ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ

ਡਾæ ਗੁਰਨਾਮ ਕੌਰ ਪਟਿਆਲਾ
ਇਸ ਸ਼ਬਦ ਵਿਚ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਭਾਰਤ ਉਤੇ ਹਮਲੇ ਦੇ ਹਵਾਲੇ ਨਾਲ ਤਾਕਤਵਰ ਵੱਲੋਂ ਤਾਕਤ ਦੇ ਨਸ਼ੇ ਵਿਚ ਅੰਨੇ ਹੋ ਕੇ, ਆਪਣੀ ਫੌਜੀ ਸ਼ਕਤੀ ਦੀ ਵਰਤੋਂ ਕਰਕੇ ਦੂਜਿਆਂ ਨਾਲ ਧੱਕਾ ਕਰਨ ਅਤੇ ਉਨ੍ਹਾਂ ‘ਤੇ ਜ਼ੁਲਮ ਕਰਨ ਵਿਰੁਧ ਆਵਾਜ਼ ਬੁਲੰਦ ਕੀਤੀ ਹੈ। ਇਸ ਸ਼ਬਦ ਵਿਚ ਉਨ੍ਹਾਂ ਨੇ ਇੱਕ ਤਰ੍ਹਾਂ ਨਾਲ ਰੱਬ ਨੂੰ ਉਲਾਂਭਾ ਦਿੱਤਾ ਹੈ ਕਿ ਜੇ ਇੱਕ ਤਾਕਤਵਰ ਆਪਣੇ ਬਰਾਬਰ ਦੇ ਤਾਕਤਵਰ ਨਾਲ ਟੱਕਰ ਲੈਂਦਾ ਤੇ ਉਸ ਨੂੰ ਮਾਰਦਾ ਹੈ ਤਾਂ ਮਨ ਵਿਚ ਰੋਸ ਪੈਦਾ ਨਹੀਂ ਹੁੰਦਾ ਕਿਉਂਕਿ ਦੋਵੇਂ ਧਿਰਾਂ ਇੱਕੋ ਜਿਹੀ ਤਾਕਤ ਦੀਆਂ ਮਾਲਕ ਹੁੰਦੀਆਂ ਹਨ।

ਪ੍ਰੰਤੂ ਜੇ ਇੱਕ ਤਾਕਤਵਰ ਸ਼ੇਰ ਗਊਆਂ ਦੇ ਵੱਗ ‘ਤੇ ਪੈ ਜਾਵੇ ਤਾਂ ਪੁੱਛਿਆ ਉਸ ਦੇ ਮਾਲਕ ਨੂੰ ਜਾਂਦਾ ਹੈ ਕਿ ਤੂੰ ਕਿੱਥੇ ਸੀ? ਰਾਖੀ ਕਿਉਂ ਨਹੀਂ ਕੀਤੀ? ਇਨ੍ਹਾਂ ਕਮਜ਼ੋਰਾਂ, ਜੋ ਸ਼ੇਰ ਦਾ ਮੁਕਾਬਲਾ ਕਰਨ ਜੋਗੀਆਂ ਨਹੀਂ ਸਨ, ਨੂੰ ਬਚਾਇਆ ਕਿਉਂ ਨਹੀਂ? ਇਸੇ ਤਰ੍ਹਾਂ ਜੇ ਕੋਈ ਜ਼ਰਵਾਣਾ ਆਪਣੀ ਫੌਜ ਦੀ ਧਾੜ ਲੈ ਕੇ ਨਿਹੱਥੇ ਤੇ ਗਰੀਬ ਲੋਕਾਂ ‘ਤੇ ਜ਼ੁਲਮ ਕਰਦਾ ਹੈ, ਤਾਂ ਉਲਾਂਭਾ ਰੱਬ ਨੂੰ ਦਿੱਤਾ ਜਾਂਦਾ ਹੈ, ਸ਼ਿਕਵਾ ਉਸ ਮਾਲਕ ਕੋਲ ਕਰਨਾ ਬਣਦਾ ਹੈ।
ਪਿਛਲੇ ਲੇਖ ਵਿਚ ਜ਼ਿਕਰ ਕੀਤਾ ਸੀ ਕਿ ਅਗਸਤ ਦਾ ਮਹੀਨਾ ਬਲੋਚਿਸਤਾਨ, ਭਾਰਤ ਅਤੇ ਪਾਕਿਸਤਾਨ ਲਈ ਆਜ਼ਾਦੀ ਦੇ ਜਸ਼ਨ ਮਨਾਉਣ ਦਾ ਮਹੀਨਾ ਹੈ। ਅਸਲ ਵਿਚ ਆਜ਼ਾਦ ਤਾਂ ਭਾਰਤ ਅਤੇ ਬਲੋਚਿਸਤਾਨ ਹੋਇਆ ਸੀ, ਪਾਕਿਸਤਾਨ ਤਾਂ ਬਣਿਆ ਸੀ, ਅਸਲੋਂ ਹੀ ਨਵਾਂ ਮੁਲਕ ਜੋ ਇੱਕ ਮੁਲਕ ਦੇ ਦੋ ਟੋਟੇ ਕਰਕੇ ਬਣਾਇਆ ਗਿਆ। ਬਲੋਚਿਸਤਾਨ ਨਾਲ ਗੁਰੂ ਨਾਨਕ ਸਾਹਿਬ ਦੇ ਸ਼ਬਦ ਵਿਚ ਬਾਬਰ ਦੇ ਹਮਲੇ ਦੇ ਹਵਾਲੇ ਨਾਲ ਵਰਣਨ ਕੀਤਾ ਉਪਰ ਵਾਲਾ ਵਰਤਾਰਾ ਹੋਇਆ। ਭਾਵੇਂ ਬਲੋਚਿਸਤਾਨ ਅੰਗਰੇਜ਼ਾਂ ਕੋਲੋਂ ਤਾਂ 11 ਅਗਸਤ 1947 ਨੂੰ ਆਜ਼ਾਦ ਹੋ ਗਿਆ ਪਰ ਅੱਠ ਕੁ ਮਹੀਨੇ ਬਾਅਦ ਹੀ ਪਾਕਿਸਤਾਨ ਦੀ ਧਾੜਵੀ ਫੌਜ ਨੇ ਇਸ ‘ਤੇ ਕਬਜ਼ਾ ਕਰ ਲਿਆ। ਪਰ ਬਲੋਚਾਂ ਦੇ ਮਨਾਂ ਵਿਚ ਆਜ਼ਾਦੀ ਦਾ ਸੁਪਨਾ ਮਰਿਆ ਨਹੀਂ ਹੈ ਅਤੇ ਉਹ ਆਜ਼ਾਦੀ ਦੀ ਤੜਪ ਨੂੰ ਕਾਇਮ ਰੱਖਦਿਆਂ 11 ਅਗਸਤ ਨੂੰ ਆਜ਼ਾਦੀ ਦਿਵਸ ਵਜੋਂ ਮਨਾਉਂਦੇ ਹਨ ਤਾਂ ਕਿ ਉਹ ਆਪਣੇ ਲੋਕਾਂ ਨੂੰ ਆਜ਼ਾਦੀ ਦੀ ਇਸ ਜਦੋਜਹਿਦ ਨਾਲ ਜੋੜ ਸਕਣ, ਨੌਜੁਆਨ ਪੀੜ੍ਹੀ ਦੇ ਮਨਾਂ ‘ਚ ਆਜ਼ਾਦੀ ਦੇ ਆਪਣੇ ਇਸ ਹੱਕ ਬਾਰੇ ਚੇਤਨਾ ਜਗਾਉਂਦੇ ਰਹਿਣ, ਆਜ਼ਾਦੀ ਦੀ ਸ਼ਮ੍ਹਾਂ ਬਲਦੀ ਰੱਖ ਸਕਣ ਅਤੇ ਦੁਨੀਆਂ ਦੀ ਕਚਹਿਰੀ ਵਿਚ ਆਪਣਾ ਮਸਲਾ ਪੇਸ਼ ਕਰ ਸਕਣ।
ਇਸੇ ਇਰਾਦੇ ਨਾਲ ਜੀæਟੀæਏæ ਵਿਚ ਰਹਿੰਦੇ ਬਲੋਚ ਭਾਈਚਾਰੇ ਨੇ 11 ਅਗਸਤ ਦੀ ਸ਼ਾਮ ਨੂੰ ਇੱਥੇ ਸਥਿਤ ਲਾਇਬਰੇਰੀ ਵਿਚ ਆਜ਼ਾਦੀ ਦਿਹਾੜਾ ਮਨਾਇਆ। ਬਲੋਚ ਆਪਣੇ ਮੁਲਕ, ਆਪਣੇ ਲੋਕਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ, ਕਰੀਮਾ ਬਲੋਚ ਨੇ ਉਥੇ ਜੋ ਵਿਚਾਰ ਪਰਗਟ ਕੀਤੇ, ਉਹ ਬਲੋਚ ਭਾਈਚਾਰੇ ਦੇ ਖਿਆਲਾਂ ਦੀ ਤਰਜ਼ਮਾਨੀ ਕਰਦੇ ਹਨ। ਕਰੀਮਾ ਬਲੋਚ ਵਿਦਿਆਰਥੀ ਕਾਰਕੁਨ ਹੈ ਜੋ ਅੱਜ ਕਲ੍ਹ ਕੈਨੇਡਾ ਰਹਿੰਦੀ ਹੈ। ਆਜ਼ਾਦੀ ਦੀ ਯਾਦ ਵਿਚ ਕਰੀਮਾ ਬਲੋਚ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੀ ਹਾਂ:
