ਮਾਂਵਾਂ-ਸੰਘਣੀਆਂ ਛਾਂਵਾਂ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਉਨ੍ਹਾਂ ਨੇ ਕੁਦਰਤ ਦੇ ਅਜ਼ੀਮ ਸੋਮੇ ਨਦੀ ਦੀ ਗੱਲ ਕਰਦਿਆਂ ਮਨੁੱਖੀ ਸਭਿਅਤਾ ਵਲੋਂ ਇਸ ਨਾਲ ਕੀਤੇ ਦੁਰਵਿਹਾਰ ਅਤੇ ਇਸ ਦੇ ਪਾਣੀਆਂ ਨੂੰ ਦੁਸ਼ਿਤ ਕਰਨ ‘ਤੇ ਰੁਦਨ ਕੀਤਾ ਸੀ ਅਤੇ ਤਾੜਨਾ ਕੀਤੀ ਸੀ ਕਿ

ਜੇ ਅਸੀਂ ਹੀ ਇਸ ਦੀ ਹੋਂਦ ਨੂੰ ਮਿਟਾ ਦਿੱਤਾ ਤਾਂ ਇਸ ਦੇ ਪੱਤਣਾਂ ਦੀਆਂ ਰੌਣਕਾਂ ਖੁਸ ਜਾਣਗੀਆਂ ਤੇ ਲੁੱਡਣ ਮਲਾਹ ਦੀ ਦਰਦੀਲੀ ਹੇਕ ਹਵਾ ਨੂੰ ਸਿਸਕਣ ਲਾ ਦੇਵੇਗੀ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਜਗ ਜਨਨੀ ਮਾਂ ਦੀਆਂ ਰਹਿਮਤਾਂ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਮਾਂ ਬੱਚਿਆਂ ਦੀ ਸਭ ਤੋਂ ਵੱਡੀ ਰਹਿਨੁਮਾ। ਉਨ੍ਹਾਂ ਦੀ ਮਾਰਗ ਦਰਸ਼ਕ, ਉਨ੍ਹਾਂ ਦੇ ਰਾਹਾਂ ਵਿਚੋਂ ਕੰਡੇ ਚੁਗ ਕੇ ਆਪਣੇ ਪੋਟਿਆਂ ਨੂੰ ਪੀੜ-ਪੀੜ ਕਰਨ ਵਾਲੀ ਅਤੇ ਲਾਡਲਿਆਂ ਨੂੰ ਰੋੜਾਂ ਦੀ ਚੁਭਣ ਤੋਂ ਬਚਾਉਣ ਲਈ ਮਲੂਕ ਪੈਰਾਂ ਹੇਠ ਤਲੀਆਂ ਧਰਨ ਵਾਲੀ।æææਕਦੇ ਆਪਣੇ ਆਪ ਦੇ ਰੂਬਰੂ ਹੋਣਾ ਅਤੇ ਆਪਣੇ ਆਪ ਨੂੰ ਮਾਂ ਦੀ ਅਹਿਮੀਅਤ ਬਾਰੇ ਪੁੱਛਣਾ। ਮਾਂ ਤੋਂ ਬਗੈਰ ਤਾਂ ਤੁਸੀਂ ਆਪਣੀ ਹੋਂਦ ਵੀ ਨਹੀਂ ਚਿੱਤਵ ਸਕਦੇ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ

ਚਿਰ ਬਾਅਦ ਵਤਨ ਨੂੰ ਚੱਲਿਆਂ ਸਾਂ। ਬੜੀ ਦੇਰ ਉਡੀਕਦਾ ਰਿਹਾ ਕਿ ਕਦੇ ਤਾਂ ਮਾਂ ਦਾ ਫੋਨ ਆਵੇਗਾ ਕਿ ਪੁੱਤ ਕਦੋਂ ਆਵੇਂਗਾ? ਅਕਸਰ ਹੀ ਮਾਂ ਫੋਨ ‘ਤੇ ਇਹ ਹੀ ਕਹਿੰਦੀ ਹੁੰਦੀ ਸੀ। ਪਰ ਮੈਂ ਕਿੰਨਾ ਭੋਲਾ ਸਾਂ। ਮਾਂ ਨੂੰ ਸੁਰਗਵਾਸ ਹੋਈ ਨੂੰ ਵੀ ਦੋ ਸਾਲ ਹੋ ਚੁਕੇ ਸਨ। ਭਲਾ! ਸਦਾ ਲਈ ਤੁਰ ਗਈਆਂ ਮਾਂਵਾਂ ਥੋੜ੍ਹੇ ਆਪਣੇ ਬੱਚਿਆਂ ਨੂੰ ਕਦੇ ਕਹਿੰਦੀਆਂ ਨੇ, ਪੁੱਤ ਕਦੋਂ ਆਵੇਂਗਾ! ਮਾਂ ਸਦਕਾ ਖੁੱਲ੍ਹੇ ਰਹਿਣ ਵਾਲੇ ਦਰ ਹੁਣ ਬੰਦ ਨੇ। ਬੜਾ ਔਖਾ ਹੁੰਦਾ ਏ ਬੰਦ ਦਰਾਂ ਨੂੰ ਮੁਖਾਤਬ ਹੋਣਾ ਅਤੇ ਦਰਾਂ ਦੀ ਉਡੀਕ ਬਣ ਕੇ ਸਦਾ ਲਈ ਦੂਰ ਤੁਰ ਗਈਆਂ ਮਾਂਵਾਂ ਦੇ ਮੂਕ ਰੁਦਨ ਨੂੰ ਸੁਣਨਾ। ਇਹ ਰੁਦਨ ਹਰ ਉਸ ਸ਼ਖਸ ਨੂੰ ਸੁਣਨਾ ਪੈਂਦਾ ਏ ਜੋ ਤੁਰ ਗਈ ਮਾਂ ਨੂੰ ਭਾਲਦਾ ਆਪਣੇ ਵਤਨ, ਸ਼ਹਿਰ ਜਾਂ ਗਰਾਂ ਨੂੰ ਪਰਤਦਾ ਏ।
ਮਾਂ ਹੀ ਬੱਚਿਆਂ ਨੂੰ ਉਡੀਕਦੀ ਏ। ਉਸ ਦੀ ਉਡੀਕ ਵਿਚ ਨਿਰਛੱਲਤਾ ਅਤੇ ਸਾਫਗੋਈ ਹੁੰਦੀ ਏ ਜਦ ਕਿ ਬਾਕੀ ਰਿਸ਼ਤਿਆਂ ਵਿਚ ਕਿਸੇ ਨਾ ਕਿਸੇ ਪੱਧਰ ‘ਤੇ ਨਿਜੀ ਮੁਫਾਦ ਜੁੜਿਆ ਹੁੰਦਾ ਏ।
ਮਾਂ ਬੱਚਿਆਂ ਦੀ ਸਭ ਤੋਂ ਵੱਡੀ ਰਹਿਨੁਮਾ। ਉਨ੍ਹਾਂ ਦੀ ਮਾਰਗ ਦਰਸ਼ਕ, ਉਨ੍ਹਾਂ ਦੇ ਰਾਹਾਂ ਵਿਚੋਂ ਕੰਡੇ ਚੁਗ ਕੇ ਆਪਣੇ ਪੋਟਿਆਂ ਨੂੰ ਪੀੜ-ਪੀੜ ਕਰਨ ਵਾਲੀ ਅਤੇ ਲਾਡਲਿਆਂ ਨੂੰ ਰੋੜਾਂ ਦੀ ਚੁਭਣ ਤੋਂ ਬਚਾਉਣ ਲਈ ਮਲੂਕ ਪੈਰਾਂ ਹੇਠ ਤਲੀਆਂ ਧਰਨ ਵਾਲੀ।
ਮਾਂ ਬੱਚਿਆਂ ਦੀ ਸਭ ਤੋਂ ਵੱਡੀ ਸੁਪਨਸਾਜ਼। ਉਨ੍ਹਾਂ ਦੇ ਨੈਣਾਂ ਵਿਚ ਸੁਪਨੇ ਧਰਦੀ, ਇਨ੍ਹਾਂ ਦੀ ਪੂਰਤੀ ਲਈ ਹਰ ਉਪਰਾਲੇ ਕਰਦੀ ਅਤੇ ਆਪਣੀਆਂ ਲੋੜਾਂ ਤੇ ਥੋੜ੍ਹਾਂ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਬੱਚਿਆਂ ਦੇ ਚਾਅ ਪੂਰੇ ਕਰਦੀ।
