‘ਇੰਸਾਂ’ ਦਾ ਪਾਠ ਪੜ੍ਹਨ ਵਾਲਿਆਂ ਦੀ ਗੁੰਡਾਗਰਦੀ

ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਪੰਚਕੂਲਾ ਦੀ ਸੀæਬੀæਆਈæ ਅਦਾਲਤ ਵੱਲੋਂ ਸਾਧਵੀ ਜਬਰ ਜਨਾਹ ਮਾਮਲੇ ਵਿਚ ਦੋਸ਼ੀ ਕਰਾਰ ਦੇਣ ਪਿੱਛੋਂ ਪੂਰਾ ਸ਼ਹਿਰ ਬਲ ਉਠਿਆ। ਜਿਵੇਂ ਹੀ ਅਦਾਲਤ ਨੇ ਬਾਬੇ ਨੂੰ ਦੋਸ਼ੀ ਐਲਾਨਿਆਂ ਤਾਂ ਡੇਰਾ ਪ੍ਰੇਮੀ ਸ਼ੱਰੇਆਮ ਗੁੰਡਾਗਰਦੀ ਉਤੇ ਉਤਰ ਆਏ। ਬੇਖੌਫ ਪ੍ਰੇਮੀਆਂ ਨੇ ਮੀਡੀਆ ਤੇ ਸੁਰੱਖਿਆ ਕਰਮੀਆਂ ਨੂੰ ਵੀ ਨਹੀਂ ਛੱਡਿਆ ਤੇ ਪੱਥਰਬਾਜ਼ੀ ਕਰਨ ਲੱਗੇ।
ਉਨ੍ਹਾਂ ਸਰਕਾਰੀ ਦਫਤਰਾਂ, ਪੈਟਰੌਲ ਪੰਪਾਂ, ਗੱਡੀਆਂ ਨੂੰ ਅੱਗ ਲਾ ਦਿੱਤੀ, ਜਿਸ ਨਾਲ ਕਰੋੜਾਂ ਰੁਪਏ ਦੀ ਸੰਪਤੀ ਨੁਕਸਾਨੀ ਗਈ।

ਇਸ ਪੂਰੀ ਹਿੰਸਕ ਘਟਨਾ ਵਿਚ 38 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ 250 ਤੋਂ ਵੱਧ ਜਖ਼ਮੀ ਹੋ ਗਏ ਹਨ। ਬਾਬੇ ਦੇ ਚੇਲੇ ਪਹਿਲਾਂ ਦਾਅਵਾ ਕਰਦੇ ਰਹੇ ਕਿ ਉਹ ਰਾਮ ਰਹੀਮ ਦੇ ਦਰਸ਼ਨ ਕਰਨ ਆਏ ਹਨ ਪਰ ਡੇਰਾ ਮੁਖੀ ਨੂੰ ਬਲਾਤਕਾਰੀ ਕਰਾਰ ਦੇਣ ਮਗਰੋਂ ਉਨ੍ਹਾਂ ਦਾ ਅਸਲੀ ਰੂਪ ਸਾਹਮਣੇ ਆ ਗਿਆ। ਉਹ ਪੁਲਿਸ ‘ਤੇ ਟੁੱਟ ਪਏ ਤੇ ਸਰਕਾਰੀ ਦਫਤਰਾਂ, ਪੈਟਰੌਲ ਪੰਪਾਂ, ਗੱਡੀਆਂ ਨੂੰ ਅੱਗ ਲਾ ਦਿੱਤੀ। ਇਹ ਲੋਕ ਜਿਸ ਤਰੀਕੇ ਨਾਲ ਹਮਲਾ ਕਰ ਰਹੇ ਹਨ, ਉਸ ਤੋਂ ਸਪਸ਼ਟ ਹੈ ਕਿ ਇਹ ਪੂਰੀ ਤਿਆਰੀ ਨਾਲ ਆਏ ਸਨ। ਦਰਅਸਲ, ਜਾਪਦਾ ਹੈ ਕਿ ਪਹਿਲਾਂ ਹੀ ਇਹ ਯੋਜਨਾ ਤਿਆਰ ਕੀਤੀ ਹੋਈ ਸੀ ਕਿ ਉਹ ਹਾਲਾਤ ਖਰਾਬ ਕਰ ਕੇ ਅਦਾਲਤ ਤੇ ਸਰਕਾਰ ‘ਤੇ ਦਬਾਅ ਬਣਾਉਣਗੇ।
ਇਸ ਕੰਮ ਵਿਚ ਹਰਿਆਣਾ ਸਰਕਾਰ ਵੀ ਬਾਬੇ ਦਾ ਸਾਥ ਦਿੰਦੀ ਨਜ਼ਰ ਆਈ। ਸਰਕਾਰ ਦੀ ਮਿਹਰਬਾਨੀ ਕਰ ਕੇ ਹੀ ਦਫਾ 144 ਲੱਗੀ ਹੋਣ ਦੇ ਬਾਵਜੂਦ ਚਾਰ ਲੱਖ ਤੋਂ ਵੱਧ ਬਾਬੇ ਦੇ ਭਗਤ ਪੰਚਕੂਲਾ ਪਹੁੰਚ ਗਏ। ਇਨ੍ਹਾਂ ਭਗਤਾਂ ਵਿਚ ਹੀ ਬਾਬੇ ਦੇ ਟ੍ਰੇਂਡ ਗੁੰਡੇ ਸ਼ਾਮਲ ਸਨ। ਉਹ ਸ਼ੱਰੇਆਮ ਸਾੜ-ਫੂਕ ਕਰਦੇ ਰਹੇ ਤੇ ਪੁਲਿਸ ਡਰਦੀ ਜਾਨ ਬਚਾਉਂਦੀ ਰਹੀ। ਸਰਕਾਰ ਦੀ ਨਾਲਾਇਕੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਸਭ ਕੁਝ ਜਦੋਂ ਹਾਈ ਕੋਰਟ ਦੇ ਧਿਆਨ ਵਿਚ ਆਇਆ ਤਾਂ ਅਦਾਲਤ ਨੇ ਖੁਦ ਫੌਜ ਨੂੰ ਨਿਰਦੇਸ਼ ਦੇਣ ਦੀ ਗੱਲ ਕਹਿ ਦਿੱਤੀ।
ਇਸ ਮਗਰੋਂ ਕੇਂਦਰ ਤੇ ਹਰਿਆਣਾ ਸਰਕਾਰਾਂ ਹਰਕਤ ਵਿਚ ਆਈਆਂ ਪਰ ਉਦੋਂ ਤੱਕ ਬਹੁਤ ਦੇਰ ਹੋ ਚੁਕੀ ਸੀ। ਬਾਬੇ ਨੇ ਇਕ ਦਿਨ ਪਹਿਲਾਂ ਟਵਿੱਟਰ ਜ਼ਰੀਏ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਜਿਸ ਦਾ ਕੋਈ ਅਰਥ ਨਹੀਂ ਸੀ। ਕੁਲ ਮਿਲਾ ਕੇ ਬਾਬੇ ਦੇ ਗੁੰਡਿਆਂ ਦਾ ਜੁਲਮ ਕਈ ਸਵਾਲ ਖੜ੍ਹੇ ਕਰ ਗਿਆ ਹੈ।
________________________________________________
ਦਿੱਲੀ ਤੇ ਪੰਜਾਬ ਨੂੰ ਵੀ ਲੱਗਾ ਹਿੰਸਾ ਦਾ ਸੇਕ
ਪੰਜਾਬ ਵੀ ਪ੍ਰੇਮੀਆਂ ਦੀ ਹਿੰਸਾ ਦੀ ਲਪੇਟ ਵਿਚ ਆ ਗਿਆ। ਮਲੋਟ, ਮਾਨਸਾ ਤੇ ਬਰਨਾਲਾ ਵਿਚ ਸਾੜਫੂਕ ਹੋਈ ਹੈ ਅਤੇ ਫਿਰੋਜ਼ਪੁਰ ਸਮੇਤ ਕਈ ਸ਼ਹਿਰਾਂ ‘ਚ ਕਰਫਿਊ ਲਾਉਣਾ ਪਿਆ। ਪ੍ਰੇਮੀਆਂ ਵੱਲੋਂ ਕੀਤੀ ਹਿੰਸਾ ਦਾ ਸੇਕ ਕੌਮੀ ਰਾਜਧਾਨੀ ਦਿੱਲੀ ਨੂੰ ਵੀ ਲੱਗਾ ਹੈ। ਪ੍ਰੇਮੀਆਂ ਵੱਲੋਂ ਡੀæਟੀæਸੀæ ਦੀਆਂ ਦੋ ਬੱਸਾਂ ਦੀ ਭੰਨਤੋੜ ਕੀਤੀ ਗਈ। ਭੀੜ ਵੱਲੋਂ ਆਨੰਦ ਵਿਹਾਰ ਰੇਲਵੇ ਸਟੇਸ਼ਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਰੀਵਾ ਐਕਸਪ੍ਰੈਸ ਗੱਡੀ ਦੇ ਦੋ ਡੱਬਿਆਂ ਨੂੰ ਪੈਟਰੌਲ ਛਿੜਕ ਕੇ ਅੱਗ ਲਾ ਦਿੱਤੀ ਗਈ।
______________________________________________
ਬਾਬੇ ਦੇ ਇਨ੍ਹਾਂ ਪੰਜ ਭਗਤਾਂ ਨੇ ਭੜਕਾਈ ਭੀੜ
