ਡਿਕਟੇਟਰ ਡੈਡੀ

ਚਰਨਜੀਤ ਸਿੰਘ ਸਾਹੀ
ਫੋਨ: 317-430-6545
ਮਾਸਟਰ ਕਿਸ਼ਨ ਸਿੰਘ ਇੰਡੀਆ ਤੋਂ ਰਿਟਾਇਰ ਤਾਂ ਹੈਡਮਾਸਟਰ ਹੋਇਆ ਸੀ ਪਰ ਉਸ ਦੇ ਰਹਿਣ ਸਹਿਣ ਤੇ ਬੋਲਚਾਲ ਤੋਂ ਐਂ ਲੱਗਦਾ ਸੀ ਜਿਵੇਂ ਕਿਸੇ ਫੌਜੀ ਦੀ ਰੂਹ ਬਚਪਨ ਵੇਲੇ ਹੀ ਉਹਦੇ ਸਰੀਰ ਵਿਚ ਵੱਸ ਗਈ ਹੋਵੇ। ਇਸੇ ਲਈ ਫੌਜੀਆਂ ਵਾਲਾ ਜ਼ਾਬਤਾ ਰੱਖਣਾ, ਉਹ 75 ਸਾਲ ਦੀ ਉਮਰੇ ਵੀ ਨਾ ਤਿਆਗ ਸਕਿਆ। ਨੌਕਰੀ ਕਰਦਿਆਂ ਸਕੂਲ ਦੇ ਨਾਲਾਇਕ ਬੱਚੇ ਉਸ ਨੂੰ ਆਉਂਦਾ ਵੇਖ ਕੇ ਰਾਹ ਬਦਲ ਲੈਂਦੇ ਤੇ ਲਾਇਕ ਹੁਣ ਵੀ ਜਦੋਂ ਕਿਤੇ ਮਿਲਦੇ ਤਾਂ ਗੋਡੀਂ-ਪੈਰੀਂ ਹੱਥ ਲਾ ਇੱਜਤ ਦਿੰਦੇ।

ਅਜੇ ਥੋੜ੍ਹਾ ਚਿਰ ਹੀ ਹੋਇਆ ਸੀ, ਉਹ ਤੇ ਉਸ ਦੀ ਧਰਮ ਪਤਨੀ ਚੰਦ ਕੌਰ ਨੂੰਹ-ਪੁੱਤ ਕੋਲ ਕੈਨੇਡਾ ਆ ਵਸੇ। ਇਥੋਂ ਦੇ ਬੱਚਿਆਂ ਦੀ ਜੀਵਨ ਸ਼ੈਲੀ ਕਈ ਵਾਰੀ ਕਿਸ਼ਨ ਸਿੰਘ ਦੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ। ਉਨ੍ਹਾਂ ਦੀ ਸਵੇਰ ਤੋਂ ਸ਼ਾਮ ਤੱਕ ਦੀ ਰਹਿਣੀ-ਬਹਿਣੀ ਵੇਖ ਵੇਖ ਉਨ੍ਹਾਂ ਨੂੰ ਕੋਸਣਾ, ਖਿਝਣਾ ਤੇ ਟੋਕਣਾ ਉਸ ਦੀ ਆਦਤ ਬਣ ਗਈ। ਆਪ ਉਹ ਸਵੇਰੇ ਸ਼ਾਮ ਸੈਰ ਕਰਨੀ ਨਾ ਭੁੱਲਦਾ ਅਤੇ ਖਾਣ-ਪੀਣ ਲਈ ਘਰਵਾਲੀ ਚੰਦ ਕੌਰ ਨੂੰ ਹਦਾਇਤਾਂ ਸਨ, ਖਾਸ ਕਰ ਲੰਚ ਤੇ ਡਿਨਰ ਲਈ, ਸਮੇਂ ਸਿਰ ਤਿਆਰ ਹੋਵੇ ਤੇ ਤਵੇ ਤੋਂ ਲਹਿੰਦਾ ਗਰਮ ਫੁਲਕਾ ਮੇਰੇ ਹੱਥ ਵਿਚ ਆਉਣਾ ਚਾਹੀਦਾ, ਬਾਕੀ ਟੱਬਰ ਜਦੋਂ ਮਰਜੀ ਖਾਵੇ।
ਵੇਲੇ ਸਿਰ ਖਾਣਾ, ਰਾਤੀਂ ਛੇਤੀ ਸੌਣਾ, ਸਵੇਰੇ ਛੇਤੀ ਉਠਣਾ-ਉਹਦਾ ਸ਼ੁਰੂ ਤੋਂ ਹੀ ਨਿਯਮ ਸੀ। ਸਵੇਰੇ ਪਹਿਲਾ ਚਾਹ ਦਾ ਕੱਪ ਉਹਨੂੰ ਹੱਥੀਂ ਬਣਾਇਆ ਹੀ ਸਵਾਦ ਲੱਗਦਾ। ਉਸ ਦੀ ਸਵੱਖਤੇ ਪੰਜ ਵਜੇ ਈ ਰਸੋਈ ਵਿਚ ਲੌਂਗ ਇਲਾਚੀ ਕੁੱਟਣ ਦੀ ਆਵਾਜ਼ ਪਰਿਵਾਰ ਨੂੰ ਅੱਖੜਦੀ, ਬੈਡ ‘ਤੇ ਸੁਤਿਆਂ ਨੂੰ ਪਾਸੇ ਮਾਰਨ ਲਈ ਮਜਬੂਰ ਕਰ ਦਿੰਦੀ।
ਇਕ ਦਿਨ ਨੂੰਹ ਨੇ ਬੇਨਤੀ ਕੀਤੀ, “ਡੈਡੀ ਗਰਾਈਂਡਰ ਵਿਚ ਇਕੱਠਾ ਚਾਹ ਮਸਾਲਾ ਰਗੜ ਦੇਨੇ ਆਂ?”
