ਚੰਡੀਗੜ੍ਹ: ਇਹ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਡੇਰਾ ਮੁਖੀ ਨੂੰ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਵਿਚ ਜੇਲ੍ਹ ਦੀ ਹਵਾ ਖਾਣੀ ਪਈ ਹੋਵੇ ਅਤੇ ਉਸ ਦੇ ਸਮਰਥਕਾਂ ਵੱਲੋਂ ਇਸ ਦਾ ਤਿੱਖਾ ਵਿਰੋਧ ਕਰਦੇ ਹੋਏ ਸਾੜ ਫੂਕ ਤੇ ਭੰਨ ਤੋੜ ਕੀਤੀ ਗਈ ਹੋਵੇ। ਅਜਿਹੇ ਕਈ ਮਾਮਲੇ ਦੇਸ਼ ਅੰਦਰ ਪਹਿਲਾਂ ਵੀ ਵਾਪਰ ਚੁੱਕੇ ਹਨ। ਹਰ ਵਾਰ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਅਜਿਹੇ ਬਾਬਿਆਂ ਕੋਲ ਵੋਟ ਬੈਂਕ ਹੋਣ ਕਾਰਨ ਸਰਕਾਰਾਂ ਵੀ ਇਨ੍ਹਾਂ ਨੂੰ ਹੱਥ ਪਾਉਣ ਤੋਂ ਕੰਨ੍ਹੀ ਕਤਰਾਉਂਦੀਆਂ ਹਨ।
ਪਿਛਲੇ ਸਾਲ ਅਜਿਹਾ ਇਕ ਮਾਮਲਾ ਉਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿਚ ਸਾਹਮਣੇ ਆਇਆ ਸੀ, ਜਦੋਂ ਇਕ ਪਰਮਾਨੰਦ (ਅਸਲੀ ਨਾਂ ਰਾਮ ਸ਼ੰਕਰ ਤਿਵਾੜੀ) ਨਾਮ ਦੇ ਬਾਬੇ ਉਪਰ ਦੋਸ਼ ਲੱਗੇ ਸਨ ਕਿ ਉਹ ਬਾਂਝ ਔਰਤਾਂ ਨਾਲ ਬੱਚਾ ਪੈਦਾ ਕਰਨ ਦੀ ਆੜ ਹੇਠ ਜਬਰ ਜਨਾਹ ਕਰਦਾ ਸੀ ਅਤੇ ਉਨ੍ਹਾਂ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ। ਅਖੀਰ ਇਹ ਭੇਦ ਖੁੱਲ੍ਹਣ ਉਤੇ 24 ਮਈ 2016 ਨੂੰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਆਪਣੇ ਹੀ ਆਸ਼ਰਮ ਦੀ ਇਕ ਨਾਬਾਲਗ ਕੁੜੀ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਬਾਪੂ ਆਸਾ ਰਾਮ ਪਹਿਲੀ ਸਤੰਬਰ 2013 ਤੋਂ ਜੋਧਪੁਰ ਜੇਲ੍ਹ ‘ਚ ਬੰਦ ਹੈ।
ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਵੀ ਉਸ ਦੀ ਜ਼ਮਾਨਤ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਇਥੋਂ ਤੱਕ ਕਿ ਉਸ ਦਾ ਪੁੱਤਰ ਨਰਾਇਣ ਸਾਈਂ ਭੀਮ ਵੀ ਸਰੀਰਕ ਸ਼ੋਸ਼ਣ ਮਾਮਲੇ ‘ਚ ਜੇਲ੍ਹ ਅੰਦਰ ਬੰਦ ਹੈ। ਫਰਵਰੀ 2010 ਵਿਚ ਜਦੋਂ ਪੁਲਿਸ ਨੇ ਦੋ ਏਅਰ ਹੋਸਟਸਾਂ ਸਮੇਤ 8 ਲੋਕਾਂ ਨੂੰ ਜਬਰ ਜਨਾਹ ਰੈਕਟ ਚਲਾਉਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ ਤਾਂ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਇਸ ਗਰੋਹ ਦਾ ਸਰਗਨਾ 39 ਸਾਲ ਦਾ ਸ਼ਿਵ ਮੂਰਤ ਦਿਵੇਦੀ ਹੈ ਜਿਸ ਨੂੰ ਦੁਨੀਆਂ ਇੱਛਾਧਾਰੀ ਸੰਤ ਸਵਾਮੀ ਭੀਮਾਨੰਦ ਚਿਤਰਕੂਟ ਵਾਲੇ ਦੇ ਨਾਂ ਜਾਣਦੀ ਹੈ।
