ਸਿਰ ਦਸਤਾਰ, ਗੁੱਟ ‘ਤੇ ਧਾਗਾ

ਸਤਿਕਾਰਯੋਗ ਸੰਪਾਦਕ ਜੀ,
Ḕਪੰਜਾਬ ਟਾਈਮਜ਼Ḕ ਪੜ੍ਹ ਕੇ ਜਿੰਨੀ ਸੰਤੁਸ਼ਟੀ ਹੁੰਦੀ ਹੈ, ਸ਼ਬਦਾਂ ਵਿਚ ਬਿਆਨ ਕਰਨੀ ਔਖੀ ਹੈ। ਮੈਂ ਇਸ ਅਖਬਾਰ ਨੂੰ ਇੱਕੋ ਡੀਕ ਨਹੀਂ, ਸਗੋਂ ਸਰਫੇ ਨਾਲ ਪੂਰਾ ਹਫਤਾ ਪੜ੍ਹਦੀ ਹਾਂ। ਘਟੀਆ ਇਸ਼ਤਿਹਾਰਾਂ ਤੋਂ ਪੂਰਾ ਗੁਰੇਜ਼, ਹਰ ਵਿਸ਼ੇ ਨਾਲ ਸਬੰਧਤ ਰੌਚਕ ਤੇ ਗਿਆਨ ਭਰਪੂਰ ਜਾਣਕਾਰੀ, ਇਸ ਦੀ ਖਾਸੀਅਤ ਹੈ।

Ḕਪੰਜਾਬ ਟਾਈਮਜ਼Ḕ ਦੇ 26 ਅਗਸਤ ਦੇ ਅੰਕ ਵਿਚ ਛਪਿਆ ਗੁਰਜੀਤ ਕੌਰ ਦਾ ਲੇਖ Ḕਸਿਰ ਦਸਤਾਰ, ਗੁੱਟ ‘ਤੇ ਧਾਗਾḔ ਪੜ੍ਹ ਕੇ ਚੰਗਾ ਲੱਗਿਆ। ਮੈਂ ਉਨ੍ਹਾਂ ਦੀ ਇਸ ਰਾਏ ਨਾਲ ਸਹਿਮਤ ਹਾਂ ਕਿ ਇਨ੍ਹਾਂ ਦਕੀਆਨੂਸੀ ਰੀਤੀਆਂ ਦੀ ਗੁਲਾਮੀ ਖਤਮ ਹੋਣੀ ਚਾਹੀਦੀ ਹੈ। ਮੇਰਾ ਆਪਣਾ ਮਨ ਵੀ ਰੱਖੜੀ ਵਾਲੇ ਦਿਨ ਪ੍ਰੋæ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਖਾਸਾ ਛਾਉਣੀ ਤੇ ਫਿਰ ਅਟਾਰੀ ਬਾਰਡਰ ‘ਤੇ ਸਕੂਲਾਂ-ਕਾਲਜਾਂ ਦੀਆਂ ਲੜਕੀਆਂ ਤੋਂ ਬੀæਐਸ਼ਐਫ਼ ਦੇ ਜਵਾਨਾਂ ਅਤੇ ਪੁਲਿਸ ਅਧਿਕਾਰੀਆਂ ਦੇ ਰੱਖੜੀ ਬੰਨਵਾਉਣ ਦੀ ਸਿਆਸੀ ਖੇਡ ਲਈ ਰੋਸ ਨਾਲ ਭਰਿਆ ਪਿਆ ਸੀ। ਕੀ ਇਹ ਜਵਾਨ ਸਿਰਫ ਕੁੜੀਆਂ ਦੀ ਹੀ ਰੱਖਿਆ ਕਰਦੇ ਹਨ, ਮੁੰਡਿਆਂ ਦੀ ਨਹੀਂ? ਕੀ ਉਨ੍ਹਾਂ ਜਵਾਨਾਂ ਦੀਆਂ ਆਪਣੀਆਂ ਭੈਣਾਂ ਨੇ ਰੱਖੜੀਆਂ ਨਹੀਂ ਭੇਜੀਆਂ ਹੋਣੀਆਂ! ਕਦੇ ਭੋਰਾ ਭਰ ਕੁੜੀਆਂ ਤੋਂ ਪ੍ਰਧਾਨ ਮੰਤਰੀ ਦੇ ਤੇ ਕਦੇ ਰਾਸ਼ਟਰਪਤੀ ਦੇ ਰੱਖੜੀਆਂ ਬੰਨਾਈਆਂ ਜਾ ਰਹੀਆਂ ਹਨ! ਇੱਕ ਪੜ੍ਹੀ-ਲਿਖੀ ਔਰਤ ਇਹ ਕੁਝ ਕਰ ਰਹੀ ਹੈ, ਹੋਰ ਤੋਂ ਕੀ ਆਸ!
