ਗੁਨਾਹਾਂ ਦਾ ‘ਗੁਰੂ’ ਅਸਲ ਟਿਕਾਣੇ ਲੱਗਾ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਆਪਣੇ ਆਪ ਨੂੰ ‘ਰੱਬ ਦਾ ਦੂਤ’ ਦੱਸਣ ਵਾਲਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਖਰਕਾਰ ਕਾਨੂੰਨ ਦੇ ਲੰਮੇ ਹੱਥਾਂ ਵਿਚ ਆ ਗਿਆ। ਸੀæਬੀæਆਈæ ਅਦਾਲਤ ਨੇ ਰਾਮ ਰਹੀਮ ਨੂੰ ਦੋ ਸਾਧਵੀਆ ਨਾਲ ਬਲਾਤਕਾਰ ਦੇ ਮਾਮਲਿਆਂ ਵਿਚ 10-10 ਸਾਲ ਦੀ ਕੈਦ ਅਤੇ 15-15 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਡੇਰਾ ਮੁਖੀ ਨੂੰ ਹੁਣ 20 ਸਾਲ ਕੈਦ ਕੱਟਣੀ ਪਵੇਗੀ।

ਰਾਮ ਰਹੀਮ ਨੇ ਭਾਵੇਂ ਫੈਸਲਾ ਸੁਣਾਉਣ ਵਾਲੇ ਸੀæਬੀæਆਈæ ਜੱਜ ‘ਤੇ ਦਬਾਅ ਪਾਉਣ ਲਈ ਆਪਣੇ ਪ੍ਰੇਮੀਆਂ ਰਾਹੀਂ ਖੁੱਲ੍ਹ ਕੇ ਗੁੰਡਾਗਰਦੀ ਕਰਵਾਈ, ਪਰ ਅਦਾਲਤ ਉਤੇ ਇਸ ਦਾ ਰਤਾ ਵੀ ਅਸਰ ਨਾ ਹੋਇਆ ਤੇ ਅੰਤ ਬਾਬੇ ਨੂੰ ਜੱਜ ਸਾਹਮਣੇ ਰੋਂਦੇ-ਕੁਰਲਾਉਂਦਿਆਂ ਰਹਿਮ ਦੀ ਭੀਖ ਮੰਗਣ ਲਈ ਮਜਬੂਰ ਹੋਣਾ ਪਿਆ। ਡੇਰਾ ਮੁਖੀ ਹੁਣ ਜੇਲ੍ਹ ਵਿਚ 20 ਰੁਪਏ ਦਿਹਾੜੀ ‘ਤੇ ਕੰਮ ਕਰੇਗਾ। ਡੇਰਾ ਮੁਖੀ ਨੂੰ ਇਹ ਦਿਨ ਦਿਖਾਉਣ ਲਈ ਪੀੜਤਾਂ ਨੂੰ 15 ਸਾਲ ਦੀ ਕਾਨੂੰਨੀ ਲੜਨੀ ਪਈ। ਸਾਲ 2002 ਵਿਚ ਡੇਰੇ ਦੀ ਇਕ ਸਾਧਵੀ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾ ਕੇ ਡੇਰਾ ਮੁਖੀ ਖਿਲਾਫ਼ ਹਾਈ ਕੋਰਟ ਅਤੇ ਪ੍ਰਧਾਨ ਮੰਤਰੀ ਦੇ ਨਾਮ ਚਿੱਠੀ ਲਿਖੀ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸੀæਬੀæਆਈæ ਨੂੰ ਸੌਂਪੀ ਗਈ। ਸਾਲ 2007 ਵਿਚ ਇਸ ਮਾਮਲੇ ਵਿਚ ਰਾਮ ਰਹੀਮ ਪਹਿਲੀ ਵਾਰ ਅੰਬਾਲਾ ਅਦਾਲਤ ਵਿਚ ਪੇਸ਼ ਹੋਇਆ। ਇਸ ਮਗਰੋਂ ਇਹ ਮਾਮਲਾ ਪੰਚਕੂਲਾ ਦੀ ਸੀæਬੀæਆਈæ ਅਦਾਲਤ ਵਿਚ ਚੱਲ ਰਿਹਾ ਸੀ।
ਡੇਰੇ ਦੇ ਪ੍ਰਬੰਧਕਾਂ ਨੇ ਕਾਨੂੰਨੀ ਕਾਰਵਾਈ ਵਿਚ ਅੜਿੱਕੇ ਡਾਹੁਣ ਲਈ ਹਰ ਹਰਬਾ ਵਰਤਿਆ। ਫੈਸਲੇ ਪਿੱਛੋਂ ਸੀæਬੀæਆਈæ ਦੇ ਇਕ ਜਾਂਚ ਅਧਿਕਾਰੀ ਵੱਲੋਂ ਕੀਤੇ ਖੁਲਾਸੇ ਤੋਂ ਪਤਾ ਲੱਗਦਾ ਹੈ ਕਿ ਇਹ ਲੜਾਈ ਕਿੰਨੀ ਮੁਸ਼ਕਿਲ ਸੀ। ਇਸ ਅਧਿਕਾਰੀ ਦਾ ਕਹਿਣਾ ਹੈ ਕਿ ਡੇਰੇ ਨੇ ਸੀæਬੀæਆਈæ ਉਤੇ ਇੰਨਾ ਦਬਾਅ ਬਣਾਇਆ ਕਿ ਉਸ ਦੇ ਸੀਨੀਅਰ ਅਧਿਕਾਰੀ ਉਸ ਨੂੰ ਕੇਸ ਤੋਂ ਪਾਸੇ ਹਟਣ ਲਈ ਆਖਣ ਲੱਗੇ। ਉਸ ਨੂੰ ਲਾਲਚ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ, ਪਰ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਡਟਿਆ ਰਿਹਾ। ਡੇਰਾ ਮੁਖੀ ਨੂੰ ਆਪਣੀ ਹੋਣੀ ਦਾ ਪਤਾ ਦੋ ਮਹੀਨੇ ਪਹਿਲਾਂ ਲੱਗ ਗਿਆ ਸੀ, ਜਦੋਂ ਪੰਚਕੂਲਾ ਦੀ ਵਿਸ਼ੇਸ਼ ਸੀæਬੀæਆਈæ ਅਦਾਲਤ ਦੇ ਜੱਜ ਨੇ ਕੇਸ ਦੀ ਰੋਜ਼ਾਨਾ ਸੁਣਵਾਈ ਕਰਨ ਦੇ ਹੁਕਮ ਸੁਣਾ ਦਿੱਤੇ।
ਇਸ ਪਿੱਛੋਂ ਡੇਰੇ ਦਾ ਸਾਰਾ ਜ਼ੋਰ ਅਦਾਲਤੀ ਕਾਰਵਾਈ ਵਿਚ ਵਿਘਨ ਪਾਉਣ ‘ਤੇ ਲੱਗ ਗਿਆ। ਇਸ ਕੰਮ ਲਈ ਹਰਿਆਣਾ ਵਿਚ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੀ ਬਾਬੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਗਈ ਅਤੇ ਪੰਚਕੂਲਾ ਵਿਚ ਧਾਰਾ 144 ਲਾਉਣ ਦੇ ਬਾਵਜੂਦ 4 ਲੱਖ ਲੋਕਾਂ ਦਾ ਇਕੱਠ ਹੋਣ ਦਿੱਤਾ। ਹਾਲਾਤ ਇਥੋਂ ਤੱਕ ਮਾੜੇ ਹੋ ਗਏ ਕਿ ਡੇਰਾ ਮੁਖੀ ਅਤੇ ਭਾਜਪਾ ਸਰਕਾਰ ਦੇ ‘ਗੱਠਜੋੜ’ ਨੂੰ ਤੋੜਨ ਲਈ ਹਾਈ ਕੋਰਟ ਨੂੰ ਦਖਲ ਦੇਣਾ ਪਿਆ। ਹਾਈ ਕੋਰਟ ਵੱਲੋਂ ਸਰਕਾਰ ਨੂੰ ਹਾਲਾਤ ਦਾ ਸਾਹਮਣਾ ਕਰਨ ਲਈ ਫੌਜ ਸੱਦਣ ਦਾ ਹੁਕਮ ਦਿੱਤਾ ਗਿਆ, ਪਰ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਸੀ। ਡੇਰੇ ਪ੍ਰੇਮੀ ਭਾਵੇਂ ਆਪਣੇ ਮਕਸਦ ਵਿਚ ਸਫਲ ਨਾ ਹੋ ਸਕੇ, ਪਰ ਉਨ੍ਹਾਂ ਵੱਲੋਂ ਵੱਡੇ ਪੱਧਰ ‘ਤੇ ਸਾੜ ਫੂਕ ਕੀਤੀ ਗਈ ਤੇ ਪੁਲਿਸ ਦੀ ਕਾਰਵਾਈ ਵਿਚ 38 ਜਾਨਾਂ ਚਲੀਆਂ ਗਈਆਂ।
