ਕਿਉਂ ਇਤਨੇ ਪਰੇਸ਼ਾਂ ਹੈਂ ਸ਼ੀਸ਼ੇ ਕੇ ਮਕਾਂ ਵਾਲੇ

ਪ੍ਰੋ: ਕੁੰਵਰਪਾਲ ਸਿੰਘ
ਅਨੁਵਾਦ: ਕੇਹਰ ਸ਼ਰੀਫ

ਰਾਹੀ ਮਾਸੂਮ ਰਜ਼ਾ ਦਾ ਸਾਰਾ ਸਾਹਿਤ ਹਿੰਦੁਸਤਾਨੀ ਸੱਭਿਅਤਾ ਅਤੇ ਸੱਭਿਆਚਾਰ ਦੀ ਸਾਂਝੀ ਵਿਰਾਸਤ ਦਾ ਸਾਹਿਤ ਹੈ। ਰਾਹੀ ਸਦਾ ਹੀ ਉਨ੍ਹਾਂ ਤਾਕਤਾਂ ਅਤੇ ਪ੍ਰਵਿਰਤੀਆਂ ਦਾ ਵਿਰੋਧ ਕਰਦੇ ਰਹੇ ਜੋ ਸਾਡੀ ਏਕਤਾ ਨੂੰ ਧਰਮ, ਫਿਰਕੇ, ਖੇਤਰ ਅਤੇ ਭਾਸ਼ਾ ਦੇ ਨਾਮ ਉਤੇ ਵੰਡਣ ਦਾ ਯਤਨ ਕਰਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਨਵੇਂ ਸਮਾਜ ਦੀ ਧੜਕਣ ਨੂੰ ਵੀ ਬੋਲ ਅਤੇ ਸ਼ਬਦ ਦਿੱਤੇ। ਜਗੀਰਦਾਰੀ ਅਤੇ ਪੂੰਜੀਵਾਦੀ ਸਮਾਜ ਜੀਵਨ ਸ਼ਕਤੀ ਗੁਆ ਚੁਕਾ ਹੈ। ਇਸ ਕੋਲ ਸਮਾਜ ਨੂੰ ਦੇਣ ਵਾਸਤੇ ਕੋਈ ਭਵਿੱਖ ਨਹੀਂ ਹੈ। ਇਹ ਵਰਤਮਾਨ ਨੂੰ ਵੀ ਗੰਗਾ ਦੀ ਤਰ੍ਹਾਂ ਪ੍ਰਦੂਸ਼ਿਤ ਕਰ ਰਿਹਾ ਹੈ। ਰਾਹੀ ਨੇ ਆਪਣੀਆਂ ਕਵਿਤਾਵਾਂ, ਲੇਖਾਂ ਅਤੇ ਨਾਵਲਾਂ ਵਿਚ ਭਾਰਤ ਦੇ ਇਸ ਦੁਖਾਂਤ ਦਾ ਚਿਤਰਣ ਕੀਤਾ ਹੈ।

ਆਪਣੇ ਪ੍ਰਸਿੱਧ ਨਾਵਲ ‘ਆਧਾ ਗਾਂਵ’ ਵਿਚ ਰਾਹੀ ਨੇ ਇਹ ਸਪਸ਼ਟ ਕੀਤਾ ਕਿ ਧਰਮ ਰਾਸ਼ਟਰ ਨਹੀਂ ਹੁੰਦਾ, ‘ਇਸਲਾਮ ਇਕ ਧਰਮ ਹੈ ਪਰ ਰਾਸ਼ਟਰ ਨਹੀਂ।’ ਕੌਮ ਅਤੇ ਧਰਮ ਨੂੰ ਇਕ ਸਮਝਣਾ ਇਤਿਹਾਸ ਵਿਰੋਧੀ ਪ੍ਰਵਿਰਤੀ ਜਾਂ ਝੂਠੀ ਚੇਤਨਾ ਹੈ। ਇਸ ਦੇ ਆਧਾਰ ‘ਤੇ ਜੋ ਵੀ ਰਾਜਨੀਤੀ ਕੀਤੀ ਜਾਵੇਗੀ, ਉਸ ਦੇ ਮਨੁਖਤਾ ਵਿਰੋਧੀ ਅਤੇ ਭੈੜੇ ਸਿੱਟੇ ਹੀ ਨਿਕਲਣਗੇ।
ਰਾਹੀ ਨੇ 1964 ਵਿਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ਦੀ ਬੁਨਿਆਦ ਇਤਿਹਾਸ ਦੀ ਧਾਰਾ ਦੇ ਵਿਰੋਧ ਵਿਚ ਰੱਖੀ ਗਈ ਸੀ, ਇਸ ਕਰਕੇ ਇਸ ਦਾ ਟੁੱਟਣਾ ਅਟੱਲ ਹੈ। ਉਸ ਸਮੇਂ (1966) ਕਿਸੇ ਨੇ ਵੀ ਰਾਹੀ ਦੇ ਕਹੇ ‘ਤੇ ਯਕੀਨ ਨਹੀਂ ਕੀਤਾ ਸੀ ਅਤੇ ਕੁਝ ਲੋਕਾਂ ਨੇ ਤਾਂ ਇਸ ਦੀ ਅੰਨੀ ਰਾਸ਼ਟਰ ਭਗਤੀ ਨਾਲ ਤੁਲਨਾ ਕੀਤੀ ਸੀ। 1971 ਵਿਚ ਜਦੋਂ ਬੰਗਲਾ ਦੇਸ਼ ਦਾ ਮੁਕਤੀ ਸੰਗਰਾਮ ਸ਼ੁਰੂ ਹੋਇਆ, ਉਦੋਂ ਰਾਹੀ ਬਹੁਤ ਖੁਸ਼ ਸਨ। ਉਨ੍ਹਾਂ ਨੇ ਇਕ ਖਤ ਵਿਚ ਮੈਨੂੰ ਲਿਖਿਆ, “ਦੇਖਿਉ, ਪਾਕਿਸਤਾਨ ਦੇ ਉਰਦੂ ਭਾਸ਼ੀ ਲੋਕ ਵੱਖਰੇ ਮੁਲਕ ਦੀ ਮੰਗ ਕਰਨਗੇ ਅਤੇ ਇਹ ਕਹਿਣਗੇ ਕਿ ਅਸੀਂ ਤਾਂ ਪਾਕਿਸਤਾਨ ਦੀ ਪੰਜਵੀਂ ਕੌਮੀਅਤ ਹਾਂ। ਇਤਿਹਾਸ ਸਭ ਨੂੰ ਸਬਕ ਸਿਖਾਉਂਦਾ ਹੈ। ਪਾਕਿਸਤਾਨ ਦੇ ਉਰਦੂ ਭਾਸ਼ੀ ਲੋਕ ਜਿਨ੍ਹਾਂ ਨੇ ਕੌਮ ਅਤੇ ਧਰਮ ਨੂੰ ਰਲਗਡ ਕੀਤਾ ਹੈ, ਆਪਣੇ ਹੀ ਬਣਾਏ ਹੋਏ ਸਵਰਗ ਵਿਚ ਅਜਨਬੀ ਸ਼ਰਨਾਰਥੀਆਂ ਵਾਂਗ ਰਹਿਣਗੇ।”