ਮਾਂ ਬੱਚਿਆਂ ਦੀ ਸਭ ਤੋਂ ਵੱਡੀ ਖੈਰ-ਖਾਹ, ਸੁੱਖਾਂ ਮੰਗਦੀ, ਚੜ੍ਹਦੀ ਕਲਾ ਲਈ ਅਰਦਾਸਾਂ ਕਰਦੀ ਅਤੇ ਟੁੱਟਦੇ ਸਾਹਾਂ ਦੀ ਅਉਧ ਹੰਢਾਉਂਦਿਆਂ ਵੀ ਬੱਚਿਆਂ ਦੀ ਲੰਮੀ ਉਮਰ ਦੀ ਦੁਆ ਕਰਦੀ। ਜਖਮਾਂ ‘ਤੇ ਹਮਦਰਦੀ ਦੇ ਫਹੇ ਧਰਦੀ, ਸਿੰਮਦੀ ਪੀੜ ‘ਤੇ ਮੋਹ ਦੀਆਂ ਟਕੋਰਾਂ ਕਰਦੀ ਅਤੇ ਦਰਦ ਹਰਦੀ।
ਬੱਚੇ ਮਾਂ ਦਾ ਪ੍ਰਤੀਬਿੰਬ, ਉਸ ਦੀ ਸੋਚ ਦਾ ਝਲਕਾਰਾ, ਉਸ ਦੀ ਜੀਵਨ-ਜਾਚ ਦਾ ਦਰਪਣ ਅਤੇ ਉਸ ਦੀ ਕ੍ਰਿਤ-ਸਾਧਨਾ ਦਾ ਸੁੱਚਾ ਸੰਕਲਪ। ਮਾਂ ਬੱਚਿਆਂ ਨੂੰ ਜਨਮ ਹੀ ਨਹੀਂ ਦਿੰਦੀ ਸਗੋਂ ਉਸ ਦੇ ਸਮੁੱਚੇ ਜੀਵਨ ਨੂੰ ਵੀ ਸੇਧ ਦਿੰਦੀ ਏ। ਮਾਂ ਦੇ ਸੰਸਕਾਰਾਂ ਅਤੇ ਸੋਚ ਦਾ ਬੱਚੇ ਦੇ ਮਾਨਸਿਕ, ਸਰੀਰਕ ਅਤੇ ਵਿਅਕਤੀਤਵ ਵਿਕਾਸ ਵਿਚ ਅਹਿਮ ਯੋਗਦਾਨ ਹੈ।
ਗਰਭਵਤੀ ਯਹੂਦੀ ਮਾਂਵਾਂ ਹਿਸਾਬ ਦੇ ਵੱਧ ਤੋਂ ਵੱਧ ਸਵਾਲ ਹੱਲ ਕਰਨ ਵਿਚ ਆਪਣਾ ਸਮਾਂ ਬਿਤਾਉਂਦੀਆਂ ਹਨ। ਉਹ ਵੱਧ ਤੋਂ ਵੱਧ ਬਦਾਮ ਖਾਂਦੀਆਂ ਹਨ। ਇਸ ਨਾਲ ਗਰਭ ਵਿਚ ਪਲ ਰਹੇ ਬੱਚੇ ‘ਤੇ ਚੰਗਾ ਅਸਰ ਹੁੰਦਾ ਏ। ਇਸ ਕਰਕੇ ਹੀ ਯਹੂਦੀ ਲੋਕ ਹਿਸਾਬ, ਵਿਗਿਆਨ ਅਤੇ ਬਿਜਨਸ ਦੇ ਖੇਤਰ ਵਿਚ ਦੁਨੀਆਂ ਵਿਚ ਸਭ ਤੋਂ ਅੱਗੇ ਹਨ। ਸਭ ਤੋਂ ਵੱਧ ਨੋਬਲ ਪੁਰਸਕਾਰ ਯਹੂਦੀ ਲੋਕਾਂ ਨੇ ਜਿੱਤੇ ਹਨ ਅਤੇ ਦੁਨੀਆਂ ਦੀ ਅਰਥ ਵਿਵਸਥਾ ‘ਤੇ ਯਹੂਦੀਆਂ ਦਾ ਪੂਰਾ ਗਲਬਾ ਏ। ਆਪਣੇ ਬੱਚਿਆਂ ਨੂੰ ਬਹਾਦਰੀ ਦੀ ਕਥਾ ਸੁਣਾਉਣ ਵਾਲੀਆਂ ਮਾਂਵਾਂ ਦੇ ਬੱਚੇ ਬਹਾਦਰ ਹੁੰਦੇ ਨੇ।