ਦੱਸ ਦਈਏ ਕਿ ਰਾਮ ਰਹੀਮ 1990 ਵਿਚ 23 ਸਾਲ ਦੀ ਉਮਰ ਵਿਚ ਡੇਰਾ ਮੁਖੀ ਬਣਿਆ ਸੀ। ਉਸ ਪਿੱਛੋਂ ਡੇਰੇ ਦੀ ਚੜ੍ਹਾਈ ਸ਼ੁਰੂ ਹੋ ਗਈ, ਪਰ 2002 ਵਿਚ ਰਾਮ ਰਹੀਮ ਖਿਲਾਫ਼ ਅਪਰਾਧਾਂ ਅਤੇ ਵਿਵਾਦਾਂ ਦਾ ਦੌਰ ਸ਼ੁਰੂ ਹੋਇਆ। ਉਸ ਤੋਂ ਬਾਅਦ ਉਸ ਖਿਲਾਫ਼ ਜਬਰ ਜਨਾਹ, ਹੱਤਿਆ ਤੇ ਜਬਰੀ ਨਿਪੁੰਸਕ ਬਣਾਉਣ ਦੇ ਮਾਮਲੇ ਦਰਜ ਹਨ। 2007 ਵਿਚ ਉਸ ਨੂੰ ਸਿੱਖ ਭਾਈਚਾਰੇ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਜਦੋਂ ਉਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।
ਡੇਰਾ ਸਿਰਸਾ 700 ਏਕੜ ‘ਚ ਫੈਲਿਆ ਹੋਇਆ ਇਕ ਸ਼ਹਿਰ ਹੀ ਹੈ ਜਿਥੇ ਸਕੂਲ, ਕਾਲਜ, ਖੇਡ ਪਿੰਡ, ਹਸਪਤਾਲ, ਸਿਨੇਮਾ ਹਾਲ, ਸ਼ਾਪਿੰਗ ਮਾਲ ਅਤੇ ਹੋਰ ਸੁੱਖ ਸਹੂਲਤਾਂ ਮੌਜੂਦ ਹਨ। ਰਾਜਨੀਤੀ ਪਾਰਟੀਆਂ ਦਾ ਡੇਰਾ ਸਿਰਸਾ ਵਿਖੇ ਆਉਣ-ਜਾਣ ਲੱਗਾ ਰਹਿੰਦਾ ਹੈ। ਡੇਰਾ ਮੁਖੀ ਸਿਆਸੀ ਵਿੰਗ ਵੀ ਬਣਾਇਆ ਹੋਇਆ ਹੈ। 2014 ਦੀਆਂ ਚੋਣਾਂ ‘ਚ ਡੇਰੇ ਦੇ ਰਾਜਨੀਤਕ ਵਿੰਗ ਨੇ ਹਰਿਆਣਾ ਵਿਚ ਭਾਜਪਾ ਦਾ ਸਮਰਥਨ ਕੀਤਾ ਸੀ। ਇਹੀ ਕਾਰਨ ਹੈ ਕਿ ਹਰਿਆਣਾ ਸਰਕਾਰ ਡੇਰਾ ਮੁਖੀ ਦੇ ਜੇਲ੍ਹ ਜਾਣ ਤੱਕ ਉਸ ਦੇ ਹੀ ਗੁਣ ਗਾਉਂਦੀ ਰਹੀ।
__________________________________________
ਸਾਧਾਰਨ ਕੁਟੀਆ ਤੋਂ 700 ਏਕੜ ਦੇ ਡੇਰੇ ਤੱਕ ਦਾ ਸਫਰ
