ਬੜੀ ਲੰਮੀ ਹੈ ਰਾਮ ਰਹੀਮ ਦੇ ਗੁਨਾਹਾਂ ਦੀ ਸੂਚੀ

ਨਵੀਂ ਦਿੱਲੀ: ਲੋਕਾਂ ਨੂੰ ਹਰ ਸਮੱਸਿਆ ਤੋਂ ਮੁਕਤੀ ਦਿਵਾਉਣ ਦਾ ਦਾਅਵਾ ਕਰਨ ਵਾਲਾ ਰਾਮ ਰਹੀਮ ਵਿਵਾਦਾਂ ਦੇ ‘ਬਾਬੇ’ ਵਜੋਂ ਜਾਣਿਆ ਜਾਂਦਾ ਹੈ। ਉਸ ਨਾਲ ਜੁੜੇ ਵਿਵਾਦਾਂ ਦੀ ਸੂਚੀ ਲੰਮੀ ਹੈ, ਜਿਸ ਵਿਚ ਇਕ-ਦੋ ਨਹੀਂ ਹਨ ਸਗੋਂ ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿਚ ਡੇਰਾ ਮੁਖੀ ਦਾ ਨਾਂ ਜੁੜਿਆ ਹੈ। ਰਾਮ ਰਹੀਮ ਦਾ ਮੁੱਢ ਤੋਂ ਹੀ ਵਿਵਾਦਾਂ ਨਾਲ ਨਾਤਾ ਰਿਹਾ ਹੈ। ਰਾਮ ਰਹੀਮ ‘ਤੇ ਜਿਣਸੀ ਸ਼ੋਸ਼ਣ ਤੋਂ ਇਲਾਵਾ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਦੀ ਨਕਲ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਡੇਰੇ ਦੇ 400 ਸੇਵਕਾਂ ਨੂੰ ਨਾਮਰਦ ਬਣਾਉਣ ਦੇ ਵੀ ਇਲਜ਼ਾਮ ਹਨ। ਸਾਲ 2002 ਵਿਚ ਰਾਮ ਰਹੀਮ ‘ਤੇ ਡੇਰੇ ਦੀ ਸਾਧਵੀ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ।

ਇਸ ਦੌਰਾਨ ਸਿਰਸੇ ਦੇ ‘ਪੂਰਾ ਸੱਚ’ ਅਖਬਾਰ ਵਿਚ ਸਾਧਵੀ ਬਾਰੇ ਖਬਰ ਛਪਣ ਤੋਂ ਬਾਅਦ ਪੱਤਰਕਾਰ ਰਾਮ ਚੰਦਰ ਛੱਤਰਪਤੀ ਦਾ ਕਤਲ ਹੋ ਗਿਆ। ਇਸ ਪਿੱਛੇ ਵੀ ਡੇਰੇ ਦਾ ਨਾਂ ਆਉਣ ਲੱਗਾ।
2003 ਵਿਚ ਡੇਰੇ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੀ ਵੀ ਹੱਤਿਆ ਹੋ ਗਈ। ਇਸ ਪਿੱਛੇ ਵੀ ਡੇਰੇ ਦਾ ਨਾਂ ਆਇਆ ਸੀ, ਕਿਉਂਕਿ ਉਹ ਡੇਰੇ ਦੇ ਕਈ ਰਾਜ ਜਾਣ ਚੁੱਕਿਆ ਸੀ। 2007 ਵਿਚ ਬਾਬਾ ਰਾਮ ਰਹੀਮ ਨੂੰ ਇਕ ਇਸ਼ਤਿਹਾਰ ਵਿਚ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਉਨ੍ਹਾਂ ਵਰਗੀ ਪੋਸ਼ਾਕ ਪਾਏ ਵਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਪੰਜਾਬ ਹਿੰਸਾ ਵੀ ਭੜਕੀ ਉਠੀ ਸੀ। ਇੰਨਾ ਹੀ ਨਹੀਂ ਪੰਜਾਬ ਦੇ ਸੁਨਾਮ ਵਿਚ 17 ਮਈ, 2007 ਨੂੰ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਤੇ ਡੇਰਾ ਪ੍ਰੇਮੀ ਨੇ ਗੋਲੀ ਚਲਾਈ। ਇਸ ਕਾਰਨ ਸਿੱਖ ਨੌਜਵਾਨ ਕੋਮਲ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਿੱਖਾਂ ਨੇ ਡੇਰਾ ਮੁਖੀ ਨੂੰ ਗ੍ਰਿਫਤਾਰ ਕਰਨ ਲਈ ਅੰਦੋਲਨ ਕੀਤਾ। ਇਸ ਕਾਰਨ ਪੰਜਾਬ ਵਿਚ ਰਾਮ ਰਹੀਮ ਦੇ ਆਉਣ ‘ਤੇ ਰੋਕ ਲੱਗ ਗਈ। 2010 ਵਿਚ ਡੇਰੇ ਦੇ ਹੀ ਸਾਬਕਾ ਸਾਧੂ ਰਾਮ ਕੁਮਾਰ ਬਿਸ਼ਨੋਈ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਡੇਰੇ ਦੇ ਸਾਬਕਾ ਮੈਨੇਜਰ ਫਕੀਰ ਚੰਦ ਦੀ ਗੁਮਸ਼ੁਦਗੀ ਦੀ ਸੀæਬੀæਆਈæ ਜਾਂਚ ਦੀ ਮੰਗ ਕੀਤੀ ਹੈ। ਉਸ ਨੇ ਇਲਜ਼ਾਮ ਲਾਇਆ ਕਿ ਡੇਰਾ ਮੁਖੀ ਦੇ ਹੁਕਮ ‘ਤੇ ਹੀ ਫਕੀਰ ਚੰਦ ਦੀ ਹੱਤਿਆ ਕੀਤੀ ਗਈ ਹੈ। ਹਾਈ ਕੋਰਟ ਵੱਲੋਂ ਸੀæਬੀæਆਈæ ਜਾਂਚ ਦੇ ਹੁਕਮ ਤੋਂ ਤੈਸ਼ ਵਿਚ ਆਏ ਡੇਰਾ ਪ੍ਰੇਮੀਆਂ ਨੇ ਹਰਿਆਣਾ, ਪੰਜਾਬ ਤੇ ਰਾਜਸਥਾਨ ਵਿਚ ਇਕੋ ਸਮੇਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਤੇ ਬੱਸਾਂ ਵੀ ਫੂਕ ਦਿੱਤੀਆਂ। ਫਤਿਹਾਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਡੇਰੇ ਦੇ ਸਾਬਕਾ ਸਾਧੂ ਹੰਸਰਾਜ ਚੌਹਾਨ ਨੇ 17 ਜੁਲਾਈ, 2012 ਨੂੰ ਹਾਈ ਕੋਰਟ ਵਿਚ ਪਟੀਸ਼ਨ ਦਰਜ ਕਰ ਦੇ ਡੇਰਾ ਮੁਖੀ ‘ਤੇ ਡੇਰੇ ਦੇ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਇਲਜ਼ਾਮ ਲਾਇਆ ਸੀ।
______________________________________________
ਇੰਜ ਹੋਇਆ ਰਾਮ ਰਹੀਮ ਦਾ ਸਾਮਰਾਜ ਢਹਿ-ਢੇਰੀ