ਮਾਂ ਸਮਾਜ ਦਾ ਸਭ ਤੋਂ ਵੱਡਾ ਸੱਚ, ਸਮਾਜਿਕ ਮੁਹਾਂਦਰੇ ਦੇ ਨਕਸ਼, ਕਦਰਾਂ ਕੀਮਤਾਂ ਦੀ ਸਿਰਜਕ, ਪਰਿਵਾਰ ਦੀ ਮੂਲ ਇਕਾਈ ਅਤੇ ਘਰ ਦੇ ਅਰਥਾਂ ਦੀ ਸੁੱਚੀ ਤਸ਼ਬੀਹ। ਮਾਂ ਤੋਂ ਬਗੈਰ ਕਿੰਜ ਕਰੋਗੇ ਘਰ ਦਾ ਕਿਆਸ ਅਤੇ ਉਸ ਦੀ ਅਣਹੋਂਦ ਵਿਚ ਘਰ ਨੂੰ ਅਘਰ ਹੋਣ ਦਾ ਮਿਲ ਜਾਂਦਾ ਏ ਸਰਾਪ।
ਮਾਂ ਮਾਨਵਤਾ ਦਾ ਸਭ ਤੋਂ ਵੱਡਾ ਤੋਹਫਾ, ਕੁਦਰਤ ਦੀ ਮਹਾਨ ਕਿਰਤ, ਤਹਿਜ਼ੀਬ ਦੀ ਅਨਮੋਲ ਦਾਤ, ਧਰਤ ਦੇ ਵਿਹੜੇ ‘ਚ ਤਾਰਿਆਂ ਦੀ ਪਰਾਤ ਜੋ ਚਾਨਣ ਵੰਡੇ, ਨਿੱਘ ਤਰੌਂਕੇ, ਸੁਖਨ ਦੀ ਬਰਸਾਤ ਕਰੇ ਅਤੇ ਆਪਾ ਆਪਣੇ ਜਾਇਆਂ ਤੋਂ ਕੁਰਬਾਨ ਕਰੇ।
ਮਾਂ ਬੱਚਿਆਂ ਦੀ ਸਭ ਤੋਂ ਵੱਡੀ ਪਨਾਹ, ਮਿੱਠੀ ਜਿਹੀ ਝਿੜਕ, ਮੋਹ-ਭਿੱਜੀ ਘੂਰੀ, ਅਕਲ-ਕਟੋਰਾ ਅਤੇ ਕੰਨ-ਮਰੋੜਨੀ।
ਮਾਂ ਸਿਰਫ ਮਾਂ ਹੁੰਦੀ ਏ। ਉਸ ਨਾਲ ਜੋੜੇ ਗਏ ਉਪਨਾਮ ਉਸ ਦੀ ਮਹਾਨਤਾ ਨੂੰ ਸਿਜਦਾ, ਉਸ ਦੀਆਂ ਕਥਨੀਆਂ ਤੇ ਕਰਨੀਆਂ ਨੂੰ ਅਨਾਇਤ ਅਤੇ ਜਾਲੇ ਜ਼ਫਰਾਂ ਨੂੰ ਸਦੀਵੀ ਸਲਾਮ।
ਮਾਂ ਪੋਤੜਾ ਵੀ ਹੁੰਦੀ ਅਤੇ ਲੋਰੀ ਵੀ। ਬੱਚੇ ਲਈ ਚੋਗ ਵੀ ਬਣਦੀ ਅਤੇ ਝਿੜਕ ਵੀ। ਉਹ ਖਿਡੌਣਾ ਵੀ ਹੁੰਦੀ ਅਤੇ ਸੁਪਨ ਉਡਾਣ ਵੀ। ਮਾਂ ਰਾਗ ਵੀ ਹੁੰਦੀ ਅਤੇ ਤੋਤਲੇ ਬੋਲ ਵੀ। ਮਾਂ ਗਡੀਰਾ ਵੀ ਬਣਦੀ ਅਤੇ ਘਨ੍ਹੇੜੀ ਵੀ।
ਮਾਂ ਨਿਮਰਤਾ ਦਾ ਮੁਜੱਸਮਾ, ਬੱਚਿਆਂ ਲਈ ਰੋਲ ਮਾਡਲ, ਜੀਵਨ-ਜਾਚ ਦਾ ਸਕੂਲ, ਮਾਨਵੀ ਕਦਰਾਂ ਕੀਮਤਾਂ ਦੀ ਪਾਠਸ਼ਾਲਾ, ਪਰਿਵਾਰਕ ਰਿਸ਼ਤਿਆਂ ਦੇ ਨਿਭਾ ਦਾ ਸੰਕਲਪ ਅਤੇ ਜ਼ਿੰਦਗੀ ਦੀ ਸੁਚੱਜੀ ਵਿਚਾਰਧਾਰਾ।