ਦੂਜੀ ਤਾਜ਼ੀ ਘਟਨਾ, ਇੱਕ ਭਰਾ ਦਾ ਆਪਣੀ ਭੈਣ ਦੀ ਦਸ ਸਾਲ ਦੀ ਧੀ ਨਾਲ ਕੁਕਰਮ! ਉਸ ਬੱਚੀ ਨੇ ਅਬੋਧ ਉਮਰ ਵਿਚ ਇੱਕ ਹੋਰ ਅਬੋਧ ਬੱਚੀ ਨੂੰ ਜਨਮ ਦੇ ਦਿੱਤਾ। ਪਤਾ ਨਹੀਂ ਕਿੱਥੇ ਜਾ ਕੇ ਗੱਲ ਖਤਮ ਹੋਊ।
ਪਤਾ ਹੀ ਨਹੀਂ ਕਿੰਨੀਆਂ ਕੁ ਨੂੰ ਇੱਜਤ ਦੇ ਨਾਂ ‘ਤੇ ਮਾਰ ਮੁਕਾਇਆ ਹੋਵੇਗਾ ਜਦੋਂ ਕਿ ਆਪ ਪੂਰਾ ਵੈਲੀਆਂ ਵਾਲਾ ਜੀਵਨ ਗੁਜ਼ਾਰ ਰਹੇ ਹੁੰਦੇ ਹਨ।
ਇਹ ਸਭ ਕੁਝ ਕੁੜੀਆਂ ਨੂੰ ਬਚਪਨ ਤੋਂ ਹੀ ਪਿਤਾ, ਭਰਾ ਦੀ ਅਧੀਨਗੀ ਤੇ ਹਰ ਮਿੰਟ ਉਨ੍ਹਾਂ ਨੂੰ ਬੈਠੇ ਬਿਠਾਏ ਰੋਟੀ ਖੁਆਉਣ, ਜੂਠੇ ਭਾਂਡੇ ਮਾਂਜਣ, ਕੱਪੜੇ ਧੋ ਕੇ ਪ੍ਰੈਸ ਕਰਨ ਆਦਿ ਮਾਂ ਵੀ ਅਣਜਾਣਪੁਣੇ ਤੇ ਬੇਵਸੀ ਉਨ੍ਹਾਂ ਅੰਦਰ ਭਰ ਦਿੰਦੀ ਹੈ। ਕਿਉਂਕਿ ਮੁੰਡੇ ਨੂੰ ਜਨਮ ਦੇਣ ਵਾਲੀ ਦਾ ਆਦਰ ਮਾਣ ਵੱਧ ਹੁੰਦਾ ਹੈ ਅਤੇ ਕਈਆਂ ਦਾ ਤਾਂ ਵਸੇਬਾ ਹੀ ਮੁੰਡੇ ਦੇ ਜਨਮ ਕਾਰਨ ਹੁੰਦਾ ਹੈ। ਬਚਪਨ ਵਿਚ ਛੋਟੀਆਂ ਛੋਟੀਆਂ ਕੁੜੀਆਂ ਨੂੰ ਗੀਤ ਵੀ ਅਜਿਹੇ ਹੀ ਸਿਖਾਏ ਜਾਂਦੇ ਹਨ ਤੇ ਮੈਂ ਆਪ ਵੀ ਗਾਉਂਦੀ ਰਹੀ ਹਾਂ, ਜਿਨ੍ਹਾਂ ਵਿਚ ਵੀਰਾਂ ਦਾ ਹੀ ਗੁਣਗਾਣ ਹੋਵੇ, ਚਾਹੇ ਉਹ ਸਾਂਝੀ ਲਾਉਣ ‘ਤੇ ਗਾਏ ਜਾਣ ਜਾਂ ਤੀਆਂ ਵਿਚ। ਸਾਡੇ ਮਨਾਂ ਵਿਚ ਬਾਹਰਲੇ ਆਦਮੀਆਂ ਦਾ ਅਤੇ ਮੁੰਡਿਆਂ ਦਾ ਇੰਨਾ ਜ਼ਿਆਦਾ ਭੈਅ ਬਣ ਚੁਕਾ ਹੁੰਦਾ ਹੈ ਕਿ ਸਾਨੂੰ ਸਚਮੁੱਚ ਹੀ ਭਰਾ ਦੀ, ਪਿਤਾ ਦੀ ਛਤਰਛਾਇਆ ਜਰੂਰੀ ਮਹਿਸੂਸ ਹੋਣ ਲੱਗ ਪੈਂਦੀ ਹੈ, ਭਾਵੇਂ ਘਰ ਵਿਚ ਉਨ੍ਹਾਂ ਤੋਂ ਹੀ ਦੁਖੀ ਹੋਈਏ।