ਰਾਹੀ ਦੀਆਂ ਦੋਵੇਂ ਗੱਲਾਂ ਸੱਚ ਸਾਬਤ ਹੋਈਆਂ। ਇਤਿਹਾਸ ਨੇ ਭੁੱਲ ਨੂੰ ਸੋਧਿਆ। ਬੰਗਲਾ ਦੇਸ਼ ਦਾ ਆਧਾਰ ਬੰਗਾਲੀ ਕੌਮੀਅਤ ਸੀ, ਇਸਲਾਮ ਨਹੀਂ ਸੀ। ਪਾਕਿਸਤਾਨ ਦੇ ਉਰਦੂ ਭਾਸ਼ੀ ਲੋਕ, ਜਿਨ੍ਹਾਂ ਨੇ ਕਦੀ ਧਰਮ ਦੇ ਆਧਾਰ ‘ਤੇ ਕੌਮ ਦੇ ਭਵਨ ਦਾ ਨਿਰਮਾਣ ਕੀਤਾ ਸੀ, ਅੱਜ ਮੁਹਾਜ਼ਿਰ ਬਣ ਕੇ ਉਰਦੂ ਭਾਸ਼ਾ ਅਤੇ ਆਪਣੇ ਸੱਭਿਆਚਾਰ ਦੀ ਰਾਖੀ ਦੀ ਮੰਗ ਕਰ ਰਹੇ ਹਨ। ਸਿੰਧੀ ਅਤੇ ਪਖਤੂਨ ਵੀ ਆਪਣੀ ਭਾਸ਼ਾ ਅਤੇ ਸੱਭਿਆਚਾਰ ਦੀ ਰੱਖਿਆ ਕਰਨ ਦੀ ਦੁਹਾਈ ਦੇ ਰਹੇ ਹਨ।
‘ਦਿਲ ਏਕ ਸਾਦਾ ਕਾਗਜ਼’ (1976) ਵਿਚ ਰਾਹੀ ਨੇ ਇਨ੍ਹਾਂ ਸੱਭਿਆਚਾਰਕ ਸਵਾਲਾਂ ਉਤੇ ਵਿਸਥਾਰ ਨਾਲ ਚਰਚਾ ਕੀਤੀ ਹੈ। ਸੱਭਿਆਚਾਰਕ ਸਵਾਲਾਂ ਨੂੰ ਉਹ ਬਹੁਤ ਗੰਭੀਰਤਾ ਨਾਲ ਵਿਚਾਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਸੱਭਿਆਚਾਰ ਕਦੇ ਵੀ ਫਿਰਕਾਪ੍ਰਸਤ ਨਹੀਂ ਹੁੰਦਾ। ਧਰਮ ਅਤੇ ਰਾਜਨੀਤੀ ਦੇ ਧੰਦੇ ਦਾ ਰਾਹੀ ਨੇ ਆਪਣੇ ਖਤਾਂ, ਲੇਖਾਂ ਅਤੇ ਨਾਵਲਾਂ ਵਿਚ ਖੁੱਲ੍ਹ ਕੇ ਮਜ਼ਾਕ ਉਡਾਇਆ ਹੈ। ਉਨ੍ਹਾਂ ਨੇ ਇਕ ਥਾਂ ਲਿਖਿਆ ਹੈ, “ਆਧੁਨਿਕ ਭਾਰਤ ਅੰਦਰ ਇਹ ਤੈਅ ਕਰਨਾ ਮੁਸ਼ਕਿਲ ਹੈ ਕਿ ਧਰਮ ਵੱਡਾ ਵਪਾਰ ਹੈ ਜਾਂ ਰਾਜਨੀਤੀ, ਪ੍ਰੰਤੂ ਦੋਹਾਂ ਵਪਾਰਾਂ ਵਿਚ ਪੈਸਾ, ਸਮਗਲਿੰਗ ਤੋਂ ਵੀ ਵੱਧ ਹੈ। ਇਸੇ ਕਰਕੇ ਜਿਸ ਨੂੰ ਦੇਖੋ, ਉਹ ਹੀ ਰਾਜਨੀਤੀ ਅਤੇ ਧਰਮ ਦੇ ਧੰਦੇ ਵਿਚ ਜਾਣ ਵਾਸਤੇ ਕਾਹਲਾ ਹੈ।”
ਰਾਹੀ ਅਜੋਕੇ ਸਿਆਸਤਦਾਨਾਂ ਦੀਆਂ ਨਿਜਵਾਦੀ ਪ੍ਰਵਿਰਤੀਆਂ ਅਤੇ ਪਰਿਵਾਰਵਾਦ ਦੀ ਨਿੰਦਾ ਕਰਦੇ ਹਨ। ਸਾਡੇ ਸਿਆਸੀ ਨੇਤਾ ਸਿਰਫ ਅੱਜ ਵਿਚ ਜਿਉਂਦੇ ਹਨ, ਦੇਸ਼ ਦੇ ਭਵਿੱਖ ਦਾ ਉਨ੍ਹਾਂ ਕੋਲ ਕੋਈ ਨਕਸ਼ਾ ਨਹੀਂ ਹੈ। ਪਰਿਵਾਰਵਾਦ, ਜਗੀਰਦਾਰੀ ਦੀ ਪਹਿਲੀ ਪਛਾਣ ਹੈ। ਇਹ ਲੋਕਤੰਤਰ ਵਿਰੋਧੀ ਹੈ ਪਰ ਸਾਡੇ ਕੌਮੀ ਅਤੇ ਸੂਬਾਈ ਨੇਤਾ ਆਪਣੇ ਧੀਆਂ-ਪੁੱਤਾਂ ਨੂੰ ਆਪਣੇ ਜਿਉਂਦੇ ਜੀਅ ਹੀ ਜਾਨਸ਼ੀਨ ਬਣਾਉਣ ਵਿਚ ਲੱਗੇ ਹੋਏ ਹਨ। ਕੁਝ ਨੇਤਾਵਾਂ ਦਾ ਪਤਨੀ ਪ੍ਰੇਮ ਵੀ ਕੁਝ ਜ਼ਿਆਦਾ ਹੀ ਵਧ ਗਿਆ ਹੈ। ਭ੍ਰਿਸ਼ਟਾਚਾਰ ਦਾ ਇਕ ਕਾਰਨ ਪਰਿਵਾਰ ਤੰਤਰ ਵੀ ਹੈ। ਅੱਜ ਤੱਕ ਕਿਸੇ ਮਹਾਨ ਰਚਨਾਕਾਰ ਦਾ ਪੁੱਤਰ ਜਾਂ ਧੀ ਪਿਉ ਦੇ ਮੋਢਿਆਂ ‘ਤੇ ਚੜ੍ਹ ਕੇ ਵੱਡਾ ਲੇਖਕ ਨਹੀਂ ਬਣਿਆ। ਪ੍ਰੇਮ ਚੰਦ, ਇਕਬਾਲ, ਮਕਬੂਲ ਫਿਦਾ ਹੁਸੈਨ-ਇਸ ਦੀਆਂ ਮਿਸਾਲਾਂ ਹਨ। ਵਿਗਿਆਨ ਦੇ ਖੇਤਰ ਵਿਚ ਵੀ ਇਹ ਧਾਂਦਲੀ ਨਹੀਂ ਚੱਲਦੀ। ਇਹ ਕੰਮ ਤਾਂ ਵਪਾਰ ਅਤੇ ਰਾਜਨੀਤੀ ਵਿਚ ਹੀ ਸੰਭਵ ਹੈ। ਇਹ ਨਵੀਂ ਕਿਸਮ ਦਾ ਪ੍ਰੋਹਿਤਵਾਦ ਹੈ। ਰਾਹੀ ਦੁਖੀ ਹੋ ਕੇ ਕਹਿੰਦੇ ਹਨ ਕਿ ਆਧੁਨਿਕ ਯੁੱਗ ਵਿਚ ਮੱਧ ਯੁੱਗ ਆਇਆ ਹੈ, Ḕਰਾਜੇ ਦਾ ਪੁੱਤ ਰਾਜਾ, ਮੰਤਰੀ ਦਾ ਪੁੱਤ ਮੰਤਰੀ, ਪ੍ਰਧਾਨ ਮੰਤਰੀ ਦਾ ਪੁੱਤ ਪ੍ਰਧਾਨ ਮੰਤਰੀ।Ḕ