“ਅਸੀਂ ਬਲੋਚਿਸਤਾਨ ਦਾ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਕਿਉਂਕਿ 11 ਅਗਸਤ ਨੂੰ ਅੰਗਰੇਜ਼ਾਂ ਨੇ ਬਲੋਚਿਸਤਾਨ ਨੂੰ ਇੱਕ ਆਜ਼ਾਦ ਮੁਲਕ ਦੇ ਤੌਰ ‘ਤੇ ਛੱਡਿਆ ਸੀ। ਆਜ਼ਾਦੀ ਬਹੁਤ ਮੁਸ਼ਕਿਲ ਨਾਲ ਲਈ ਸੀ ਪਰ ਬਹੁਤ ਅਸਾਨੀ ਨਾਲ ਗੁਆਚ ਗਈ। 8 ਮਾਰਚ 1948 ਨੂੰ ਪਾਕਿਸਤਾਨੀ ਫੌਜ ਨੇ ਬਲੋਚਿਸਤਾਨ ਵਿਚ ਆਮਦਰਫਤ ਕੀਤੀ ਅਤੇ ਇਸ ਨੂੰ ਕਬਜ਼ੇ ਵਿਚ ਕਰ ਲਿਆ। ਇਹ ਕਬਜ਼ਾ ਲੋਕਾਂ ਤੇ ਬਲੋਚਿਸਤਾਨ ਦੀ ਪਾਰਲੀਮੈਂਟ ਦੀ ਮਰਜ਼ੀ ਦੇ ਖਿਲਾਫ ਸੀ। ਇਸ ਤੋਂ ਪਹਿਲਾਂ ਜਦੋਂ ਮੁਹੰਮਦ ਅਲੀ ਜਿਨਾਹ ਨੇ ਬਲੋਚਿਸਤਾਨ ਦੀ ਸੁਤੰਤਰ ਸਰਕਾਰ ਨੂੰ ਕਿਹਾ ਸੀ ਕਿ ਉਹ ਬਲੋਚਿਸਤਾਨ ਦੇ ਆਜ਼ਾਦ ਰੁਤਬੇ ਨੂੰ ਤਿਆਗ ਦੇਣ ਅਤੇ ਨਵੇਂ ਬਣੇ ਪਰ ਫੌਜੀ ਰੂਪ ਵਿਚ ਤਾਕਤਵਰ ਪਾਕਿਸਤਾਨ ਨਾਲ ਇਸਲਾਮ ਦੇ ਆਧਾਰ ‘ਤੇ ਮਿਲ ਜਾਣ, ਤਾਂ ਬਲੋਚ ਸੰਸਦ ਮੈਂਬਰਾਂ ਨੇ ਇਹ ਦਲੀਲ ਦਿੰਦਿਆਂ ਸਰਵਸੰਮਤੀ ਨਾਲ ਇਨਕਾਰ ਕਰ ਦਿੱਤਾ ਸੀ ਕਿ ਭਾਵੇਂ ਇਹ ਸੱਚ ਹੈ ਕਿ ਬਲੋਚ ਮੁਸਲਮਾਨ ਹਨ ਪ੍ਰੰਤੂ ਉਨ੍ਹਾਂ ਦੀ ਸਦਾ ਹੀ ਇੱਕ ਵਿਲੱਖਣ ਸਭਿਆਚਾਰਕ ਪਛਾਣ ਰਹੀ ਹੈ; ਇਸ ਲਈ ਉਹ ਇਸਲਾਮ ਲਈ ਆਪਣੀ ਵਿਲੱਖਣ ਪਛਾਣ ਨੂੰ ਨਹੀਂ ਛੱਡਣਗੇ। ਮਿਸਟਰ ਘਾਉਸ ਬਖਸ਼ ਬਿਜੈਂਜੋ, ਜੋ ਆਜ਼ਾਦ ਬਲੋਚਿਸਤਾਨ ਦਾ ਉਦੋਂ ਵਿਰੋਧੀ ਧਿਰ ਦਾ ਨੇਤਾ ਸੀ, ਲਿਖਤੀ ਰਿਕਾਰਡ ‘ਤੇ ਹੈ।”
ਕਰੀਮਾ ਦਾ ਕਹਿਣਾ ਹੈ ਕਿ ਇਹ ਮਹਿਜ ਇਸਲਾਮੀ ਸਟੇਟ ਪਾਕਿਸਤਾਨ ਵਿਚ ਸ਼ਾਮਲ ਹੋਣ ਤੋਂ ਹੀ ਇਨਕਾਰ ਨਹੀਂ ਹੈ, ਇਹ ਸੰਸਾਰ ਨੂੰ ਪ੍ਰਭਾਵ ਹੇਠ ਲਿਆਉਣ ਦੀ ਨਵੀਂ ਪੈਨ ਇਸਲਾਮਿਕ ਲਹਿਰ ਵਿਚ ਸ਼ਾਮਲ ਹੋਣ ਤੋਂ ਵੀ ਇਨਕਾਰ ਸੀ।
ਕਰੀਮਾ ਦਾ ਵਿਚਾਰ ਹੈ ਕਿ ਪਾਕਿਸਤਾਨ ਦਾ ਨਿਰਮਾਣ ਇਸਲਾਮਿਕ ਲਹਿਰ ਲਈ ਪਹਿਲੀ ਵੱਡੀ ਜਿੱਤ ਸੀ। ਉਸਮਾਨ ਰਾਜਵੰਸ਼ ਦੀ ਗਿਰਾਵਟ ਤੋਂ ਬਾਅਦ, ਜੋ ਕਿ ਆਖਰੀ ਸੁੰਨੀ ਇਸਲਾਮੀ ਰਾਜਵੰਸ਼ ਸੀ, ਸੰਸਾਰ ਭਰ ਵਿਚ ਮੁਸਲਿਮ ਨੇਤਾਵਾਂ ਨੇ ਠੱਗੇ ਹੋਏ ਅਤੇ ਧਮਕੀ ਵਿਚ ਮਹਿਸੂਸ ਕੀਤਾ। ਪਾਕਿਸਤਾਨ ਦੇ ਨਿਰਮਾਤਾਵਾਂ ਨੇ ਦੱਖਣੀ ਏਸ਼ੀਆ ਦੇ ਮੁਸਲਮਾਨਾਂ ਦੇ ਇਸ ਡਰ ਦਾ ਨਾਜਾਇਜ਼ ਲਾਭ ਉਠਾਇਆ ਕਿ ਇਸਲਾਮ ਨੂੰ ਖਤਰਾ ਹੈ, ਅਤੇ ਪਾਕਿਸਤਾਨ ਦੇ ਉਸਮਾਨ ਰਾਜਵੰਸ਼ ਦੀ ਤਰਜ਼ ‘ਤੇ ਨਿਰਮਾਣ ਲਈ ਅਭਿਆਨ ਚਲਾਇਆ।
ਪਾਕਿਸਤਾਨ ਦੀ ਪੈਨ ਇਸਲਾਮੀ ਮਿਲੀਟੈਂਟ ਸੰਗਠਨਾਂ, ਅਲਕਾਇਦਾ ਤੇ ਆਈæਐਸ਼ ਆਈæ ਐਸ਼ ਜਿਹੀਆਂ ਜਥੇਬੰਦੀਆਂ ਦੀ ਲਗਾਤਾਰ ਹਮਾਇਤ ਇਸ ਦੀ ਨੀਂਹ ਦੀ ਇਸੇ ਵਿਚਾਰਧਾਰਾ ਵਿਚੋਂ ਆਉਂਦੀ ਹੈ। ਉਹ ਕੁਦਰਤੀ ਸਹਿਯੋਗੀ ਹਨ ਜੋ ਉਸੇ ਪੁਰਾਣੇ ਨਿਸ਼ਾਨੇ ਲਈ ਇਕੱਠੇ ਕੰਮ ਕਰ ਰਹੇ ਹਨ: ਇਸਲਾਮੀ ਰਾਜਵੰਸ਼ ਦਾ ਪੁਨਰ ਪ੍ਰਚਲਣ।
ਕਰੀਮਾ ਦਾ ਵਿਚਾਰ ਹੈ ਕਿ ਬਲੋਚਿਸਤਾਨ ਦੇ ਨੇਤਾਵਾਂ ਨੇ 1947 ਵਿਚ ਇਸ ਇਸਲਾਮੀ ਲਹਿਰ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ। ਉਹ ਹੁਣ ਵੀ ਨਾਂਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ ਆਜ਼ਾਦੀ ਗੁਆ ਕੇ ਚੁਕਾਉਣੀ ਪਈ ਹੈ। ਆਜ਼ਾਦੀ ਮੁੜ ਹਾਸਲ ਕਰਨ ਲਈ ਜਦੋਜਹਿਦ ਵਿਚ ਉਨ੍ਹਾਂ ਨੇ ਪਾਕਿਸਤਾਨੀ ਪ੍ਰਭੁਤਾ ਹੇਠ ਹਜ਼ਾਰਾਂ ਕੀਮਤੀ ਜਾਨਾਂ ਗੁਆ ਦਿੱਤੀਆਂ ਹਨ।
ਕਰੀਮਾ ਕਹਿੰਦੀ ਹੈ, ਵਰਨਾ ਬਲੋਚ ਬਹੁਤ ਹੀ ਆਮ, ਸਹਿਜੇ ਹੀ ਅੱਖੋਂ ਪਰੋਖੇ ਕੀਤੇ ਜਾ ਸਕਣ ਵਾਲੇ ਲੋਕ ਹਨ। ਉਹ ਗਿਣਤੀ ਵਿਚ ਬਹੁਤ ਥੋੜ੍ਹੇ ਹਨ ਜੋ ਕਿ ਬਹੁਤ ਵਿਸ਼ਾਲ ਅਸਤਿਕਾਰਸ਼ੀਲ ਜਮੀਨ ‘ਤੇ ਰਹਿਣ ਵਾਲੇ ਹਨ। ਮਨੁੱਖੀ ਸੱਭਿਅਤਾ ਨੂੰ ਉਨ੍ਹਾਂ ਦੀ ਕੋਈ ਬਹੁਤ ਵੱਡੀ ਦੇਣ ਵੀ ਨਹੀਂ ਹੈ। ਉਨ੍ਹਾਂ ਦੀ ਕੋਈ ਬਹੁਤ ਵੱਡੀ ਫੌਜ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਆਧੁਨਿਕ ਹਥਿਆਰ ਹਨ। ਉਹ ਕਿਸੇ ਮਹਾਨ ਪੁਰਸਕਾਰ ਵਿਜੇਤਾ ਹੋਣ ਦੀ ਸ਼ੇਖੀ ਵੀ ਨਹੀਂ ਮਾਰ ਸਕਦੇ। ਉਨ੍ਹਾਂ ਦੇ ਕੋਈ ਖਾਸ ਭੋਜਨ ਵੀ ਨਹੀਂ ਹਨ। ਉਨ੍ਹਾਂ ਦਾ ਜ਼ਿਕਰ ਇਤਿਹਾਸ ਦੀਆਂ ਪੁਸਤਕਾਂ ਵਿਚ ਵੀ ਨਹੀਂ।