ਅਸੀਂ ਢੇਰ ਸਾਰੀਆਂ ਭੈਣਾਂ, ਮੇਰੇ ਆਪਣੀਆਂ ਤਿੰਨ ਬੇਟੀਆਂ ਨੇ ਕਦੇ ਰੱਖੜੀ ਬੰਨ੍ਹੀ ਹੀ ਨਹੀਂ। ਮੇਰੇ ਦੋਨਾਂ ਭਰਾਵਾਂ ਨੂੰ ਸਾਡੇ ਸਿਰਾਂ ਦਾ ਹੀ ਫਿਕਰ ਰਿਹਾ, ਕਿਤੇ ਸਿਰ ਤੋਂ ਚੁੰਨੀ ਨਾ ਲਹਿ ਜਾਵੇ, ਕਿਤੇ ਦੋ ਗੁੱਤਾਂ ਨਾ ਕਰ ਲਈਏ। ਇੱਕ ਡਾਕਟਰਨੀ ਦੀ ਗੱਲ ਯਾਦ ਆਉਂਦੀ ਹੈ ਕਿ ਮੈਨੂੰ ਕਾਲਜ ਜਾਣ ਲੱਗੀ ਨੂੰ ਬਿੰਦੀ ਲਾਉਣ ਦਾ ਸ਼ੌਕ ਸੀ ਤੇ ਮੇਰਾ ਛੋਟਾ ਭਰਾ ਲਾਉਣ ਨਹੀਂ ਸੀ ਦਿੰਦਾ। ਵੱਡੀਆਂ ਭੈਣਾਂ, ਜਿਨ੍ਹਾਂ ਨੇ ਛੋਟੇ ਵੀਰਾਂ ਨੂੰ ਕੁੱਛੜ ਚੁੱਕ ਖਿਡਾਇਆ ਹੋਵੇ, ਕਈਆਂ ਦੀ ਪੜ੍ਹਾਈ ਵੀ ਛੁੱਟ ਜਾਂਦੀ ਸੀ, ਖੇਡ ਤਾਂ ਛੁੱਟਦੀ ਹੀ ਸੀ।
ਭਰਾ ਕੀ ਰੱਖਿਆ ਕਰਨਗੇ! ਉਂਜ ਵੀ ਜੰਗਲੀ ਜਾਨਵਰਾਂ ਨਾਲ ਸਾਡਾ ਰੋਜ਼ ਦਾ ਕੋਈ ਵਾਹ ਵਾਸਤਾ ਨਹੀਂ, ਹਰ ਮਿੰਟ ਭਰਾ ਸਾਡੇ ਨਾਲ ਤੁਰੇ ਨਹੀਂ ਫਿਰਦੇ। ਸਾਡੀ ਕਿੱਥੇ ਤੇ ਕਿਸ ਤੋਂ ਰੱਖਿਆ? ਘਰਾਂ ਵਿਚ ਭਰਾ ਭੈਣਾਂ ਨੂੰ ਕੁੱਟਦੇ ਮਾਰਦੇ ਆਮ ਹੀ ਦੇਖੇ ਜਾ ਸਕਦੇ ਨੇ। ਮੇਰੇ ਜ਼ਿਹਨ ਵਿਚ ਇੱਕ ਲੰਬੀ ਕਤਾਰ ਉਨ੍ਹਾਂ ਭਰਾਵਾਂ ਦੀ ਘੁੰਮ ਰਹੀ ਹੈ ਜਿਨ੍ਹਾਂ ਨੇ ਹਰ ਜ਼ਿਆਦਤੀ ਆਪਣੀਆਂ ਭੈਣਾਂ ਨਾਲ ਮੁੰਡਾ ਹੋਣ ਦੀ ਹਉਮੈ ਕਾਰਨ ਕੀਤੀ ਹੈ। ਇੱਕ ਲੰਬੀ ਕਤਾਰ ਉਨ੍ਹਾਂ ਕੁੜੀਆਂ ਦੀ ਵੀ ਜਿਨ੍ਹਾਂ ਦੇ ਵਿਆਹ ਘਰ ਦੇ ਹਾਲਾਤ ਕਾਰਨ ਨਹੀਂ ਹੋ ਸਕੇ ਪਰ ਭਰਾ ਦਾ ਵਿਆਹ ਉਨ੍ਹਾਂ ਨੇ ਚਾਅ ਨਾਲ ਕੀਤਾ ਤੇ ਉਹਦੇ ਬੱਚਿਆਂ ਨੂੰ ਵੀ ਪੜ੍ਹਾਇਆ ਲਿਖਾਇਆ। ਅਮਰੀਕਾ, ਕੈਨੇਡਾ ਵਿਚ ਹੀ ਆਲੇ ਦੁਆਲੇ ਨਜ਼ਰ ਮਾਰੀਏ, ਬਹੁਤੇ ਭੈਣਾਂ ਦੇ ਸਿਰ ‘ਤੇ ਹੀ ਇੱਥੇ ਆ ਕੇ ਸੈਟ ਹੋਏ ਹਨ।