ਰਾਹੀ ਨੂੰ ਆਪਣੇ ਹਿੰਦੁਸਤਾਨੀ ਹੋਣ ਦਾ ਬਹੁਤ ਮਾਣ ਸੀ। ਉਹਨੇ ਇਕ ਖਤ ਅਡਵਾਨੀ ਨੂੰ ਲਿਖਿਆ ਸੀ, “ਅਡਵਾਨੀ ਜੀ, ਤੁਸੀਂ ਪਾਕਿਸਤਾਨੀ ਹੋ (ਪਾਕਿਸਤਾਨ ਬਣਨ ਮਗਰੋਂ ਸਿੰਧ ਤੋਂ ਭਾਰਤ ਆਏ ਸਨ) ਮੇਰੇ ਬਾਪ-ਦਾਦਾ ਸ਼ੁੱਧ ਗੰਗਾ ਦੇ ਕੰਢੇ ਰਹਿਣ ਵਾਲੇ ਹਨ। ਮੇਰੀ ਪਹਿਚਾਣ ਇਕ ਹਿੰਦੁਸਤਾਨੀ ਮੁਸਲਮਾਨ ਦੀ ਹੈ।”
ਰਾਹੀ ਗੰਗਾ ਨੂੰ ਸਦਾ ਹੀ ਦੂਜੀ ਮਾਂ ਮੰਨਦੇ ਸਨ। ਇਕ ਮਾਂ ਉਹ ਜਿਸ ਨੇ ਪੈਦਾ ਕੀਤਾ, ਦੂਸਰੀ ਗੰਗਾ। ਉਸ ਨੇ ਵਸੀਅਤ ਕੀਤੀ ਸੀ (ਜੋ ਪੂਰੀ ਨਹੀਂ ਹੋਈ) ਗੰਗਾ ਦੇ ਇਸ ਪੁੱਤਰ ਨੂੰ ਮੌਤ ਤੋਂ ਬਾਅਦ ਉਸ ਦੀ ਹੀ ਗੋਦ ਵਿਚ ਸੁਆ ਦੇਣਾ, ਉਹ ਮੇਰੀ ਮਾਂ ਹੈ, ਉਹ ਮੇਰੇ ਸਰੀਰ ਦਾ ਜ਼ਹਿਰ ਪੀ ਲਵੇਗੀ। ਪਰ ਸ਼ਾਇਦ ਵਤਨ ਤੋਂ ਦੂਰ ਇੰਨੀ ਦੂਰ ਮੌਤ ਆਵੇ, ਜਿੱਥੋਂ ਮੈਨੂੰ ਗਾਜ਼ੀਪੁਰ ਲੈ ਜਾਣਾ ਸੰਭਵ ਨਾ ਹੋਵੇ, ਤਾਂ ਫੇਰ ਮੈਨੂੰ, ਜੇ ਉਸ ਸ਼ਹਿਰ ਵਿਚ ਕੋਈ ਛੋਟੀ ਜਿਹੀ ਕੋਈ ਨਦੀ ਵੀ ਵਗਦੀ ਹੋਵੇ, ਉਸ ਦੀ ਗੋਦ ਵਿਚ ਸੁਆ ਕੇ ਉਸ ਨੂੰ ਕਹਿ ਦੇਣਾ ਕਿ ਇਹ ਗੰਗਾ ਦਾ ਪੁੱਤਰ ਅੱਜ ਤੇਰੇ ਹਵਾਲੇ ਹੈ।
ਰਾਹੀ ਨੂੰ ਇਹ ਵਿਚਾਰ ਬਹੁਤ ਦੁਖੀ ਕਰਦਾ ਕਿ ਕਾਲਜਾਂ, ਯੂਨੀਵਰਸਿਟੀਆਂ ਦੀ ਗਿਣਤੀ ਵਧ ਰਹੀ ਹੈ ਪ੍ਰੰਤੂ ਤਰਕ ਅਤੇ ਬੁੱਧੀ ਗਾਇਬ ਹੋ ਰਹੇ ਹਨ। ਬਹੁਗਿਣਤੀ ਦੇ ਵਿਚਾਰ, ਉਹ ਵੀ ਦਲੀਲ ਰਹਿਤ ਕਿਸੇ ਘੱਟ ਗਿਣਤੀ ‘ਤੇ ਨਹੀਂ ਥੋਪੇ ਜਾ ਸਕਦੇ। ਰਾਹੀ ਸਪਸ਼ਟ ਕਰਦੇ ਹਨ ਕਿ ਸਭ ਤੋਂ ਵੱਡਾ ਹੈ ਦੇਸ਼, ਉਸ ਦੀ ਏਕਤਾ, ਆਪਸੀ ਮਿਲਵਰਤਣ ਅਤੇ ਭਾਈਚਾਰਾ। ਇਸ ਦੇ ਰਾਸਤੇ ਵਿਚ ਆਉਂਦੀਆਂ ਰੁਕਾਵਟਾਂ ਨੂੰ ਹਟਾਉਣ ਵਿਚ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ। ਉਹ ਲੇਖਕ ਦੀ ਪ੍ਰਤੀਬੱਧਤਾ ਦਾ ਸਵਾਲ ਉਠਾਉਂਦੇ ਹਨ ਅਤੇ ਉਹਦੇ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਕਰਨ ਦਾ ਦਮ ਭਰਦੇ ਹਨ, “ਤੁਹਾਨੂੰ ਮੰਦਿਰ, ਮਸਜਿਦ ਬਣਾਉਣ ਦਾ ਹੱਕ ਹੈ ਤਾਂ ਮੈਨੂੰ ਵੀ ਇਹ ਹੱਕ ਹੈ ਕਿ ਜਿਹੜੇ ਧਾਰਮਿਕ ਸਥਾਨ ਦੇਸ਼ ਦੀ ਜਨਤਾ ਨੂੰ ਵੰਡਦੇ ਹੋਣ, ਉਹ ਭਾਵੇਂ ਮੰਦਿਰ ਹੋਵੇ ਜਾਂ ਮਸਜਿਦ, ਮੈਂ ਉਨ੍ਹਾਂ ਨੂੰ ਢਾਹੁਣ ਦੀ ਗੱਲ ਕਰਾਂ।”
ਮੁਸਲਿਮ ਸੱਭਿਆਚਾਰ ਕੀ ਹੈ? ਇਹ ਸੈਮਟਿਕ ਅਰਬੀ ਸੱਭਿਆਚਾਰ ਹੈ ਜਾਂ ਆਰੀਆਈ, ਈਰਾਨੀ ਸੱਭਿਆਚਾਰ ਜਾਂ ਫੇਰ ਦੋਹਾਂ ਦਾ ਮਿਲਗੋਭਾ ਹੈ? ਅਰਬ ਸੱਭਿਆਚਾਰ ਕੁਝ ਸਮੇਂ ਦੇ ਉਠਾਣ ਤੋਂ ਬਾਅਦ ਢਿੱਲ੍ਹਾ ਪੈ ਗਿਆ, ਪ੍ਰੰਤੂ ਉਸ ਦੀ ਚੜ੍ਹਤ ਦੇ ਸਮੇਂ ਵੀ ਈਰਾਨੀ ਸੱਭਿਆਚਾਰ ਦਾ ਉਸ ਉਤੇ ਅਸਰ ਪਿਆ ਸੀ। ਭਾਰਤ ‘ਤੇ ਉਸ ਦਾ ਬਿਲਕੁਲ ਪ੍ਰਭਾਵ ਨਹੀਂ ਪਿਆ। ਈਰਾਨੀ ਸੰਸਕ੍ਰਿਤੀ ਇਸਲਾਮ ਤੋਂ ਪਹਿਲਾਂ ਦੀ ਹੈ ਅਤੇ ਇਹ ਇਤਿਹਾਸ ਦਾ ਇਕ ਵਿਚਾਰਨਯੋਗ ਪ੍ਰਸ਼ਨ ਹੈ ਕਿ ਈਰਾਨੀ ਸੱਭਿਆਚਾਰ ਹਜਾਰਾਂ ਸਾਲਾਂ ਤੋਂ ਆਪਣੀ ਹੋਂਦ ਰੱਖਦਾ ਹੈ। ਬਿਨਾ ਸ਼ੱਕ ਇਸ ਹੀ ਈਰਾਨੀ ਸੱਭਿਆਚਾਰ ਦਾ ਭਾਰਤ ‘ਤੇ ਅਸਰ ਹੋਇਆ ਅਤੇ ਭਾਰਤ ਨੇ ਵੀ ਉਸ ਉਤੇ ਆਪਣਾ ਰੰਗ ਚੜ੍ਹਾਇਆ। ਪਰੰਤੂ ਫੇਰ ਵੀ ਭਾਰਤ ਦਾ ਪ੍ਰਾਚੀਨ ਸੱਭਿਆਚਾਰ ਹੀ ਇਸ ਅੰਦਰ ਪ੍ਰਧਾਨ ਰਿਹਾ ਅਤੇ ਬਾਹਰ ਵਾਲਿਆਂ ‘ਤੇ ਵੀ ਉਸ ਦਾ ਅਸਰ ਹੋਇਆ।
