‘ਸੱਚਾ ਸੌਦਾ’ ਡੇਰੇ ਵੱਲੋਂ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਨਾਲ ਹੁੰਦਾ ਸੀ ਸੌਦਾ

ਚੰਡੀਗੜ੍ਹ: ਸਿਰਸਾ ਡੇਰਾ ਮੁਖੀ ਰਾਮ ਰਹੀਮ ਵੋਟਾਂ ਵੇਲੇ ਹਮੇਸ਼ਾ ਆਪਣੇ ਫਾਇਦੇ ਦੇ ਹਿਸਾਬ ਨਾਲ ਸਿਆਸੀ ਧਿਰਾਂ ਨਾਲ ਵੋਟਾਂ ਦਾ ਸੌਦਾ ਕਰਦਾ ਸੀ। ਉਹ ਕਦੇ ਇਕ ਸਿਆਸੀ ਧਿਰ ਦਾ ਨਹੀਂ ਹੋਇਆ, ਬਲਕਿ ਕੇਂਦਰ ਵਿਚ ਕਿਸ ਦੀ ਸਰਕਾਰ ਹੈ, ਇਸ ਹਿਸਾਬ ਨਾਲ ਪੰਜਾਬ ਤੇ ਹਰਿਆਣਾ ਵਿਚ ‘ਵੋਟ ਵੇਚਦਾ’ ਸੀ।

ਡੇਰਾ ਸਿਰਸਾ ਵਾਲੇ ਬਾਬੇ ਦਾ ਸਿਆਸੀ ਪਾਰਟੀਆਂ ਨਾਲ ਅੱਖ-ਮਟੱਕਾ ਪਹਿਲੀ ਵਾਰ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ੁਰੂ ਹੋਇਆ, ਜਦ ਉਸ ਵੱਲੋਂ ਸਿੱਧੇ ਤੌਰ ‘ਤੇ ਕਾਂਗਰਸ ਦੀ ਹਮਾਇਤ ਦਾ ਐਲਾਨ ਹੋਇਆ ਤੇ ਪਹਿਲੀ ਵਾਰ ਮਾਲਵਾ ਖੇਤਰ ਵਿਚੋਂ ਅਕਾਲੀਆਂ ਦੇ ਪੈਰ ਚੁੱਕੇ ਗਏ। ਉਸ ਵੇਲੇ ਡੇਰੇ ਵੱਲੋਂ ਧਾਰਮਿਕ ਦੇ ਇਲਾਵਾ ਸਿਆਸੀ ਮਸਲਿਆਂ ਨਾਲ ਨਜਿੱਠਣ ਲਈ ਇਕ 45 ਮੈਂਬਰੀ ਰਾਜਸੀ ਮਾਮਲੇ ਵਿੰਗ ਖੜ੍ਹਾ ਕੀਤਾ ਗਿਆ।
ਡੇਰਾ ਸਿਰਸਾ ਪਹਿਲਾ ਅਜਿਹਾ ਧਾਰਮਿਕ ਅਖਵਾਉਂਦਾ ਡੇਰਾ ਹੈ, ਜਿਸ ਨੇ ਆਪਣਾ ਸਿਆਸੀ ਵਿੰਗ ਖੜ੍ਹਾ ਕਰ ਕੇ ਚੋਣਾਂ ਵਿਚ ਸਿਆਸੀ ਧਿਰਾਂ ਨਾਲ ‘ਸੌਦੇਬਾਜ਼ੀ’ ਦੀ ਨੰਗੀ ਚਿੱਟੀ ਖੇਡ ਖੇਡਣੀ ਸ਼ੁਰੂ ਕੀਤੀ। 2002 ਦੀਆਂ ਵਿਧਾਨ ਸਭਾ ਚੋਣਾਂ ‘ਚ ਲਹਿੰਦੇ ਮਾਲਵਾ ਖੇਤਰ ਮਾਨਸਾ, ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਬਰਨਾਲਾ ਤੇ ਸੰਗਰੂਰ ਜ਼ਿਲ੍ਹਿਆਂ ‘ਚ ਕਾਂਗਰਸ ਦੀ ਵੱਡੀ ਜਿੱਤ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਸਾਖ ਤੇ ਕੱਦ ਅਤੇ ਡੇਰਾ ਸਿਰਸਾ ਵਿਚੋਂ ਕਿਸ ਦੀ ਭੂਮਿਕਾ ਅਹਿਮ ਸੀ, ਇਸ ਬਾਰੇ ਤਾਂ ਕਦੇ ਵੀ ਇਕਮੱਤਤਾ ਨਹੀਂ ਹੋਈ, ਪਰ ਇਹ ਗੱਲ ਜ਼ਰੂਰ ਉਭਰ ਗਈ ਕਿ ਬਾਬੇ ਦੀ ਹਮਾਇਤ ਨੇ ਮਾਲਵੇ ‘ਚ ਕੈਪਟਨ ਦੇ ਪੈਰ ਲਗਾ ਦਿੱਤੇ ਤੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ।