“ਨਹੀਂ ਬੇਟਾ ਉਹਦਾ ਫਲੇਵਰ ਖਤਮ ਹੋ ਜਾਂਦਾ।” ਅੱਗੋਂ ਜਵਾਬ ਸੀ।
ਪਰਿਵਾਰ ਨਾਲ ਕਿਸੇ ਫੰਕਸ਼ਨ ‘ਤੇ ਜਾਂ ਕਿਤੇ ਹੋਰ ਜਾਣਾ ਹੁੰਦਾ, ਉਹ ਸਭ ਤੋਂ ਪਹਿਲਾਂ ਤਿਆਰ ਹੋ ਘਰ ਦੇ ਗਰਾਜ ‘ਚ ਸਜ ਬੈਠਦਾ। ਬਾਕੀ ਪਰਿਵਾਰ ਦੇ ਮੈਂਬਰ ਨਾਲੇ ਤਿਆਰ ਹੋਈ ਜਾਂਦੇ, ਨਾਲੇ ਕਹੀ ਜਾਂਦੇ, “ਛੇਤੀ ਕਰੋ, ਨਹੀਂ ਤਾਂ ਹੁਣੇ ਡੈਡੀ ਨੇ ਗਰਾਜ ‘ਚ ਖੌਰੂ ਪਾ ਦੇਣਾ ਤੇ ਸਭ ਦੇ ਵਰੰਟ ਜਾਰੀ ਕਰ ਦੇਣੇ ਨੇ।”
ਅੱਜ ਐਤਵਾਰ, ਸਵੇਰੇ ਈ ਨਿਰਣੇ ਕਾਲਜੇ ਪੁੱਤਰ ਬਿਕਰ ਸਿੰਘ ਦੀ ਪੇਸ਼ੀ ਪਈ ਹੋਈ ਸੀ। ਪਰ ਅੱਗੋਂ ਪੁੱਤਰ ਹੀ ਕਿਸ਼ਨ ਸਿੰਘ ਨੂੰ ਪਿਆਰ ਤੇ ਦਲੀਲਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, “ਡੈਡੀ ਪਲੀਜ਼! ਤੁਹਾਨੂੰ ਕਈ ਵਾਰੀ ਕਿਹਾ ਕਿ ਇਹ ਇੰਡੀਆ ਨਹੀਂ, ਕੈਨੇਡਾ ਏ ਕੈਨੇਡਾ! ਵੇਸੇ ਵੀ ਪਿਛਲੇ ਪੰਦਰਾਂ ਸਾਲਾਂ ਵਿਚ ਦੁਨੀਆਂ ਬਹੁਤ ਬਦਲ ਗਈ ਏ, ਸਵੇਰੇ-ਸ਼ਾਮ ਬੱਚਿਆਂ ਨੂੰ ਨਾ ਟੋਕਿਆ ਕਰੋ। ਸਾਡੇ ਵੇਲੇ ਹੋਰ ਗੱਲ ਸੀ, ਅਸੀਂ ਤੁਹਾਡੀ ਹਰ ਗੱਲ ਮੰਨੀ, ਉਹ ਹੀ ਕਰਿਆ ਜੋ ਤੁਸੀਂ ਕਿਹਾ। ਸਾਡੇ ‘ਤੇ ਤਾਂ ਤੁਸੀਂ ਛੋਟੇ ਹੁੰਦਿਆਂ ਹੀ ਠੱਪੇ ਲਾ ਦਿੱਤੇ ਸੀ ਕਿ ਅਸੀਂ ਕਿਹੜੀ ਕਿਹੜੀ ਡਿਗਰੀ ਕਰਨੀ ਏ। ਤੁਹਾਡੇ ਹੁਕਮ ਬਗੈਰ ਘਰ ਵਿਚ ਪੱਤਾ ਵੀ ਨਹੀਂ ਸੀ ਹਿੱਲਦਾ, ਪਰ ਇਥੋਂ ਦੇ ਬੱਚਿਆਂ ਨੇ ਉਹ ਨਹੀਂ ਕਰਨਾ ਜੋ ਤੁਸੀਂ ਪੁਰਾਣੀ ਰੱਟ ਲਾਈ ਜਾਂਦੇ ਜੇ-ਫਲਾਣਿਆ ਤੂੰ ਇੰਜੀਨੀਅਰਿੰਗ ਕਰ, ਤੂੰ ਮੈਡੀਕਲ। ਬੱਚੇ ਇਰੀਟੇਟ ਹੁੰਦੇ ਨੇ। ਡੈਡੀ ਇਹ ਪਹਿਲਾਂ ਹੀ ਤੁਹਾਡੇ ਤੋਂ ਪਰੇ ਪਰੇ ਰਹਿੰਦੇ ਨੇ, ਫੇਰ ਇਨ੍ਹਾਂ ਬਿਲਕੁਲ ਹੀ ਤੁਹਾਡੇ ਨੇੜੇ ਨਹੀਂ ਲੱਗਣਾ। ਇਨ੍ਹਾਂ ਉਹੀ ਕਰਨਾ ਜੋ ਇਨ੍ਹਾਂ ਨੂੰ ਚੰਗਾ ਲੱਗੇ। ਡੈਡੀ ਤੁਸੀਂ ਸਮਝਦੇ ਕਿਉਂ ਨਹੀਂ? ਇਥੇ ਪੜ੍ਹਾਈ ਦਾ ਸਿਸਟਮ ਇੰਡੀਆ ਨਾਲੋਂ ਵੱਖਰਾ ਹੈ। ਵੈਸੇ ਵੀ ਅਸੀਂ ਕਿਹੜੀ ਇਨ੍ਹਾਂ ਦੀ ਕਮਾਈ ਖਾਣੀ ਏ, ਅਸੀਂ ਤਾਂ ਸੋਚੀਂ ਬੈਠੇ ਆਂ, ਯੂਨੀਵਰਸਿਟੀ ਦੀ ਡਿਗਰੀ ਲੈ ਲੈਣ, ਬੱਸ ਆਪਣੇ ਜੋਗੇ ਹੋ ਜਾਣ। ਦੂਜਾ, ਜਿਹੜਾ ਤੁਸੀਂ ਗੱਲ ਗੱਲ ‘ਤੇ ਪੰਜਾਬੀ ਬੋਲਣ ਦੀ ਕਹਿੰਦੇ ਰਹਿੰਦੇ ਹੋ, ਅਸੀਂ ਬਥੇਰਾ ਮੱਥਾ ਮਾਰ ਲਿਆ ਤੇ ਤੁਸੀਂ ਵੀ ਇਥੇ ਆ ਕੇ ਆਪਣੀ ਮਾਸਟਰੀ ਵਾਲੇ ਦਾਅ ਪੇਚ ਵਰਤ ਲਏ, ਜਿੰਨੀ ਬੋਲਦੇ ਨੇ ਠੀਕ ਏ। ਚਲੋ ਸਮਝਦੇ ਤਾਂ ਹਨ ਨਾ ਗੁਜਾਰੇ ਲਈ। ਪਲੀਜ਼! ਰੀਲੈਕਸ ਹੋ ਕੇ ਰਿਹਾ ਕਰੋ! ਮੈਂ ਤੁਹਾਡੀਆਂ ਭਾਵਨਾਵਾਂ ਸਮਝਦਾ ਵੀ ਹਾਂ, ਕਦਰ ਵੀ ਕਰਦਾਂ ਪਰ ਇਸ ਮਾਮਲੇ ਵਿਚ ਮੈਂ ਬੇਵੱਸ ਹਾਂ। ਆਪਣੀ ਰਿਟਾਇਰਮੈਂਟ ਇੰਜੁਆਏ ਕਰੋ।” ਕਹਿੰਦੇ ਕਹਿੰਦੇ ਬਿਕਰ ਦੇ ਦੋਵੇਂ ਹੱਥ ਡੈਡੀ ਅੱਗੇ ਜੁੜ ਗਏ।
“ਵਾਹ ਵੀ ਵਾਹ! ਉਏ ਕਾਕਾ! ਕਿਵੇਂ ਰੀਲੈਕਸ ਰਹੀਏ?” ਕਿਸ਼ਨ ਸਿੰਘ ਨੇ ਸਿੱਧੇ ਹੋ ਬੈਠਦਿਆਂ ਆਪਣੀ ਚੁੱਪ ਤੋੜੀ, “ਰੋਟੀ ਤਾਂ ਇੰਡੀਆ ਵੀ ਖਾਈ ਜਾਂਦੇ ਸੀ, ਸਾਡਾ ਏਥੇ ਆਉਣ ਦਾ ਕੀ ਫਾਇਦਾ? ਤੂੰ ਦੱਸ। ਮੇਰੇ ਤਾਂ ਹਜਾਰਾਂ ਪੜ੍ਹਾਏ ਹੋਏ ਦੁਨੀਆਂ ਦੇ ਕੋਨੇ ਕੋਨੇ ਵਿਚ ਕਾਮਯਾਬੀ ਦੇ ਝੰਡੇ ਗੱਡੀ ਬੈਠੇ ਨੇ, ਅਜੇ ਵੀ ਮੈਨੂੰ ਯਾਦ ਕਰਦੇ ਨੇ। ਮੈਂ ਆਪਣੀਆਂ ਅੱਖਾਂ ਸਾਹਮਣੇ ਇਨ੍ਹਾਂ ਨੂੰ ਕਿਵੇਂ ਵਿਗੜਦੇ ਦੇਖਾਂ? ਇਕ ਮੇਰੀ ਸੁਣ ਲੈ! ਜੇ ਮੈਂ ਤੁਹਾਨੂੰ ਭੈਣ-ਭਰਾਵਾਂ ਨੂੰ ਖਿੱਚ ਕੇ ਨਾ ਰੱਖਦਾ, ਨਾਲੇ ਮੇਰਾ ਡਰ ਨਾ ਹੁੰਦਾ ਤਾਂ ਤੁਸੀਂ ਵੀ ਡਾਕਟਰ, ਇੰਜੀਨੀਅਰ ਨਾ ਬਣਦੇ। ਹੋਰਾਂ ਵਾਂਗ ਤੁਰੇ ਫਿਰਦੇ ਆਵਾਰਾ ਗਲੀਆਂ ਵਿਚ। ਹਾਂ! ਤੁਸੀਂ ਵੀ ਕਰਦੇ ਫਿਰ ਇਥੇ ਆ ਕੇ ਔਡ ਜਾਬਾਂ! ਯਾਰ ਮੈਂ ਤਾਂ ਉਥੇ ਵੀ ਕਮਲਾ ਹੋਇਆ ਰਹਿੰਦਾ ਸੀ। ਦਾਖਲੇ ਕਿਤੇ ਸੌਖੇ ਮਿਲਦੇ ਸੀ? ਨਾਲੇ ਫਿਰ ਖੁੱਲ੍ਹੇ ਕੋਟੇ ਵਾਲਿਆਂ ਨੂੰ! ਸਹੁਰੀ ਰਿਜ਼ਰਵੇਸ਼ਨ ਨੇ ਸਾਡੀ ਸਾਰੀ ਉਮਰ ਮੱਤ ਮਾਰੀ ਰੱਖੀ। ਜੇ ਇਥੇ ਮੌਕੇ ਨੇ, ਤਾਂ ਇਹ ਨਹੀਂ ਸੁਣਦੇ ਉਏ, ਕਾਕਾ! ਸ਼ੌਕ ਤਾਂ ਬੱਚਿਆਂ ਵਿਚ ਪੈਦਾ ਕਰਨਾ ਮਾਪਿਆਂ ਦਾ ਕੰਮ ਏ। ਜੇ ਇਨ੍ਹਾਂ ਨੂੰ ਚੰਗਾ-ਮਾੜਾ ਆਪਾਂ ਨਾ ਦੱਸਾਂਗੇ ਤਾਂ ਹੋਰ ਕੀਹਨੇ ਦੱਸਣਾ, ਲੋਕਾਂ ਨੇ? ਜੇ ਤੁਹਾਡੀ ਸੋਚ ਏਹੀ ਏ, ਠੀਕ ਏ, ਤਾਂ ਫਿਰ ਇਹ ਵੀ ਕਰ ਲੈਣਗੇ ਗੋਰਿਆਂ ਦੇ ਜਵਾਕਾਂ ਵਾਂਗ ਟਾਕੋ ਬੈਲ-ਮੈਕਡੋਨਲਡ ‘ਤੇ ਦਿਹਾੜੀ, ਹਾਂ! ਬਈ ਫਿਰ ਮੈਨੂੰ ਤਾਂ ਤੋਰ ਦਿਉ ਇੰਡੀਆ! ਭਾਵੇਂ ਕੱਲ੍ਹ ਹੀ। ਮੈਂ ਨਹੀਂ ਇਹ ਸਭ ਵੇਖ ਸਕਦਾ। ਤੁਹਾਨੂੰ ਤਾਂ ਕੰਮਾਂ ਕਾਰਾਂ ਵਿਚੋਂ ਟਾਈਮ ਹੀ ਨਹੀਂ ਇਨ੍ਹਾਂ ਨੂੰ ਪੁੱਛਣ-ਗਿੱਛਣ ਦਾ।”
ਪਰ ਜਾਣਾ ਕਿਸ਼ਨ ਸਿੰਘ ਨੇ ਕਿਥੇ ਸੀ? ਇੰਡੀਆ ਤੋਂ ਸਭ ਕੁਝ ਵੇਚ ਵੱਟ ਸਾਰਾ ਪਰਿਵਾਰ ਤਾਂ ਇਥੇ ਆ ਗਿਆ ਸੀ। ਜਦੋਂ ਵੀ ਇਸ ਤਰ੍ਹਾਂ ਗੁੱਸੇ ਹੁੰਦਾ ਤਾਂ ਆਪਣੇ ਦਿਲ ਦੀ ਭੜਾਸ ਇਹ ਰਟੇ ਰਟਾਏ ਵਾਕ ਬੋਲ ਕੱਢ ਲੈਂਦਾ, Ḕਮੈਨੂੰ ਤੋਰ ਦਿਉ ਇੰਡੀਆḔ ਕਹਿ ਕੇ ਥੋੜ੍ਹੀ ਦੇਰ ਵਿਸ ਘੋਲਦਾ ਤੇ ਆਪ ਹੀ ਕੁਝ ਦੇਰ ਪਿੱਛੋਂ ਸ਼ਾਂਤ ਹੋ ਜਾਂਦਾ।
“ਲੈ! ਡੈਡੀ ਤੁਸੀਂ ਤਾਂ ਗੁੱਸਾ ਕਰ’ਗੇ। ਮੈਨੂੰ ਨਹੀਂ ਚੰਗਾ ਲੱਗਦਾ, ਬੱਚੇ ਜਦੋਂ ਤੁਹਾਡੀ ਸੁਣਦੇ ਨਹੀਂ।” ਬਿੱਕਰ ਨੇ ਗੁੱਸੇ ਹੋ ਗਏ ਡੈਡੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
“ਪਰ ਪੁੱਤਰਾ! ਮੈਨੂੰ ਤਾਂ ਲੂਹਰੀਆਂ ਉਠਦੀਆਂ। ਪਹਿਲਾਂ ਤਾਂ ਸਹੁਰੇ ਅੱਧੀ ਅੱਧੀ ਰਾਤ ਤੱਕ ਉਲੂਆਂ ਵਾਂਗ ਗੇਮਾਂ ਖੇਡੀ ਜਾਂਦੇ ਨੇ ਜਾਂ ਟੈਲੀਵੀਜ਼ਨ ਮੂਹਰਿਉਂ ਨਹੀਂ ਉਠਦੇ ਜਾਂ ਫੋਨਾਂ ‘ਤੇ ਠੂੰਗੇ ਮਾਰੀ ਜਾਣਗੇ। ਸਵੇਰੇ ਟਾਈਮ ਨਾਲ ਉਠਦੇ ਨਹੀਂ, ਮਾਂ ਹਾਕਾਂ ਮਾਰ ਮਾਰ ਘਰ ਸਿਰ ‘ਤੇ ਚੁੱਕ ਲੈਂਦੀ ਆ। ਵੀਕਐਂਡ ‘ਤੇ ਊਂ ਦੁਪਹਿਰ ਤੱਕ ਦਲਿਦਰੀ ਬੈਡ ਨਹੀਂ ਛੱਡਦੇ। ਜੇ ਮੈਂ ਕੱਲ ਮੁੰਡੇ ਨੂੰ ਕਹਿ’ਤਾ Ḕਉਏ ਬੌਬੀ! ਅੱਜ ਐਤਵਾਰ ਤੈਨੂੰ ਛੁੱਟੀ ਏ, ਘਾਹ ਕੱਟ ਦੇਹ, ਕਿੱਡਾ ਕਿੱਡਾ ਹੋ ਗਿਆ। ਕੋਈ ਗਵਾਂਢੀ ਸ਼ਿਕਾਇਤ ਕਰ ਦੂ। ਤੇਰੇ ਡੈਡ ਨੂੰ ਕੰਮ ਤੋਂ ਵਿਹਲ ਨਹੀਂ ਮਿਲੀ।Ḕ ਅੱਗੋਂ ਕਹਿੰਦਾ, Ḕਦਿਸ ਇਜ ਨਾਟ ਮਾਈ ਜਾਬ!Ḕ ਕਿਵੇਂ ਵਿਹਲਾ ਫਿੱਟੀ ਜਾਂਦਾ। ਗੋਰਿਆਂ ਵਾਂਗ ਘਰੋਂ ਕੱਢੇ ਹੋਣ ਸੋਲਾਂ ਸਾਲਾਂ ਦੀ ਉਮਰੇ, ਕਮਾਉ ਤੇ ਖਾਉ, ਆਪੇ ਹੋਸ਼ ਟਿਕਾਣੇ ਆ ਜੇ। ਪਰ ਇਥੇ! ਕੌਣ ਆਖੇ ਸਾਹਿਬ ਨੂੰ, ਇੰਜ ਨਹੀਂ ਤਾਂ ਇੰਜ ਕਰ। ਇੰਡੀਆ ਹੁੰਦਾ, ਇਹਦੇ ਮੈਂ ਪਾਸੇ ਸੇਕਦਾ।”
“ਡੈਡੀ ਮੈਂ ਕਰ ਲਿਆ ਘਾਹ ਕੱਟਣ ਵਾਲੇ ਦਾ ਇੰਤਜਾਮ, ਉਹ ਕੱਟ ਜਾਇਆ ਕਰੂ ਹਫਤੇ ਪਿਛੋਂ।”
“ਆਹੋ! ਇਹਦੇ ਹੱਡਾਂ ‘ਚ ਪਾਣੀ ਪਾਈ ਜਾਉ, ਕੱਟਣ ਨੂੰ ਮੈਂ ਨ੍ਹੀਂ ਕੱਟ ਸਕਦਾ! ਮੈਨੂੰ ਤਾਂ ਡਾਕਟਰ ਨੇ ਰੋਕਿਆ ਸਾਹ ਤੇ ਅਲਰਜੀ ਕਰਕੇ, ਇਹ ਵੀ ਕੋਈ ਕੰਮਾਂ ਵਿਚੋਂ ਕੰਮ ਏ। ਚਲੋ ਮੈਨੂੰ ਕੀ, ਉਏ ਕਾਕਾ ਪਿਆਰ ਦੇ ਨਾਲ ਨਾਲ ਬੱਚਿਆਂ ਨੂੰ ਮਾਪਿਆਂ ਦਾ ਡਰ ਵੀ ਭੋਰਾ ਹੋਣਾ ਚਾਹੀਦਾ ਏ। ਪੁੱਛ ਲੈ ਆਪਣੀ ਮਾਂ ਨੂੰ! ਮੇਰੇ ਸਕੂਲ ਦੇ ਸਟਾਫ ਤੇ ਰਿਸ਼ਤੇਦਾਰਾਂ ਨੇ ਮੇਰੇ ਤੋਂ ਸਲਾਹਾਂ ਲੈ ਲੈ ਬੱਚਿਆਂ ਨੂੰ ਵਧੀਆ ਡਿਗਰੀਆਂ ਕਰਾ ਲਈਆਂ, ਉਹ ਵੀ ਪੁੱਛਦੇ ਹੁੰਦੇ ਸੀ ਬਈ ਕਿਸ਼ਨ ਸਿਆਂ! ਤੇਰੇ ਬੱਚੇ ਕਿਵੇਂ ਪ੍ਰੋਫੈਸ਼ਨਲ ਡਿਗਰੀਆਂ ਕਰੀ ਜਾਂਦੇ ਨੇ, ਕੇਹੜੇ ਪਾਠ ਪੜ੍ਹਾਉਨੈਂ ਤੂੰ ਇਨ੍ਹਾਂ ਨੂੰ, ਸਾਨੂੰ ਵੀ ਦੱਸ ਕੋਈ ਗੁਰ। ਕਹਿੰਦੇ ਨੇ ਨਾ, ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ। ਮੇਰੇ ਪਰਿਵਾਰ ਨੂੰ ਮੇਰੀਆਂ ਕਹੀਆਂ ਜ਼ਹਿਰ ਵਾਂਗ ਲੱਗਦੀਆਂ।”
ਬੈਡ ਰੂਮ ਦਾ ਡੋਰ ਨਾਕ ਹੋਇਆ, “ਆ ਜੋ ਭਾਈ ਕੌਣ ਆ?”
