ਮਜੀਠੀਏ ਨਾਲ ਲਿਹਾਜ਼ਦਾਰੀ ਖਿਲਾਫ ਕਾਂਗਰਸੀ ਵਿਧਾਇਕਾਂ ਦਾ ਏਕਾ

ਚੰਡੀਗੜ੍ਹ: ਕਾਂਗਰਸੀ ਵਿਧਾਇਕਾਂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰੰਘ ਮਜੀਠੀਆ ਖਿਲਾਫ਼ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਤਿੰਨ ਦਰਜਨ ਤੋਂ ਵੱਧ ਵਿਧਾਇਕਾਂ ਨੇ ਆਪਣੇ ਦਸਤਖਤ ਕਰ ਕੇ ਮੁੱਖ ਮੰਤਰੀ ਨੂੰ ਦਿੱਲੀ ਵਿਚ ਮੰਗ ਪੱੱਤਰ ਦਿੱਤਾ ਹੈ, ਜਿਸ ਵਿਚ ਸ੍ਰੀ ਮਜੀਠੀਆ ਵਿਰੁੱਧ ਕਾਰਵਾਈ ਲਈ ਕਿਹਾ ਹੈ। ਪਤਾ ਲੱਗਾ ਹੈ ਕਿ ਵਿਧਾਇਕਾਂ ਨੂੰ ਇਹ ਮਾਮਲਾ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੱਕ ਅੱਗੇ ਪਾਉਣ ਲਈ ਕਿਹਾ ਗਿਆ ਹੈ ਤੇ ਵਿਧਾਇਕਾਂ ਨੇ ਇਸ ਬਾਰੇ ਸਹਿਮਤੀ ਦੇ ਦਿੱਤੀ ਹੈ।

ਕਾਂਗਰਸ ਨੇ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਿਆਂ, ਖਾਸ ਕਰ ਕੇ ਚਿੱਟੇ ਦੇ ਸੌਦਾਗਰਾਂ ਵਿਰੁੱਧ ਮੁਹਿੰਮ ਚਲਾਈ ਜਾਵੇਗੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਤਤਕਾਲੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਬਠਿੰਡੇ ਵਿਚ ਤਾਜਪੋਸ਼ੀ ਰੈਲੀ ਵਿਚ ਗੁਟਕਾ ਸਿਰ ਉਤੇ ਰੱਖ ਕੇ ਅਹਿਦ ਲਿਆ ਸੀ ਕਿ ਉਹ ਸੱਤਾ ਸੰਭਾਲਣ ਦੇ 28 ਦਿਨਾਂ ਅੰਦਰ ਚਿੱਟੇ ਦਾ ਸਫਾਇਆ ਕਰ ਦੇਣਗੇ।
ਕਾਂਗਰਸ ਸਰਕਾਰ ਨੇ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਹੇਠ ਸਪੈਸ਼ਲ ਟਾਸਕ ਫੋਰਸ ਬਣਾ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਦਿੱਤੀ, ਪਰ ਅਜੇ ਤੱਕ ਟਾਸਕ ਫੋਰਸ ਦੇ ਹੱਥ ਕੋਈ ਵਿਵਾਦਿਤ ਤਸਕਰ ਨਹੀਂ ਲੱਗਾ ਹੈ। ਕਾਂਗਰਸ ਹਲਕਿਆਂ ਵਿਚ ਇਸ ਗੱਲ ਨੂੰ ਲੈ ਕੇ ਵੀ ਰੋਸ ਹੈ ਕਿ ਕੈਪਟਨ ਨੇ ਸੱਤਾ ਸੰਭਾਲਣ ਤੋਂ ਫੌਰੀ ਬਾਅਦ ਲੰਬੀ ਹਲਕੇ ਦੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਜੇਲ੍ਹ ਡੱਕਣ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਇਸ ਐਲਾਨ ‘ਤੇ ਅਮਲ ਨਹੀਂ ਕੀਤਾ ਗਿਆ, ਸਗੋਂ ਉਸ ਦੀ ਸੁਰੱਖਿਆ ਤੱਕ ਨੂੰ ਵੀ ਨਹੀਂ ਛੇੜਿਆ ਗਿਆ। ਕਾਂਗਰਸ ਵਿਧਾਇਕ ਤੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਵੀ ਇਹ ਮਾਮਲਾ ਉਠਾਉਂਦਿਆਂ ਕਿਹਾ ਸੀ ਕਿ ਕੈਪਟਨ ਇੰਨੇ ਨਰਮ ਦਿਲ ਹਨ ਕਿ ਉਨ੍ਹਾਂ ਨੇ ਸ੍ਰੀ ਕੋਲਿਆਂਵਾਲੀ ਨੂੰ ‘ਖਤਰੇ’ ਦੇ ਮੱਦੇਨਜ਼ਰ ਉਨ੍ਹਾਂ ਦੀ ਸੁਰੱਖਿਆ ਵਾਪਸ ਨਹੀਂ ਲਈ, ਪਰ ਜਿਸ ਦਿਨ ਸਬੂਤ ਹੱਥ ਲੱਗੇ, ਉਸ ਦਿਨ ਕਾਰਵਾਈ ਲਾਜ਼ਮੀ ਕਰਨਗੇ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸ੍ਰੀ ਮਜੀਠੀਆ ਨੇ ਪੁਲਿਸ ਵੱਲੋਂ ਅਕਾਲੀ ਆਗੂਆਂ ਖਿਲਾਫ਼ ਕੇਸ ਦਰਜ ਕਰਨ ਦੇ ਮੁੱਦੇ ਨੂੰ ਲੈ ਕੇ ਮਾਝੇ ਦੇ ਕਾਂਗਰਸੀ ਵਿਧਾਇਕਾਂ, ਖਾਸ ਕਰ ਕੇ ਸੀਨੀਅਰ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵਿਰੁੱਧ ਤਿੱਖੀ ਬਿਆਨਬਾਜ਼ੀ ਕੀਤੀ ਸੀ। ਕਾਂਗਰਸੀ ਵਿਧਾਇਕਾਂ ਤੇ ਆਗੂਆਂ ਵਿਚ ਚਰਚਾ ਹੈ ਕਿ ਮੁੱਖ ਮੰਤਰੀ ਅਕਾਲੀ ਆਗੂਆਂ ਖਿਲਾਫ਼ ਕਾਰਵਾਈ ਕਰਨ ਤੋਂ ਪਿੱਛੇ ਹਟ ਰਹੇ ਹਨ।