ਸਿਰਸਾ: ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਿਸ ਮਾਮਲੇ ਵਿਚ ਸਜ਼ਾ ਸੁਣਾਈ ਹੈ, ਉਹ 2002 ਦਾ ਹੈ। ਡੇਰਾ ਸਿਰਸਾ ਵਿਚ ਰਹਿੰਦੀ ਸਾਧਵੀ ਨੇ ਡੇਰਾ ਮੁਖੀ ਵੱਲੋਂ ਸਾਧਵੀਆਂ ‘ਤੇ ਕੀਤੇ ਜਾਂਦੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਸਨਸਨੀਖੇਜ਼ ਖੁਲਾਸਾ ਕਰਦਿਆਂ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਚਿੱਠੀ ਲਿਖੀ ਸੀ। ਚਿੱਠੀ ਪੜ੍ਹਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਮਾਮਲੇ ਦੀ ਜਾਂਚ ਸੀæਬੀæਆਈæ ਨੂੰ ਸੌਂਪ ਦਿੱਤੀ ਸੀ। ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਡੇਰਾ ਸਿਰਸਾ ਮੁਖੀ ਨੂੰ ਸੀæਬੀæਆਈæ ਨੇ 15 ਸਾਲ ਦੀ ਕਾਨੂੰਨੀ ਜੱਦੋ-ਜਹਿਦ ਮਗਰੋਂ ਦਬੋਚ ਹੀ ਲਿਆ। ਸੀæਬੀæਆਈæ ਦੇ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਹੈ। ਰਾਮ ਰਹੀਮ ਨੇ ਆਪਣੇ ਪ੍ਰਭਾਵ ਨਾਲ ਇਸ ਕੇਸ ਨੂੰ 15 ਸਾਲ ਤੱਕ ਲਟਕਾਇਆ। 2011 ਤੋਂ 2016 ਵਿਚ ਲੰਬਾ ਟਰਾਇਲ ਚੱਲਿਆ। ਡੇਰਾ ਮੁਖੀ ਵੱਲੋਂ ਹੋਰ ਵੀ ਅਪੀਲਾਂ ਦਾਇਰ ਹੋਈਆਂ। ਜੁਲਾਈ 2016 ਵਿਚ ਕੇਸ ਦੌਰਾਨ 52 ਗਵਾਹ ਪੇਸ਼ ਹੋਏ। 15 ਇਸਤਗਾਸਾ ਤੇ 37 ਡਿਪੈਂਸ ਦੇ ਸਨ। ਜੂਨ 2017 ਵਿਚ ਡੇਰਾ ਪ੍ਰਮੁੱਖ ਨੇ ਵਿਦੇਸ਼ ਜਾਣ ਲਈ ਅਪੀਲ ਦਾਇਰ ਕੀਤੀ ਤਾਂ ਕੋਰਟ ਨੇ ਰੋਕ ਲਾ ਦਿੱਤੀ। 25 ਜੁਲਾਈ 2017 ਨੂੰ ਕੋਰਟ ਨੇ ਰੋਜ਼ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ ਤਾਂ ਕਿ ਕੇਸ ਜਲਦ ਨਿਪਟ ਸਕੇ। 17 ਅਗਸਤ 2017 ਨੂੰ ਬਹਿਸ ਖਤਮ ਹੋਈ ਤੇ ਹੁਣ 28 ਅਗਸਤ ਨੂੰ ਫੈਸਲਾ ਸੁਣਾਇਆ ਗਿਆ।
___________________________________________
ਡੇਰਾ ਸਿਰਸਾ ਦੇ ਮੁਖੀ ਤੋਂ ਜੇਲ੍ਹ ਤੱਕ ਦਾ ਸਫਰ
ਚੰਡੀਗੜ੍ਹ: ਡੇਰਾ ਮੁਖੀ ਗੁਰਮੀਤ ਦਾ ਜਨਮ 15 ਅਗਸਤ, 1967 ਨੂੰ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਸ੍ਰੀ ਗੁਰੂਸਰ ਮੋਦੀਆਂ ਪਿੰਡ ਵਿਚ ਹੋਇਆ, ਜਦੋਂ ਉਸ ਦੀ ਉਮਰ ਸੱਤ ਸਾਲ ਦੀ ਹੋਈ ਤਾਂ ਡੇਰੇ ਦੇ ਤਤਕਾਲੀ ਮੁਖੀ ਸ਼ਾਹ ਸਤਨਾਮ ਸਿੰਘ ਨੇ ਉਸ ਨੂੰ ਰਾਮ ਰਹੀਮ ਦਾ ਨਾਂ ਦਿੱਤਾ।
16 ਸਾਲ ਬਾਅਦ 1990 ਵਿਚ ਸ਼ਾਹ ਸਤਨਾਮ ਸਿੰਘ ਨੇ ਪੂਰੇ ਦੇਸ਼ ਵਿਚੋਂ ਆਪਣੇ ਸਮਰਥਕਾਂ ਨੂੰ ਸਿਰਸਾ ਵਿਖੇ ਸਤਿਸੰਗ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ, ਜਿਥੇ ਸ਼ਾਹ ਸਤਨਾਮ ਨੇ 23 ਸਾਲਾ ਗੁਰਮੀਤ ਰਾਮ ਰਹੀਮ ਨੂੰ ਆਪਣਾ ਉਤਰਾਧਿਕਾਰੀ ਐਲਾਨਿਆ। ਰਾਮ ਰਹੀਮ ਦੇ ਮੁਖੀ ਬਣਨ ਪਿੱਛੋਂ ਡੇਰੇ ਚੜ੍ਹਾਈ ਸ਼ੁਰੂ ਹੋ ਗਈ, ਪਰ 2002 ਵਿਚ ਗੁਰਮੀਤ ਰਾਮ ਰਹੀਮ ਖਿਲਾਫ਼ ਅਪਰਾਧਾਂ ਤੇ ਵਿਵਾਦਾਂ ਦਾ ਦੌਰ ਸ਼ੁਰੂ ਹੋਇਆ। ਉਸ ਤੋਂ ਬਾਅਦ ਉਸ ਖਿਲਾਫ਼ ਜਬਰ ਜਨਾਹ, ਹੱਤਿਆ ਤੇ ਜਬਰੀ ਨਿਪੁੰਸਕ ਬਣਾਉਣ ਦੇ ਮਾਮਲੇ ਦਰਜ ਹਨ। 2007 ‘ਚ ਉਸ ਨੂੰ ਸਿੱਖ ਭਾਈਚਾਰੇ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਜਦੋਂ ਉਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਬਦਨਾਮੀ ਦੇ ਬਾਵਜੂਦ ਗੁਰਮੀਤ ਸਿਰਸਾ ਵਿਖੇ ਕਈ ਏਕੜ ਫੈਲੇ ਡੇਰੇ ‘ਤੇ ਰਾਜ ਕਰਦਾ ਹੈ। ਤਕਰੀਬਨ 1000 ਏਕੜ ‘ਚ ਫੈਲਿਆ ਡੇਰਾ ਸਿਰਸਾ ਆਪਣੇ ਆਪ ‘ਚ ਇਕ ਸ਼ਹਿਰ ਹੈ, ਜਿਥੇ ਸਕੂਲ, ਕਾਲਜ, ਖੇਡ ਪਿੰਡ, ਹਸਪਤਾਲ, ਸਿਨੇਮਾ ਹਾਲ, ਸ਼ਾਪਿੰਗ ਮਾਲ ਤੇ ਹੋਰ ਸੁੱਖ ਸਹੂਲਤਾਂ ਮੌਜੂਦ ਹਨ। ਰਾਜਨੀਤੀ ਪਾਰਟੀਆਂ ਦਾ ਡੇਰਾ ਸਿਰਸਾ ਵਿਖੇ ਆਉਣ-ਜਾਣ ਲੱਗਾ ਰਹਿੰਦਾ ਹੈ। ਡੇਰਾ ਮੁਖੀ ਸਿਆਸੀ ਵਿੰਗ ਵੀ ਬਣਾਇਆ ਹੋਇਆ ਹੈ। 2014 ਦੀਆਂ ਚੋਣਾਂ ‘ਚ ਡੇਰੇ ਦੇ ਰਾਜਨੀਤਕ ਵਿੰਗ ਨੇ ਹਰਿਆਣਾ ਵਿਚ ਭਾਜਪਾ ਦਾ ਸਮਰਥਨ ਕੀਤਾ ਸੀ।