ਮਾਂ ਬੱਚਿਆਂ ਦੇ ਅਚੇਤ ਮਨਾਂ ਵਿਚ ਉਕਰੀ ਵਰਣਮਾਲਾ, ਕਰਮ ਸਾਧਨਾ ਦੀ ਪਿੱਠਭੂਮੀ, ਮਸਤਕ ‘ਤੇ ਉਕਰੇ ਦਿਸਹੱਦਿਆਂ ਦਾ ਨਾਮਕਰਣ ਅਤੇ ਅਪਹੁੰਚ ਮੰਜ਼ਿਲਾਂ ਦੀ ਪ੍ਰਾਪਤੀ ਦਾ ਅਹਿਦ।
ਘਰ ਵਿਚ ਵਿਚਰਦੀ ਮਾਂ, ਬੱਚਿਆਂ ਦੇ ਹਰ ਪਲ ਦੀ ਸਿਰਜਣਹਾਰ, ਸੋਚ ਦੇ ਦਾਇਰੇ, ਇੱਛਾਵਾਂ ਦਾ ਮੌਲਣਾ, ਆਸਾਂ ਦਾ ਵਿਗਸਣਾ ਅਤੇ ਫਲ ਪ੍ਰਾਪਤੀ ਲਈ ਕਰਮਯੋਗਤਾ ਦਾ ਨਿਰਮਾਣ।
ਮਾਂ ਦੇ ਪੈਰਾਂ ਵਿਚ ਸਵਰਗ, ਉਸ ਦੀ ਬੁੱਕਲ ਵਿਚ ਕੁਦਰਤ ਅਤੇ ਉਸ ਦੀ ਅਸੀਸ ਵਿਚ ਜੀਵਨ-ਦਾਤਾਂ ਦਾ ਭੰਡਾਰ। ਮਾਂਵਾਂ ਹਮੇਸ਼ਾ ਬੱਚਿਆਂ ਨੂੰ ਦਿੰਦੀਆਂ ਨੇ ਭਾਵੇਂ ਕਈ ਵਾਰ ਬੱਚੇ ਉਸ ਦੀਆਂ ਨਿਆਮਤਾਂ ਦੀ ਕਬੂਲੀ ਤੋਂ ਨਾਬਰ ਹੋ ਜਾਂਦੇ ਨੇ।
ਮਾਂ ਦੇ ਦਰਬਾਰ ਵਿਚ ਤਾਜਾਂ ਤੇ ਤਖਤਾਂ ਵਾਲੇ ਸਿਰ ਝੁਕਾਉਂਦੇ, ਹਕੂਮਤਾਂ ਨਿੱਵ ਜਾਂਦੀਆਂ ਅਤੇ ਬਾਦਸ਼ਾਹੀਆਂ ਦਰੀਂ ਸਲਾਮ ਕਰਦੀਆਂ।
ਬੱਚਿਆਂ ਦੇ ਲਾਡਲੇ ਨਾਂਵਾਂ ਵਿਚ ਮਾਂ ਦੀ ਅਪਣੱਤ, ਕਲਾਵੀਂ ਨਾ-ਮਿਆਉਣ ਵਾਲੀ ਸੰਵੇਦਨਾ, ਅੰਬਰਾਂ ਦੇ ਹਾਣ ਦੀ ਚਾਹਨਾ ਅਤੇ ਸ਼ਾਬਦਿਕ ਅਰਥਾਂ ਵਿਚ ਨਾ ਸਮਾ ਸਕਣ ਵਾਲੀ ਇਬਾਦਤ।
ਕਦੇ ਆਪਣੇ ਆਪ ਦੇ ਰੂਬਰੂ ਹੋਣਾ ਅਤੇ ਆਪਣੇ ਆਪ ਨੂੰ ਮਾਂ ਦੀ ਅਹਿਮੀਅਤ ਬਾਰੇ ਪੁੱਛਣਾ। ਮਾਂ ਤੋਂ ਬਗੈਰ ਤਾਂ ਤੁਸੀਂ ਆਪਣੀ ਹੋਂਦ ਵੀ ਨਹੀਂ ਚਿੱਤਵ ਸਕਦੇ।