ਹਰ ਸ਼ਗਨ ਮਨਾਉਣ ਜਾਂ ਆਰਤੀਆਂ ਉਤਾਰਨ ਤੋਂ ਨਿਜਾਤ ਦਿਵਾਉਣ ਲਈ ਮਾਂ ਨੂੰ ਹੀ ਇਹ ਪਹਿਲਕਦਮੀ ਕਰਨੀ ਪਵੇਗੀ। ਰੱਖੜੀ ਜਿੱਥੇ ਭੈਣਾਂ ਭਰਾਵਾਂ ਵਿਚ ਵੀ ਲੈਣ ਦੇਣ ਦੇ ਚੱਕਰ ਤੋਂ ਵੱਧ ਕੁਝ ਨਹੀਂ, ਉਥੇ ਹੀ ਰੱਖੜੀ ਪਿਆਰ ਨਾਲ ਗੁੰਦਿਆ ਧਾਗਾ ਨਹੀਂ ਸਗੋਂ ਬਾਕਾਇਦਾ ਇੱਕ ਕਾਰੋਬਾਰ ਬਣ ਚੁਕਾ ਹੈ। ਮਹਿੰਗੀ ਤੋਂ ਮਹਿੰਗੀ ਰੱਖੜੀ, ਚਾਂਦੀ ਦੀ ਰੱਖੜੀ। ਰੱਖੜੀ ਬੰਨਣਾ ਸੱਚਮੁੱਚ ਹੀ ਕੁੜੀਆਂ ਨੂੰ ਮੁੰਡਿਆਂ ਨਾਲੋਂ ਕਮਜ਼ੋਰ ਦਰਸਾਉਣ ਦੀ ਪ੍ਰਵਿਰਤੀ ਹੀ ਹੈ।
ਸਿਰ ‘ਤੇ ਦਸਤਾਰ, ਗੁੱਟ ‘ਤੇ ਧਾਗਾ ਉਹਦੇ ਬਾਰੇ ਤਾਂ ਹੁਣ ਚੁੱਪ ਹੀ ਚੰਗੀ ਹੈ। ‘ਕੱਲਾ ਨਵਜੋਤ ਸਿੱਧੂ ਹੀ ਨਹੀਂ, ਚਿੱਟੀ ਦਾਹੜੀ, ਪੱਗ, ਵੱਡਾ ਸਾਰਾ ਤਿਲਕ ਸਿਕੰਦਰ ਸਿੰਘ ਮਲੂਕਾ। ਮੁੱਖ ਮੰਤਰੀ ਦੇ ਸਿਰ ‘ਤੇ ਸੋਹਣੀ ਦਸਤਾਰ, ਮੱਥੇ ‘ਤੇ ਤਿਲਕ ਅਤੇ ਗੁੱਟ ‘ਤੇ ਧਾਗਾ। ਇਨ੍ਹਾਂ ਸਿਆਸੀ ਲੋਕਾਂ ਨੇ ਹੀ ਤਾਂ ਸਿੱਖੀ ਦਾ ਘਾਣ ਕੀਤਾ ਹੈ ਤੇ ਮੇਰੇ ਖਿਆਲ ਵਿਚ ਮੁੱਖ ਦੋਸ਼ੀ ਬਾਦਲ ਪਰਿਵਾਰ ਤੇ ਮੌਜੂਦਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ। ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੰਤ ਵੀ ਸਿਰਫ ਵੱਧ ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦੀ ਗੱਲ ਹੀ ਕਰਦੇ ਹਨ। ਕਰਮਕਾਂਡਾਂ ਨੂੰ ਖਤਮ ਕਰਨ ਦੀ ਥਾਂ ਡੇਰੇ ਚਲਾਉਣ ਲਈ ਇਨ੍ਹਾਂ ਨੂੰ ਬੜਾਵਾ ਹੀ ਮਿਲਦਾ ਹੈ। ਹੁਣ ਬਹੁਤੇ ਸਿੱਖਾਂ, ਇਥੋਂ ਤੱਕ ਕਿ ਅੰਮ੍ਰਿਤਧਾਰੀਆਂ ਦੇ ਘਰਾਂ ਵਿਚ ਮਟੀਆਂ, ਗੁਰੂ ਨਾਨਕ ਦੇਵ ਜੀ ਦੀ ਫੋਟੋ ਨਾਲ ਹੀ ਹਨੂੰਮਾਨ ਦੀ, ਨਾਲ ਹੀ ਲਕਸ਼ਮੀ ਦੀ ਤੇ ਨਾਲ ਹੀ ਸ਼ਿਵ ਜੀ ਦੀ ਫੋਟੋ ਨਜ਼ਰ ਆਉਂਦੀ ਹੈ। ਗੁਰਦੁਆਰੇ ਜਾਓ, ਨਿਸ਼ਾਨ ਸਾਹਿਬ ਵਾਲੇ ਚੌਂਤਰੇ ‘ਤੇ ਪਤਾਸੇ, ਭੋਗ, ਕੀਲੇ (ਪਸੂ ਬੰਨਣ ਵਾਲੇ), ਛੁਣਛੁਣੇ, ਜੰਗਲੇ ਨਾਲ ਧਾਗੇ, ਮੌਲੀਆਂ, ਤੜਾਂਗੀਆਂ ਪਤਾ ਨਹੀਂ ਕੀ ਕੁਝ ਦੇਖਣ ਨੂੰ ਮਿਲਦਾ ਹੈ। ਅਖੰਡ ਪਾਠ ਕਰਵਾਉਣ ਵੇਲੇ ਵੀ ਹੁਣ ਕਈ ਸੁਆਣੀਆਂ ਗੁੱਟ ‘ਤੇ ਖੰਭਣੀਆਂ ਬੰਨ੍ਹੀ ਫਿਰਦੀਆਂ ਹਨ। ਇਨ੍ਹਾਂ ਸਭ ਗੱਲਾਂ ਦਾ ਕਾਰਨ ਬਿਨਾ ਸੋਚੇ ਸਮਝੇ ਭੇਡ ਚਾਲ ਵਿਚ ਫਸਣਾ ਹੈ। ਕਰਮ ਕਾਂਡਾਂ ਵਿਚੋਂ ਨਿਕਲਣ ਦਾ ਹੌਸਲਾ ਹੀ ਨਹੀਂ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਔਰਤਾਂ ਵਿਰੋਧ ਕਰਨ ਦੇ ਯੋਗ ਵੀ ਹਨ, ਉਹ ਵੀ ਅਜਿਹੀਆਂ ਕੁਰੀਤੀਆਂ ਵੱਲ ਉਕਾ ਧਿਆਨ ਨਹੀਂ ਦੇ ਰਹੀਆਂ, ਸਗੋਂ ਵਧਾਉਣ ਵਿਚ ਸਹਾਈ ਹੋ ਰਹੀਆਂ ਹਨ। ਮੇਰਾ ਖਿਆਲ ਹੈ ਕਿ ਮਾਂ ਦਾ ਸੰਸਕਾਰ ਦੇਣ ਵਿਚ ਵੱਧ ਯੋਗਦਾਨ ਹੁੰਦਾ ਹੈ, ਭਾਵੇਂ ਘਰ ਦੇ ਮੁਹਾਜ਼ ਤੇ ਉਹ ਅੱਜ ਵੀ ਬਹੁਤ ਬੇਵੱਸ ਹੈ, ਫਿਰ ਵੀ ਬੇਲੋੜੇ ਰੀਤੀ ਰਿਵਾਜ ਖਤਮ ਕਰਨ ਲਈ ਹੰਭਲਾ ਮਾਰਨਾ ਪਵੇਗਾ।
ਧੰਨਵਾਦ ਸਹਿਤ,
-ਦਵਿੰਦਰ ਕੌਰ