“ਡੈਡੀ ਜੀ! ਅੱਜ ਤੁਹਾਡਾ ਜਨਮ ਦਿਨ ਏ, ਹੈਪੀ ਬਰਥ ਡੇ। ਸਵੇਰੇ ਸਵੇਰੇ ਗੁੱਸਾ ਥੁੱਕ ਦਿਉ!” ਕਿਸ਼ਨ ਸਿੰਘ ਦੀ ਨੂੰਹ ਨੇ ਡੋਰ ਦੇ ਬਾਹਰੋਂ ਹੀ ਵਿਸ਼ ਕੀਤਾ ਤੇ ਇਸ਼ਾਰੇ ਨਾਲ ਬਿੱਕਰ ਨੂੰ ਕਮਰੇ ਵਿਚੋਂ ਬਾਹਰ ਬੁਲਾ ਲਿਆ।
“ਥੈਂਕ ਯੂ ਬੇਟੀ! ਪਰ ਭਾਈ ਕੁੜੀਏ ਸਾਡੇ ਕਾਹਦੇ ਬਰਥ ਡੇ ਮਨਾਉਣੇ, ਪਤਾ ਨਹੀਂ ਕਿਸ ਦਿਨ ਜੰਮਿਆ ਸੀ? ਇਹ ਤਾਂ ਬਜ਼ੁਰਗਾਂ ਨੇ ਅੰਦਾਜ਼ੇ ਨਾਲ ਹੀ ਲਿਖਾਇਆ ਹੋਣਾ ਸਕੂਲ ਵਿਚ। ਬੱਚਿਆਂ ਦੇ ਮਨਾਇਆ ਕਰੋ।”
ਸ਼ਾਵਰ ਲੈ ਕੇ ਵਾਸ਼ਰੂਮ ਵਿਚੋਂ ਵਾਹਿਗੁਰ ਵਾਹਿਗੁਰ ਕਰਦੀ ਚੰਦ ਕੌਰ ਨੇ ਬਾਹਰ ਆ ਕਿਸ਼ਨ ਸਿੰਘ ਨੂੰ ਸਵਾਲ ਕੀਤਾ ਨਾਲੇ ਤਰਲਾ ਮਾਰਿਆ, “ਕਿਉਂ ਸਵੇਰੇ ਸਵੇਰੇ ਮੁੰਡੇ ਦੀ ਕਲਾਸ ਲਾਈ ਬੈਠੇ ਸੀ? ਉਠੋ! ਚੱਲੋ ਤਿਆਰ ਹੋਵੋ, ਅੱਜ ਤਾਂ ਚੱਲੋ ਗੁਰਦੁਆਰੇ ਮੱਥਾ ਟੇਕ ਆਈਏ। ਬੱਚੇ ਵੀ ਕਹਿੰਦੇ ਨੇ, ਤੁਹਾਡਾ ਜਨਮ ਦਿਨ ਵੀ ਏ। ਕੁਝ ਮਨ ਨੂੰ ਸ਼ਾਤੀਂ ਆਵੇ ਜਿਹੜਾ ਹਰ ਵੇਲੇ ਆਦਮ ਬੋ ਆਦਮ ਬੋ ਕਰਦੇ ਰਹਿੰਦੇ ਜੇ।”
“ਅੱਛਾ! ਤੂੰ ਵੀ ਰਲ ਗਈ ਇਨ੍ਹਾਂ ਨਾਲ! ਮੈਂ ਨਹੀਂ ਜਾਣਾ ਜੂਣਾ ਕਿਤੇ।” ਕਿਸ਼ਨ ਸਿੰਘ ਬੈਡ ‘ਤੇ ਨਿਸਲ ਹੋ ਪੈ ਗਿਆ।
“ਅੱਛਾ! ਫਿਰ ਮੈਂ ਵੀ ਤੁਹਾਡੇ ਵਾਂਗ ਬਿਨਾ ਕਿਸੇ ਕਾਰਨ ਬੱਚਿਆਂ ਨਾਲ ਕਲੇਸ਼ ਕਰੀ ਜਾਵਾਂ? ਮੇਰੀ ਸੁਣੋ ਆਪਾਂ ਆਪਣੇ ਜੰਮੇ ਆਪਣੇ ਹਿਸਾਬ ਨਾਲ ਪਾਲੇ ਤੇ ਪੜ੍ਹਾਏ। ਹੁਣ ਇਨ੍ਹਾਂ ਦੀ ਵਾਰੀ, ਜਿਵੇਂ ਮਰਜੀ ਕਰਨ। ਸਰਦਾਰ ਜੀ ਸੱਮਝਿਆ ਕਰੋ। ਹਰ ਵੇਲੇ ਟੋਕਾ ਟਾਕੀ ਚੰਗੀ ਨਹੀਂ ਹੁੰਦੀ। ਸਾਰਾ ਪਰਿਵਾਰ ਤੁਹਾਡੀ ਕਿੰਨੀ ਇੱਜਤ ਕਰਦਾ। ਪੰਤਾਲੀ ਸਾਲ ਹੋ’ਗੇ ਤੁਹਾਡੇ ਲੜ ਲੱਗੀ ਨੂੰ, ਸਾਰੀ ਉਮਰ ਤੁਸੀਂ ਆਪਣੀ ਮਨਾਈ ਤੇ ਚਲਾਈ। ਹੁਣ ਤਾਂ ਕਿਸੇ ਹੋਰ ਦੀ ਸੁਣ ਲਿਆ ਕਰੋ।”
