ ਕਰ ਦਿੱਤਾ ਗਿਆ ਹੈ। ਪੱਛਮ ਵਿਚ ਲੋਕ ਆਪਣੇ ਬੱਚਿਆਂ ਨੂੰ ਇਹ ਨਹੀਂ ਸਿੱਖਾਉਂਦੇ ਕਿ ਰੱਬ ਨੇ ਛੇ ਦਿਨਾਂ ਵਿਚ ਇਹ ਦੁਨੀਆਂ ਸਾਜ ਦਿੱਤੀ ਅਤੇ ਫਿਰ ਸਤਵੇਂ ਦਿਨ ਉਹ ਸੌਂ ਗਿਆ। ਜਦੋਂ ਤੱਕ ਅਸੀਂ ਮਿਥਹਾਸ ਨੂੰ ਮਿਸਾਲ ਜਾਂ ਰੂਪਕ ਵਜੋਂ ਵਰਤਦੇ ਹਾਂ, ਉਦੋਂ ਤੱਕ ਤਾਂ ਠੀਕ ਹੈ, ਪਰ ਜਦੋਂ ਮਿਥਹਾਸ ਹਕੀਕਤ ‘ਤੇ ਭਾਰੂ ਹੋਣ ਲਗਦਾ ਹੈ ਤਾਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਸ ਲਈ ਲੋਕਾਂ ਨੂੰ ਇਨ੍ਹਾਂ ਮਾਮਲਿਆਂ ‘ਤੇ ਖੁਦ ਨੂੰ ਹੀ ਸਵਾਲ ਕਰਨੇ ਚਾਹੀਦੇ ਹਨ। ਕੁੰਭ ਮੇਲੇ ‘ਤੇ ਵਹੀਰਾਂ ਘੱਤ ਕੇ ਲੱਖਾਂ ਦੀ ਗਿਣਤੀ ਵਿਚ ਜਾਣ ਵਾਲਿਆਂ ਨੂੰ ਕਿਸ ਤਰ੍ਹਾਂ ਸਮਝਾਇਆ ਜਾਵੇਗਾ ਕਿ ਉਥੇ ਇਉਂ ਨਹਾਉਣ ਨਾਲ ਮਨ ਦੀ ਮੈਲ ਨਹੀਂ ਧੋਤੀ ਜਾਂਦੀ? ਤਰਕਸ਼ੀਲਾਂ ਨੂੰ ਅਜਿਹੇ ਮੇਲਿਆਂ ਬਾਰੇ ਪੈਂਤੜੇ ਮੱਲਣੇ ਚਾਹੀਦੇ ਹਨ। ਅਸੀਂ ਰਾਹੂ-ਕੇਤੂ ਉਤੇ ਵਿਸ਼ਵਾਸ ਕਿਉਂ ਕਰਦੇ ਹਾਂ? ਸਾਨੂੰ ਕਦੇ ਤਾਂ ਇਹ ਸਭ ਕੁਝ ਬੰਦ ਕਰਨਾ ਪਵੇਗਾ ਅਤੇ ਸੋਚਣਾ ਪਵੇਗਾ!