ਜ਼ਮਾਨੇ ਨਾਲ ਚੱਲਣ ਦੀ ਰਫਤਾਰ ਵਿਚ ਮਨੁੱਖ ਸ਼ਾਮਲ ਤਾਂ ਹੋ ਰਿਹਾ ਹੈ, ਪਰ ਜਿਸ ਤਰ੍ਹਾਂ ਦੀਆਂ ਗਲਤੀਆਂ ਤੇ ਚਲਾਕੀਆਂ ‘ਚ ਉਹਨੇ ਪੌਂਚਾ ਫਸਾਇਆ ਹੋਇਆ ਹੈ, ਉਹਦੇ ਨਾਲ ਜ਼ਮਾਨਾ ਉਸ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਨਹੀਂ ਹੈ। ਇਹ ਸਿਆਪਾ ਸੁਆਰਥੀ ਵੱਧ ਪੜ੍ਹੇ ਲਿਖੇ ਹੋਣ ਦਾ ਹੀ ਸੀ ਕਿ ਧੀਆਂ ਤਾਂ ਹੋਣਹਾਰ ਤੇ ਸਿਆਣੀਆਂ ਸਨ ਪਰ ਪੁੱਤ ਨੂੰ ਹੀ ਕੁੱਖ ਸਮਝਣ ਵਾਲੀ ਮਾਂ ਹਉਕਿਆਂ ਦੀ ਗੁਲਾਮ ਫਿਰ ਵੀ ਬਣੀ ਰਹੀ।
ਇਸੇ ਕਰਕੇ ਕਈ ਡਾਕਟਰਾਂ ਦੇ ਔਜ਼ਾਰ ਛੁਰੀਆਂ ਬਣ ਕੇ ਹੀ ਕੁੱਖ ਦਾ ਬੂਹਾ ਭੰਨ੍ਹਦੇ ਰਹੇ। ਡਾਕਟਰਾਂ ਨੂੰ ਰੱਬ ਮੰਨਣ ਦੀ ਗੱਲ ਹਰ ਯੁੱਗ ‘ਚ ਹੀ ਮੰਨੀ ਜਾਂਦੀ ਰਹੀ ਹੈ, ਰੂਪ ਭਾਵੇਂ ਵੈਦਾਂ ਜਾਂ ਹਕੀਮਾਂ ਦਾ ਹੀ ਕਿਉਂ ਨਾ ਹੋਵੇ। ਚਲੋ ਰੱਬ ਤੋਂ ਤਾਂ ਹਾਲੇ ਵੀ ਲੋਕ ਮੰਗਦੇ ਹੀ ਹਨ ਪਰ ਵਰਤਮਾਨ ਸਮੇਂ ਦੇ ਰੱਬ ਗਲ ‘ਚ ਸਥੈਟੋਸਕੋਪ ਪਾ ਕੇ ਲੁੱਟਣ ਦਾ ਹੀ ਬਹੁਤਾ ਕਾਰਜ ਕਰੀ ਜਾ ਰਹੇ ਹਨ। ਕਈ ਹਸਪਤਾਲਾਂ ‘ਚ ਡਾਕਟਰਾਂ ਦੇ ਕਮਰਿਆਂ ‘ਚ ਮਿਹਰ ਦੀਆਂ ਤਸਵੀਰਾਂ ਤਾਂ ਪਿੱਠ ‘ਤੇ ਗੁਰੂਆਂ, ਦੇਵੀ-ਦੇਵਤਿਆਂ ਦੀਆਂ ਲਟਕ ਰਹੀਆਂ ਹੁੰਦੀਆਂ ਹਨ, ਪਰ ਵੱਧ ਸੇਵਾ ਲਈ ਧੂਫ ਬੱਤੀ ਕਰਨ ਵੇਲੇ ਜੁੜਦੇ ਹੱਥਾਂ ਨਾਲ ‘ਮਾਲਕਾ ਮਰੀਜ਼ਾਂ ਦੀਆਂ ਰੌਣਕਾਂ ਦੀ ਮਿਹਰ ਏਦਾਂ ਹੀ ਬਣਾਈ ਰੱਖੀਂ’ ਦੀ ਫਰਿਆਦ ਕੀਤੀ ਜਾਂਦੀ ਰਹੀ ਹੈ। ਡਾਕਟਰ ਬਣਨ ਦਾ ਸੁਪਨਾ ਅਮੀਰ ਬਣਨ ਦਾ ਸੁਪਨਾ ਹੈ ਕਿਉਂਕਿ ਇਲਾਜ ਦੇ ਕਾਰਖਾਨਿਆਂ ‘ਚ ਛਾਪੇ ਨੋਟ ਹੀ ਜਾ ਰਹੇ ਹਨ। ਰੱਬ ਮਨੁੱਖ ਦੇ ਕਬਜ਼ੇ ਤੋਂ ਬਾਹਰ ਜਾਨਵਰਾਂ ਤੇ ਪੰਛੀਆਂ ਨੂੰ ਬਿਮਾਰੀ ਤੋਂ ਤਾਂ ਮੁਕਤ ਰੱਖਦਾ ਹੈ ਕਿਉਂਕਿ ਇਹ ਜਿਉਣ ਲਈ ਖਾਂਦੇ ਹਨ, ਫਰੇਬ ਕਰਕੇ ਜੋੜਨ ਲਈ ਨਹੀਂ ਜਿਉਂਦੇ। ਜ਼ਿੰਦਗੀ ਜਿਉਣ ਦਾ ਕਈ ਦਾਅਵਾ ਹੀ ਕਰਦੇ ਨੇ, ਊਂ ਤਾਂ ਗੱਡੇ ਵਾਂਗ ਖਿੱਚ ਹੀ ਰਹੇ ਨੇ, ਇਸੇ ਕਰਕੇ ਕਈਆਂ ਨੇ ਆਪ ਹੀ ਉਹ ਰਾਹ ਬਣਾ ਲਏ, ਜਿੱਥੋਂ ਖੁਦ ਨੂੰ ਹੀ ਗੁਜ਼ਰਨਾ ਔਖਾ ਹੋ ਗਿਆ। ਸੋਨਾ ਤਾਂ ਹੁਣ ਵੀ ਕਈਆਂ ਕੋਲ ਬਹੁਤ ਹੈ ਪਰ ਲੰਕਾ ਨਹੀਂ ਬਣਾ ਸਕੇ।
ਐਸ਼ ਅਸ਼ੋਕ ਭੌਰਾ
