ਇਸਲਾਮਾਬਾਦ: ਪਾਕਿਸਤਾਨ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤੱਕ ਇਸ ਮੁਲਕ ਦੇ 19 ਪ੍ਰਧਾਨ ਮੰਤਰੀਆਂ ਵਿਚੋਂ ਸਿਰਫ ਪੰਜ ਹੀ ਸੇਵਾ-ਮੁਕਤ ਹੋਂਦ ਤੱਕ ਸੱਤਾ ਸੁੱਖ ਭੋਗਣ ਵਿਚ ਸਫਲ ਰਹੇ, ਜਦੋਂਕਿ ਬਾਕੀ 14 ਵਿਚੋਂ ਇਕ ਦੀ ਕਾਰਜਕਾਲ ਦੌਰਾਨ ਹੱਤਿਆ ਕਰਵਾਈ ਗਈ, ਇਕ ਨੂੰ ਫਾਹੇ ਲਾਇਆ ਗਿਆ ਤੇ ਬਾਕੀਆਂ ਵਿਚੋਂ ਕੁਝ ਨੂੰ ਬਰਖਾਸਤ ਕਰ ਦਿੱਤਾ ਗਿਆ। ਕੁਝ ਪਾਸੋਂ ਜਬਰੀ ਅਸਤੀਫਾ ਲੈ ਕੇ ਬੇਇੱਜ਼ਤ ਤਰੀਕੇ ਨਾਲ ਸੱਤਾ ਤੋਂ ਹਟਾ ਦਿੱਤਾ ਗਿਆ।
ਸੱਤਾ ਸੁੱਖ ਭੋਗਦਿਆਂ ਇੱਜ਼ਤ ਨਾਲ ਸੇਵਾ ਮੁਕਤ ਹੋਣ ਵਾਲੇ ਪ੍ਰਧਾਨ ਮੰਤਰੀਆਂ ਵਿਚੋਂ ਵੀ ਵਧੇਰੇ ਅਸਥਾਈ ਤੌਰ ‘ਤੇ ਬਣਾਏ ਗਏ ਪ੍ਰਧਾਨ ਮੰਤਰੀ ਸਨ। ਹਾਲ ਹੀ ਵਿਚ ਪਨਾਮਾ ਕੇਸ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਬਰਖਾਸਤ ਕੀਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਸ ਤੋਂ ਪਹਿਲਾਂ ਵੀ ਇਕ ਵਾਰ ਬਰਖਾਸਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਤੋਂ ਇਲਾਵਾ ਚੌਧਰੀ ਮੁਹੰਮਦ ਅਲੀ ਤੇ ਬੇਨਜ਼ੀਰ ਭੁੱਟੋ ਵੀ ਦੋਹਰੀ ਵਾਰ ਬਰਖਾਸਤ ਕੀਤੇ ਗਏ ਸਨ। ਉਪਰੋਕਤ ਦੇ ਇਲਾਵਾ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਂ ਦੀ ਸੰਨ 1951 ‘ਚ ਰਹੱਸਮਈ ਹਾਲਾਤ ਵਿਚ ਕੀਤੀ ਹੱਤਿਆ ਦੀ ਗੁੱਥੀ ਅਜੇ ਤੱਕ ਸੁਲਝ ਨਹੀਂ ਸਕੀ।
ਉਨ੍ਹਾਂ ਦੀ ਹੱਤਿਆ ਦੇ ਬਾਅਦ ਸੰਨ 1951 ਤੋਂ ਲੈ ਕੇ ਸੰਨ 1957 ਤੱਕ ਗਵਰਨਰ ਜਨਰਲ ਦੇ ਹੁਕਮ ‘ਤੇ ਲਗਾਤਾਰ 6 ਪ੍ਰਧਾਨ ਮੰਤਰੀ ਬਰਖਾਸਤ ਕੀਤੇ ਗਏ। ਇਸੇ ਤਾਨਾਸ਼ਾਹੀ ਰਵੀਏ ਦੇ ਚੱਲਦਿਆਂ ਪ੍ਰਧਾਨ ਮੰਤਰੀ ਖ਼ਵਾਜਾ ਨਜ਼ੀਮੁਦੀਨ, ਮੁਹੰਮਦ ਅਲੀ ਬੋਗਰਾ, ਚੌਧਰੀ ਮੁਹੰਮਦ ਅਲੀ, ਹੁਸੈਨ ਸ਼ਹੀਦ ਸੁਹਰਾਵਰਦੀ, ਇਬਰਾਹੀਮ ਇਸਮਾਈਲ ਚੁਨਦਰੀਗਰ (ਇਹ ਸਿਰਫ ਦੋ ਮਹੀਨੇ ਤਕ ਪ੍ਰਧਾਨ ਮੰਤਰੀ ਰਹੇ), ਫਿਰੋਜ਼ ਖਾਂ ਨੂਨ, ਮੁਹੰਮਦ ਖਾਂ ਜੁਨੇਜੋ, ਮੀਰ ਜ਼ਫ਼ਰਉੱਲਾ ਖਾਂ ਜ਼ਮਾਲੀ, ਚੌਧਰੀ ਸੁਜਾਤ ਹੁਸੈਨ, ਸ਼ੌਕਤ ਅਜ਼ੀਜ਼, ਜ਼ੁਸਫ਼ ਰਜ਼ਾ ਗਿਲਾਨੀ ਤੇ ਨਵਾਜ਼ ਸ਼ਰੀਫ ਵਿਚੋਂ ਕੁਝ ਨੂੰ ਬਰਖਾਸਤ ਕੀਤਾ ਗਿਆ ਤੇ ਕੁਝ ਪਾਸੋਂ ‘ਸਵੈ-ਇੱਛਾ’ ਦੇ ਨਾਂ ਉਤੇ ਜ਼ਬਰਦਸਤੀ ਅਸਤੀਫਾ ਲਿਆ ਗਿਆ।