ਚੰਡੀਗੜ੍ਹ: ਪੁਲਿਸ ਨੇ ਹਿੱਸਾ ਭੜਕਾਉਣ ਦੇ ਦੋਸ਼ ਵਿਚ ਡੇਰਾ ਮੁਖੀ ਦੀ ਸੱਜੀ ਬਾਂਹ ਮੰਨੇ ਜਾਂਦੇ ਅਤੇ ਡੇਰੇ ਦੇ ਬੁਲਾਰੇ ਡਾæ ਅਦਿੱਤਿਆ ਇੰਸਾਂ ਤੇ ਧੀਮਾਨ ਇੰਸਾਂ ਆਦਿ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਅਦਿੱਤਿਆ ਤੇ ਧੀਮਾਨ ਉਪਰ 25 ਅਗਸਤ ਨੂੰ ਪੰਚਕੂਲਾ ਵਿਖੇ ਸੀæਬੀæਆਈæ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਮੌਕੇ ਉਥੇ ਮੌਜੂਦ ਪ੍ਰੇਮੀਆਂ ਦੀ ਭੀੜ ਨੂੰ ਉਕਸਾਉਣ ਦੇ ਦੋਸ਼ ਲੱਗੇ ਹਨ। ਜ਼ਿਕਰਯੋਗ ਹੈ ਕਿ ਦੈਨਿਕ ਭਾਸਕਰ ਅਖਬਾਰ ਵਿਚ ਇਨ੍ਹਾਂ ਦੀਆਂ ਤਸਵੀਰਾਂ ਛਾਪ ਕੇ ਦਾਅਵਾ ਕੀਤਾ ਸੀ ਕਿ ਅਦਿੱਤਿਆ ਤੇ ਧੀਮਾਨ ਸਮੇਤ ਡੇਰੇ ਦੇ 5 ਪ੍ਰਮੁੱਖ ਪ੍ਰਬੰਧਕਾਂ ਨੇ ਪੰਚਕੂਲਾ ‘ਚ ਪ੍ਰੇਮੀਆਂ ਨੂੰ ਉਕਸਾਇਆ ਸੀ ਜਿਸ ਮਗਰੋਂ ਹਿੰਸਾ ਸ਼ੁਰੂ ਹੋਈ ਸੀ।
______________________________________________
ਹਿੰਸਾ ਵਿਚ ਮਰੇ ਪ੍ਰੇਮੀਆਂ ਨੂੰ ਕੋਈ ਮੁਆਵਜ਼ਾ ਨਹੀਂ
ਬਠਿੰਡਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਚਕੂਲਾ ਵਿਚ ਕਾਨੂੰਨ ਤੋੜਨ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ। ਡੇਰਾ ਪੈਰੋਕਾਰਾਂ ਨੇ ਸਰਕਾਰੀ ਤੇ ਪ੍ਰਾਈਵੇਟ ਸੰਪਤੀ ਦਾ ਜੋ ਨੁਕਸਾਨ ਕੀਤਾ ਹੈ, ਉਸ ਦੀ ਭਰਪਾਈ ਹਾਈ ਕੋਰਟ ਰਾਹੀਂ ਡੇਰਾ ਸਿਰਸਾ ਤੋਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰਾਂ ਨੂੰ ਨੁਕਸਾਨ ਦੀਆਂ ਸੂਚੀਆਂ ਤਿਆਰ ਕਰਨ ਵਾਸਤੇ ਹਦਾਇਤ ਕੀਤੀ ਹੈ। ਜਿਹੜੇ ਸੱਤ ਪਰਿਵਾਰਾਂ ਦੇ ਜੀਅ ਚਲੇ ਗਏ ਹਨ, ਉਨ੍ਹਾਂ ਨੂੰ ਸਰਕਾਰੀ ਖਜ਼ਾਨੇ ‘ਚੋਂ ਮੁਆਵਜ਼ਾ ਦੇਣ ਦੀ ਕੋਈ ਤੁਕ ਨਹੀਂ ਬਣਦੀ ਹੈ।