ਅੱਗੋਂ ਕਿਸ਼ਨ ਪਹਿਲਾਂ ਹੀ ਤਪਿਆ ਬੈਠਾ ਸੀ, “ਮੈਂ ਕੀ ਮਾੜਾ ਕਹਿ’ਤਾ? ਆਹੀ ਤਾਂ ਕਿਹਾ ਸੀ, ਪਿਛਲੇ ਹਫਤੇ ਵੱਡੀ ਕੁੜੀ ਨੂੰ, Ḕਪੁੱਤ ਤੂੰ ਘਰ ਵਿਚ ਵੱਡੀ ਪੋਤੀ ਆ, ਜੇ ਤੂੰ ਡਾਕਟਰ ਬਣੇਗੀ ਤਾਂ ਤੇਰੀ ਰੀਸੇ ਛੋਟਿਆਂ ਨੂੰ ਵੀ ਕਿਸੇ ਚੰਗੀ ਡਿਗਰੀ ਲਈ ਕਹਾਂਗੇ।Ḕ ਅੱਗੋਂ ਮੈਨੂੰ ਹੀ ਲੈਕਚਰ ਦੇ ਦਿੱਤਾ, Ḕਗਰੈਂਡ ਪਾ, ਅਸੀਂ ਨਹੀਂ ਉਹ ਪੜ੍ਹਾਈ ਕਰਨੀ ਜਿਹਦੇ ਨਾਲ ਪਿਛੋਂ ਸਾਰੀ ਉਮਰ ਟੈਨਸ਼ਨ ਤੇ ਸਟਰੈਸ ਰਹੇ। ਅਸੀਂ ਤਾਂ ਉਹ ਕਰਨੀ ਆ, ਗੁਜ਼ਾਰੇ ਲਈ ਪੈਸੇ ਵੀ ਮਿਲਣ ਤੇ ਜਾਬ ਨੂੰ ਇੰਜੁਆਏ ਵੀ ਕਰ ਸਕੀਏ।Ḕ ਅਖੇ, ਇਹ ਕੇਹੜਾ ਇਕ ਦਿਨ ਕੰਮ ਕਰਨਾ, ਇਹ ਤਾਂ ਸਾਰੀ ਉਮਰ ਕਰਨਾ। ਅਸੀਂ ਨੀ ਡੈਡ-ਮੌਮ ਵਾਂਗ ਦਿਨ ਰਾਤ ਕੰਮ ਕਰਨਾ ਤੇ ਨਾ ਹੀ ਸਾਨੂੰ ਇਨ੍ਹਾਂ ਦੇ ਪੈਸੇ ਚਾਹੀਦੇ। ਇਹ ਉਨ੍ਹਾਂ ਦੇ ਕਮਾਏ ਹੋਏ ਨੇ ਤੇ ਉਹੀ ਵਰਤਣ।”
ਚੰਦ ਕੌਰ ਨੇ ਕਿਹਾ, “ਠੀਕ ਹੀ ਤਾਂ ਕਿਹਾ ਕੁੜੀ ਨੇ।”
“ਕੀ ਠੀਕ ਕਿਹਾ? ਮੈਂ ਪੂਰੀ ਜਿੰæਦਗੀ ਲਾ’ਤੀ ਇਕ ਜਨਰੇਸ਼ਨ ਨੂੰ ਸੁਧਾਰਨ ਵਿਚ ਤਾਂ ਕਿ ਸਮਾਜ ਵਿਚ ਸਿਰ ਉਚਾ ਕਰਕੇ ਤੁਰ ਸਕਣ। ਕਿਵੇਂ ਦੇਖ ਲਵਾਂ ਆਪਣਾ ਪਰਿਵਾਰ ਢਹਿੰਦੀ ਕਲਾ ਵੱਲ ਜਾਂਦਿਆਂ। ਥੋੜ੍ਹੇ ਪੜ੍ਹਿਆਂ ਦੇ ਬੱਚੇ ਡਾਕਟਰ, ਇੰਜੀਨੀਅਰ ਬਣੀ ਜਾਂਦੇ, ਮੇਰਿਆਂ ਦਾ ਦਿਮਾਗ ਟਿਕਾਣੇ ਨੀ। ਪਤਾ ਈ ਨਹੀਂ ਕਿਹੜਾ ਪ੍ਰੋਫੈਸ਼ਨ ਚੰਗਾ। ਪਰ ਚੰਦ ਕੁਰੇ ਤੈਨੂੰ ਕੀ ਪਤਾ? ਸਿਵਾਏ ਮੰਨੀਆਂ ਪੱਥਣ ਤੋਂ। ਘੁੱਗੀ ਕਿਆ ਜਾਣੇ ਸਤਿਗੁਰ ਕੀਆਂ ਬਾਤਾਂ! ਨਾਲੇ ਕੁੜੀਆਂ ਦੇ ਦਿਮਾਗ ਵਿਚ ਇਹ ਕਿਨ੍ਹੇ ਪਾ ਦਿੱਤਾ, Ḕਅਖੇ ਤੁਸੀਂ ਇੰਡੀਅਨ! ਮੁੰਡਿਆਂ ਨੂੰ ਜ਼ਿਆਦਾ ਇੰਪੋਰਟੈਂਸ ਦਿਨੇਂ ਓਂ, ਕੁੜੀਆਂ ਨਾਲੋਂ।Ḕ ਜਦੋਂ ਕਿ ਪੋਤਾ ਸਹੁਰੀ ਦਾ ਬਿਲਕੁਲ ਈ ਨੀ ਸੁਣਦਾ। ਮੈਂ ਰੋਜ਼ ਉਹਦੀ ਕੁੱਤੇਖਾਣੀ ਕਰਦਾਂ। ਕੁੜੀਆਂ ਨੂੰ ਤਾਂ ਮੈਂ ਹਮੇਸ਼ਾਂ ਪਿਆਰ ਨਾਲ ਹੀ ਸਮਝਾਉਂਦਾਂ। ਮੈਂ ਤਾਂ ਜ਼ਿੰਦਗੀ ਵਿਚ ਕਾਮਯਾਬ ਹੋਣ ਦੇ ਗੁਰ ਇਨ੍ਹਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਏ, ਬਈ ਟਾਈਮ ਦੇ ਪਾਬੰਦ ਰਹੋ, ਸਖਤ ਮਿਹਨਤ ਕਰੋ, ਇਮਾਨਦਾਰੀ ਤੇ ਪਾਜੇਟਿਵ ਸੋਚ ਰੱਖੋ। ਫਿਰ ਕੋਈ ਤਾਕਤ ਨਹੀਂ ਤੁਹਾਨੂੰ ਜ਼ਿੰਦਗੀ ਵਿਚ ਫੇਲ੍ਹ ਕਰ ਸਕਦੀ।”
“ਚਲੋ ਸਰਦਾਰ ਜੀ, ਤੁਸੀਂ ਉਨ੍ਹਾਂ ਦੇ ਪੇਪਰ ਦੇਣੇ ਨੇ ਸਕੂਲ ਜਾ ਕੇ। ਜਦੋਂ ਉਨ੍ਹਾਂ ਦੇ ਮਾਂ-ਬਾਪ ਖੁਸ਼ ਨੇ, ਤੁਸੀਂ ਕਿਉਂ ਫਿਕਰ ਕਰਦੇ ਓ?”
“ਤੂੰ ਚੁੱਪ ਨਹੀਂ ਕਰ ਸਕਦੀ ਇਕ ਮਿੰਟ! ਮੈਂ ਕੋਈ ਝੂਠ ਬੋਲਦਾਂ?”
“ਅੱਛਾ ਬਾਬਾ ਤੁਸੀਂ ਜਿੱਤੇ ਬਾਕੀ ਸਾਰਾ ਟੱਬਰ ਹਾਰ ਗਿਆ।” ਚੰਦ ਕੌਰ ਦੋਵੇਂ ਹੱਥ ਬੰਨ ਖੜੀ ਹੋ ਗਈ, “ਮੈਨੂੰ ਇਹ ਦੱਸੋ, ਕਿਥੇ ਨੇ ਸਾਡੇ ਦਾਦੇ ਪੜਦਾਦੇ? ਉਨ੍ਹਾਂ ਆ ਕੇ ਵੇਖਿਆ ਅਸੀਂ ਕੀ ਕਰ ਰਹੇ ਆਂ? ਨਾ ਅਸੀਂ ਆ ਕੇ ਵੇਖਣਾ।” ਏਨਾ ਕਹਿ ਚੰਦ ਕੌਰ ਕਮਰੇ ਵਿਚੋਂ ਬਾਹਰ ਹੋ ਗਈ।