ਕਰੀਮਾ ਅੱਗੇ ਕਹਿੰਦੀ ਹੈ ਕਿ ਫਿਰ ਵੀ ਦੋ ਅਜਿਹੀਆਂ ਬਲੋਚ ਖਾਸੀਅਤਾਂ ਹਨ ਜਿਨ੍ਹਾਂ ਕਰਕੇ ਉਸ ਨੂੰ ਆਪਣੇ ਲੋਕਾਂ ‘ਤੇ ਮਾਣ ਹੈ। ਪਹਿਲੀ ਗੱਲ, ਉਹ ਬਹੁਤ ਛੋਟੀ ਕੌਮ ਹਨ ਜੋ ਪਾਕਿਸਤਾਨ, ਈਰਾਨ ਤੇ ਅਫਗਾਨਿਸਤਾਨ ਵਿਚਲੇ ਇਸਲਾਮੀ ਕੱਟੜਵਾਦ ਨਾਲ ਘਿਰੀ ਹੋਈ ਹੈ, ਪ੍ਰੰਤੂ ਉਨ੍ਹਾਂ ਨੇ ਆਪਣੇ ਧਰਮ-ਨਿਰਪੇਖ ਸੁਭਾਅ ਨੂੰ ਦ੍ਰਿੜਤਾ ਨਾਲ ਕਾਇਮ ਰੱਖਿਆ ਹੈ। ਦੂਜੀ ਗੱਲ, ਉਹ ਅਟੱਲ ਰੂਪ ਵਿਚ ਬਿਨਾ ਕੋਈ ਸਮਝੌਤਾ ਕੀਤਿਆਂ ਅਤੇ ਲਗਾਤਾਰ ਆਪਣੀ ਆਜ਼ਾਦੀ ਤੇ ਪਛਾਣ ਲਈ ਆਪਣੇ ਤਾਕਤਵਰ ਦੁਸ਼ਮਣਾਂ ਜਿਵੇਂ ਬਰਤਾਨੀਆ, ਪਾਕਿਸਤਾਨ ਅਤੇ ਈਰਾਨ ਦੇ ਖਿਲਾਫ ਲੜੇ ਹਨ।
ਬ੍ਰਿਟਿਸ਼ ਸਮਰਾਜ ਤੋਂ ਆਜ਼ਾਦੀ ਮਿਲਣ ਦੀ ਗੱਲ ਕਰਦਿਆਂ ਕਰੀਮਾ ਨੇ ਦੱਸਿਆ ਕਿ 70 ਸਾਲ ਪਹਿਲਾਂ ਉਨ੍ਹਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਜਲਦੀ ਹੀ ਇਹ ਆਜ਼ਾਦੀ ਉਨ੍ਹਾਂ ਨੇ ਪਾਕਿਸਤਾਨ ਅਤੇ ਉਸ ਦੀ ਇਸਲਾਮਿਕ ਵਿਚਾਰਧਾਰਾ ਨੂੰ ਹਾਰ ਦਿੱਤੀ, ਇਹ ਸੱਚ ਹੈ। ਪ੍ਰੰਤੂ ਉਹ ਫਿਰ ਵੀ ਹੈਰਾਨ ਹੈ ਕਿ ਇਨ੍ਹਾਂ ਸੱਤ ਕਾਲੇ ਦਹਾਕਿਆਂ ਵਿਚ ਕਿਸ ਚੀਜ਼ ਨੇ ਉਨ੍ਹਾਂ ਦੀ ਜਦੋਜਹਿਦ ਨੂੰ ਬਣਾਈ ਰੱਖਿਆ। ਉਨ੍ਹਾਂ ਦੇ ਲੋਕਾਂ ‘ਤੇ ਈਰਾਨ ਅਤੇ ਪਾਕਿਸਤਾਨ ਦੇ ਮਿਲਵੇਂ ਫੌਜੀ ਅਭਿਆਨਾਂ ਦੌਰਾਨ ਬੰਬ ਵਰਸਾਏ ਗਏ, ਉਨ੍ਹਾਂ ਦੇ ਪਿੰਡਾਂ ਦੇ ਪਿੰਡ ਸਾੜ ਦਿੱਤੇ ਗਏ ਅਤੇ ਹਜ਼ਾਰਾਂ ਕਾਰਕੁਨ ਮਾਰ ਦਿੱਤੇ ਗਏ ਜਾਂ ਜੇਲ੍ਹਾਂ ਵਿਚ ਸੁੱਟ ਦਿੱਤੇ ਗਏ। ਉਨ੍ਹਾਂ ਇਹ ਸਭ ਕੁਝ ਇਕੱਲਿਆਂ ਝੇਲਿਆ। ਆਜ਼ਾਦੀ ਅਤੇ ਮਾਨਵੀ ਹੱਕਾਂ ਦੇ ਮੁਦੱਈਆਂ ਨੇ ਉਨ੍ਹਾਂ ਦੀਆਂ ਤਕਲੀਫਾਂ ‘ਤੇ ਕਦੇ ਝਾਤ ਵੀ ਨਹੀਂ ਪਾਈ, ਕੋਈ ਵੀ ਹੱਥ ਮਦਦ ਲਈ ਨਾ ਅਹੁਲਿਆ, ਤੇ ਨਾ ਹੀ ਕਿਸੇ ਨੇ ਅਫਸੋਸ ਦਾ ਕੋਈ ਲਫਜ਼ ਬੋਲਿਆ।