ਜਦੋਂ ਤੋਂ ਧਰਮ ਸੱਤਾ ਤੱਕ ਪਹੁੰਚਣ ਦਾ ਸਾਧਨ ਬਣ ਗਿਆ ਹੈ, ਇਸ ਸਾਂਝੇ ਸੱਭਿਆਚਾਰ ਨੂੰ ਹਾਸ਼ੀਏ ‘ਤੇ ਰੱਖਣ ਦਾ ਹਰ ਪਾਸਿਓਂ ਯਤਨ ਹੋ ਰਿਹਾ ਹੈ। ਅਮੀਰ ਖੁਸਰੋ ਨੂੰ ਇਸਲਾਮ ਦਾ ਅਲੰਬਰਦਾਰ ਅਤੇ ਕਠਮੁੱਲਾ (ਨਕਲੀ ਮੁੱਲਾ) ਸਿੱਧ ਕੀਤਾ ਜਾ ਰਿਹਾ ਹੈ। ਪ੍ਰੇਮ ਦੇ ਗੀਤ ਲਿਖਣ ਵਾਲੇ ਸੂਫੀਆਂ ਨੂੰ ਇਸਲਾਮ ਦੇ ਪ੍ਰਚਾਰਕ ਸਿੱਧ ਕੀਤਾ ਜਾ ਰਿਹਾ ਹੈ। ਜੋ ਦਰਗਾਹਾਂ ਹਿੰਦੂ-ਮੁਸਲਿਮ ਭਾਈਚਾਰਿਆਂ ਵਾਸਤੇ ਮਿਲਣ ਦੇ ਸਥਾਨ ਰਹੇ ਹਨ, ਉਨ੍ਹਾਂ ਬਾਰੇ ਝੂਠੇ ਪ੍ਰਚਾਰ ਦੀ ਲਹਿਰ ਜਾਰੀ ਹੈ। ਹੌਲੀ ਹੌਲੀ ਮੁਸਲਮਾਨ ਲੇਖਕਾਂ ਤੇ ਕਵੀਆਂ ਨੂੰ ਪਾਠਕ੍ਰਮਾਂ ਤੋਂ ਵਿਦਾ ਕੀਤਾ ਜਾ ਰਿਹਾ ਹੈ। ਰਹੀਮ ਅਤੇ ਰਸਖਾਨ ਹੁਣ ਸਾਡੇ ਪਾਠਕ੍ਰਮਾਂ ਵਿਚ ਘੱਟ ਹੀ ਦਿਸਦੇ ਹਨ।
ਰਾਹੀ ਇਸ ਪ੍ਰਵਿਰਤੀ ਤੋਂ ਦੁਖੀ ਹੋ ਕੇ ਸਵਾਲ ਪੁੱਛਦੇ ਹਨ, ਕੀ ਰਸਖਾਨ ਦਾ ਨਾਮ ਕੱਟ ਕੇ ਕ੍ਰਿਸ਼ਨ ਭਗਤੀ-ਕਾਵਿ ਦਾ ਇਤਿਹਾਸ ਲਿਖਿਆ ਜਾ ਸਕਦਾ ਹੈ? ਕੀ ਤੁਲਸੀ ਦੀ ਰਮਾਇਣ ਵਿਚ ਤੁਹਾਨੂੰ ਕਿਧਰੇ ਮੁਗਲ ਦਰਬਾਰ ਦੀਆਂ ਝਲਕੀਆਂ ਵਿਖਾਈ ਨਹੀਂ ਦਿੰਦੀਆਂ? ਕੀ ਤੁਸੀਂ ਅਨੀਸ ਦੇ ਮਰਸੀਏ ਦੇਖੇ? ਦੇਖੇ ਹੋਣਗੇ ਤਾਂ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਇਨ੍ਹਾਂ ਮਰਸੀਆਂ ਵਿਚਲੇ ਪਾਤਰਾਂ ਦੇ ਨਾਮ ਭਾਵੇਂ ਅਰਬੀ ਹੀ ਹੋਣ ਪ੍ਰੰਤੂ ਹਨ ਉਹ ਅਧਵ ਨਗਰੀ ਦੇ ਰਾਜਪੂਤ। ਕੀ ਤੁਸੀਂ ਗਾਲਿਬ ਦਾ ਇਕ ਸ਼ੇਅਰ ਸੁਣਨਾ ਪਸੰਦ ਕਰੋਗੇ:
ਜਲਾ ਹੈ ਜਿਸਮ ਯਹਾਂ ਦਿਲ ਭੀ ਜਲ ਗਿਆ ਹੋਗਾ
ਕੁਰੇਦਤੇ ਹੋ ਅਬ ਰਾਖ ਜੁਸਤਜੂ ਕਿਆ ਹੈ।
ਇਕ ਦਹਾਕਾ ਪਹਿਲਾਂ ਰਾਹੀ ਨੇ ਸ਼ਿਵ ਸੇਨਾ ਦੇ ਦਿਸ਼ਾਹੀਣ ਅਤੇ ਦ੍ਰਿਸ਼ਟੀਹੀਣ ਲੋਕਾਂ ਨੂੰ ਕਿਹਾ ਸੀ, “ਤੁਹਾਨੂੰ ਭਾਰਤੀ ਸੱਭਿਆਚਾਰ ਦਾ ਤਾਂ ਕੀ ਪਤਾ ਹੋਣਾ ਸੀ, ਤੁਹਾਨੂੰ ਤਾਂ ਗਾਲ੍ਹ ਕੱਢਣੀ ਵੀ ਨਹੀਂ ਆਉਂਦੀ। ਤੁਸੀਂ ਲੋਕ ਧੁੱਪ ਦਾ ਅਸਲੀ ਰੰਗ ਦੇਖਣ ਵਾਸਤੇ ਤਿਆਰ ਨਹੀਂ ਹੋ। ਭੁੱਲ ਜਾਓ ਕਿ ਹਿੰਦੁਸਤਾਨ ਸਿਰਫ ਤੁਹਾਡੇ ਵਰਗੇ ਹਿੰਦੂਆਂ ਦਾ ਹੀ ਹੈ। ਇਹ ਮੇਰਾ ਵੀ ਹੈ ਅਤੇ ਇਹ ਕਿਸੇ ਤਰ੍ਹਾਂ ਵੀ ਘੱਟ, ਮੇਰਾ ਨਹੀਂ।”
ਰਾਹੀ ਨੇ ਪੇਸ਼ਕਾਰੀ ਦੇ ਸਾਰੇ ਖਤਰਿਆਂ ਦਾ ਸਾਹਮਣਾ ਕੀਤਾ ਅਤੇ ਬਦਲੇ ਵਿਚ ਭਾਰੀ ਕੀਮਤ ਚੁਕਾਈ। ਅਲੀਗੜ੍ਹ, ਜੋ ਉਨ੍ਹਾਂ ਨੂੰ ਬਹੁਤ ਪਿਆਰਾ ਸੀ, ਉਥੋਂ ਬੇਦਖਲ ਕਰ ਦਿੱਤੇ ਗਏ। ਉਰਦੂ ਵਿਭਾਗ ਦੀ ਨੌਕਰੀ ਖੋਹ ਲਈ ਗਈ। ਬੰਬਈ ਵਿਚ ਪੰਝੀ ਸਾਲ ਪੈਸੇ ਕਮਾਉਣ ਦੀ ਮਸ਼ੀਨ ਬਣੇ ਰਹੇ। ਵਾਰ ਵਾਰ ਉਨ੍ਹਾਂ ਨੂੰ ਅਲੀਗੜ੍ਹ ਯਾਦ ਆਉਂਦਾ। ਉਹ ਸਿੱਖਿਆ ਜਗਤ ਵਿਚ ਦਾਖਲ ਹੋਣ ਦੇ ਚਾਹਵਾਨ ਰਹੇ, ਚਾਹੁੰਦੇ ਸਨ ਕਿ ਉਰਦੂ-ਹਿੰਦੀ ਸਾਹਿਤ ਦਾ ਸਾਂਝਾ ਇਤਿਹਾਸ ਹੋਵੇ। ਹਿੰਦੀ ਪਾਠਕ੍ਰਮ ਵਿਚ ਉਰਦੂ ਦੇ ਉਘੇ ਸਾਹਿਤਕਾਰਾਂ ਦਾ ਸਾਹਿਤ ਪੜ੍ਹਾਇਆ ਜਾਵੇ ਅਤੇ ਉਰਦੂ ਦੇ ਪਾਠਕ੍ਰਮਾਂ ਵਿਚ ਹਿੰਦੀ ਦੇ ਅਹਿਮ ਸਾਹਿਤਕਾਰਾਂ ਦਾ।
ਜਦੋਂ ਅੰਮ੍ਰਿਤ ਲਾਲ ਨਾਗਰ ਹਿੰਦੀ ਸੰਸਥਾਨ ਉਤਰ ਪ੍ਰਦੇਸ਼ ਦੇ ਪ੍ਰਧਾਨ ਸਨ ਤਾਂ ਰਾਹੀ ਨੇ ਉਸ ਨੂੰ ਸਾਂਝੇ ਇਤਿਹਾਸ ਦੀ ਇਕ ਲੰਬੀ ਯੋਜਨਾ ਭੇਜੀ। ਨਾਗਰ ਨੂੰ ਵੀ ਇਸ ਕੰਮ ਵਿਚ ਡੂੰਘੀ ਦਿਲਚਸਪੀ ਸੀ। ਪਰ ਸਾਡੇ ਸਿਆਸਤਦਾਨਾਂ, ਜੋ ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਹਨ, ਨੇ ਰਾਹੀ ਤੇ ਨਾਗਰ ਦੀ ਯੋਜਨਾ ਨੂੰ ਕੋਈ ਹੁੰਗਾਰਾ ਨਾ ਦਿੱਤਾ। ਫੇਰ ਕੁਝ ਸਮੇਂ ਬਾਅਦ ਹੀ ਨਾਗਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਰਾਹੀ ਨੇ ਲਿਖਿਆ, “ਚੰਗੀਆਂ ਗੱਲਾਂ ਕਰਨ ਜਾਂ ਖੂਬਸੂਰਤ ਭਾਸ਼ਾ ਲਿਖਣ ਦਾ ਕੋਈ ਲਾਭ ਨਹੀਂ ਹੈ। ਸਾਡੇ ਸੰਵਿਧਾਨ ਵਿਚ ਲਿਖਿਆ ਹੈ ਕਿ ਭਾਰਤ ਇਕ ਸੈਕੂਲਰ ਡੈਮੋਕਰੇਸੀ ਹੈ, ਪਰ ਸ਼ਿਵ ਸੇਨਾ ਦੇ ਨੇਤਾ ਬਾਲ ਠਾਕਰੇ ਸ਼ਿਵਾ ਜੀ ਪਾਰਕ ਵਿਚ ਮਾਈਕਰੋਫੋਨ ਲਾ ਕੇ ਭਾਰਤੀ ਮੁਸਲਮਾਨਾਂ ਨੂੰ ਵਿਦੇਸ਼ੀ ਦੱਸਦੇ ਹਨ ਅਤੇ ਕਾਂਗਰਸੀ ਮੁੱਖ ਮੰਤਰੀ ਬਿਆਨ ਦੇ ਕੇ ਚੁੱਪ ਕਰ ਜਾਂਦੇ ਹਨ।”
ਇਹ ਰਾਹੀ ਦਾ ਹੀ ਦਿਲ-ਗੁਰਦਾ ਸੀ ਕਿ ਬੰਬਈ ਵਿਚ ਰਹਿ ਕੇ ਠਾਕਰੇ ਅਤੇ ਸ਼ਿਵ ਸੇਨਾ ਵਿਰੁਧ ਦਿੱਲੀ ਦੇ ਅਖਬਾਰਾਂ ਵਿਚ ਹੀ ਨਹੀਂ ਬਲਕਿ ਬੰਬਈ ਦੇ ਰਸਾਲਿਆਂ, ਅਖਬਾਰਾਂ ਵਿਚ ਵੀ ਨਿਡਰ ਹੋ ਕੇ ਆਪਣੀ ਗੱਲ ਕਹੀ। ਉਨ੍ਹਾਂ ਨੇ ਜਿਸ ਸਿਦਕਦਿਲੀ ਨਾਲ ਅਡਵਾਨੀ ਦੀ ਰੱਥ ਯਾਤਰਾ ਦਾ ਵਿਰੋਧ ਕੀਤਾ ਅਤੇ ਕਿਹਾ, “ਕੀ ਤੁਸੀਂ ਭਗਵਾਨ ਸ਼੍ਰੀ ਕ੍ਰਿਸ਼ਨ ਹੋ? ਰੱਥ ‘ਤੇ ਸਵਾਰ ਤਾਂ ਉਹ ਹੀ ਹੁੰਦੇ ਸਨ, ਤੁਸੀਂ ਕਦੋਂ ਕੁ ਤੋਂ ਭਗਵਾਨ ਬਣ ਗਏ ਹੋ?” ਇਸ ਦੇ ਨਾਲ ਹੀ ਰਾਹੀ ਨੇ, Ḕਇਨ੍ਹਾਂ ਨੂੰ ਇਸਲਾਮ ਕੱਟ-ਪੀਸ ਵਿਚ ਚਾਹੀਦੈḔ ਵਿਚ ਲਿਖਿਆ ਸੀ, “ਸਾਡੀ ਸਰਕਾਰ ਨਕਲੀ ਮੁੱਲਾਂਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ, ਉਸ ਵਿਰੁਧ ਕਾਰਵਾਈ ਨਹੀਂ ਕਰਦੀ।”
ਕਾਂਗਰਸ ‘ਚ ਫਿਰਕਾਪ੍ਰਸਤ ਰਾਜਨੀਤੀ ਕਰਨ ਵਾਲੇ ਜੈਡæ ਆਰæ ਅੰਸਾਰੀ, ਮੁਸਲਿਮ ਲੀਗ ਦੇ ਸੁਲੇਮਾਨ ਸੇਠ, ਬਨਾਤਵਾਲਾ ਅਤੇ ਸ਼ਹਾਬੁਦੀਨ ਨੂੰ ਨਕਲੀ ਮੁੱਲਾਂਵਾਦ ਦੇ ਪ੍ਰਤੀਕ ਕਿਹਾ। ਉਨ੍ਹਾਂ ਇਕ ਖਤ ਅੱਲਾ ਮੀਆਂ ਦੇ ਨਾਂ ਲਿਖਿਆ, ਜਿਸ ਵਿਚ ਉਨ੍ਹਾਂ ਕਿਹਾ ਸੀ, “ਅੱਲਾ ਮੀਆਂ, ਸ਼ਹਾਬੁਦੀਨ ਅਤੇ ਬਨਾਤਵਾਲਾ ਆਦਿ ਤੇਰੇ ਇਸਲਾਮ ਨੂੰ ਨਹੀਂ ਮੰਨਦੇ।”