ਮਾਂ ਜਿਉਂਦੀ ਏ ਤਾਂ ਬੱਚਿਆਂ ਨੂੰ ਲਡਾਏ ਜਾਂਦੇ ਲਾਡ ਜਿਉਂਦੇ ਨੇ, ਮਾਂਵਾਂ ‘ਤੇ ਬੱਚਿਆਂ ਦੇ ਦਾਈਏ ਰਹਿੰਦੇ ਨੇ। ਮਾਂ ਕੋਲੋਂ ਹਰ ਮੰਗ ਮੰਨਵਾਉਣਾ ਅਸਾਨ ਹੁੰਦਾ ਏ। ਮਾਂ ਲਈ ਬੱਚਿਆਂ ਦੇ ਚਾਅ ਪੂਰੇ ਕਰਨਾ, ਜਿੰæਦਗੀ ਦਾ ਸਭ ਤੋਂ ਵੱਡਾ ਅਤੇ ਸੁੱਚਾ ਸਰੋਕਾਰ ਹੁੰਦਾ ਏ।
ਮਾਂ ਸਾਰੀ ਰਾਤ ਹੀ ਤੁਰਦੀ ਫਿਰਦੀ ਰਹਿੰਦੀ ਏ। ਪਤਾ ਨਹੀਂ ਕਿਹੜੇ ਵਕਤ ਸੌਂਦੀ ਏ। ਕਦੇ ਊਂਘਦੇ ਬੱਚਿਆਂ ਨੂੰ ਪਲੋਸਦੀ, ਰਜਾਈ ਨਾਲ ਢਕਦੀ ਅਤੇ ਆਪਣੇ ਅੰਤਰੀਵੀ ਸੇਕ ਨਾਲ ਸੁੰਨ-ਰਾਤਾਂ ਵਿਚ ਨਿੱਘ ਬਖਸ਼ਦੀ ਏ। ਕਦੇ ਬਾਹਰੋਂ ਵਾਪਸ ਨਾ ਪਰਤ ਕੇ ਆਏ ਬੱਚਿਆਂ ਦਾ ਫਿਕਰ ਸਤਾਉਂਦਾ ਏ। ਉਹ ਘੜੀ-ਮੁੜੀ ਬੀਹੀ ਵਿਚ ਬਿੜਕਾਂ ਲੈਂਦੀ, ‘ਰੱਬ ਭਲੀ ਕਰੇ’ ਦੀਆਂ ਮੌਨ ਅਰਦਾਸਾਂ ਕਰਦੀ ਰਹਿੰਦੀ ਏ।
ਮਾਂ ਦੇ ਕਲੇਜੇ ਨੂੰ ਖੋਹ ਪੈਂਦੀ ਏ ਜਦ ਉਸ ਦਾ ਲਾਡਲਾ ਭੁੱਖ ਨਾਲ ਜੂਝਦਾ ਏ, ਬੱਚੇ ਦੀ ਕਿਰਤ ਨੂੰ ਫਲ ਨਹੀਂ ਮਿਲਦਾ ਜਾਂ ਉਸ ਦੇ ਹੱਥ ਵਿਚ ਫੜੀਆਂ ਡਿਗਰੀਆਂ ਰੋਟੀ ਦਾ ਟੁੱਕ ਬਣਨ ਦੀ ਬਜਾਏ ਰੱਦੀ ਦਾ ਟੋਟਾ ਬਣ ਜਾਂਦੀਆਂ ਨੇ।
ਮਾਂ ਦੀ ਹਿੱਕ ਵਿਚ ਦਰਦ ਸਿੰਮਦਾ ਏ ਜਦ ਉਸ ਦੇ ਬੱਚਿਆਂ ਨੂੰ ਹਿੱਚਕੀ ਲੱਗਦੀ ਏ, ਉਨ੍ਹਾਂ ਦੀਆਂ ਮੰਜ਼ਿਲਾਂ ਵਿਚ ਖਾਈਆਂ ਉਗਦੀਆਂ ਨੇ ਜਾਂ ਬੱਚਿਆਂ ਦੇ ਸ਼ਫਾਫ ਸੁਪਨਿਆਂ ਵਿਚ ਗੰਧਲਾਪਣ ਘੋਲਿਆ ਜਾਂਦਾ ਏ।
ਰਾਤਾਂ ਨੂੰ ਜਾਗਦੀ ਮਾਂ ਦੇ ਨੈਣਾਂ ਵਿਚ ਸੁੱਤੇ ਲਾਡਲੇ ਦੇ ਨੈਣੀਂ ਤਰਦੇ ਸੁਪਨਿਆਂ ਦੀ ਲਾਲੀ ਹੁੰਦੀ ਏ। ਉਹ ਲਾਲੀ ਨਾਲ ਸੰਵਾਦ ਰਚਾਉਂਦੀ, ਆਪਣੀਆਂ ਨਿੰਦਰਾਈਆਂ ਰਾਤਾਂ ਨੂੰ ਸੁਖਨ ਦਾ ਜਾਗ ਲਾਉਂਦੀ ਏ।