ਕਰੀਮਾ ਨੇ ਹੈਰਾਨੀ ਜ਼ਾਹਰ ਕੀਤੀ, “ਉਹ ਕੀ ਸੀ ਜਿਸ ਨੇ ਉਸ ਦੇ ਲੋਕਾਂ ਨੂੰ ਕੁਕੂਨੂਸ ਵਾਂਗ ਆਪਣੀ ਹੀ ਸੁਆਹ ਵਿਚੋਂ ਫਿਰ ਪੈਦਾ ਹੋਣ ਦਾ ਸਿਲਸਿਲਾ ਜਾਰੀ ਰੱਖਿਆ, ਪ੍ਰੰਤੂ ਉਹ ਜਾਣਦੀ ਹੈ ਕਿ ਹਰ ਲੜਾਈ ਹਾਰ ਜਾਣ ਪਿਛੋਂ, ਹਰ ਜ਼ਖਮ ਸਹਿ ਲੈਣ ਪਿਛੋਂ ਉਨ੍ਹਾਂ ਨੇ ਆਪਣੀ ਆਤਮਾ ਨੂੰ ਅੰਧਕਾਰ ਅੱਗੇ ਨਹੀਂ ਹਾਰਿਆ। ਉਨ੍ਹਾਂ ਨੇ ਗੁਲਾਮੀ ਨੂੰ ਆਪਣੀ ਹੋਣੀ ਵਜੋਂ ਕਬੂਲ ਨਹੀਂ ਕੀਤਾ।”
ਕਰੀਮਾ ਦਾ ਕਹਿਣਾ ਹੈ ਕਿ ਆਲਮੀ ਤਾਕਤਾਂ ਅਤੇ ਕੌਮਾਂਤਰੀ ਸੰਸਥਾਵਾਂ ਸਾਹਵੇਂ ਬਲੋਚਾਂ ਦੀ ਸ਼ਾਇਦ ਕੋਈ ਅਹਿਮੀਅਤ ਨਹੀਂ ਹੈ; ਇਸੇ ਲਈ ਉਨ੍ਹਾਂ ਨੇ ਸਾਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਹੈ। ਲੱਗ ਸਕਦਾ ਹੈ ਕਿ ਲੋਕ ਬਲੋਚਿਸਤਾਨ ਦੀ ਆਜ਼ਾਦੀ ਲਈ ਲੜ ਰਹੇ ਹਨ, ਪ੍ਰੰਤੂ ਅਸਲ ਵਿਚ ਉਹ ਇਸ ਵਿਚਾਰਧਾਰਾ ਲਈ ਲੜ ਰਹੇ ਹਨ ਕਿ ਸਭ ਮਰਦ-ਔਰਤਾਂ ਨੂੰ ਆਜ਼ਾਦੀ ਦਾ ਹੱਕ ਹੈ।
ਕਰੀਮਾ ਦਾ ਖਿਆਲ ਹੈ, “ਜੇ ਤੁਸੀਂ ਹਿੰਸਾ ਉਤੇ ਪਾਕਿਸਤਾਨ ਦੀ ਇਜ਼ਾਰੇਦਾਰੀ ਮੰਨਦੇ ਹੋ ਅਤੇ ਮੂਕ ਦਰਸ਼ਕਾਂ ਵਾਂਗ ਉਸ ਦੇ ਲੋਕਾਂ ਦਾ ਹੋ ਰਹੀ ਨਸਲਕੁਸ਼ੀ ਦੇਖਦੇ ਰਹਿੰਦੇ ਹੋ, ਕਿਉਂਕਿ ਤੁਸੀਂ ਸੋਚਦੇ ਹੋ ਕਿ ਤਾਕਤਵਰ ਧਿਰ ਕਮਜ਼ੋਰ ਲੋਕਾਂ ਦੇ ਮੌਲਿਕ ਮਾਨਵੀ ਹੱਕਾਂ ਦੀ ਉਲੰਘਣਾ ਕਰ ਸਕਦੀ ਹੈ, ਤਾਂ ਤੁਸੀਂ ਮਾਨਵੀ ਨਸਲ ਦੀ ਮਦਦ ਨਹੀਂ ਕਰ ਰਹੇ। ਵਿਗਿਆਨ ਤੇ ਮਾਨਵੀ ਸੱਭਿਅਤਾ ਦੇ ਖੇਤਰ ‘ਚ ਸਭ ਪ੍ਰਾਪਤੀਆਂ ਦੇ ਬਾਵਜੂਦ ਤੁਸੀਂ ਮਨੁੱਖ ਜਾਤੀ ਦੀ ਮਦਦ ਨਹੀਂ ਕਰ ਰਹੇ। ਜੇ ਤੁਸੀਂ ਤਾਕਤਵਰ ਨੂੰ ਇਹ ਆਗਿਆ ਦਿੰਦੇ ਹੋ ਕਿ ਉਹ ਕਮਜ਼ੋਰ ਨੂੰ ਪ੍ਰੇਸ਼ਾਨ ਕਰੇ ਅਤੇ ਮਿਟਾ ਦੇਵੇ, ਤੁਸੀਂ ਇੱਕ ਹੋਰ ਔਸ਼ਵਿਸ (ਦੂਜੇ ਸੰਸਾਰ ਯੁੱਧ ਸਮੇਂ ਪੋਲੈਂਡ ਦੇ ਔਸ਼ਵਿਸ ਕਸਬੇ ਨੇੜੇ ਨਾਜ਼ੀਆਂ ਵੱਲੋਂ ਬਣਾਇਆ ਤਸੀਹਾ ਕੇਂਦਰ) ਵਾਪਰਨ ਦੀ ਆਗਿਆ ਦੇ ਰਹੇ ਹੋ।”