ਦੁਨੀਆਂ ਦੀ ਬਹੁਗਿਣਤੀ ਰਾਤ ਤਾਂ ਚੰਗੇ ਸੁਪਨਿਆਂ ‘ਚ ਗੁਜ਼ਾਰਨਾ ਚਾਹੁੰਦੀ ਹੈ ਪਰ ਸਾਰਾ ਦਿਨ ਸੋਚਾਂ ਦਾ ਤੰਦੂਆ ਜਾਲ ਇਖਲਾਕ ਅਤੇ ਮਨੁੱਖੀ ਸੁਭਾਅ ਤੋਂ ਇਕ ਤਰ੍ਹਾਂ ਨਾਲ ਸਾਰੇ ਦਾ ਸਾਰਾ ਗਿਰਿਆ ਹੁੰਦਾ ਹੈ। ਸਾੜਾ, ਈਰਖਾ, ਵਿਰੋਧ ਅਤੇ ਜੜ੍ਹਾਂ ਉਖਾੜਨ ਦੀ ਵਿਉਂਤਬੰਦੀ ਅੱਜ ਕੱਲ ਬਹੁਤੇ ਲੋਕਾਂ ਦੇ ਨਿੱਤ ਦੇ ਜੀਵਨ ਦਾ ਹਿੱਸਾ ਬਣਦੀ ਜਾ ਰਹੀ ਹੈ। ਚਲਾਕੀਆਂ ਤਾਂ ਚੱਲਦੀਆਂ ਰਹੀਆਂ ਨੇ ਪਰ ਠੱਗੀਆਂ ਮਾਰਨ ਲਈ ਮਨੁੱਖ ਸਾਰੇ ਦਾ ਸਾਰਾ ਕੁੱਬਾ ਹੋ ਰਿਹਾ ਹੈ। ਲੋਕ ਸੋਚਦੇ ਨੇ, ਚੰਦ ਤੇ ਸੂਰਜ ਸ਼ਾਇਦ ਉਨ੍ਹਾਂ ਲਈ ਚੜ੍ਹੇ ਹਨ ਪਰ ਦੋਹਾਂ ਦੀ ਅਸਲ ‘ਚ ਕੁਦਰਤ ਨੂੰ ਗਲਵੱਕੜੀ ਪਾਉਣ ਦੀ ਜੁੱਗਾਂ ਤੋਂ ਇੱਛਾ ਚਲਦੀ ਆ ਰਹੀ ਹੈ। ਇਸੇ ਕਰਕੇ ਕਈ ਵਾਰ ਬੜਾ ਕੁਝ ਸੀਤ ਹੋ ਜਾਂਦਾ ਹੈ ਅਤੇ ਕਈ ਵਾਰ ਏਦਾਂ ਲੱਗਦਾ ਹੈ ਕਿ ਅੱਗ ਹੁਣੇ ਹੀ ਸਭ ਫਨਾਹ ਕਰ ਦੇਵੇਗੀ।
ਇਸ ਸੋਚ ਨੂੰ ਹਾਲੇ ਤੱਕ ਤੋੜਿਆ ਨਹੀਂ ਜਾ ਸਕਿਆ ਕਿ ਜਦੋਂ ਕਿਸੇ ਦੇ ਘਰ ਪੁੱਤਰ ਜੰਮਦਾ ਹੈ ਤਾਂ ਮਨੁੱਖ ਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਜ਼ਿੰਦਗੀ ਦੀ ਮਹਾਂਭਾਰਤ ਜਿੱਤ ਲਈ ਹੈ। ਜਦੋਂ ਕਿਸੇ ਦੇ ਘਰ ਧੀ ਜੰਮਦੀ ਹੈ ਤਾਂ ਕੁਝ ਲੋਕ ਆਪਣੇ ਢਿੱਡ ‘ਚ ਮੁੱਕੀਆਂ ਤਾਂ ਦੇਣ ਲੱਗ ਜਾਂਦੇ ਹਨ ਕਿ ਸ਼ਾਇਦ ਹਿਮਾਲਿਆ ਪਰਬਤ ਦਾ ਵੱਡਾ ਹਿੱਸਾ ਉਨ੍ਹਾਂ ਦੇ ਘਰ ਦੇ ਵਿਹੜੇ ਵਿਚ ਆਣ ਡਿੱਗਿਆ ਹੈ। ਪੁੱਤਰ ਮੋਹ ਤੇ ਧੀ ਦੀ ਸਮਾਜਿਕ ਇੱਜਤ ਦਾ ਵਰਤਾਰਾ ਹੀ ਇਹ ਮਾਹੌਲ ਸਿਰਜ ਰਿਹਾ ਹੈ ਕਿ ਧੀਆਂ ਨੂੰ ਕੁੱਖ ‘ਚ ਕਤਲ ਕਰਨਾ ਮੁਰਗਾ ਵੱਢਣ ਜਾਂ ਅੰਡਾ ਭੰਨਣ ਦੇ ਸਮਾਨ ਹੀ ਹੁੰਦਾ ਜਾ ਰਿਹਾ ਹੈ। ਕਈ ਵਾਰੀ ਧੁੱਪ ਤਾਂ ਪੋਹ ਮਹੀਨੇ ਵਾਲੀ ਚੜ੍ਹੀ ਹੁੰਦੀ ਹੈ ਪਰ ਸੇਕ ਹਾੜ੍ਹ ਮਹੀਨੇ ਵਰਗਾ ਲੱਗਣ ਲੱਗਦਾ ਹੈ ਜਾਂ ਏਦਾਂ ਕਿ ਤਪਿਆ ਜੇਠ ਹੁੰਦਾ ਹੈ ਤੇ ਲੈਣੀ ਰਜਾਈ ਪੈ ਜਾਂਦੀ ਹੈ।
ਅਸਲ ‘ਚ ਜ਼ਿੰਦਗੀ ਦੀਆਂ ਗੁੰਝਲਾਂ ਮਨੁੱਖ ਨੂੰ ਸਮਝ ਹੀ ਉਦੋਂ ਆਉਂਦੀਆਂ ਹਨ ਜਦੋਂ ਜ਼ਿੰਦਗੀ ਦੀ ਆਖਰੀ ਕੰਨੀ ਹੋਣੀ ਖਿੱਚ ਕੇ ਹੱਥ ਮਿਲਾਉਣ ਨੂੰ ਕਾਹਲੀ ਹੋ ਕੇ ਚਿਤਾਵਨੀ ਦਿੰਦੀ ਹੈ, ‘ਆ ਤੈਨੂੰ ਦੱਸਾਂ ਕਰਤੂਤਾਂ ਦੇ ਹਰਜ਼ਾਨੇ ਕੀ ਹੁੰਦੇ ਹਨ?’ ਕਈ ਵਾਰੀ ਗਲਤੀ ਹੁੰਦੀ ਨਹੀਂ ਪਰ ਭਰਨੀ ਪੈ ਜਾਂਦੀ ਹੈ। ਕਈ ਲੋਕਾਂ ਨੇ ਮੂਲ ਲਿਆ ਹੀ ਨਹੀਂ ਸੀ, ਵਿਆਜ ਤੋਂ ਹੱਡ ਜਾਨ ਨਿਕਲਣ ਨਾਲ ਹੀ ਛੁੱਟੇ। ਕੁਝ ਲੋਕਾਂ ਦੀਆਂ ਜਮੀਨਾਂ ਤਾਂ ਕੁਰਕ ਨਹੀਂ ਹੋਈਆਂ ਪਰ ਜ਼ਮੀਰਾਂ ਦੀਵਾਲੀਆ ਹੋ ਗਈਆਂ।
