ਡੇਰਾ ਸਿਰਸਾ ਵਿਵਾਦ, ਹਿੰਸਾ-ਪ੍ਰਤਿਹਿੰਸਾ

ਡਾæ ਹਰਪਾਲ ਸਿੰਘ ਪੰਨੂ
ਫੋਨ: 91-94642-51454
ਭਨਿਆਰੇਵਾਲਾ ਗ੍ਰੰਥ-ਵਿਵਾਦ, ਨਿਰੰਕਾਰੀ-ਸਿੱਖ ਟਕਰਾਉ, ਆਸ਼ੁਤੋਸ਼ ਵਿਵਾਦ-ਪੰਜਾਬ ਕਦੀ ਇਨ੍ਹਾਂ ਰਾਹੂ-ਕੇਤੂਆਂ ਤੋਂ ਮੁਕਤ ਹੋ ਸਕੇਗਾ ਜੋ ਨਿਤ ਦਿਨ ਆ ਕੇ ਸੂਰਜ ਨੂੰ ਘੇਰ ਲੈਂਦੇ ਹਨ? ਇਸ ਵਾਰ ਸੈਂਤੀ ਮੌਤਾਂ! ਢਾਈ ਸੌ ਜ਼ਖਮੀਆਂ ਵਿਚੋਂ ਅਜੇ ਹੋਰ ਕਿੰਨੇ ਜਣੇ ਮੌਤ ਦਾ ਸ਼ਿਕਾਰ ਹੋਣਗੇ, ਰੱਬ ਜਾਣੇ! ਮਰਨ ਵਾਲੇ ਲੋਕ, ਉਨ੍ਹਾਂ ਵਿਚ ਸ਼ਾਮਲ ਸਨ, ਜਿਨ੍ਹਾਂ ਨੂੰ ਕੇਵਲ ਇੰਨਾ ਦੱਸਿਆ ਗਿਆ ਸੀ ਕਿ ਐਤਕੀਂ ਨਾਮ ਚਰਚਾ ਪੰਚਕੂਲੇ ਹੋਵੇਗੀ ਤੇ ਹੋਵੇਗੀ ਵੀ ਤਿੰਨ ਦਿਨ। ਨਿੱਕੀਆਂ ਨਿੱਕੀਆਂ ਗਠੜੀਆਂ, ਝੋਲੇ ਚੁੱਕ ਕੇ ਗਰੀਬ ਸੰਗਤ ਪੰਚਕੂਲੇ ਪੁੱਜ ਗਈ।

ਇਸ ਘਟਨਾ ਵਿਚ ਪੰਜਾਬ ਦੇ ਲੋਕਾਂ ਜਾਂ ਪੰਜਾਬ ਸਰਕਾਰ ਨੇ ਕੁਝ ਲੈਣਾ ਦੇਣਾ ਨਹੀਂ ਸੀ ਤਾਂ ਵੀ ਲੋੜੀਂਦੇ ਇਹਤਿਆਤੀ ਪ੍ਰਬੰਧ ਪੰਜਾਬ ਸਰਕਾਰ ਨੇ ਕੀਤੇ। ਜਿਹੜੇ ਬੰਦੇ ਕਾਨੂੰਨ ਤੋਂ ਵਾਕਫ ਨਹੀਂ, ਉਹ ਵੀ ਭਾਂਪ ਗਏ ਸਨ ਕਿ ਸਿਰਸਾ ਡੇਰਾ ਮੁਖੀ ਨੂੰ ਫੈਸਲਾ ਸੁਣਾਏ ਜਾਣ ਮੌਕੇ ਅਦਾਲਤ ਵਿਚ ਤਲਬ ਕਰਨ ਦਾ ਅਰਥ ਹੈ, ਸਜ਼ਾ ਸੁਣਾਈ ਜਾਏਗੀ। ਇਹ ਕੇਸ ਕਿਸੇ ਤਰ੍ਹਾਂ ਵੀ ਸਿੱਖ ਮਸਲਿਆਂ ਨਾਲ ਸਬੰਧਤ ਨਹੀਂ ਸੀ, ਇਸ ਕਰਕੇ ਅਜਿਹਾ ਖਦਸ਼ਾ ਨਹੀਂ ਸੀ ਕਿ ਪੰਜਾਬ ਵਿਚ ਸਥਿਤੀ ਵਿਸਫੋਟਕ ਹੋਵੇਗੀ, ਹੋਈ ਵੀ ਨਹੀਂ।
ਹਰਿਆਣਾ ਸਰਕਾਰ ਨੂੰ ਪਤਾ ਸੀ ਸਜ਼ਾ ਹੋਏਗੀ ਜਿਸ ਕਰਕੇ ਮਾਹੌਲ ਵਿਚ ਤਲਖੀ ਦੀ ਸੰਭਾਵਨਾ ਯਕੀਨੀ ਸੀ। ਇਸੇ ਕਾਰਨ ਹਰਿਆਣਾ ਪੁਲਿਸ ਤੋਂ ਇਲਾਵਾ ਸੈਨਿਕ ਬਲ ਮੰਗਵਾਏ ਗਏ। ਚਾਰ ਸੌ ਗੱਡੀਆਂ ਦਾ ਕਾਰਵਾਂ 25 ਅਗਸਤ ਨੂੰ ਸਵੇਰ ਸਾਰ ਡੇਰਾ ਮੁਖੀ ਨੂੰ ਸਿਰਸਾ ਤੋਂ ਲੈ ਕੇ ਪੰਚਕੂਲੇ ਵੱਲ ਚੱਲਿਆ।
ਕੇਵਲ ਹਰਿਆਣਾ ਸਰਕਾਰ ਨਹੀਂ, ਦੁਨੀਆਂ ਦੇਖ ਰਹੀ ਸੀ ਕਿ ਪੰਚਕੂਲੇ ਡੇਢ ਲੱਖ ਲੋਕ ਇਕੱਠੇ ਹੋ ਗਏ ਹਨ। ਇਨ੍ਹਾਂ ਨੂੰ ਇਕੱਠੇ ਕਿਉਂ ਹੋਣ ਦਿੱਤਾ ਗਿਆ? ਕੀ ਚੀਫ ਸਕੱਤਰ, ਡੀæਜੀæਪੀæ ਅਤੇ ਡਿਪਟੀ ਕਮਿਸ਼ਨਰ ਨੂੰ ਪਤਾ ਨਹੀਂ ਸੀ ਕਿ ਅਜਿਹੇ ਮੌਕਿਆਂ ‘ਤੇ ਦਫਾ 144 ਲਾ ਕੇ ਭੀੜ ਨੂੰ ਇਕੱਠੀ ਹੋਣ ਤੋਂ ਰੋਕੀਦਾ ਹੁੰਦਾ ਹੈ?
ਪੰਚਕੂਲੇ ਤੋਂ ਮੇਰੇ ਪਾਸ ਦੁਪਹਿਰ ਇਕ ਵਜੇ ਫੋਨ ਆਉਣ ਲਗੇ ਕਿ ਕੀ ਹੋ ਰਿਹੈ? ਮੈਂ ਪੁਛਿਆ, ਇਹ ਗੱਲ ਤਾਂ ਮੈਨੂੰ ਤੁਹਾਥੋਂ ਪੁੱਛਣੀ ਚਾਹੀਦੀ ਸੀ? ਪਤਾ ਲੱਗਾ ਪੰਚਕੂਲੇ ਤਾਂ ਬਿਜਲੀ ਗੁਲ ਹੋ ਗਈ, ਟੀæਵੀæ ਬੰਦ। ਇੰਟਰਨੈਟ ਬੰਦ। ਅਸੀਂ ਟੀæਵੀæ ਦੀਆਂ ਖਬਰਾਂ ਪੰਚਕੂਲੇ ਪੁਚਾਈਆਂ ਤੇ ਘਰਾਂ ਅੰਦਰ ਦੜੇ ਰਹਿਣ ਦੀ ਹਦਾਇਤ ਕੀਤੀ।
ਇਹ ਖਬਰਾਂ ਪਹਿਲਾਂ ਮਿਲ ਗਈਆਂ ਸਨ ਕਿ ਹਰਿਆਣਾ ਦੀ ਖੱਟਰ ਸਰਕਾਰ ਦੇ ਦੋ ਕੈਬਨਿਟ ਵਜ਼ੀਰ ਸਿਰਸੇ ਜਾ ਕੇ 51 ਲੱਖ ਰੁਪਿਆ ਡੇਰਾ ਮੁਖੀ ਪਾਸ ਮੱਥਾ ਟੇਕ ਆਏ ਸਨ। ਇਸ ਗੱਲ ਤੋਂ ਕੀ ਜਾਣੀਏ? ਇਹ ਵੀ ਪਤਾ ਸੀ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਡੇਰਾ ਪ੍ਰੇਮੀਆਂ ਦੀ ਵੋਟ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਭੁਗਤੀ ਹੈ। ਇੱਧਰ ਅਕਾਲੀ ਲੀਡਰਸ਼ਿਪ ਕਿਹੜਾ ਹੁਣ ਲੁਕ ਛੁਪ ਕੇ ਵੋਟਾਂ ਮੰਗਣ ਸਿਰਸਾ ਡੇਰੇ ਜਾਂਦੀ ਰਹੀ ਹੈ? ਜਥੇਦਾਰ ਅਕਾਲ ਤਖਤ ਨੇ ਉਸ ਡੇਰਾ ਮੁਖੀ ਨੂੰ ਖਿਮਾ ਕਰ ਦਿੱਤਾ, ਜਿਸ ਉਤੇ ਬਲਾਤਕਾਰ ਅਤੇ ਕਤਲ ਦੇ ਮੁਕੱਦਮੇ ਚਲ ਰਹੇ ਸਨ। ਡੇਰਾ ਮੁਖੀ ਖਿਲਾਫ ਦਸਮ ਪਾਤਸ਼ਾਹ ਦਾ ਸਵਾਂਗ ਰਚਾਉਣ ਵਿਰੁਧ ਦਰਜ ਹੋਇਆ ਪੁਲਿਸ ਕੇਸ ਵੀ ਅਕਾਲੀ ਸਰਕਾਰ ਨੇ ਚੁਪ ਚਾਪ ਵਾਪਸ ਲੈ ਲਿਆ ਸੀ। ਟੌਪ ਅਕਾਲੀ ਲੀਡਰਸ਼ਿਪ ਵੋਟਾਂ ਮੰਗਣ ਗਈ, ਸਿਰਸਾ ਪ੍ਰੇਮੀਆਂ ਨੇ ਵੋਟ ਪਾਈ, ਤਾਂ ਵੀ ਅਕਾਲੀ ਦਲ ਹਾਰਿਆ ਕਿਉਂਕਿ ਪ੍ਰੇਮੀਆਂ ਤੋਂ ਵਧੀਕ ਸਿੱਖ ਵੋਟ ਨਾਰਾਜ਼ ਹੋ ਕੇ ਟੁੱਟ ਵੀ ਤਾਂ ਗਈ ਸੀ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡੇਰਾ ਪ੍ਰੇਮੀਆਂ ਨੂੰ ਹਿੰਸਾ ਦੇ ਦੋਸ਼ਾਂ ਤੋਂ ਇਹ ਕਹਿ ਕੇ ਬਰੀ ਕਰ ਦਿੱਤਾ ਹੈ ਕਿ ਪ੍ਰੇਮੀਆਂ ਵਿਚ ਅਪਰਾਧੀ ਤੱਤ ਆ ਰਲੇ ਸਨ, ਉਨ੍ਹਾਂ ਨੇ ਡੇਰੇ ਨੂੰ ਬਦਨਾਮ ਕਰਨ ਲਈ ਅਜਿਹਾ ਕੀਤਾ। ਇਉਂ ਕਰਨ ਨਾਲ ਦੋਸ਼ੀਆਂ ਦੇ ਬਚ ਨਿਕਲਣ ਦੀ ਉਮੀਦ ਬੱਝ ਗਈ ਸੀ। ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਸਖਤੀ ਨਾਲ ਪੇਸ਼ ਆਇਆ ਅਤੇ ਦੋਸ਼ੀਆਂ ਵਿਰੁਧ ਸਖਤ ਰੁਖ ਅਪਨਾ ਲਿਆ। ਇਹ ਹਦਾਇਤ ਵੀ ਕਰ ਦਿੱਤੀ ਕਿ ਹਿੰਸਾ, ਸਾੜਫੂਕ ਦੀਆਂ ਘਟਨਾਵਾਂ ਕਾਰਨ ਜੋ ਸਰਕਾਰੀ ਜਾਂ ਨਿਜੀ ਸੰਪਤੀ ਦਾ ਨੁਕਸਾਨ ਹੋਇਆ ਹੈ, ਉਹ ਡੇਰੇ ਦੀ ਸੰਪਤੀ ਵਿਚੋਂ ਪੂਰਾ ਕੀਤਾ ਜਾਵੇ। ਜਿਵੇਂ ਮੁੱਖ ਮੰਤਰੀ ਖੱਟਰ ਨੇ ਡੇਰਾ ਪ੍ਰੇਮੀਆਂ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਹੈ, ਉਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਨੇ ਸ਼੍ਰੀ ਖੱਟਰ ਨੂੰ ਦੋਸ਼-ਮੁਕਤ ਕਰਾਰ ਦੇ ਦਿੱਤਾ ਹੈ। ਫਿਰ ਦੋਸ਼ੀ ਹੈ ਕੌਣ ਅਸਲ ਵਿਚ? ਵੋਟਰ! ਵੋਟਰ ਦੋਸ਼ੀ ਹੈ, ਜਿਸ ਨੇ ਉਨ੍ਹਾਂ ਨੂੰ ਸੱਤਾ ਸੌਂਪੀ ਜਿਹੜੇ ਇਸ ਦੇ ਹੱਕਦਾਰ ਨਹੀਂ ਸਨ, ਜਿਹੜੇ ਵੋਟਰ ਵੱਲ ਪਿੱਠ ਕਰਕੇ ਖਲੋ ਗਏ ਤੇ ਅਪਰਾਧੀਆਂ ਨੂੰ ਧਨ ਦੀਆਂ ਥੈਲੀਆਂ ਫੜਾ ਆਏ।
ਸਿਰਾਂ ਉਪਰ ਗਠੜੀਆਂ ਚੁੱਕੀ ਪਰਤਦੇ ਬੱਚਿਆਂ, ਔਰਤਾਂ ਸਮੇਤ ਥੱਕੇ ਹਾਰੇ ਸੜਕਾਂ ਕਿਨਾਰੇ ਤੁਰੇ ਜਾਂਦੇ ਗਰੀਬ ਲੋਕ ਘਰੋ ਘਰੀ ਮੁੜਦੇ ਦੇਖ ਕੇ ਹਰੇਕ ਦਰਸ਼ਕ ਦਾ ਦਿਲ ਪਸੀਜ ਗਿਆ। ਸਰਕਾਰਾਂ ਅਜਿਹੇ ਇਨਾਮ ਆਪਣੇ ਵੋਟਰਾਂ ਨੂੰ ਅਕਸਰ ਦਿਆ ਕਰਦੀਆਂ ਹਨ।