ਉਹ ਕਹਿੰਦੀ ਹੈ, ਜੇ ਤੁਸੀਂ ਯਾਜ਼ਿਦੀ ਔਰਤਾਂ ਅਤੇ ਬੱਚਿਆਂ ਦੀ ਗੁਲਾਮ ਮੰਡੀਆਂ ਵਿਚ ਵਿਕਰੀ ‘ਤੇ ਚੁੱਪ ਰਹਿੰਦੇ ਹੋ, ਤਾਂ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਇਹ ਉਥੇ ਬੰਦ ਹੋ ਜਾਵੇਗੀ। ਬਿਨਾ ਕਿਸੇ ਅਹਿਮੀਅਤ ਇਨ੍ਹਾਂ ਦੂਰ ਵਸੀਆਂ ਧਰਤੀਆਂ ‘ਤੇ ਇਹ ਸਮੂਹਕ ਕਬਰਾਂ, ਇਹ ਨਸਲਕੁਸ਼ੀ ਅਤੇ ਹਮਲੇ ਤੁਹਾਡੇ ਘਰਾਂ ਦੀ ਸ਼ਾਂਤੀ ਵਿਚ ਤੁਹਾਡੀ ਜ਼ਿੰਦਗੀ ਵਿਚ ਵੀ ਇਨ੍ਹਾਂ ਦਿਨਾਂ ਵਿਚ ਰੇਂਗਣਗੇ। ਬੇਇਨਸਾਫੀ ਦੀ ਘਟਨਾ ਵਿਚ ਕੋਈ ਮੂਕ ਦਰਸ਼ਕ ਨਹੀਂ ਹੁੰਦੇ। ਡੈਜ਼ਮੰਡ ਟੂਟੂ ਨੇ ਕਿਹਾ ਹੈ, ‘ਜੇ ਤੁਸੀਂ ਬੇਇਨਸਾਫੀ ਦੇ ਹਾਲਾਤ ‘ਚ ਨਿਰਪੱਖ ਰਹਿੰਦੇ ਹੋ, ਤਾਂ ਤੁਸੀਂ ਜ਼ਾਲਮ ਦਾ ਪੱਖ ਚੁਣਿਆ ਹੈ।’
ਆਜ਼ਾਦ ਕਹੇ ਜਾਂਦੇ ਸੰਸਾਰ ਦੀ ਬੇਰੁਖੀ ਕਾਰਨ ਪਾਕਿਸਤਾਨ ਅਤੇ ਉਸ ਦੀ ਕੱਟੜਪੰਥੀ ਫੌਜ ਦੇ ਹੱਥਾਂ ਵਿਚ ਆਪਣੇ ਲੋਕਾਂ ਦੀ ਉਤਰਜੀਵਤਾ ਲਈ ਚਿੰਤਤ ਕਰੀਮਾ ਇਹ ਤੱਥ ਦੁਹਰਾਉਂਦੀ ਹੈ ਕਿ 70 ਸਾਲ ਪਹਿਲਾਂ ਜੋ ਆਜ਼ਾਦੀ ਉਨ੍ਹਾਂ ਅੰਗਰੇਜ਼ਾਂ ਤੋਂ ਹਾਸਿਲ ਕੀਤੀ ਸੀ, ਉਹ ਫਿਰ ਪਾਕਿਸਤਾਨ ਤੋਂ ਹਾਸਿਲ ਕਰਨਗੇ। ਉਹ ਕੁਕੂਨੂਸਾਂ ਦੀ ਕੌਮ ਹਨ। ਪਾਕਿਸਤਾਨ ਤੋਂ ਆਜ਼ਾਦੀ ਮੁੜ ਹਾਸਿਲ ਕਰਨ ਲਈ ਉਹ ਹਰ ਵਾਰ ਆਪਣੀ ਸੁਆਹ ਵਿਚੋਂ ਉਠਣਗੇ। ਇਹ ‘ਆਜ਼ਾਦ ਸੰਸਾਰ’ ‘ਤੇ ਮੁਨੱਸਰ ਹੈ ਕਿ ਇਹ ਕਿੰਨੀ ਵਾਰ ਉਨ੍ਹਾਂ ਨੂੰ ਸੁਆਹ ਹੁੰਦੇ ਦੇਖਣਾ ਚਾਹੁੰਦਾ ਹੈ, ਕਦੋਂ ਤੱਕ ਉਨ੍ਹਾਂ ਦੇ ਕਤਲੇਆਮ ਨੂੰ ਖਾਮੋਸ਼ ਹੋ ਕੇ ਤੱਕਦਾ ਰਹਿੰਦਾ ਹੈ। ਉਨ੍ਹਾਂ ਦਾ ਆਜ਼ਾਦ ਬਲੋਚਿਸਤਾਨ ਇੱਕ ਜਮੂਹਰੀ ਅਤੇ ਧਰਮ-ਨਿਰਪੱਖ ਸਟੇਟ ਹੋਵੇਗਾ।
