ਡੇਰੇ ਦਾ ਨ੍ਹੇਰਾ ਅਤੇ ਨਿਆਂ ਦਾ ਚਾਨਣ

ਵਕਤ ਦਾ ਪਹੀਆ ਅਜਿਹਾ ਗਿੜਿਆ ਹੈ ਕਿ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਕਹਿੰਦੇ-ਕਹਾਉਂਦੇ ਸਿਆਸਤਦਾਨਾਂ ਨੂੰ ਉਂਗਲ ‘ਤੇ ਨਚਾਉਣ ਵਾਲਾ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅੱਜ ਸੀਖਾਂ ਪਿਛੇ ਹੈ। ਆਪਣੀਆਂ ਹੀ ਦੋ ਸ਼ਰਧਾਲੂ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਹੇਠ ਹੁਣ ਉਹ ਵੀਹ ਸਾਲ ਜੇਲ੍ਹ ਅੰਦਰ ਰਹੇਗਾ। ਇਹੀ ਨਹੀਂ, ਉਸ ਖਿਲਾਫ ਦਰਜ ਕੁਝ ਹੋਰ ਕੇਸ ਵੀ ਆਖਰੀ ਗੇੜਾਂ ਵਿਚ ਹਨ। ਜ਼ਾਹਰ ਹੈ ਕਿ ਤਾਕਤ ਦੇ ਘੁਮੰਡ ਵਿਚ ਚੂਰ ਚੂਰ ਹੋਇਆ ਇਹ ਸ਼ਖਸ ਹੁਣ ਸਾਰੀ ਉਮਰ ਜੇਲ੍ਹ ਅੰਦਰ ਹੀ ਬਿਤਾਏਗਾ।

ਉਹ ਤਕਰੀਬਨ ਢਾਈ ਦਹਾਕੇ ਪਹਿਲਾਂ, ਮਹਿਜ਼ 23 ਵਰ੍ਹਿਆਂ ਦੀ ਉਮਰ ਵਿਚ ਇਸ ਡੇਰੇ ਦਾ ਤੀਜਾ ਮੁਖੀ ਬਣਿਆ ਸੀ ਅਤੇ ਦੇਖਦਿਆਂ ਦੇਖਦਿਆਂ ਉਸ ਨੇ ਇਲਾਕੇ ਵਿਚ ਕੁਟੀਆ ਵਜੋਂ ਜਾਣੀ ਜਾਂਦੀ ਜਗ੍ਹਾ ਨੂੰ ਸਾਮਰਾਜ ਵਜੋਂ ਖੜ੍ਹਾ ਕਰ ਲਿਆ। ਅੱਜ ਇਹ ਡੇਰਾ 700 ਏਕੜ ਵਿਚ ਫੈਲਿਆ ਹੋਇਆ ਹੈ ਅਤੇ ਇਸ ਅੰਦਰ ਇਕ ਪੂਰਾ ਸ਼ਹਿਰ ਵੱਸਿਆ ਹੋਇਆ ਹੈ। ਇਸ ਸਾਮਰਾਜ ਦੇ ਸਿਰ ਉਤੇ ਹੀ ਉਸ ਨੇ ਸ਼ਰਧਾਲੂਆਂ ਦੀ ਭੀੜ ਆਪਣੇ ਮਗਰ ਤੋਰ ਲਈ ਅਤੇ ਇਸ ਭੀੜ ਕਾਰਨ ਹੀ ਸਿਆਸੀ ਪਾਰਟੀਆਂ ਦੇ ਆਗੂ ਉਸ ਦੇ ਦਰਬਾਰ ਪੁੱਜਣ ਲੱਗ ਪਏ। ਡੇਰਾ ਮੁਖੀ ਦੀ ਚੜ੍ਹਤ ਅਤੇ ਨਿਘਾਰ ਦੇ ਮਾਮਲਿਆਂ ਵਿਚ ਕੁਝ ਨੁਕਤੇ ਅਜਿਹੇ ਹਨ ਜਿਨ੍ਹਾਂ ਉਤੇ ਵਿਚਾਰ ਬਹੁਤ ਜ਼ਰੂਰੀ ਹੈ। ਇਸ ਨਾਲ ਡੇਰਿਆਂ ਦੇ ਜਾਲ ਅਤੇ ਸਿਆਸਤ ਦੇ ਜੰਜਾਲ ਨੂੰ ਸਮਝਣ/ਸਮਝਾਉਣ ਵਿਚ ਥੋੜ੍ਹੀ ਮਦਦ ਮਿਲੇਗੀ। ਸਭ ਤੋਂ ਅਹਿਮ ਮਸਲਾ ਇਸ ਡੇਰੇ ਦੇ ਸ਼ਰਧਾਲੂਆਂ ਦਾ ਹੈ ਜਿਨ੍ਹਾਂ ਬਾਰੇ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਇਹ ਅੰਨ੍ਹੇ ਹੋ ਕੇ ਡੇਰਾ ਮੁਖੀ ਪਿਛੇ ਲੱਗੇ ਹੋਏ ਹਨ। ਮਾਮੂਲੀ ਜਿਹੀ ਪੁਣਛਾਣ ਤੋਂ ਪਤਾ ਲੱਗ ਜਾਂਦਾ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਸ਼ਰਧਾਲੂ ਸਮਾਜ ਦੇ ਉਸ ਵਰਗ ਵਿਚੋਂ ਆਏ ਹਨ ਜਿਨ੍ਹਾਂ ਦਾ ਸਮਾਜ ਵਿਚ ਦਰਜਾ ਪੌੜੀ ਦੇ ਸਭ ਤੋਂ ਹੇਠਲੇ ਪੌਡੇ ਵਾਲਾ ਹੈ। ਸਿੱਖ ਗੁਰੂ ਸਾਹਿਬਾਨ ਨੇ ਜਾਤ-ਪਾਤ ਦੇ ਕੋਹੜ ਦੇ ਖਾਤਮੇ ਲਈ ਹਰ ਮਾਈ-ਭਾਈ ਨੂੰ ਗਲ ਲਾਉਣ ਦਾ ਹੋਕਾ ਦਿੱਤਾ ਸੀ, ਪਰ ਸਿੱਖ ਸੰਸਥਾਵਾਂ ਉਤੇ ਕਾਬਜ਼ ਹੋਏ ਪ੍ਰਬੰਧਕਾਂ ਨੇ ਇਸ ਹੋਕੇ ਤੋਂ ਮੁਖ ਮੋੜ ਲਿਆ ਅਤੇ ਨਤੀਜਾ ਇਹ ਨਿਕਲਿਆ ਹੈ ਕਿ ਇਸ ਵਰਗ ਦਾ ਚੋਖਾ ਹਿੱਸਾ ਡੇਰਾ ਸ਼ਰਧਾਲੂ ਹੋ ਗਿਆ ਹੈ।
ਦੂਜਾ ਨੁਕਤਾ ਨਿਆਂ ਦਾ ਹੈ। ਅਦਾਲਤ ਦੇ ਇਸ ਫੈਸਲੇ ਦੇ ਨਾਲ ਹੀ ਭਾਰਤ ਦੀ ਨਿਆਂ ਪ੍ਰਣਾਲੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ ਗਏ ਹਨ। ਬਿਨਾ ਸ਼ੱਕ, ਡੇਰੇ ਵਾਲੇ ਕੇਸ ਵਿਚ ਜਾਂਚ ਏਜੰਸੀ ਅਤੇ ਅਦਾਲਤ ਨੇ ਬੜਾ ਮਿਸਾਲੀ ਕੰਮ ਕੀਤਾ ਹੈ, ਪਰ ਇਸ ਨਾਲ ਉਸ ਨਿਆਂ ਪ੍ਰਣਾਲੀ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਖਰੀਦਣ ਲਈ ਡੇਰਾ ਮੁਖੀ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਇਸ ਕੇਸ ਵਿਚ ਚੰਗੀ ਗੱਲ ਇਹੀ ਹੋਈ ਹੈ ਕਿ ਉਹ ਕਾਮਯਾਬ ਨਹੀਂ ਹੋ ਸਕਿਆ ਹੈ, ਸਗੋਂ ਕਹਿਣਾ ਇਹ ਬਣਦਾ ਹੈ ਕਿ ਇਸ ਮਾਮਲੇ ਵਿਚ ਡੇਰਾ ਮੁਖੀ ਦਾ ਕੋਈ ਜ਼ੋਰ ਨਹੀਂ ਚੱਲਿਆ; ਨਹੀਂ ਤਾਂ ਇਹ ਤੱਥ ਜੱਗ-ਜ਼ਾਹਰ ਹੈ ਕਿ ਭਾਰਤੀ ਨਿਆਂ ਪ੍ਰਣਾਲੀ ਆਮ ਬੰਦੇ ਨੂੰ ਜਿਸ ਢੰਗ ਨਾਲ ਲਤਾੜਦੀ ਹੈ, ਇਸ ਬਾਰੇ ਕੋਈ ਟਿੱਪਣੀ ਕਰਨ ਦੀ ਵੀ ਲੋੜ ਨਹੀਂ ਭਾਸਦੀ। ਨਿੱਤ ਦਿਨ ਅਨਿਆਂ ਵਾਲਾ ਇਹ ਸਿਲਸਿਲਾ ਕਿਸੇ ਨਾ ਕਿਸੇ ਰੂਪ ਵਿਚ ਸਾਹਮਣੇ ਆ ਹੀ ਜਾਂਦਾ ਹੈ। ਤੀਜਾ ਨੁਕਤਾ ਡੇਰਾ ਮੁਖੀ ਦੇ ਪਿਛੋਕੜ ਨਾਲ ਸਬੰਧਤ ਹੈ। ਕੁਝ ਧਿਰਾਂ ਨੇ ਡੇਰਾ ਮੁਖੀ ਦਾ ਪਿਛੋਕੜ ਫਰੋਲਦਿਆਂ ਇਸ ਦੀ ਕੜੀ ਖਾੜਕੂਵਾਦ ਨਾਲ ਜਾ ਜੋੜੀ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਸਲ ਵਿਚ ਗੁਰਮੀਤ ਸਿੰਘ ਸਿੱਧੂ ਹੈ ਜਿਹੜਾ ਕਿਸੇ ਵੇਲੇ ਉਘੇ ਖਾੜਕੂ ਗੁਰਜੰਟ ਸਿੰਘ ਰਾਜਸਥਾਨੀ ਦਾ ਸਾਥੀ ਰਿਹਾ ਹੈ। ਕੁਝ ਖੋਜੀਆਂ ਨੇ ਤਾਂ ਦੋਹਾਂ ਵਿਚਕਾਰ ਕੋਈ ਰਿਸ਼ਤੇਦਾਰੀ ਵੀ ਲੱਭ ਲਈ ਹੈ, ਪਰ ਇਨ੍ਹਾਂ ਖਾੜਕੂਆਂ ਦਾ ਡੇਰੇ ਨਾਲ ਜੁੜਨ ਦਾ ਇਕੋ-ਇਕ ਮਕਸਦ ਸ਼ਾਇਦ ਆਪਣੀ ਠਾਹਰ ਪੱਕੀ ਕਰਨਾ ਹੀ ਸੀ। ਇਹ ਗੱਲ ਵੱਖਰੀ ਹੈ ਕਿ ਖਾੜਕੂਆਂ ਵੱਲੋਂ ਡੇਰਿਆਂ ਬਾਰੇ ਅਜਿਹੀ ਕੱਚੀ ਪਹੁੰਚ ਹੋਣ ਕਰ ਕੇ ਹੀ ਵਕਤ ਪੁੱਠਾ ਗਿੜ ਗਿਆ ਅਤੇ ਇਸ ਮਾਮਲੇ ਵਿਚ ਚੌਥਾ ਤੇ ਅਹਿਮ ਨੁਕਤਾ ਵੀ ਇਹ ਬਣ ਗਿਆ ਕਿ ਡੇਰਿਆਂ ਪ੍ਰਤੀ ਪਹੁੰਚ ਆਖਰ ਕੀ ਹੋਵੇ, ਕਿਉਂਕਿ ਡੇਰਾਵਾਦ ਨੇ ਆਮ ਲੋਕਾਈ ਦਾ ਮੁਹਾਣ ਜਿਸ ਪਾਸੇ ਮੋੜ ਦਿੱਤਾ ਹੈ, ਉਹ ਰਾਹ ਸਾਡੇ ਗੁਰੂ ਸਾਹਿਬਾਨ ਵੱਲੋਂ ਦਿਖਾਏ ਸੱਚ ਦੇ ਮਾਰਗ ਤੋਂ ਐਨ ਉਲਟ ਦਿਸ਼ਾ ਵੱਲ ਜਾ ਰਿਹਾ ਹੈ। ਡੇਰਾ ਸਿਰਸਾ ਹੀ ਇਸ ਦੀ ਮਿਸਾਲ ਹੈ। ਜਿਸ ਡੇਰੇ ਨੇ ਖਾੜਕੂਆਂ ਲਈ ਠਾਹਰ ਬਣਨਾ ਸੀ, ਸਮਾਂ ਪਾ ਕੇ ਉਹੀ ਸਿੱਖਾਂ ਲਈ ਵੱਡੀ ਵੰਗਾਰ ਬਣ ਕੇ ਖੜ੍ਹਾ ਹੋ ਗਿਆ। ਅਸਲ ਵਿਚ ਡੇਰਾਵਾਦ ਭਾਰਤ ਦੇ ਸਿਆਸੀ ਢਾਂਚੇ ਦੀ ਉਮਰ ਵਧਾਉਣ ਦੇ ਮਾਮਲੇ ਵਿਚ ਇਸ ਦੇ ਬਹੁਤ ਸੂਤ ਬੈਠਦਾ ਹੈ। ਸਿਆਸਤਦਾਨਾਂ ਨੇ ਚੋਣ ਸਿਸਟਮ ਦੀਆਂ ਚੋਰ-ਮੋਰੀਆਂ ਰਾਹੀਂ ਇਸ ਨੂੰ ਡੇਰਾ ਸਿਆਸਤ ਨਾਲ ਜੋੜ ਦਿੱਤਾ ਹੈ ਅਤੇ ਸਿਆਸਤ ਤੇ ਡੇਰਿਆਂ ਦਾ ਗਠਜੋੜ ਹੁਣ ਇਕ ਤਾਕਤ ਦੇ ਰੂਪ ਵਿਚ ਹਰ ਥਾਂ ਸਾਹਮਣੇ ਆ ਰਿਹਾ ਹੈ। ਡੇਰਾ ਮੁਖੀ ਨੂੰ ਮਿਲੀ ਸਜ਼ਾ ਨੂੰ ਵੀ ਇਸੇ ਪ੍ਰਸੰਗ ਵਿਚ ਵਿਚਾਰਨਾ ਬਣਦਾ ਹੈ। ਪੰਜਵਾਂ ਨੁਕਤਾ ਇਸੇ ਸਿਆਸਤ ਨਾਲ ਜੁੜਿਆ ਹੋਇਆ ਹੈ। ਕੇਂਦਰ ਵਿਚ ਸੱਤਾਧਾਰੀ ਭਾਜਪਾ ਅਤੇ ਇਸ ਦੀ ਸਰਪ੍ਰਸਤ ਆਰæਐਸ਼ਐਸ਼ ਦਾ ਭਾਰਤ ਬਾਰੇ ਖਾਸ ਏਜੰਡਾ ਹੈ। ਇਹ ਜਥੇਬੰਦੀਆਂ ਮੁਲਕ ਦੀ ਹਰ ਸੰਸਥਾ ਅਤੇ ਸ਼ਕਤੀ ਉਤੇ ਕਾਠੀ ਪਾਉਣ ਲਈ ਕਾਹਲੀਆਂ ਹਨ। ਡੇਰਾ ਸਿਰਸਾ ਉਤੇ ਕਾਠੀ ਪਾਉਣਾ ਵੀ ਇਸੇ ਸਿਲਸਿਲੇ ਦਾ ਹੀ ਇਕ ਹਿੱਸਾ ਹੈ। ਕੁਝ ਸਮੇਂ ਬਾਅਦ ਜਦੋਂ ਇਸ ਮਸਲੇ ਦੀ ਧੂੜ ਕੁਝ ਕੁ ਬੈਠੇਗੀ ਤਾਂ ਪਤਾ ਲੱਗੇਗਾ ਕਿ ਡੇਰੇ ਅਤੇ ਸਿਆਸਤ ਬਾਰੇ ਇਹ ਲੋਕ ਕਿੰਨੀ ਸਕੀਮ ਨਾਲ ਚੱਲ ਰਹੇ ਸਨ। ਹੁਣ ਮੁਹਿੰਮਾਂ ਇਸ ਹਿਸਾਬ ਨਾਲ ਚੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਇਸ ਸਿਆਸਤ ਦੀ ਕਾਟ ਲਈ ਕੁਝ ਕਾਰਗਰ ਸਿਆਸਤ ਕੀਤੀ ਜਾ ਸਕੇ ਅਤੇ ਡੇਰਿਆਂ ਵੱਲੋਂ ਆਪਣੇ ਸ਼ਰਧਾਲੂਆਂ ਨੂੰ ਵਰਤ ਕੇ ਕੀਤੀ ਜਾਂਦੀ ਹਰ ਕਿਸਮ ਦੀ ਵਧੀਕੀ ਨਾਲ ਨਜਿੱਠਿਆ ਜਾ ਸਕੇ।