ਜ਼ਿਕਰਯੋਗ ਹੈ ਕਿ ਉਤਰ ਪ੍ਰਦੇਸ਼ ਦੇ ਚਿਤਰਕੂਟ ਦਾ ਰਹਿਣ ਵਾਲਾ ਸ਼ਿਵ ਮੂਰਤੀ 1988 ਵਿਚ ਦਿੱਲੀ ਦੇ ਇਕ 5 ਤਾਰਾ ਹੋਟਲ ਵਿਚ ਸੁਰੱਖਿਆ ਗਾਰਡ ਸੀ। 1997 ਵਿਚ ਉਹ ਲਾਜਪਤ ਨਗਰ ਵਿਖੇ ਇਕ ਮਸਾਜ ਪਾਰਲਰ ਵਿਚ ਕੰਮ ਕਰਨ ਲੱਗ ਗਿਆ, ਜਿਥੋਂ ਉਸ ਨੂੰ 1998 ਵਿਚ ਵੇਸ਼ਵਾਵਿਰਤੀ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਗਿਆ।
ਜੇਲ੍ਹ ਵਿਚੋਂ ਬਾਹਰ ਆਉਣ ਦੇ ਬਾਅਦ ਉਸ ਨੇ ਆਪਣਾ ਨਾਂ ਬਦਲ ਕੇ ਇੱਛਾਧਾਰੀ ਸੰਤ ਸਵਾਮੀ ਭੀਮਾਨੰਦ ਰੱਖ ਲਿਆ ਅਤੇ ਮੁੜ ਆਸਥਾ ਦੀ ਆੜ ਹੇਠ ਗਲਤ ਕੰਮ ਕਰਨ ਲੱਗਾ ਸੀ। ਉਹ 2010 ਤੋਂ ਜੇਲ੍ਹ ਵਿਚ ਬੰਦ ਹੈ ਅਤੇ ਉਸ ਦੀ ਜਾਇਦਾਦ ਈæਡੀæ ਵੱਲੋਂ ਜ਼ਬਤ ਕਰ ਲਈ ਹੋਈ ਹੈ।
ਬੰਗਲੂਰੂ ਸਥਿਤ ਅਧਿਨਮ ਮੱਠ ਦੇ 293ਵੇਂ ਮੁਖੀ ਨਿਤਿਆ ਨੰਦ ਨੂੰ ਜੂਨ 2012 ‘ਚ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਮਾਮਲਾ ਉਸ ਸਮੇਂ ਉਜਾਗਰ ਹੋਇਆ ਸੀ ਜਦੋਂ ਇਸ ਬਾਬੇ ਦੇ ਕੁਝ ਚੇਲਿਆਂ ਨੇ ਹੀ ਇਕ ਟੀæ ਵੀæ ਚੈਨਲ ‘ਤੇ ਇਸ ਦਾ ਭੇਦ ਖੋਲ੍ਹ ਦਿੱਤਾ ਸੀ। ਇਸ ਦੀ ਇਕ ਤਾਮਿਲ ਅਦਾਕਾਰਾ ਨਾਲ ਵੀਡੀਓ ਵੀ ਵਾਇਰਲ ਹੋਈ ਸੀ।
_____________________________________________________
ਗੁਰਮੀਤ ਰਾਮ ਰਹੀਮ ਦੇ ਜੇਲ੍ਹ ‘ਚੋਂ ਬਾਹਰ ਆਉਣ ਦੇ ਘੱਟ ਹੀ ਆਸਾਰ
ਚੰਡੀਗੜ੍ਹ: ਅਦਾਲਤ ਨੇ ਭਾਵੇਂ ਸਾਧਵੀ ਜਬਰ ਜਨਾਹ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ ਪਰ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਦੇ ਹੁਣ ਜੇਲ੍ਹ ਵਿਚੋਂ ਬਾਹਰ ਆਉਣ ਦੇ ਘੱਟ ਹੀ ਆਸਾਰ ਹਨ। ਕਿਉਂਕਿ ਜਬਰ ਜਨਾਹ ਦੇ ਮਾਮਲੇ ਪਿੱਛੋਂ ਕਤਲ ਤੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਕੇਸਾਂ ਦੇ ਫੈਸਲੇ ਵੀ ਛੇਤੀ ਹੀ ਆ ਸਕਦੇ ਹਨ। ਡੇਰੇ ਵੱਲੋਂ ਚਾਰ ਸੌ ਤੋਂ ਵੱਧ ਵਿਅਕਤੀਆਂ ਨੂੰ ਨਿਪੁੰਸਕ ਬਣਾਉਣ ਦੇ ਕੇਸ ਦੀ ਸੁਣਵਾਈ ਪੰਜਾਬ ਹਰਿਆਣਾ ਹਾਈ ਕੋਰਟ ਵਿਚ 25 ਅਕਤੂਬਰ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ‘ਪੂਰਾ ਸੱਚ’ ਦੇ ਮਰਹੂਮ ਸੰਪਾਦਕ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ਦੀ ਸੁਣਵਾਈ ਅੰਤਿਮ ਪੜਾਅ ਵੱਲ ਵਧ ਰਹੀ ਹੈ ਤੇ ਅਗਲੇ ਮਹੀਨੇ ਇਸ ਦੀ ਸੁਣਵਾਈ ਹੋਣੀ ਹੈ। ਬਲਾਤਕਾਰ ਕੇਸ ਦੀ ਗਵਾਹ ਇਕ ਸਾਧਵੀ ਦੇ ਭਰਾ ਰਣਜੀਤ ਸਿੰਘ ਦੇ ਕਤਲ ਕੇਸ ਦੀ ਸੁਣਵਾਈ ਵੀ ਚੱਲ ਰਹੀ ਹੈ। ਡੇਰੇ ਮੁਖੀ ਦੇ ਜੇਲ੍ਹ ਵਿਚੋਂ ਬਾਹਰ ਆਉਣ ਦੇ ਰਸਤੇ ਬੰਦ ਹੋਣ ਦੇ ਆਸਾਰ ਬਣ ਰਹੇ ਹਨ।