ਫਿਰਕਾਪ੍ਰਸਤ ਰਾਜਨੀਤੀ ਕਰਨ ਵਾਲੇ ਭਾਵੇਂ ਕਿਸੇ ਪਾਰਟੀ ਵਿਚ ਹੋਣ, ਰਾਹੀ ਨੇ ਅਸਲੀਅਤ ਪੇਸ਼ ਕਰਨ ਵਿਚ ਕੋਈ ਕਸਰ ਨਾ ਛੱਡੀ, “ਸ੍ਰੀ ਰਾਮ ਅਤੇ ਅੱਲਾ ਮੀਆਂ-ਦੋਹਾਂ ਨੂੰ ਹੀ ਅਪੀਲ ਕਰਦਾ ਹਾਂ ਕਿ ਵਾਪਸੀ ਡਾਕ ਰਾਹੀਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸ਼ਹਾਬੁਦੀਨ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ ਨੂੰ ਤਾਰ ਰਾਹੀਂ ਸੂਚਨਾ ਦੇਣ ਕਿ ਉਨ੍ਹਾਂ ਕੋਲ ਮੰਦਿਰ-ਮਸਜਿਦ ਲੋੜੋਂ ਵੱਧ ਹਨ, ਇਸ ਕਰਕੇ ਜਿੱਥੇ ਸ੍ਰੀ ਰਾਮ ਜਨਮ ਭੂਮੀ ਮੰਦਿਰ ਤੇ ਬਾਬਰੀ ਮਸਜਿਦ ਹਨ, ਉਥੇ ਉਸ ਮੰਦਿਰ ਤੇ ਮਸਜਿਦ ਨੂੰ ਢਾਹ ਕੇ ਬੱਚਿਆਂ ਵਾਸਤੇ ਪਾਰਕ ਬਣਾ ਦਿੱਤਾ ਜਾਵੇ ਕਿਉਂਕਿ ਫੁੱਲਾਂ ਵਿਚਾਲੇ ਖੇਡਦੇ ਬੱਚਿਆਂ ਤੋਂ ਵੱਧ ਖੂਬਸੂਰਤ ਦ੍ਰਿਸ਼ ਕੋਈ ਹੋ ਹੀ ਨਹੀਂ ਸਕਦਾ।”
‘ਆਧਾ ਗਾਂਵ’ ਰਾਹੀ ਦਾ ਹੀ ਨਹੀਂ, ਹਿੰਦੀ ਦਾ ਵੀ ਉਤਮ ਨਾਵਲ ਹੈ। ਇਹ ਵੀ ਸੱਚ ਹੈ ਕਿ ਪ੍ਰੇਮ ਚੰਦ ਤੋਂ ਬਾਅਦ ਰਾਹੀ ਮਾਸੂਮ ਰਜ਼ਾ ਦੇ ਨਾਵਲ ਸਭ ਤੋਂ ਵੱਧ ਪਾਠਕ ਖਰੀਦ ਕੇ ਪੜ੍ਹ ਰਹੇ ਹਨ। ‘ਪੈਂਗੁਇਨ’ ਨੇ 1995 ਵਿਚ ਇਸ ਦਾ ਅੰਗਰੇਜ਼ੀ ਅਨੁਵਾਦ ਕਰਵਾਇਆ। ਯੂਰਪ ਦੇ ਪਾਠਕ ਇਸ ਨਾਵਲ ਨੂੰ ਚਾਅ ਨਾਲ ਪੜ੍ਹਦੇ ਹਨ। ਉਹ ਮੁਸਲਿਮ ਸਮਾਜ, ਉਸ ਦੀ ਮਾਨਸਿਕਤਾ ਅਤੇ ਮਨੋਵਿਗਿਆਨ ਨੂੰ ਇਸ ਨਾਵਲ ਦੇ ਮਾਧਿਅਮ ਰਾਹੀਂ ਸਮਝਾਉਣਾ ਚਾਹੁੰਦੇ ਹਨ। ਜਗੀਰਦਾਰੀ ਵਿਵਸਥਾ ਦੇ ਹੁੰਦਿਆਂ ਅਤੇ ਟੁੱਟਣ ਤੋਂ ਬਾਅਦ ਮੁਸਲਿਮ ਜਗੀਰਦਾਰਾਂ ਤੇ ਕਿਰਤੀ ਵਰਗ ਦਾ ਕੀ ਹਾਲ ਹੋਇਆ, ਇਸ ਸੱਚ ਦਾ ਵਰਣਨ ‘ਆਧਾ ਗਾਂਵ’ ਵਿਚ ਵਿਸਥਾਰ ਨਾਲ ਮਿਲਦਾ ਹੈ। ਇਸ ਗਹਿਰਾਈ ਨਾਲ ਕੋਈ ਹੋਰ ਨਾਵਲ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ। ਇਕ ਦਿਲਚਸਪ ਪ੍ਰਸੰਗ ਹੈ, ‘ਆਧਾ ਗਾਂਵ’ ਅਤੇ ‘ਰਾਗ ਦਰਬਾਰੀ’ ਇਕੋ ਵੇਲੇ (1966) ਪ੍ਰਕਾਸ਼ਿਤ ਹੋਏ। 1968 ਵਿਚ ਸਾਹਿਤ ਅਕਾਦਮੀ ਦੇ ਇਨਾਮ ਲਈ ਦੋਵੇਂ ਨਾਵਲ ਅੰਤਿਮ ਪੜਾਅ ਵਿਚ ਸਨ। ਦੋ ਮੈਂਬਰ ‘ਆਧਾ ਗਾਂਵ’ ਦੇ ਹੱਕ ਵਿਚ ਸਨ ਅਤੇ ਇਕ ‘ਰਾਗ ਦਰਬਾਰੀ’ ਦੇ। ਇੱਥੇ ਲੇਖਕ ਦਾ ਵੱਡਾ ਅਫਸਰ ਹੋਣਾ ਕੰਮ ਆਇਆ ਅਤੇ ਅੰਤ ਵਿਚ ਬਾਜ਼ੀ ‘ਰਾਗ ਦਰਬਾਰੀ’ ਨੇ ਜਿੱਤ ਲਈ। ਰਾਹੀ ਨੂੰ ਜਦੋਂ ਪੂਰੀ ਕਹਾਣੀ ਦਾ ਪਤਾ ਲੱਗਾ ਤਾਂ ਉਹਨੇ ਲਿਖਿਆ, “ਮੈਂ ਕਿਸੇ ਇਨਾਮ ਵਾਸਤੇ ਨਾਵਲ ਨਹੀਂ ਲਿਖਿਆ। ਜੇ ਮਿਲ ਜਾਂਦਾ ਤਾਂ ਵੀ ਠੀਕ ਸੀ, ਨਹੀਂ ਮਿਲਿਆ ਤਾਂ ਵੀ ਕੋਈ ਅਫਸੋਸ ਨਹੀਂ। ਸੁਣਿਆ ਹੈ ਕਿ ਪ੍ਰੇਮ ਚੰਦ, ਮੁਕਤੀਬੋਧ ਅਤੇ ਨਿਰਾਲਾ ਨੂੰ ਵੀ ਕੋਈ ਪੁਰਸਕਾਰ ਨਹੀਂ ਮਿਲਿਆ ਸੀ।”