ਸਿਰਸਾ: ਡੇਰਾ ਸਿਰਸਾ ਦਾ ਸਾਮਰਾਜ ਗੁਰਮੀਤ ਰਾਮ ਰਹੀਮ ਦੇ ਗੱਦੀਨਸ਼ੀਨ ਹੋਣ ਮਗਰੋਂ ਹੀ ਖੜ੍ਹਾ ਹੋਇਆ ਹੈ। ਡੇਰੇ ਦੀ ਸਥਾਪਨਾ 1948 ਵਿਚ ਹੋਈ ਸੀ। ਡੇਰੇ ਦੇ ਪਹਿਲੇ ਗੱਦੀਨਸ਼ੀਨ ਸ਼ਾਹ ਮਸਤਾਨਾ ਸਨ ਜਿਨ੍ਹਾਂ ਮਗਰੋਂ ਗੱਦੀ ਸ਼ਾਹ ਸਤਨਾਮ ਸਿੰਘ ਨੂੰ ਸੌਂਪੀ ਗਈ। ਡੇਰੇ ਦੀ ਸਥਾਪਨਾ ਮੌਕੇ ਡੇਰੇ ਕੋਲ ਸਿਰਫ਼ ਪੰਜ ਕਿੱਲੇ ਜ਼ਮੀਨ ਸੀ ਜੋ ਦੂਜੀ ਗੱਦੀ ਤੱਕ ਵਧ ਕੇ 25 ਕਿੱਲੇ ਤੱਕ ਪੁੱਜੀ। ਸਾਲ 1990 ਵਿਚ ਡੇਰੇ ਦੇ ਤੀਜੇ ਗੱਦੀਨਸ਼ੀਨ ਗੁਰਮੀਤ ਰਾਮ ਰਹੀਮ ਸਿੰਘ ਦੀ ਨਿਯੁਕਤੀ ਨਾਲ ਡੇਰੇ ਦਾ ਵਿਸ਼ਾਲ ਸਾਮਰਾਜ ਸਥਾਪਤ ਹੋਣਾ ਸ਼ੁਰੂ ਹੋ ਗਿਆ।
ਸੂਤਰਾਂ ਅਨੁਸਾਰ ਡੇਰੇ ਦੀ ਜਾਇਦਾਦ ਛੇ ਹਜ਼ਾਰ ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਨਵਾਂ ਡੇਰਾ ਸੱਤ ਸੌ ਕਿੱਲੇ ਜ਼ਮੀਨ ਵਿਚ ਬਣਿਆ ਹੈ ਜਿਸ ਵਿਚ ਐਮæਐਸ਼ਜੀæ ਬਰਾਂਡ ਦੀਆਂ ਚੀਜ਼ਾਂ ਬਣਾਉਣ ਵਾਲੀਆਂ ਵੱਖ-ਵੱਖ ਫੈਕਟਰੀਆਂ ਤੋਂ ਇਲਾਵਾ ਡੇਰੇ ਦੇ ਸਕੂਲ ਤੇ ਕਾਲਜ ਵੀ ਹਨ। ‘ਸੱਚ’ ਮਾਰਕੀਟ ਦੀ ਸਥਾਪਨਾ ਤੋਂ ਇਲਾਵਾ ਕਈ ਰਿਹਾਇਸ਼ੀ ਕਾਲੋਨੀਆਂ ਵੀ ਬਣੀਆਂ ਹੋਈਆਂ ਹਨ। ਜਾਣਕਾਰੀ ਮੁਤਾਬਕ, ਪਹਿਲਾਂ ਇਹ ਡੇਰਾ ਕੱਚਾ ਹੁੰਦਾ ਸੀ। ਜਿਉਂ ਜਿਉਂ ਡੇਰੇ ਦੀ ਤਾਕਤ ਵਧਦੀ ਗਈ, ਇਸ ਦਾ ਫੈਲਾਓ ਵੀ ਹੁੰਦਾ ਗਿਆ। ਹੁਣ ਪਤਾ ਲੱਗਿਆ ਹੈ ਕਿ ਅਧਿਕਾਰੀਆਂ ਵੱਲੋਂ ਡੇਰੇ ਦੇ ਖਾਤੇ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਡੇਰਾ ਮੁਖੀ ਅਤੇ ਡੇਰੇ ਅੰਦਰਲੇ ਹੋਰ ਰਾਜ਼ ਖੁੱਲ੍ਹਣੇ ਅਜੇ ਬਾਕੀ ਹਨ। ਇਹ ਗੱਲ ਵੀ ਆਖੀ ਜਾ ਰਹੀ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਕਿਉਂਕਿ ਡੇਰੇ ਅਤੇ ਡੇਰੇ ਮੁਖੀ ਪ੍ਰਤੀ ਨਰਮੀ ਵਰਤ ਰਹੀ ਹੈ, ਇਸ ਲਈ ਡੇਰੇ ਦੇ ਭੇਤ ਦਬਾਏ ਵੀ ਜਾ ਸਕਦੇ ਹਨ। ਜੇ ਫੌਜ ਡੇਰੇ ਅੰਦਰ ਦਾਖਲ ਹੋ ਜਾਂਦੀ ਹੈ, ਤਾਂ ਇਸ ਬਾਰੇ ਹੋਰ ਭੇਤ ਖੁੱਲ੍ਹਣ ਦੀ ਸੰਭਾਵਨਾ ਬਣ ਸਕਦੀ ਹੈ।