ਇਨ੍ਹਾਂ ਦੇ ਇਲਾਵਾ ਪਾਕਿ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪਿਤਾ ਜੁਲਫਿਕਾਰ ਅਲੀ ਭੁੱਟੋ ਨੂੰ ਜਨਰਲ ਜ਼ਿਆ ਉੱਲ ਹੱਕ ਵੱਲੋਂ ਫਾਹੇ ਲਾਏ ਜਾਣ ਦੇ ਬਾਅਦ ਸੱਤਾ ‘ਤੇ ਅਧਿਕਾਰ ਕਾਇਮ ਕੀਤਾ ਗਿਆ। ਪਾਕਿਸਤਾਨੀ ਰਾਜਨੀਤੀ ਦੇ ਜਾਣਕਾਰਾਂ ਅਨੁਸਾਰ ਨਵਾਜ਼ ਸ਼ਰੀਫ ਨੂੰ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਭਾਵੇਂ ਕਿ ਸ਼ਾਹਿਦ ਖਾਕਾਨ ਅੱਬਾਸੀ ਨੂੰ 45 ਦਿਨਾਂ ਲਈ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ ਪਰ ਇਸ ਬਾਰੇ ਕੁਝ ਵੀ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਨੂੰ ਕਦੋਂ ਤੇ ਕਿਸ ਦੋਸ਼ ਅਧੀਨ ਸੱਤਾਹੀਣ ਕਰ ਦਿੱਤਾ ਜਾਵੇ। ਇਸ ਦੇ ਹੱਲ ਲਈ ਪਿਛਲੇ ਦਿਨੀਂ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਮੁੜ ਸੱਤਾ ‘ਚ ਆਉਣ ਉਤੇ ਉਹ ਪਾਕਿ ਦੇ ਪੁਰਾਣੇ ਤੇ ਦੋਸ਼ ਪੂਰਨ ਢਾਂਚੇ ‘ਚ ਪਰਿਵਰਤਨ ਕਰਦਿਆਂ ਇਸ ਤਰ੍ਹਾਂ ਦੇ ਨਿਯਮ ਲਾਗੂ ਕਰਨਗੇ ਜਿਸ ਨਾਲ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਅਚਾਨਕ ਬਰਖਾਸਤ ਨਾ ਕੀਤਾ ਜਾ ਸਕੇ।
___________________________________________
ਸ਼ਰੀਫ ਪਰਿਵਾਰ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਚੁਣੌਤੀ
ਇਸਲਾਮਾਬਾਦ: ਪਾਕਿਸਤਾਨ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਯੋਗ ਠਹਿਰਾਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਰਿਵਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇ ਦਿੱਤੀ ਹੈ। ਸ੍ਰੀ ਸ਼ਰੀਫ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਇਰ ਪਟੀਸ਼ਨਾਂ ਵਿਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਅਯੋਗ ਠਹਿਰਾਉਣ ਅਤੇ ਉਨ੍ਹਾਂ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਚਲਾਉਣ ਨੂੰ ਚੁਣੌਤੀ ਦਿੱਤੀ ਹੈ। ਸ੍ਰੀ ਸ਼ਰੀਫ ਪਹਿਲਾਂ ਹੀ ਆਪਣੇ ਵਿਰੁੱਧ ਆਏ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇ ਚੁੱਕੇ ਹਨ। ਸ਼ਰੀਫ ਦੇ ਪੁੱਤਰਾਂ ਹਸਨ ਤੇ ਹੁਸੈਨ, ਧੀ ਮਰੀਅਮ ਅਤੇ ਜਵਾਈ ਕੈਪਟਨ (ਸੇਵਾ ਮੁਕਤ) ਮੁਹੰਮਦ ਸਫ਼ਦਰ ਨੇ ਆਪਣੇ ਵਕੀਲ ਸਲਮਾਨ ਅਕਰਮ ਰਾਜਾ ਦੇ ਰਾਹੀਂ ਇਕ ਰੀਵਿਊ ਪਟੀਸ਼ਨ ਦਾਇਰ ਕੀਤੀ ਹੈ।