ਘਟਨਾ ਕੁਝ ਮਹੀਨੇ ਪੁਰਾਣੀ ਹੈ ਪਰ ਇਹ ਕਈਆਂ ਦੀ ਅੱਖ ਤੋਂ ਪਰ੍ਹੇ ਹੋ ਕੇ ਲੰਘ ਗਈ ਹੈ, ਤੇ ਕਈਆਂ ਨੇ ਨਜ਼ਰ ਮਾਰਨੀ ਮੁਨਾਸਿਬ ਨਹੀਂ ਸਮਝੀ। ਘਰਦਿਆਂ ਨੇ ਨਾਂ ਤਾਂ ‘ਜਾਨੀ’ ਹੀ ਰੱਖਿਆ ਸੀ ਪਰ ਮੌਸਮ ਤੇ ਹਾਲਾਤ ਨੇ ਹੀ ਉਸ ਨੂੰ ਜਾਨੀ ਚੋਰ ਬਣਾ ਦਿੱਤਾ।
ਕ੍ਰਿਸ਼ਨਾ ਹਸਪਤਾਲ ਦੇ ਵਾਰਡ ‘ਚੋਂ ਜਦੋਂ ਨਵ-ਜਨਮੇ ਪੁੱਤਰ ਨੂੰ ਲੈ ਕੇ ਨਿਕਲੀ ਤਾਂ ਉਸ ਨੂੰ ਲੱਗਾ ਸੀ ਕਿ ਹੁਣ ਸ਼ਾਇਦ ਝਾਂਜਰਾਂ ਪਾਉਣ ਦੀ ਲੋੜ ਨਹੀਂ ਰਹਿ ਗਈ, ਕਿਉਂਕਿ ਚਾਅਵਾਂ ਦੇ ਛਣਕਾਟੇ ਨਾਲ ਹੁਣ ਸਾਰੀ ਜ਼ਿੰਦਗੀ ਗਿੱਧਾ ਪਵੇਗਾ। ਜਦੋਂ ਘਰ ਦੀ ਦੇਹਲੀ ਟੱਪੀ ਤਾਂ ਢੋਲ ਦੇ ਨਗਾਰਿਆਂ ‘ਚ ਏਦਾਂ ਲੱਗ ਰਿਹਾ ਸੀ ਕਿ ਸ਼ਾਇਦ ਇੰਦਰ ਆਪ ਧਰਤੀ ਦੇ ਆਂਗਨ ‘ਤੇ ਆ ਚੜ੍ਹਿਆ ਹੈ। ਤਿੰਨਾਂ ਧੀਆਂ ਤੋਂ ਬਾਅਦ ਘਰ ‘ਚ ਪੁੱਤਰ ਦੀ ਆਮਦ ਨੇ ਰੌਣਕਾਂ ਦਾ ਮੂੰਹ ਤਾਂ ਖੋਲ੍ਹ ਹੀ ਦੇਣਾ ਸੀ, ਲੱਡੂ ਵੰਡੇ ਨਹੀਂ ਜਾ ਰਹੇ ਸਨ, ਉਡਾਏ ਜਾ ਰਹੇ ਸਨ। ਸ਼ਰਾਬ ਦੀਆਂ ਬੋਤਲਾਂ ਦੇ ਡੱਟ ਖੁੱਲ੍ਹੇ ਨਹੀਂ ਸਨ ਸਗੋਂ ਇੱਕ ਤਰ੍ਹਾਂ ਨਾਲ ਸ਼ਰਾਬੀਆਂ ਲਈ ਨਸ਼ੇ ਦਾ ਸਮੁੰਦਰ ਵਹਾਇਆ ਜਾ ਰਿਹਾ ਸੀ। ਪਰ ਉਹਲੇ ਹੋ ਕੇ ਵੇਖਦੀ ਕੁਦਰਤ ਸ਼ਾਇਦ ਇਹ ਸੋਚਦੀ ਸੀ ਕਿ ਲੁੱਡੀਆਂ ਤਾਂ ਪਾ ਲਵੋ ਪਰ ਹੱਥ ਕਰਾਰੇ ਮੈਂ ਹੀ ਕਰਾਂਗੀ। ਇਸ ਨਵ-ਜਨਮੇ ਪੁੱਤਰ ਦਾ ਬਾਪ ਸਤਪਾਲ ਇਸ ਖੁਸ਼ੀ ‘ਚ ਖੀਵਾ ਹੋਇਆ ਫਿਰਦਾ ਸੀ ਕਿ ਅਰਜਨ ਨੇ ਬਾਣ ਚਲਾਏ ਹੋਣਗੇ ਕਿ ਨਹੀਂ ਰੱਬ ਜਾਣੇ ਪਰ ਮੈਂ ਆਪਣੇ ਪੁੱਤਰ ਦਾ ਨਾਂ ਅਰਜਨ ਤਾਂ ਰੱਖਿਆ ਹੈ ਕਿ ਮੇਰੀ ਜ਼ਿੰਦਗੀ ਦਾ ਸਫਲ ਨਿਸ਼ਾਨਚੀ ਹੀ ਨਹੀਂ ਬਣੇਗਾ ਸਗੋਂ ਤਿੰਨਾਂ ਧੀਆਂ ਨੂੰ ਰੱਖੜੀ ਲਈ ਗੁੱਟ ਵੀ ਮਿਲ ਗਿਆ ਹੈ।
ਉਧਰ ਉਸੇ ਹਸਪਤਾਲ ‘ਚੋਂ, ਉਸੇ ਜਣੇਪਾ ਵਾਰਡ ‘ਚੋਂ ਧੀ ਨੂੰ ਗੋਦ ਚੁੱਕ ਕੇ ਨਿਕਲੀ ਕਿਰਨ ਸੋਚਦੀ ਸੀ ਕਿ ਚੜ੍ਹਿਆ ਤਾਂ ਸੂਰਜ ਸੀ ਪਰ ‘ਨ੍ਹੇਰ ਪਤਾ ਨਹੀਂ ਕਿਉਂ ਪੈ ਗਿਆ? ਪਹਿਲਾ ਬੱਚਾ ਧੀ ਦੇ ਰੂਪ ਵਿਚ ਵੇਖ ਕੇ ਉਹ ਇਹ ਵੀ ਸੋਚ ਰਹੀ ਸੀ ਕਿ ਕੁੱਖ ਨੂੰ ਹੁਣ ਕਦੇ ਫੇਰ ਭਾਗ ਲੱਗਣ ਦੇ ਆਸਾਰ ਬਣ ਹੀ ਜਾਣਗੇ। ਉਹ ਜਦੋਂ ਧੀ ਲੈ ਕੇ ਘਰ ਦਾ ਬੂਹਾ ਲੰਘੀ ਸੀ ਤਾਂ ਇਹ ਚਾਅ ਦੂਣਾ ਹੋਰ ਵੀ ਉਦੋਂ ਹੋ ਗਿਆ ਜਦੋਂ ਸੱਸ ਨੇ ਕਿਰਨ ਨੂੰ ਕਿਹਾ, ‘ਧੀਏ ਮਾਂ ਬਣਨ ਦੀ ਵਧਾਈ ਹੋਵੇ, ਪਹਿਲੀ ਧੀ ਵੀ ਪੁੱਤਰਾਂ ਵਰਗੀ ਹੀ ਹੁੰਦੀ ਹੈ। ਰੱਬ ਤੈਨੂੰ ਪੁੱਤਰ ਦੀ ਦਾਤ ਵੀ ਛੇਤੀ ਦੇਵੇਗਾ।’ ਖੂਬਸੂਰਤ ਕੁੜੀ ਦੀਆਂ ਨੀਲੀਆਂ ਅੱਖਾਂ ਵੇਖ ਕੇ ਪਰਿਵਾਰ ਬਾਗੋ-ਬਾਗ ਸੀ। ਹਰ ਕੋਈ ਮੱਥਾ ਚੁੰਮ ਕੇ ਆਖ ਰਿਹਾ ਸੀ, ‘ਰੱਬ ਕਰੇ ਏਨੀ ਸੋਹਣੀ ਕੁੜੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ।’
ਵਕਤ ਦੀਆਂ ਸੂਈਆਂ ਘੁੰਮਦੀਆਂ ਰਹੀਆਂ ਤੇ ਸਮਾਂ ਛੂਟ ਵੱਟ ਕੇ ਲੰਘ ਗਿਆ। ਕਿਰਨ ਦੀ ਛੇ ਕੁ ਮਹੀਨਿਆਂ ਦੀ ਧੀ ਵਿਹੜੇ ‘ਚ ਨਿੱਕੇ ਨਿੱਕੇ ਖਿਡੌਣਿਆਂ ਨਾਲ ਖੇਡ ਰਹੀ ਸੀ। ਮੰਜੀ ਧੁੱਪੇ ਡਾਹੀ ਹੋਈ ਸੀ। ਕਿਰਨ ਰਸੋਈ ‘ਚੋਂ ਨਿਕਲੀ ਤਾਂ ਗੁਆਂਢ ‘ਚੋਂ ਭੂਆ ਲੱਗਦੀ ਬਚਨੀ ਜੋ ਸ਼ਾਇਦ ਹੁਣੇ ਹੀ ਅਮਰੀਕਾ ‘ਚੋਂ ਆਈ ਸੀ, ਨੇ ਜੋਤੀ ਨੂੰ ਗੋਦ ਚੁੱਕ ਲਿਆ। ਦਸਾਂ ਡਾਲਰਾਂ ਦਾ ਨੋਟ ਉਹਦੇ ਹੱਥ ‘ਚ ਫੜਾਇਆ ਤੇ ਟੇਢੀ ਜਿਹੀ ਨਜ਼ਰ ਨਾਲ ਕਿਰਨ ਵੱਲ ਤੱਕਿਆ। ਨਾਲ ਹੀ ਬੂਹਾ ਲੰਘਦੇ ਸਤਪਾਲ ਦੇ ਚਿਹਰੇ ਵੱਲ ਗਹੁ ਨਾਲ ਨਜ਼ਰ ਮਾਰੀ। ਗੱਲ ਬਚਨੀ ਬੁੱਲ੍ਹਾਂ ‘ਚ ਘੁੱਟ ਰਹੀ ਸੀ ਪਰ ਕਹਿ ਹੀ ਹੋ ਗਈ, ‘ਕਿਰਨ, ਇਹ ਜੋਤੀ ਨਾ ਸਤਪਾਲ ਵਰਗੀ ਆ, ਨਾ ਤੇਰੇ ‘ਤੇ ਮੁਹਾਂਦਰਾ ਤੇ ਰੰਗ ਆ। ਅੱਖਾਂ ਤੇ ਨੀਲੀਆਂ ਨੇ ਪਰ ਨੱਕ ਫੀਨਾ। ਚਲੋ ਰੱਬ ਦੇ ਰੰਗ ਐ। ਉਹ ਪਤਾ ਨਹੀਂ ਕਿਹੜੀਆਂ ਗੱਲੇ ਰਾਜ਼ੀ ਐ, ਕੁੜੀ ਭਾਗਾਂ ਵਾਲੀ ਹੋਵੇ।’
ਕਿਰਨ ਤੋਂ ਬੋਲਿਆ ਤਾਂ ਕੁਝ ਵੀ ਨਾ ਗਿਆ ਪਰ ਉਹਦੀਆਂ ਧਾਹਾਂ ਤੇ ਚੀਕਾਂ ਨਾ ਰੁਕ ਸਕੀਆਂ। ਬਚਨੀ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੇਰੇ ਤੋਂ ਕੁਝ ਗਲਤ ਕਹਿ ਹੋ ਗਿਆ। ਉਹਨੇ ਕਿਰਨ ਨੂੰ ਘੁੱਟ ਕੇ ਗਲ ਲਾਇਆ, ‘ਧੀਏ ਮਾਫ ਕਰ ਦੇਵੀਂ, ਮੈਂ ਤਾਂ ਦਸ ਸਾਲਾਂ ਬਾਅਦ ਅਮਰੀਕਾ ਤੋਂ ਪਿੰਡ ਆਈ ਆਂ, ਮੇਰੇ ਤੋਂ ਬਾਅਦ ਸਤਪਾਲ ਦਾ ਵਿਆਹ ਹੋਇਆ। ਮੈਂ ਤਾਂ ਮਜ਼ਾਕ ‘ਚ ਕਹਿ ਬੈਠੀ, ਤੂੰ ਤੇ ਦਿਲ ‘ਤੇ ਹੀ ਲਾ ਲਿਆ। ਚੀਨਿਆਂ ਦੇ ਨੱਕ ਵੀ ਫੀਨੇ ਹੁੰਦੇ ਨੇ, ਪਰ ਉਹ ਫੁਰਤੀਲੇ, ਸਿਆਣੇ, ਅਕਲਮੰਦ ਤੇ ਦਿਮਾਗੀ ਬੜੇ ਹੁੰਦੇ ਨੇ। ਇਹ ਧੀ ਤੇਰਾ ਨਾਂ ਰੌਸ਼ਨ ਕਰੇਗੀ। ਨੈਣ-ਨਕਸ਼ਾਂ ‘ਚ ਭਲਾ ਕੀ ਰੱਖਿਆ? ਕੁਦਰਤ ਨੇ ਨਿਸ਼ੰਗ ਹੋ ਕੇ ਅੱਖਾਂ ਤਾਂ ਨੀਲੀਆਂ ਦਿੱਤੀਆਂ ਹਨ?’ ਚਿਹਰਾ ਤਾਂ ਸਤਪਾਲ ਦਾ ਵੀ ਉਤਰ ਜਿਹਾ ਗਿਆ ਤੇ ਆਵਾਜ਼ ਕਿਰਨ ਦੀ ਵੀ ਨਾ ਨਿਕਲੇ। ਉਹ ਡੁਸਕਦੀ ਤੇ ਬੁਸਕਦੀ ਅੰਦਰ ਜਾ ਵੜੀ। ਭੂਆ ਬਚਨੀ ਨੂੰ ਨਾ ਕਿਸੇ ਪਾਣੀ ਪੁੱਛਿਆ, ਨਾ ਚਾਹ। ਤੇ ਉਹ ਜਿਨ੍ਹੀਂ ਪੈਰੀਂ ਆਈ ਸੀ, ਉਨ੍ਹੀਂ ਪੈਰੀਂ ਵਾਪਿਸ ਚਲੀ ਗਈ, ਇਸ ਅਹਿਸਾਸ ਨਾਲ ਕਿ ਸ਼ਾਇਦ ਮੈਂ ਬਹੁਤ ਵੱਡਾ ਗੁਨਾਹ ਕਰ ਲਿਆ ਹੈ।
ਦਿਨ ਢਲ ਗਿਆ ਤੇ ਢਲਿਆ ਕਿਰਨ ਦਾ ਚਿਹਰਾ ਵੀ ਰਿਹਾ। ਰੌਣਕ ਸਤਪਾਲ ਦੇ ਚਿਹਰੇ ‘ਤੇ ਵੀ ਨਾ ਪਰਤੀ। ਰੱਜ ਕੇ ਰੋਟੀ ਵੀ ਦੋਹਾਂ ਨੇ ਨਾ ਖਾਧੀ। ਉਦਾਸ ਹੋਈ ਕਿਰਨ ਨੂੰ ਆਪਣਾ ਅੰਦਰਲਾ ਦਰਦ ਲੁਕੋ ਕੇ ਜਦੋਂ ਸਤਪਾਲ ਨੇ ਪੁੱਛਿਆ, “ਕੀ ਕਹਿ ਦਿੱਤਾ ਸੀ ਭੂਆ ਨੇ? ਏਨੀ ਗੱਲ ਕਿਉਂ ਮਨ ‘ਤੇ ਲਾ ਲਈ? ਏਦਾਂ ਨਹੀਂ ਸੋਚੀਦਾ।” ਪਰ ਕਿਰਨ ਨੇ ਸਤਪਾਲ ਦੇ ਮਨ ਦੀ ਗੱਲ ਕਹਿ ਹੀ ਦਿੱਤੀ, “ਮੈਨੂੰ ਭੂਆ ਦੇ ਏਦਾਂ ਕਹਿਣ ਦਾ ਕੋਈ ਦੁੱਖ ਨਹੀਂ, ਪਰ ਉਸ ਨੇ ਆਪਣੇ ਸ਼ੱਕ ‘ਤੇ ਮੋਹਰ ਲਾਈ ਹੈ, ਇਹ ਧੀ ਸਾਡੀ ਨਹੀਂ ਹੈ, ਸਾਡੇ ਨਾਲ ਘੋਰ ਅਨਿਆਂ ਹੋ ਗਿਆ ਹੈ। ਜਦੋਂ ਮੈਂ ਜਣੇਪਾ ਵਾਰਡ ਵਿਚ ਸੀ ਤਾਂ ਬੱਚੇ ਨੂੰ ਜਨਮ ਦੇ ਕੇ ਮੈਨੂੰ ਸੁਰਤ ਆਈ। ਪਹਿਲੀ ਨਰਸ ਤਾਂ ਇਹ ਕਹਿਣ ਆਈ ਸੀ ਕਿ ਕਿਰਨ ਵਧਾਈ ਹੋਵੇ, ਤੂੰ ਪੁੱਤਰ ਦੀ ਮਾਂ ਬਣ ਗਈਂ ਏਂ। ਪਰ ਹਾਲੇ ਉਹ ਦਰਵਾਜ਼ੇ ਤੋਂ ਬਾਹਰ ਨਹੀਂ ਨਿਕਲੀ ਸੀ ਕਿ ਦੂਜੀ ਨਰਸ ਨੇ ਆ ਕੇ ਕੌਡਾਂ ਹੀ ਮੂਧੀਆਂ ਕਰ ਦਿੱਤੀਆਂ, ‘ਨਹੀਂ ਕਿਰਨ ਭੁਲੇਖਾ ਲੱਗ ਗਿਆ, ਤੂੰ ਪੁੱਤਰ ਦੀ ਨਹੀਂ, ਧੀ ਦੀ ਮਾਂ ਬਣੀਂ ਏਂ।’ ਸਾਨੂੰ ਕੁਝ ਕਰਨਾ ਪਵੇਗਾ, ਇਹ ਧੀ ਹਰਗਿਜ਼ ਸਾਡੀ ਨਹੀਂ ਹੈ।”
ਉਸ ਦਿਨ ਕਿਰਨ ਤੇ ਸਤਪਾਲ ਨੇ ਹਸਪਤਾਲ ਵਿਚ ਵੀ ਕਾਫੀ ਰੌਲਾ ਪਾਇਆ ਸੀ ਕਿ ਇਕ ਪਲ ਵਿਚ ਪੁੱਤਰ ਤੋਂ ਧੀ ਕਿਵੇਂ ਬਣ ਗਈ? ਪਰ ਡਾਕਟਰਾਂ ਨੇ ਨਾ ਸੁਣੀ ਤੇ ਮੱਲੋਜ਼ੋਰੀ ਇਨ੍ਹਾਂ ਦੀ ਝੋਲੀ ਵਿਚ ਧੀ ਹੀ ਪਾ ਦਿੱਤੀ ਗਈ ਸੀ।
ਦਿਨ ਚੜ੍ਹਿਆ। ਕਿਰਨ ਤੇ ਸਤਪਾਲ ਫਿਰ ਉਸੇ ਹਸਪਤਾਲ ਚਲੇ ਗਏ। ਮੁੱਖ ਡਾਕਟਰ ਨੂੰ ਆਪਣੀ ਪੀੜਾ ਦੇ ਫਿਰ ਸਾਰੇ ਵਰਕੇ ਫੋਲ ਕੇ ਸੁਣਾਏ ਕਿ ਸਾਡੇ ਨਾਲ ਧੋਖਾ ਹੋਇਆ ਹੈ। ਸਾਡੇ ਪੁੱਤਰ ਦਾ ਮੁੱਲ ਵੱਟ ਲਿਆ ਗਿਆ ਹੈ। ਇਹ ਤੁਹਾਡੀਆਂ ਨਰਸਾਂ ਤੇ ਡਾਕਟਰਾਂ ਦੀ ਬੇਈਮਾਨੀ ਹੈ। ਸਾਡਾ ਪੁੱਤਰ ਸਾਨੂੰ ਵਾਪਿਸ ਕਰੋ।
ਡਾਕਟਰ ਨੇ ਵੀ ਸੱਚ ਵਰਗੇ ਬੜੇ ਬਹਾਨੇ ਲਗਾਏ ਪਰ ਜਦੋਂ ਸਤਪਾਲ ਤੇ ਕਿਰਨ ਨੇ ਉਸ ਦੀ ਇਕ ਨਾ ਸੁਣੀ ਤਾਂ ਧੱਕੇ ਨਾਲ ਦੋਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਤੇ ਫਿਰ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਸੱਚੀਂ ਹਸਪਤਾਲ ਦੇ ਮੂਹਰਿਓਂ ਲੰਘਦੀ ਸੜਕ ਵੀ ਟਪਾ ਦਿੱਤੀ ਗਈ ਤੇ ਇਹ ਵੀ ਚਿਤਾਵਨੀ ਦੇ ਦਿੱਤੀ ਗਈ ਕਿ ਹੁਣ ਮੁੜ ਕੇ ਕਦੇ ਇੱਥੇ ਪੈਰ ਨਾ ਧਰਿਓ।
ਦੋਵੇਂ ਵਿਲਕਦੇ ਉਸੇ ਉਦਾਸ ਚਿਹਰੇ ਨਾਲ, ਉਨ੍ਹਾਂ ਹੀ ਟੁੱਟੇ ਅਰਮਾਨਾਂ ਨਾਲ ਤੇ ਉਸੇ ਉਜੜੀ ਜ਼ਿੰਦਗੀ ਦਾ ਵਿਰਾਨ ਹੋਇਆ ਬੋਝਲ ਸਰੀਰ ਲੈ ਕੇ ਘਰ ਆਣ ਵੜੇ। ਸਵੇਰੇ ਉਠਦਿਆਂ ਹੀ ਪੁਲਿਸ ਨੂੰ ਕ੍ਰਿਸ਼ਨਾ ਤੇ ਜੋਗਿੰਦਰ ਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਕਿ ਇਨ੍ਹਾਂ ਦੀ ਮਿਲੀਭੁਗਤ ਨਾਲ ਹਸਪਤਾਲ ‘ਚ ਬੱਚਾ ਬਦਲਿਆ ਗਿਆ ਹੈ। ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਲਿਆ ਪਰ ਕ੍ਰਿਸ਼ਨਾ ਤੇ ਜੋਗਿੰਦਰ ਦੇ ਪੱਲੇ ‘ਚ ਰਾਜਨੀਤਕ ਭਾਰ ਹੋਣ ਕਰਕੇ ਇਨ੍ਹਾਂ ਦੁਹਾਈਆਂ ਦਾ ਕੋਈ ਮੁੱਲ ਨਾ ਪੈ ਸਕਿਆ। ਕਿਰਨ ਤੇ ਸਤਪਾਲ ਉਸ ਬੇਰੰਗ ਲਿਫਾਫੇ ਵਾਂਗ ਵਾਪਿਸ ਆ ਗਏ ਜਿਹਦੇ ‘ਤੇ ਟਿਕਟ ਤਾਂ ਲੱਗੀ ਹੀ ਨਹੀਂ ਸੀ ਸਗੋਂ ਮੂੰਹ ਵੀ ਖੁੱਲ੍ਹਾ ਸੀ।
ਘਰ ‘ਚ ਇਹ ਸ਼ੱਕ ਦਾ ਉਠਦਾ ਧੂੰਆਂ ਲਾਟ ਬਣਨ ਲੱਗਾ। ਕੁਝ ਹੋਰ ਕਰਨ ਦੀਆਂ ਵਿਉਂਤਾਂ ਗੁੰਦੀਆਂ ਜਾਣ ਲੱਗੀਆਂ ਤੇ ਆਖਰ ਕੋਰਟ ਦਾ ਸਹਾਰਾ ਸਤਪਾਲ ਤੇ ਕਿਰਨ ਨੇ ਲੈ ਹੀ ਲਿਆ। ਪਹਿਲੀ ਤਾਰੀਖ ‘ਚ ਲੱਗ ਤਾਂ ਇਉਂ ਰਿਹਾ ਸੀ ਕਿ ਸ਼ਾਇਦ ਜੱਜ ਸਾਹਿਬ ਨੇ ਇਸ ਕੇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ। ਪਰ ਕਿਰਨ ਦੀਆਂ ਅੱਖਾਂ ‘ਚੋਂ ਟਪਕਦੇ ਲਹੂ ਦੇ ਅੱਥਰੂ ਤੇ ਜ਼ੁਬਾਨ ‘ਚੋਂ ਨਿਕਲਦੇ ਦਰਦ ਭਰੇ ਸ਼ਬਦ ਜੱਜ ਨੂੰ ਇਕ ਮਾਂ ਦੀ ਮਮਤਾ ਦੀ ਹੂਕ ਸੁਣਨ ਵਾਂਗ ਲੱਗੇ। ‘ਮੈਡੀਕਲ ਮਿਸਟੇਕ’ ਨੂੰ ਦੂਰ ਕਰਨ ਲਈ ‘ਮੈਡੀਕਲ ਯੁੱਗ’ ਦਾ ਹੀ ਸਹਾਰਾ ਲੈਣ ਦੇ ਹੁਕਮ ਦੇ ਦਿੱਤੇ ਗਏ ਤੇ ਦੋਹਾਂ ਹੀ ਪਰਿਵਾਰਾਂ ਦਾ ਡੀæਐਨæਏæ ਟੈਸਟ ਕਰਨ ਦਾ ਫੈਸਲਾ ਸੁਣਾ ਦਿੱਤਾ ਗਿਆ। ਇਸ ਫੈਸਲੇ ਨਾਲ ਕਿਰਨ ਦੇ ਚਿਹਰੇ ‘ਤੇ ਰੌਣਕ ਏਦਾਂ ਪਰਤ ਆਈ ਜਿਵੇਂ ਜੰਗ ਜਿੱਤੇ ਜਾਣ ਦਾ ਪਹਿਲਾ ਸਾਇਰਨ ਵੱਜ ਗਿਆ ਹੋਵੇ। ਪਰ ਕਿਉਂਕਿ ਮਾਂ ਨੂੰ ਆਪਣੀ ਕੁੱਖ ‘ਤੇ ਵੱਧ ਵਿਸ਼ਵਾਸ ਹੁੰਦਾ ਹੈ, ਅੰਦਰ ਪਲਦੇ ਬੱਚੇ ਦੀ ਹਰ ਧੜਕਣ ਮਾਂ ਦੇ ਦਿਲ ਦੀ ਧੜਕਣ ਨਾਲ ਜੁੜੀ ਹੁੰਦੀ ਹੈ, ਇਸ ਲਈ ਉਹਦਾ ਵਿਸ਼ਵਾਸ ਸੀ ਕਿ ਕੋਰਟ ਦੀ ਵੋਟ ਉਹਦੇ ਹੱਕ ‘ਚ ਪਵੇਗੀ। ਪਰ ਸਤਪਾਲ ਨੂੰ ਜੱਜ ਦੇ ਇਸ ਹੁਕਮ ਦਾ ਝੋਰਾ ਵੀ ਖਾ ਰਿਹਾ ਸੀ ਕਿ ਜੇ ਥੋਡਾ ਦਾਅਵਾ ਠੀਕ ਨਾ ਹੋਇਆ ਤਾਂ ਥੋਨੂੰ ਭਾਰੀ ਹਰਜਾਨਾ ਵੀ ਭਰਨਾ ਪਵੇਗਾ ਅਤੇ ਦੂਜੀ ਧਿਰ ਯਾਨਿ ਕ੍ਰਿਸ਼ਨਾ ਤੇ ਜੋਗਿੰਦਰ ਨੂੰ ਮੁਆਵਜ਼ਾ ਵੀ ਅਦਾ ਕਰਨਾ ਪਵੇਗਾ।
ਪਰ ਇਤਫਾਕ ਤੇ ਸੱਚ ਇਹ ਸੀ ਕਿ ਦੋਵੇਂ ਮਾਂਵਾਂ-ਕ੍ਰਿਸ਼ਨਾ ਤੇ ਕਿਰਨ ਭਾਵੇਂ ਸ਼ੱਕ ਦੀ ਦੁਨੀਆਂ ‘ਚ ਕਿਸੇ ਵੀ ਤਰ੍ਹਾਂ ਵਿਚਰ ਰਹੀਆਂ ਹੋਣ ਪਰ ਉਹ ਆਪਣੇ ਬੱਚਿਆਂ ਦੀ ਮਮਤਾ ‘ਚ ਪੂਰੀ ਤਰ੍ਹਾਂ ਮਾਂਵਾਂ ਬਣ ਕੇ ਉਤਰੀਆਂ ਹੋਈਆਂ ਸਨ। ਨਾ ਕਿਰਨ ਜੋਤੀ ਨੂੰ ਘੱਟ ਪਿਆਰ ਕਰਦੀ ਸੀ ਤੇ ਨਾ ਕ੍ਰਿਸ਼ਨਾ ਅਰਜਨ ਦੇ ਪਿਆਰ ‘ਚ ਕਿਤੇ ਊਣਤਾਈ ਰਹਿਣ ਦਿੰਦੀ ਸੀ।
ਡੀæਐਨæਏæ ਦੀ ਰਿਪੋਰਟ ਨੇ ਉਹੀ ਕੁਝ ਸੱਚ ਸਾਬਤ ਕਰ ਦਿੱਤਾ ਜਿਸ ਦੀ ਕਿਰਨ ਦਾਅਵੇਦਾਰ ਸੀ। ਅਰਜਨ ਕਿਰਨ ਤੇ ਸਤਪਾਲ ਦਾ ਪੁੱਤਰ ਹੀ ਸਾਬਤ ਹੋਇਆ। ਸਥਿਤੀ ਕੁਦਰਤ ਨੇ ਬਦਲ ਦਿੱਤੀ ਸੀ ਕਿ ਉਦਾਸ ਤੇ ਦੁਖੀ ਮਾਂ ਦੇ ਚਿਹਰਿਆਂ ‘ਤੇ ਰੌਣਕ ਤੇ ਖੁਸ਼ੀ ਇਕੱਠੀਆਂ ਨੱਚ ਰਹੀਆਂ ਸਨ। ਇਕ ਮਾਂ ਕ੍ਰਿਸ਼ਨਾ ਦੇ ਵਿਹੜੇ ‘ਚ ਜਿਵੇਂ ਦਿਨ-ਦਿਹਾੜੇ ਡਾਕਾ ਪੈ ਗਿਆ ਹੋਵੇ। ਜੱਜ ਵੀ ਅਦਾਲਤ ਵਿਚ ਬਣੀ ਇਸ ਅਜੀਬ ਸਥਿਤੀ ਤੋਂ ਹੈਰਾਨ ਸੀ। ਪੁੱਤਰ ਨੂੰ ਧੀ ‘ਚ ਤੇ ਧੀ ਨੂੰ ਪੁੱਤਰ ‘ਚ ਬਦਲਣ ਦੀ ਪ੍ਰਕ੍ਰਿਆ ਅਦਾਲਤੀ ਫੈਸਲਾ ਤਾਂ ਹੋ ਸਕਦੀ ਸੀ ਪਰ ਮਮਤਾ ਦੀ ਤਬਦੀਲੀ ਕਰਨੀ ਔਖੀ ਬਹੁਤ ਹੋ ਰਹੀ ਸੀ। ਨਾਲ ਹੀ ਜੱਜ ਨੇ ਦੋਹਾਂ ਧਿਰਾਂ ਨੂੰ ਕਿਹਾ ਕਿ ਵਟਾਂਦਰਾ ਆਪਣੀਆਂ ਸਮਾਜਿਕ ਰਸਮਾਂ ਮੁਤਾਬਿਕ ਕਰ ਲਵੋ ਤਾਂ ਬਿਹਤਰ ਹੋਵੇਗਾ। ਦੋ ਮਹੀਨੇ ਦਾ ਸਮਾਂ ਵੀ ਦੇ ਦਿੱਤਾ।