ਬੱਚਿਆਂ ਦੀ ਪਰਵਰਿਸ਼ ਵਿਚ ਰੁੱਝੀ ਮਾਂ ਨੂੰ ਨੀਂਦ ਅਤੇ ਪਿਆਸ ਦਾ ਕਦੇ ਅਹਿਸਾਸ ਨਹੀਂ ਹੁੰਦਾ। ਉਹ ਤਾਂ ਬੱਚਿਆਂ ਦੀ ਪਿਆਸ ਅਤੇ ਭੁੱਖ ਨੂੰ ਮਿਟਾਉਣ ਦੇ ਸਮਰਪਣ ਵਿਚੋਂ ਹੀ ਆਪਣੇ ਜੀਵਨ ਦਾ ਧੰਨ ਭਾਗ ਸਮਝਦੀ ਏ। ਕਈ ਕਈ ਰਾਤਾਂ ਤੱਕ ਆਪਣੇ ਬੱਚਿਆਂ ਦੇ ਸਿਰਹਾਣੇ ਬੈਠੀਆਂ ਮਾਂਵਾਂ, ਰੱਬ ਦਾ ਅਜਿਹਾ ਉਤਮ ਰੂਪ ਹਨ ਜਿਸ ਦੀਆਂ ਮਿਹਰਬਾਨੀਆਂ ਨੂੰ ਦੁਨਿਆਵੀ ਤਰਾਜੂ ਵਿਚ ਨਹੀਂ ਤੋਲਿਆ ਜਾ ਸਕਦਾ।
ਮਾਂ ਜਦ ਤੁਰ ਜਾਂਦੀ ਏ ਤਾਂ ਉਸ ਦੇ ਨਾਲ ਹੀ ਰੁਖਸਤ ਹੋ ਜਾਂਦੀਆਂ ਨੇ ਦਾਤਾਂ ਦੀਆਂ ਕਣੀਆਂ, ਬੁੱਝ ਜਾਂਦੇ ਨੇ ਮਾਂ ਦੀਆਂ ਰਹਿਮਤਾਂ ਦੇ ਚਿਰਾਗ ਅਤੇ ਮਾਯੂਸ ਹੋ ਜਾਂਦੀਆਂ ਨੇ ਮਾਂ ਦੀਆਂ ਕੰਬਦੇ ਹੱਥਾਂ ਨਾਲ ਦਿੱਤੀਆਂ ਅਸੀਸਾਂ।
ਮਾਂ ਹੁੰਦੀ ਏ ਤਾਂ ਘਰ ਤੁਹਾਨੂੰ ਉਡੀਕਦਾ ਏ, ਕਮਰੇ ਵਿਚ ਮਾਂ ਦੀ ਮਹਿਕ ਮਾਣਨ ਨੂੰ ਜੀਅ ਕਰਦਾ ਏ, ਘੂਰੀਆਂ-ਝਿੜਕਾਂ ਦੇ ਪਲ ਮੁੜ ਜਿਉਣ ਨੂੰ ਜੀ ਕਰਦਾ ਏ। ਪਰ ਮਾਂ ਦੀ ਗੈਰ ਹਾਜਰੀ ਵਿਚ ਦਰ ਉਦਾਸ ਹੋ ਜਾਂਦੇ ਨੇ, ਘਰ ਦੀ ਉਡੀਕ ਖਤਮ ਹੋ ਜਾਂਦੀ ਏ। ਕੁਝ ਨੂੰ ਤਾਂ ਮਾਂ ਦਾ ਸਿਵਾ ਸੇਕਣਾ ਵੀ ਨਸੀਬ ਨਹੀਂ ਹੁੰਦਾ ਅਤੇ ਉਹ ਸਿਰਫ ਮੜ੍ਹੀਆਂ ਦੀ ਰਾਖ ਫਰੋਲਣ ਜੋਗੇ ਰਹਿ ਜਾਂਦੇ ਨੇ।