ਇਸ ਨਾਵਲ ਦੀ ਤ੍ਰਾਸਦੀ ਸਮਾਪਤ ਹੋਣ ਦਾ ਨਾਂ ਹੀ ਨਹੀਂ ਲੈ ਰਹੀ। 1972 ਵਿਚ ਜੋਧਪੁਰ ਦੇ ਪਾਠਕ੍ਰਮ ਵਿਚੋਂ ਅਸ਼ਲੀਲ ਕਹਿ ਕੇ ਇਹ ਨਾਵਲ ਕੱਢ ਦਿੱਤਾ ਗਿਆ। ਉਨ੍ਹਾਂ ਮਹਾਂਪੰਡਿਤਾਂ ਨੇ ਇਸ ਨੂੰ ਅਸ਼ਲੀਲ ਕਿਹਾ ਜਿਹੜੇ ਰੀਤੀਕਾਲ ਦੇ ਕਵੀਆਂ ਨੂੰ ਰਸ ਲੈ ਲੈ ਕੇ ਪੜ੍ਹਦੇ ਹਨ। ਫੇਰ ਮਰਾਠਵਾੜਾ ਯੂਨੀਵਰਸਿਟੀ, ਔਰੰਗਾਬਾਦ ਵਿਚ ਵੀ ‘ਆਧਾ ਗਾਂਵ’ ਨਾਲ ਜੋਧਪੁਰ ਵਾਲੀ ਹੀ ਦੁਰਘਟਨਾ ਹੋਈ। “ਇਸ ਨਾਵਲ ਵਿਚ ਗਾਲ੍ਹਾਂ ਬਹੁਤ ਹਨ।” ਇਹ ਕਹਿ ਕੇ ਐਮæਏæ ਦੇ ਪਾਠਕ੍ਰਮ ਵਿਚੋਂ ਨਾਵਲ ਨੂੰ ਕੱਢ ਦਿੱਤਾ ਗਿਆ। ਅਸਲੀਅਤ ਗਾਲ੍ਹਾਂ ਤੇ ਅਸ਼ਲੀਲਤਾ ਨਹੀਂ ਸਗੋਂ ‘ਆਧਾ ਗਾਂਵ’ ਵਿਚ ਧਰਮ ਦੀ ਰਾਜਨੀਤੀ ਅਤੇ ਸੱਭਿਆਚਾਰ ਦਾ ਵਪਾਰ ਕਰਨ ਵਾਲੇ ਤੱਤਾਂ ਨੂੰ ਪਰਤ-ਦਰ-ਪਰਤ ਨੰਗਾ ਕੀਤਾ ਜਾਣਾ ਹੈ। ਦੋਵੇਂ ਹੀ ਫਿਰਕਾਪ੍ਰਸਤ ਤੱਤ ਰਾਹੀ ਅਤੇ ‘ਆਧਾ ਗਾਂਵ’ ਤੋਂ ਭੈਅ-ਭੀਤ ਵੀ ਹਨ ਅਤੇ ਗੁੱਸੇ ਵੀ। ਉਨ੍ਹਾਂ ਕੋਲ ਇੰਨਾ ਨੈਤਿਕ ਸਾਹਸ ਨਹੀਂ ਕਿ ਸੱਚ ਅਤੇ ਅਸਲੀਅਤ ਦਾ ਸਾਹਮਣਾ ਕਰ ਸਕਣ। ਇਸ ਤਰ੍ਹਾਂ ਬਹਾਨੇ ਬਣਾ ਕੇ ਪਿਛੇ ਤੋਂ ਵਾਰ ਕਰਦੇ ਹਨ।
ਰਾਹੀ ਨੇ ‘ਟੋਪੀ ਸ਼ੁਕਲਾ’ ਅਤੇ ‘ਓਂਸ ਕੀ ਬੂੰਦ’ ਦੀ ਭੂਮਿਕਾ ਵਿਚ ਤਿੱਖੀ ਟਿੱਪਣੀ ਕੀਤੀ ਸੀ, “ਆਧਾ ਗਾਂਵ ਵਿਚ ਬੇਸ਼ੁਮਾਰ ਗਾਲ੍ਹਾਂ ਸਨ, ਮੌਲਾਨਾ ਟੋਪੀ ਸ਼ੁਕਲਾ ਵਿਚ ਇਕ ਵੀ ਗਾਲ੍ਹ ਨਹੀਂ ਹੈ। ਪਰ ਸ਼ਾਇਦ ਇਹ ਪੂਰਾ ਨਾਵਲ ਇਕ ਗੰਦੀ ਗਾਲ੍ਹ ਹੈ ਅਤੇ ਮੈਂ ਇਹ ਗਾਲ੍ਹ ਡੰਕੇ ਦੀ ਚੋਟ ਨਾਲ ਦੇ ਰਿਹਾ ਹਾਂ। ਇਹ ਨਾਵਲ ਅਸ਼ਲੀਲ ਹੈ, ਜੀਵਨ ਦੀ ਤਰ੍ਹਾਂ।”
ਰਾਹੀ ਨੇ ਲਿਖਿਆ, ਵੱਡਿਆਂ ਤੇ ਬੁੱਢਿਆਂ ਨੇ ਕਈ ਵਾਰ ਕਿਹਾ ਹੈ ਕਿ ਗਾਲ੍ਹਾਂ ਨਾ ਲਿਖੋ। ‘ਆਧਾ ਗਾਂਵ’ ਵਿਚ ਇੰਨੀਆਂ ਗਾਲ੍ਹਾਂ ਨਾ ਹੁੰਦੀਆਂ ਤਾਂ ਤੁਹਾਨੂੰ ਸਾਹਿਤ ਅਕਾਦਮੀ ਪੁਰਸਕਾਰ ਜ਼ਰੂਰ ਮਿਲ ਗਿਆ ਹੁੰਦਾ। ਪਰ ਮੈਂ ਇਹ ਸੋਚਦਾ ਹਾਂ ਕਿ ਕੀ ਮੈਂ ਨਾਵਲ ਇਸ ਕਰਕੇ ਲਿਖਦਾ ਹਾਂ ਕਿ ਮੈਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲੇ? ਇਨਾਮ ਮਿਲਣ ਦਾ ਕੋਈ ਨੁਕਸਾਨ ਨਹੀਂ ਹੈ, ਫਾਇਦਾ ਹੀ ਹੈ। ਪਰ ਮੈਂ ਸਾਹਿਤਕਾਰ ਹਾਂ, ਜੇ ਮੇਰੇ ਪਾਤਰ ਗੀਤਾ ਬੋਲਣਗੇ ਤਾਂ ਮੈਂ ਗੀਤਾ ਦੇ ਸ਼ਲੋਕ ਲਿਖਾਂਗਾ ਅਤੇ ਜਦੋਂ ਉਹ ਗਾਲ੍ਹਾਂ ਬਕਣਗੇ ਤਾਂ ਮੈਂ ਜਰੂਰ ਹੀ ਉਨ੍ਹਾਂ ਦੀਆਂ ਗਾਲ੍ਹਾਂ ਵੀ ਲਿਖਾਂਗਾ। ਮੈਂ ਕੋਈ ਨਾਜ਼ੀ ਸਾਹਿਤਕਾਰ ਨਹੀਂ ਕਿ ਆਪਣੇ ਨਾਵਲ ਦੇ ਸ਼ਹਿਰਾਂ ‘ਤੇ ਆਪਣਾ ਹੁਕਮ ਚਲਾਵਾਂ ਅਤੇ ਹਰ ਪਾਤਰ ਦੇ ਹੱਥ ਵਿਚ ਇਕ ਸ਼ਬਦਕੋਸ਼ ਫੜ੍ਹਾ ਕੇ ਹੁਕਮ ਦੇ ਦੇਵਾਂ ਕਿ ਜੇ ਇਕ ਵੀ ਸ਼ਬਦ ਆਪਣੇ ਵਲੋਂ ਬੋਲਿਆ ਤਾਂ ਗੋਲੀ ਮਾਰ ਦਿਆਂਗਾ। ਕੋਈ ਵੱਡਾ ਸਿਆਣਾ ਇਹ ਦੱਸੇ ਕਿ ਜਿੱਥੇ ਮੇਰੇ ਪਾਤਰ ਗਾਲ੍ਹਾਂ ਕੱਢਦੇ ਹਨ, ਉਥੋਂ ਮੈ ਗਾਲ੍ਹਾਂ ਕੱਢ ਕੇ ਕੀ ਲਿਖਾਂ, ਡਾਟ-ਡਾਟ? ਤਾਂ ਉਦੋਂ ਫੇਰ ਲੋਕ ਆਪਣੇ ਵਲੋਂ ਗਾਲ੍ਹਾਂ ਘੜਨ ਲੱਗਣਗੇ ਅਤੇ ਮੈਨੂੰ ਗਾਲ੍ਹਾਂ ਦੇ ਸਿਲਸਿਲੇ ਵਿਚ ਆਪਣੇ ਪਾਤਰਾਂ ਤੋਂ ਸਿਵਾ ਕਿਸੇ ‘ਤੇ ਵੀ ਭਰੋਸਾ ਨਹੀਂ ਹੈ।