ਕਰੀਮਾ ਬਲੋਚ ਦੀ ਆਪਣੇ ਲੋਕਾਂ ਦੀ ਕੁਕੂਨੂਸ ਨਾਲ ਇਸ ਤਸ਼ਬੀਹ ਤੋਂ ਮੈਨੂੰ 18ਵੀਂ ਸਦੀ ਵਿਚ ਮੀਰ ਮੰਨੂ ਵੱਲੋਂ ਸਿੱਖਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਵੇਲੇ ਸਿੰਘਾਂ ਦਾ ਇੱਕ ਬੋਲਾ ਯਾਦ ਆ ਗਿਆ ਹੈ ਜੋ ਉਹ ਹੱਸ ਕੇ ਦੁਹਰਾਉਂਦੇ ਸਨ, ‘ਮੰਨੂ ਸਾਡੀ ਦਾਤਰੀ ਤੇ ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ।’ ਸੋਏ ਸੌਂਫ ਦੀ ਜਾਤ ਦੇ ਹੀ ਬੀਜ ਹੁੰਦੇ ਹਨ ਜੋ ਆਮ ਤੌਰ ‘ਤੇ ਬਰਸੀਮ ਦੀਆਂ ਵੱਟਾਂ ‘ਤੇ ਬੀਜੇ ਹੁੰਦੇ ਹਨ। ਇਨ੍ਹਾਂ ਨੂੰ ਜਿਵੇਂ ਜਿਵੇਂ ਵੱਢੀ ਜਾਉ ਇਹ ਹੋਰ ਵੱਧ ਉਗਦੇ ਰਹਿੰਦੇ ਹਨ।
ਧਰਮ ਨਿਰਪੱਖਤਾ ਤੇ ਜਮੂਹਰੀਅਤ ਮਾਨਵੀ ਕੀਮਤਾਂ ਦੇ ਹਮਦਰਦ ਪਾਕਿਸਤਾਨੀ ਪਿਛੋਕੜ ਦੇ ਕੈਨੇਡੀਅਨ ਲੇਖਕ ਅਤੇ ਕਾਲਮਨਿਸਟ ਜਨਾਬ ਤਾਰਕ ਫਤਿਹ, ਜੋ ਕਿ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਦੱਸਿਆ ਕਿ ਪਾਕਿਸਤਾਨ ਲਗਾਤਾਰ ਬਲੋਚਾਂ ਨੂੰ ਖੂੰਜੇ ਲਾ ਰਿਹਾ ਹੈ। ਉਸ ਨੇ ਬਲੋਚਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਡੇਰਾ ਗਾਜ਼ੀਖਾਨ ਨੂੰ ਪਾਕਿਸਤਾਨੀ ਪੰਜਾਬ ਵਿਚ ਮਿਲਾ ਲਿਆ ਹੈ। ਪਾਕਿਸਤਾਨ ਵਿਚ ਅੱਜ ਕੱਲ ਬਹੁਤ ਸਾਰੇ ਲੋਕ ਆਪਣੇ ਨਾਂ ਪਿੱਛੇ ਬਲੋਚ ਲਾ ਰਹੇ ਹਨ ਜੋ ਅਸਲ ਵਿਚ ਪੰਜਾਬੀ ਹਨ।
ਜਨਾਬ ਤਾਰਿਕ ਫਤਿਹ ਨੇ ਇਹ ਵੀ ਖੁਲਾਸਾ ਕੀਤਾ ਕਿ ਪਾਕਿਸਤਾਨੀ ਪੰਜਾਬੀ ਆਪਣੀ ਮਾਂ-ਬੋਲੀ ਪੰਜਾਬੀ ਨੂੰ ਭੁਲਾ ਕੇ ਉਰਦੂ ਨੂੰ ਆਪਣੀ ਮਾਂ ਬੋਲੀ ਦੱਸ ਰਹੇ ਹਨ ਤੇ ਬਾਕੀ ਪਾਕਿਸਤਾਨੀਆਂ ‘ਤੇ ਵੀ ਠੋਸ ਰਹੇ ਹਨ, ਜਦ ਕਿ ਉਰਦੂ ਯੂæਪੀæ-ਬਿਹਾਰ ਤੋਂ ਹਿਜਰਤ ਕਰ ਕੇ ਪਾਕਿਸਤਾਨ ਵਿਚ ਆਏ ਥੋੜ੍ਹੇ ਜਿਹੇ ਲੋਕਾਂ ਦੀ ਬੋਲੀ ਹੈ। ਉਨ੍ਹਾਂ ਅਨੁਸਾਰ ਪਾਕਿਸਤਾਨ ਬਲੋਚਿਸਤਾਨ ਦੇ ਕੁਦਰਤੀ ਸ੍ਰੋਤਾਂ ਨੂੰ ਖਤਮ ਕਰ ਰਿਹਾ ਹੈ ਅਤੇ ਹੁਣ ਚੀਨ ਵੀ ਗਵਾਦਰ ਪੋਰਟ ਖੋਲ੍ਹ ਕੇ ਇਸ ਲੁੱਟ ਵਿਚ ਸ਼ਾਮਲ ਹੋ ਗਿਆ ਹੈ।