ਮਾਂ ਦੀਆਂ ਗੱਲਾਂ- ‘ਪੁੱਤ ਭੁੱਖ ਤਾਂ ਨਹੀਂ ਲੱਗੀḔ, ‘ਵੇਲੇ ਸਿਰ ਰੋਟੀ ਖਾ ਲਿਆ ਕਰ’, Ḕਨੀਂਦ ਪੂਰੀ ਜਰੂਰ ਕਰਿਆ ਕਰ’, ‘ਆਪਣੀ ਸਿਹਤ ਦਾ ਖਿਆਲ ਰੱਖੀਂḔ ਜਾਂ ‘ਨੇਕ ਨੀਤੀ ਨਾਲ ਕੰਮ ਕਰਿਆ ਕਰ ਵਾਹਿਗੁਰੂ ਸਭ ਕੁਝ ਦੇਵੇਗਾ’ ਜਦ ਯਾਦ ਆਉਂਦੀਆਂ ਨੇ ਤਾਂ ਮਨ-ਮਮਟੀ ‘ਤੇ ਚਿਰਾਗ ਜਗਦਾ ਏ ਜਿਸ ਵਿਚ ਮਾਂ ਦੀਆਂ ਗੱਲਾਂ ਦੇ ਡੂੰਘੇ ਅਰਥ, ਸਮੋਈ ਸੰਵੇਦਨਾ, ਸ਼ੁਭ-ਭਾਵਨਾ ਅਤੇ ਸ਼ੁਭ-ਕਰਮਨ ਦਾ ਸੰਦੇਸ਼ ਅੰਤਰੀਵ ਨੂੰ ਚਾਨਣ ਨਾਲ ਭਰ ਦਿੰਦਾ ਏ। ਇਹ ਚਾਨਣ ਉਮਰ ਦਾ ਸਭ ਤੋਂ ਉਤਮ ਖਜਾਨਾ ਹੁੰਦਾ ਏ।
ਮਾਂਵਾਂ, ਬਲਦੀਆਂ ਛਾਂਵਾਂ ਹੁੰਦੀਆਂ ਜਿਹੜੀਆਂ ਦਰਦ, ਗਮ ਅਤੇ ਵਿਗੋਚਿਆਂ ‘ਚ ਧੁੱਖਦੀਆਂ ਵੀ, ਤਿੱਖੜ ਦੁਪਹਿਰਾਂ ‘ਚ ਆਪਣੇ ਬੱਚਿਆਂ ‘ਤੇ ਠੰਢੜੀ ਛਾਂ ਬਣਦੀਆਂ ਨੇ।
ਮਾਂ ਲਈ ਹਰ ਦਿਨ ਮਦਰ’ਜ਼ ਡੇ, ਹਰ ਪਲ ਉਸ ਦੀ ਅਰਾਧਨਾ ਦਾ ਪਲ, ਹਰ ਵਕਤ ਉਹ ਪੂਜਾ ਦੀ ਵੇਦੀ ਅਤੇ ਹਰ ਸਾਹ ਉਸ ਦੀਆਂ ਦੇਣਾਂ ਦਾ ਕਰਜ਼ਦਾਰ। ਸਾਹਾਂ ਵਿਚ ਜਿਉਂਦੀ ਮਾਂ ਨੂੰ ਕਿੰਜ ਵਿਸਾਰੋਗੇ ਅਤੇ ਕਿੰਜ ਮਾਂ ਦੀ ਘਾਲਣਾ ‘ਚ ਗੁੱਝੇ ਹੋਏ ਵਿਅਕਤੀਤਵ ਨੂੰ ਆਪਣੇ-ਆਪੇ ਤੋਂ ਦੂਰ ਕਰੋਗੇ।
ਮਾਂ ਤਾਂ ਤੁਹਾਡੇ ਨਾਲ ਵੱਸਦੀ-ਹੱਸਦੀ, ਜਿਉਂਦੀ-ਜਾਗਦੀ, ਪੁਚਕਾਰਦੀ ਅਤੇ ਦੁਲਾਰਦੀ ਹੈ। ਸਿਰਫ ਤੁਹਾਨੂੰ ਉਸ ਦੀ ਹੋਂਦ ਦਾ ਅਹਿਸਾਸ ਹੋਣਾ ਚਾਹੀਦਾ ਹੈ। ਅਹਿਸਾਸ ਵਿਹੂਣੇ ਲੋਕਾਂ ਲਈ ਮਾਂ ਦੇ ਕੋਈ ਅਰਥ ਨਹੀਂ ਹੁੰਦੇ ਪਰ ਅਹਿਸਾਸ ਭਕੁੰਨੇ ਲੋਕਾਂ ਲਈ ਮਾਂ ਦੀ ਮਹਿਕੀਲੀ ਹੋਂਦ ਤੋਂ ਬਗੈਰ ਜਿਉਣਾ ਅਰਥਹੀਣ ਹੁੰਦਾ ਏ।
ਮਾਂ ਦੀ ਚਰਨ-ਬੰਦਨਾ ਤਾਂ ਕਰੋ। ਦੇਖਣਾ! ਤੁਹਾਡੀ ਝੋਲੀ ਦੁਨੀਆਂ ਦੀਆਂ ਸਭ ਤੋਂ ਨਾਯਾਬ ਵਸਤਾਂ ਨਾਲ ਹਮੇਸ਼ਾ ਭਰੀ ਰਹੇਗੀ।