ਸੰਨ 2007 ਦੀ ਵਿਧਾਨ ਸਭਾ ਚੋਣ ਵੇਲੇ ਅਕਾਲੀ ਲੀਡਰਸ਼ਿਪ ਨੇ ਵੀ ਡੇਰਾ ਸਿਰਸੇ ਵਾਲੇ ਬਾਬੇ ‘ਤੇ ਬਥੇਰੇ ਡੋਰੇ ਪਾਏ ਪਰ ਕੇਂਦਰ ਸਰਕਾਰ ਦੀ ਸੀæਬੀæਆਈæ ਦੀ ਹਮਾਇਤ ਲੈਣ ਦੀ ਗਰਜ ਨਾਲ ਚਲਾਕ ਬਾਬੇ ਨੂੰ ਕਾਂਗਰਸ ਦੇ ਹੱਕ ‘ਚ ਭੁਗਤਣਾ ਹੀ ਲਾਹੇਵੰਦਾ ਲੱਗਾ।
2007 ‘ਚ ਮੁੜ ਮਾਲਵਾ ਖੇਤਰ ‘ਚ ਕਾਂਗਰਸ ਦਾ ਹੱਥ ਕਾਫੀ ਉੱਚਾ ਰਿਹਾ ਅਤੇ ਮਾਲਵਾ ਖੇਤਰ ਦੀਆਂ 69 ਸੀਟਾਂ ਵਿਚੋਂ ਕਾਂਗਰਸ ਦੇ ਹੱਥ 37 ਸੀਟਾਂ ਆ ਗਈਆਂ, ਪਰ ਮਾਝਾ ਤੇ ਦੁਆਬਾ ‘ਚ ਕਾਂਗਰਸ ਦਾ ਹੂੰਝਾ ਫਿਰਨ ਕਾਰਨ ਸਰਕਾਰ ਅਕਾਲੀ-ਭਾਜਪਾ ਦੀ ਬਣ ਗਈ। 2007 ਦੀ ਸਰਕਾਰ ਬਣਦਿਆਂ ਡੇਰਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਏ ਜਾਣ ਬਾਅਦ ਮਾਲਵਾ ਖੇਤਰ ‘ਚ ਪੈਦਾ ਹੋਏ ਹਿੰਸਕ ਟਕਰਾਵਾਂ ਤੇ ਬਾਬੇ ਵਿਰੁੱਧ ਸਰੀਰਕ ਦੋਸ਼ਾਂ ਹੇਠ ਮੁਕੱਦਮੇ ਦਰਜ ਹੋਣ ਨਾਲ ਬਾਬੇ ਲਈ ਲਾਹੇ ਦਾ ਰੁਖ ਅਕਾਲੀਆਂ ਵੱਲ ਬਦਲ ਗਿਆ। ਅਕਾਲੀ ਦਲ ਨੇ ਵੀ ਉਵੇਂ ਰੁਖ ਬਦਲਦਿਆਂ ਬਾਬੇ ਵਿਰੁੱਧ ਦਰਜ ਕੇਸ ਵਾਪਸ ਲੈਣੇ ਸ਼ੁਰੂ ਕਰ ਦਿੱਤੇ ਤੇ ਇਵਜ਼ ਵਿਚ 2009 ਦੀਆਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਤੋਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤੇ ਫਰੀਦਕੋਟ ਤੋਂ ਬੀਬੀ ਪਰਮਜੀਤ ਕੌਰ ਗੁਲਸ਼ਨ ਦੀ ਹਮਾਇਤ ਦਾ ਐਲਾਨ ਕਰ ਦਿੱਤਾ, ਜਦਕਿ ਬਾਕੀ ਥਾਵਾਂ ‘ਤੇ ਕਾਂਗਰਸ ਉਮੀਦਵਾਰਾਂ ਦੀ ਹਮਾਇਤ ਕੀਤੀ।
ਇਸ ਤਰ੍ਹਾਂ ਬਾਬੇ ਨੇ ਬੜੇ ਚਲਾਕ ਸਿਆਸਤਦਾਨਾਂ ਵਾਂਗ ਰਾਜ ਸਰਕਾਰ ਤੇ ਕੇਂਦਰ ਸਰਕਾਰ ਨੂੰ ਖੁਸ਼ ਰੱਖਣ ਦਾ ਰੁਖ ਅਖਤਿਆਰ ਕੀਤਾ। 