ਸਿਆਣੇ ਲੋਕਾਂ ਨੇ ਦੋਵਾਂ ਹੀ ਮਾਂਵਾਂ ਦੀਆਂ ਪੀੜਾਂ ‘ਤੇ ਫਹੇ ਰੱਖ ਕੇ ਫੂਕਾਂ ਮਾਰੀਆਂ ਤੇ ਸਹਿਮਤੀ ਹੋਈ ਕਿ ਕ੍ਰਿਸ਼ਨਾ ਅਰਜਨ ਨੂੰ ਲੈ ਕੇ ਕਿਰਨ ਦੇ ਘਰ ਪਹੁੰਚੇਗੀ।æææਤੇ ਉਹ ਦਿਨ ਆ ਹੀ ਗਿਆ। ਕਿਰਨ ਦੇ ਘਰ ਦੇ ਬੂਹੇ ‘ਤੇ ਅੰਬ ਦੇ ਪੱਤੇ ਟੰਗ ਹੀ ਦਿੱਤੇ ਗਏ। ਬਾਜ਼ੀਗਰਨੀਆਂ ਬੂਟੇ ਲੈ ਕੇ ਆ ਗਈਆਂ। ਇਕ ਘਰ ‘ਚ ਚੰਦਰਮਾ ਗੋਡੀ ਮਾਰ ਕੇ ਚੜ੍ਹ ਰਿਹਾ ਸੀ ਤੇ ਦੂਜੇ ਘਰ ‘ਚ ਤਿੰਨਾਂ ਧੀਆਂ ਤੋਂ ਬਾਅਦ ਆ ਰਹੀ ਜੋਤੀ ਸ਼ਾਇਦ ਉਨ੍ਹਾਂ ਨੂੰ ਚੌਥਾ ਪੱਥਰ ਲੱਗ ਰਹੀ ਸੀ।
ਸਾਰਾ ਪਿੰਡ ਹੈਰਾਨ ਸੀ ਕਿ ਪਿੰਡ ‘ਚ ਵਿਆਹ ਤਾਂ ਕੋਈ ਨਹੀਂ ਸੀ ਪਰ ਵਾਜੇ ਕਿਉਂ ਵੱਜ ਰਹੇ ਹਨ? ਕ੍ਰਿਸ਼ਨਾ ਅਰਜਨ ਨੂੰ ਵਾਜਿਆਂ ਗਾਜਿਆਂ ਨਾਲ ਛੱਡਣ ਆ ਰਹੀ ਸੀ। ਇਹ ਸੋਚ ਕੇ ਕਿ ਸਾਡੇ ਘਰ ਤਾਂ ਬਰਾਤਾਂ ਆਉਣਗੀਆਂ ਪਰ ਸਾਡੀਆਂ ਕਿਤੇ ਨਹੀਂ ਜਾਣਗੀਆਂ ਤੇ ਕਿਰਨ ਦੇ ਬਨੇਰਿਆਂ ‘ਤੇ ਰੌਣਕ ਦੱਸਦੀ ਸੀ ਕਿ ਅੱਜ ਸੂਰਜ ਆਮ ਵਾਂਗ ਨਹੀਂ ਚੜ੍ਹਿਆ। ਕ੍ਰਿਸ਼ਨਾ ਨੇ ਜਦੋਂ ਪੁੱਤਰ ਕਿਰਨ ਨੂੰ ਸੌਂਪਿਆ ਤਾਂ ਧਾਹਾਂ ਦਾ ਪਹਾੜ ਟੁੱਟ ਪਿਆ। ਪਰ ਕਿਰਨ ਵੀ ਧੀ ਨੂੰ ਛੱਡਦਿਆਂ ਏਨੀ ਵਿਲਕੀ ਕਿ ਸ਼ਾਇਦ ਕੁਝ ਸਮੇਂ ਲਈ ਪੌਣ ਵੀ ਰੁਕ ਗਈ ਹੋਵੇ। ਕਿਉਂਕਿ ਦੋਹਾਂ ਹੀ ਮਾਂਵਾਂ ਨੇ ਦੋਹਾਂ ਹੀ ਬੱਚਿਆਂ ਨੂੰ ਆਪਣੀ ਛਾਤੀ ‘ਚੋਂ ਸ਼ੀਰ ਧੀ-ਪੁੱਤਰ ਸਮਝ ਕੇ ਨਹੀਂ ਸਗੋਂ ਆਪਣੀਆਂ ਆਂਦਰਾਂ ਦੇ ਗੁੱਛੇ ਸਮਝ ਕੇ ਚੁੰਘਾਇਆ ਸੀ। ਕ੍ਰਿਸ਼ਨਾ ਦੇ ਧੀ ਨੂੰ ਲੈ ਕੇ ਪਰਤਣ ਤੋਂ ਪਹਿਲਾਂ ਪਿੰਡ ਦੇ ਸਰਪੰਚ ਨੇ ਦੋਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਲਾਪਰਵਾਹੀ ਦਾ ਹਰਜ਼ਾਨਾ ਦੋਵੇਂ ਪਰਿਵਾਰ ਭੁਗਤ ਚੁੱਕੇ ਨੇ ਪਰ ਮੈਂ ਇਹ ਬੇਨਤੀ ਕਰਾਂਗਾ ਕਿ ਵੱਡੇ ਹੋਣ ‘ਤੇ ਜੋਤੀ ਤੇ ਅਰਜਨ ਨੂੰ ਗ੍ਰਹਿਸਥ ਦੀ ਗੱਡੀ ‘ਤੇ ਜੇ ਬਿਠਾ ਸਕੇ ਤਾਂ ਮਮਤਾ ਤੇ ਮੋਹ ਦੀਆਂ ਸ਼ਾਇਦ ਇਹ ਤਿੜਕੀਆਂ ਤੰਦਾਂ ਫਿਰ ਦੋਹਾਂ ਪਰਿਵਾਰਾਂ ਲਈ ਮਜ਼ਬੂਤੀ ਦਾ ਆਧਾਰ ਬਣ ਜਾਣਗੀਆਂ। ਤੇ ਬੈਂਡ ਵਾਜਾ ਫਿਰ ਉਨੀ ਹੀ ਉਚੀ ਵੱਜਿਆ ਜੋ ਸ਼ਾਇਦ ਕੁਦਰਤ ਨੂੰ ਵੀ ਸੁਣ ਗਿਆ ਹੋਵੇ। ਕਿਉਂਕਿ ਫਰੜੀ ਲੱਕੜੀ ਗੁਣੀਏ ‘ਚ ਕਰ ਦਿੱਤੀ ਗਈ ਸੀ।
ਗੁਸਤਾਖੀ ਕਰਨ ਵਾਲੇ ਨਰਸਾਂ ਤੇ ਡਾਕਟਰਾਂ ਦਾ ਕੀ ਬਣੇਗਾ? ਇਹ ਵੱਖਰਾ ਮੁਕੱਦਮਾ ਹਾਲੇ ਉਚ ਅਦਾਲਤ ਵਿਚ ਚੱਲ ਰਿਹਾ ਹੈ।