ਗਾਲ੍ਹਾਂ ਮੈਨੂੰ ਵੀ ਚੰਗੀਆਂ ਨਹੀਂ ਲਗਦੀਆਂ। ਮੇਰੇ ਘਰ ਵਿਚ ਗਾਲ੍ਹਾਂ ਕੱਢਣ ਦੀ ਪਰੰਪਰਾ ਨਹੀਂ ਹੈ। ਪਰ ਲੋਕ ਸੜਕਾਂ ਉਤੇ ਗਾਲ੍ਹਾਂ ਕੱਢਦੇ ਹਨ। ਆਂਢ-ਗੁਆਂਢ ਵਿਚੋਂ ਗਾਲ੍ਹਾਂ ਸੁਣਾਈ ਦਿੰਦੀਆਂ ਹਨ ਅਤੇ ਮੈਂ ਆਪਣੇ ਕੰਨ ਬੰਦ ਨਹੀਂ ਕਰਦਾ। ਇਹ ਹੀ ਤੁਸੀਂ ਵੀ ਕਰਦੇ ਹੋਵੋਗੇ। ਫੇਰ ਮੇਰੇ ਪਾਤਰ ਗਾਲ੍ਹਾਂ ਬਕਦੇ ਹਨ ਤਾਂ ਤੁਸੀਂ ਮੇਰੇ ਪੇਸ਼ ਕਿਉਂ ਪੈਂਦੇ ਹੋ? ਉਹ ਪਾਤਰ ਆਪਣੇ ਘਰਾਂ ਵਿਚ ਗਾਲ੍ਹਾਂ ਕੱਢ ਰਹੇ ਹਨ। ਉਹ ਨਾ ਤਾਂ ਮੇਰੇ ਘਰ ਵਿਚ ਹਨ ਅਤੇ ਨਾ ਹੀ ਤੁਹਾਡੇ ਘਰ ਵਿਚ। ਇਸ ਕਰਕੇ ਸਾਹਿਬ, ਸਾਹਿਤ ਅਕਾਦਮੀ ਦੇ ਇਨਾਮ ਵਾਸਤੇ ਮੈਂ ਆਪਣੇ ਪਾਤਰਾਂ ਦੀ ਜ਼ੁਬਾਨ ਬੰਦ ਨਹੀਂ ਕਰ ਸਕਦਾ। ਇਸ ਨਾਵਲ ਦੇ ਪਾਤਰ ਵੀ ਕਿਤੇ-ਕਿਤੇ ਗਾਲ੍ਹਾਂ ਦਿੰਦੇ ਹਨ। ਤੁਸੀਂ ਜੇ ਕਦੇ ਗਾਲ੍ਹ ਸੁਣੀ ਹੀ ਨਾ ਹੋਵੇ ਤਾਂ ਤੁਸੀਂ ਇਹ ਨਾਵਲ ਨਾ ਪੜ੍ਹਿਓ, ਮੈਂ ਤੁਹਾਨੂੰ ਮਜਬੂਰ ਨਹੀਂ ਕਰਨਾ ਚਾਹੁੰਦਾ (ਰਾਹੀ ਮਾਸੂਮ ਰਜ਼ਾ: ਭੂਮਿਕਾ Ḕਓਂਸ ਕੀ ਬੂੰਦḔ)।
‘ਆਧਾ ਗਾਂਵ’ ਮੂਲ ਰੂਪ ਵਿਚ ਫਾਰਸੀ ਵਿਚ ਲਿਖਿਆ ਗਿਆ ਸੀ। ਜਿਸ ਨੂੰ ਦੇਵਨਾਗਰੀ ਵਿਚ ਮੈਂ ਲਿਪੀਅੰਤਰ ਕੀਤਾ ਸੀ। ਇਸ ਤਰ੍ਹਾਂ ਹੀ ਰਾਹੀ ਦੀਆਂ ਕਈ ਅਰੰਭਕ ਰਚਨਾਵਾਂ ਵੀ ਫਾਰਸੀ ਵਿਚ ਹੀ ਸਨ। ਪਰ ਇਹ ਸਾਰੀਆਂ ਰਚਨਾਵਾਂ ਹਿੰਦੀ ਦੀਆਂ ਹਨ। ਰਾਹੀ ਠੀਕ ਕਹਿੰਦੇ ਸਨ, ਲਿਪੀ ਭਾਸ਼ਾ ਨਹੀਂ ਹੁੰਦੀ ਮਰਾਠੀ, ਸੰਸਕ੍ਰਿਤ, ਹਿੰਦੀ ਅਤੇ ਨੇਪਾਲੀ ਦੀ ਲਿਪੀ ਦੇਵਨਾਗਰੀ ਹੈ। ਪਰ ਭਾਸ਼ਾਵਾਂ ਇਹ ਵੱਖੋ ਵੱਖ ਹਨ।
ਰਾਹੀ ਦਾ ਵਿਚਾਰ ਸੀ ਕਿ ਉਰਦੂ ਸਾਹਿਤ ਲੋਕਾਂ ਵਿਚ ਪ੍ਰਵਾਨਿਤ ਅਤੇ ਸ਼ਕਤੀਸ਼ਾਲੀ ਹੈ, ਪ੍ਰੰਤੂ ਉਸ ਦੀ ਲਿਪੀ ਬਹੁਤ ਮੁਸ਼ਕਿਲ ਅਤੇ ਅੱਜ ਦੇ ਸੰਦਰਭ ਵਿਚ ਬਹੁਤ ਉਪਯੋਗੀ ਨਹੀਂ ਹੈ। ਇਸ ਕਰਕੇ ਉਰਦੂ ਨੂੰ ਦੇਵਨਾਗਰੀ ਲਿਪੀ ਅਪਨਾ ਲੈਣੀ ਚਾਹੀਦੀ ਹੈ। ਰਾਹੀ ਨੇ ਆਪਣੇ ਦਰਦ ਨੂੰ ਇਕ ਲੇਖ ਵਿਚ ਪੇਸ਼ ਕੀਤਾ ਹੈ:
“ਮੇਰਾ ਦਰਦ ਵੰਡਣ ਵਾਲਾ ਕੋਈ ਨਹੀਂ ਹੈ ਕਿਉਂਕਿ ਇਸ ਦਰਦ ਦੇ ਜੰਗ ਵਿਚ ਸ਼ਾਇਦ ਮੈਂ ਬਿਲਕੁਲ ਇਕੱਲਾ ਹਾਂ। ਮੈ ਸ਼ਾਇਦ ਉਰਦੂ ਦਾ ਇਕੱਲਾ ਸ਼ਾਇਰ ਹਾਂ ਜਿਸ ਨੇ ਇਹ ਕਹਿਣ ਦੀ ਹਿੰਮਤ ਕੀਤੀ ਕਿ ਉਰਦੂ ਅਤੇ ਹਿੰਦੀ ਦੋ ਅਲੱਗ ਅਲੱਗ ਭਾਸ਼ਾਵਾਂ ਨਹੀਂ ਹਨ। ਮੈਂ ਇਹ ਚੇਤਨਾ ਬਹੁਤ ਮਹਿੰਗੇ ਮੁੱਲ ‘ਚ ਖਰੀਦੀ ਹੈ ਅਤੇ ਲੋਕ ਕਹਿੰਦੇ ਹਨ ਕਿ ਮੈਂ ਵਿਕ ਰਿਹਾ ਹਾਂ।”