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਕਾਂਗਰਸ ਤੇ ਅਕਾਲੀ ਦਲ ਬਾਬੇ ਦੀ ਹਮਾਇਤ ਲਈ ਤਰਲੋ ਮੱਛੀ ਹੁੰਦੇ ਰਹੇ ਪਰ ਬਦਲੇ ਹਾਲਾਤ ਵਿਚ ਬਾਬੇ ਨੇ ਮੁੜ ਫਿਰ ਕਿਸੇ ਇਕ ਪਾਰਟੀ ਦੀ ਹਮਾਇਤ ਦੀ ਥਾਂ ਚੁਣਵੇਂ ਉਮੀਦਵਾਰਾਂ ਵੱਲ ਗੁਣਾ ਪਾ ਦਿੱਤਾ। ਉਸ ਤੋਂ ਬਾਅਦ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਬਾਬੇ ਨੇ ਸਿੱਧੀ ਭਾਜਪਾ ਦੀ ਹਮਾਇਤ ਕਰ ਦਿੱਤੀ। ਚਰਚਾ ਇਹੀ ਹੈ ਕਿ ਸਿਆਸਤਦਾਨਾਂ ਦੀ ਵੋਟ ਲਾਹਾ ਲੈਣ ਦੀ ਨੀਤੀ ਨੇ ਹੀ ਉਸ ਨੂੰ ਅਸਮਾਨੇ ਚੜ੍ਹਾਇਆ ਤੇ ਉਸ ਵੱਲੋਂ ਚੜ੍ਹਾਏ ਜਾ ਰਹੇ ਚੰਦ ਬਾਰੇ ਉਹ ਹੁਣ ਮੂੰਹਾਂ ਵਿਚ ਘੁੰਗਣੀਆਂ ਵੀ ਪਾਈ ਬੈਠੇ ਹਨ।
______________________________________________
ਬਾਬੇ ਦੇ ਜਾਲ ਵਿਚ ਇੰਜ ਫਸਦੇ ਸਨ ਚੇਲੇæææ
ਚੰਡੀਗੜ੍ਹ: ਡੇਰਾ ਸਿਰਸਾ ਵਿਚ ਆਖਰ ਅਜਿਹਾ ਕੀ ਪੜ੍ਹਾਇਆ ਜਾਂਦਾ ਹੈ ਕਿ ਉਸ ਦੇ ਪੈਰੋਕਾਰ ਆਪਣੇ ‘ਗੁਰੂ’ ਦੇ ਕਹਿਣ ‘ਤੇ ਕੁਝ ਵੀ ਕਰਨ-ਮਰਨ ਲਈ ਤਿਆਰ ਹੋ ਜਾਂਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਖੁਦ ਕਤਲ, ਬਲਾਤਕਾਰ ਵਰਗੇ ਗੰਭੀਰ ਦੋਸ਼ਾਂ ਵਿਚ ਫਸਿਆ ਡੇਰਾ ਮੁਖੀ ਆਪਣੇ ਪੈਰੋਕਾਰਾਂ ਨੂੰ ਨਿਮਰਤਾ ਤੇ ਅਦਬ ਦਾ ਪਾਠ ਪੜ੍ਹਾਉਂਦਾ ਹੈ। ਡੇਰੇ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਡੇਰੇ ਵਿਚ ਉਨ੍ਹਾਂ ਨੂੰ ਬਰਾਬਰੀ ਨਾਲ ਵੇਖਿਆ ਜਾਂਦਾ ਹੈ। ਡੇਰੇ ਵੱਲੋਂ ਸਾਰੇ ਪ੍ਰੇਮੀਆਂ ਨੂੰ ‘ਇੰਸਾਂ’ ਨਾਂ ਦਿੱਤਾ ਗਿਆ, ਜਿਸ ਦਾ ਮਤਲਬ ਸਾਰੇ ਇਨਸਾਨ ਹਨ ਤੇ ਡੇਰਾ ਹਮੇਸ਼ਾ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ। ਡੇਰੇ ਦੇ ਪ੍ਰਬੰਧਨ ਲਈ ਵੱਖ-ਵੱਖ ਟੁਕੜੀਆਂ ਬਣਾਈਆਂ ਹਨ, ਜਿਨ੍ਹਾਂ ਦੀ ਅਗਵਾਈ ਕਰਨ ਵਾਲੇ ਨੂੰ ‘ਭੰਗੀ ਦਾਸ’ ਦਾ ਦਰਜਾ ਦਿੱਤਾ ਗਿਆ ਹੈ। ਭੰਗੀ ਸ਼ਬਦ ਛੋਟੀ ਜਾਤ ਲਈ ਵਰਤਿਆ ਜਾਂਦਾ ਹੈ ਪਰ ਡੇਰੇ ਵਿਚ ਇਕ ਮੁਖੀ ਦੇ ਅਹੁਦੇ ਨੂੰ ਭੰਗੀ ਦਾ ਨਾਂ ਦੇ ਕੇ ਬਰਾਬਰਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਡੇਰਾ ਪ੍ਰੇਮੀਆਂ ਨੂੰ ਰਿਆਇਤੀ ਭੋਜਨ ਤੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਡੇਰੇ ਦੇ ਪੈਰੋਕਾਰਾਂ ਨੇ ਦੱਸਿਆ ਕਿ ਭ੍ਰਿਸ਼ਟ ਤੇ ਸੁਸਤ ਸਰਕਾਰੀ ਸਕੀਮਾਂ ਦੇ ਉਲਟ ਡੇਰਾ ਆਪਣੇ ਪੈਰੋਕਾਰਾਂ ਲਈ ਰਿਆਇਤੀ ਰਾਸ਼ਨ ਮੁਹੱਈਆ ਕਰਵਾਉਂਦਾ ਹੈ ਜੋ ਗਰੀਬਾਂ ਲਈ ਵੀ ਮਹਿੰਗਾ ਨਹੀਂ ਹੁੰਦਾ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਵਾਤਾਵਰਣ ਤੇ ਸਮਾਜਕ ਕਾਰਜਾਂ ਵਿਚ ਵੀ ਅੱਗੇ ਰਹਿੰਦਾ ਹੈ। ਉਹ ਭਾਵੇਂ ਪੌਦੇ ਲਾਉਣੇ ਹੋਣ, ਵੇਸਵਾਗਿਰੀ ਵਿਚ ਧੱਕੀਆਂ ਔਰਤਾਂ ਦੇ ਮੁੜ ਵਿਆਹ ਕਰਵਾਉਣੇ ਹੋਣ ਜਾਂ ਕਿਸੇ ਗਰੀਬ ਤੇ ਵਿਧਵਾ ਔਰਤ ਲਈ ਸਾਰਿਆਂ ਦੇ ਸਹਿਯੋਗ ਨਾਲ ਘਰ ਤਿਆਰ ਕਰਨਾ ਹੋਵੇ। ਅਜਿਹੇ ਕਾਰਜ ਆਮ ਇਨਸਾਨਾਂ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਡੇਰੇ ਦੇ ਜ਼ਿਆਦਾਤਰ ਸਮਰਥਕ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਤੋਂ ਹਨ। ਇਹ ਉਹੋ ਥਾਵਾਂ ਹਨ ਜਿਥੇ ਜ਼ਮੀਨ ਹੇਠਲਾ ਪਾਣੀ ਸ਼ੁੱਧ ਨਾ ਹੋਣ ਕਾਰਨ ਕੈਂਸਰ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ। ਹਰ ਖਿੱਤੇ ਵਿਚੋਂ ਭੰਗੀ ਦਾਸ ਬਿਮਾਰ ਲੋਕਾਂ ਦੀ ਇਕ ਸੂਚੀ ਤਿਆਰ ਕਰਦਾ ਹੈ ਤੇ ਆਪਣੇ ਹੈਡਕੁਆਟਰ ਨੂੰ ਭੇਜਦਾ ਹੈ ਤੇ ਡੇਰਾ ਉਨ੍ਹਾਂ ਮਰੀਜ਼ਾਂ ਦਾ ਮੁਫਤ ਇਲਾਜ ਕਰਵਾਉਂਦਾ ਹੈ। ਇਹ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੈ। ਆਮ ਇਨਸਾਨ ਜਦੋਂ ਅਜਿਹੇ ਕੰਮ ਵੇਖਦਾ ਹੈ ਤਾਂ ਸ਼ਾਇਦ ਉਹ ਇਹ ਨਹੀਂ ਵੇਖਦਾ ਕਿ ਡੇਰਾ ਮੁਖੀ ਉਤੇ ਬਲਾਤਕਾਰ, ਕਤਲ, ਪੁਰਸ਼ਾਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਦਰਜ ਹਨ। ਇਹੋ ਡੇਰਾ ਸੱਚਾ ਸੌਦਾ ਦੀ ਪ੍ਰਸਿੱਧੀ ਦਾ ਰਾਜ ਹੈ, ਜੋ ਇਨਸਾਨ ਨੂੰ ਜਨੂੰਨੀ ਬਣਾ ਦਿੰਦਾ ਹੈ।