ਸਰਕਾਰਾਂ ਨੇ ਡੇਰਾ ਸਿਰਸਾ ਨੂੰ ਹਊਆ ਬਣਾਇਆ

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਸਾਧਵੀ ਬਲਾਤਕਾਰ ਕੇਸ ਵਿਚ ਫੈਸਲੇ ਤੋਂ ਪਹਿਲਾਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਇੰਨੇ ਵੱਡੇ ਪੱਧਰ ‘ਤੇ ਵਰਤੀ ਚੌਕਸੀ ਨੇ ਇਸ ਡੇਰੇ ਦੇ ਪ੍ਰਭਾਵ ਬਾਰੇ ਸਾਫ ਕਰ ਦਿੱਤਾ ਹੈ। ਦੋਵੇਂ ਸੂਬਿਆਂ ਵਿਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਅਤੇ ਧਾਰਾ 144 ਲਾਗੂ ਕਰਨਾ ਦੱਸਦਾ ਹੈ ਕਿ ਦੋਸ਼ੀ ਹੋਣ ਦੇ ਬਾਵਜੂਦ ਕਿਸੇ ਡੇਰਾ ਮੁਖੀ ਖਿਲਾਫ ਫੈਸਲਾ ਸੁਣਾਉਣਾ ਕਿੰਨਾ ਮੁਸ਼ਕਲ ਹੈ। ਪ੍ਰਸ਼ਾਸਨ ਦੀਆਂ ਤਿਆਰੀਆਂ ਵੇਖ ਕੇ ਡੇਰੇ ਦੇ ਹਮਾਇਤੀ ਵੀ ਚਾਂਭਲ ਗਏ ਅਤੇ ਸੜਕਾਂ ‘ਤੇ ਸ਼ਕਤੀ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ।

ਡੇਰੇ ਦੀਆਂ ਤਿਆਰੀਆਂ ਇਹ ਵੀ ਦੱਸਦੀਆਂ ਹਨ ਕਿ ਉਨ੍ਹਾਂ ਨੂੰ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਭੈਅ ਨਹੀਂ ਹੈ। ਜਾਣਕਾਰੀ ਮੁਤਾਬਕ, ਡੇਰੇ ਮੁਖੀ ਦੀ ਪੇਸ਼ੀ ਤੋਂ ਤਿੰਨ ਦਿਨ ਪਹਿਲਾਂ ਹੀ ਧਾਰਾ 144 ਦੇ ਬਾਵਜੂਦ, ਪੰਚਕੂਲਾ ਵਿਚ 20 ਤੋਂ ਵੱਧ ਹਜ਼ਾਰ ਡੇਰਾ ਪ੍ਰੇਮੀ ਪਹੁੰਚ ਗਏ। ਉਧਰ, ਪੰਜਾਬ ਤੇ ਹਰਿਆਣਾ ਸਰਕਾਰਾਂ ਇਹੀ ਦਾਅਵਾ ਕਰਦੀਆਂ ਰਹੀਆਂ ਕਿ ਕਾਨੂੰਨ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਡੇਰਾ ਪ੍ਰੇਮੀ ਸ਼ਰੇਆਮ ਸਰਕਾਰ ਨੂੰ ਡਰਾਵੇ ਦਿੰਦੇ ਰਹੇ, ਪਰ ਪ੍ਰਸ਼ਾਸਨ ਕੋਈ ਵੀ ਕਾਰਵਾਈ ਕਰਨ ਤੋਂ ਅਸਮਰਥ ਨਜ਼ਰ ਆਇਆ। ਅਸਲ ਵਿਚ, ਪ੍ਰਸ਼ਾਸਨ ਅਤੇ ਸਰਕਾਰਾਂ ਕਾਰਵਾਈ ਕਰਨ ਦੀਆਂ ਇਛੁੱਕ ਵੀ ਨਹੀਂ ਜਾਪਦੀਆਂ।
ਪਤਾ ਲੱਗਾ ਹੈ ਕਿ ਫੈਸਲੇ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਦੇ ਕੁਝ ਸੀਨੀਅਰ ਅਧਿਕਾਰੀ ਡੇਰਾ ਮੁਖੀ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਨ ਗਏ ਸਨ, ਪਰ ਡੇਰਾ ਮੁਖੀ ਨੇ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ। ਯਾਦ ਰਹੇ ਕਿ ਡੇਰਾ ਮੁਖੀ ਆਪਣੀ ਫਿਲਮ ‘ਮੈਸੰਜਰ ਆਫ ਗੌਡ’ ਵਿਚ ਨਿਆਂ ਤੇ ਅਮਨ ਕਾਨੂੰਨ ਬਾਰੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਪਰ ਅਸਲ ਜ਼ਿੰਦਗੀ ਵਿਚ ਉਸ ਨੇ ਨਿਆਂ ਤੋਂ ਬਚਣ ਲਈ ਆਪਣੇ ਚੇਲਿਆਂ ਨੂੰ ਅੱਗੇ ਕਰ ਦਿੱਤਾ।
ਦਰਅਸਲ ਅਦਾਲਤੀ ਫੈਸਲੇ ਤੋਂ ਪਹਿਲਾਂ ਜੋ ਹਾਲਾਤ ਪੈਦਾ ਕੀਤੇ ਗਏ, ਇਹ ਸਭ ਅਦਾਲਤ ‘ਤੇ ਦਬਾਅ ਬਣਾਉਣ ਦੀ ਰਣਨੀਤੀ ਸੀ ਅਤੇ ਸਰਕਾਰੀ ਤਿਆਰੀਆਂ ਵੀ ਡੇਰੇ ਦੀ ਹਮਾਇਤ ਕਰਨ ਵਾਲੀਆਂ ਜਾਪ ਰਹੀਆਂ ਸਨ। ਪੰਜਾਬ ਸਰਕਾਰ ਚੌਕਸੀ ਬਾਰੇ ਤਰਕ ਦੇ ਰਹੀ ਸੀ ਕਿ ਫੈਸਲੇ ਪਿੱਛੋਂ ਸਿੱਖਾਂ ਅਤੇ ਪ੍ਰੇਮੀਆਂ ਵਿਚ ਟਕਰਾਅ ਹੋ ਸਕਦਾ ਹੈ ਹਾਲਾਂਕਿ ਇਹ ਬਲਾਤਕਾਰ ਦਾ ਮਾਮਲਾ ਹੈ ਅਤੇ ਇਸ ਮਸਲੇ ਦਾ ਸਿੱਖਾਂ ਨਾਲ ਕੋਈ ਸਬੰਧ ਹੀ ਨਹੀਂ ਹੈ।
ਅਸਲ ਵਿਚ, ਪੰਜਾਬ ਤੇ ਹਰਿਆਣਾ ਵਿਚ ਡੇਰੇ ਦਾ ਕਾਫੀ ਪ੍ਰਭਾਵ ਹੈ। ਚੋਣਾਂ ਸਮੇਂ ਸਿਆਸੀ ਆਗੂਆਂ ਦੀ ਸਭ ਤੋਂ ਵੱਧ ‘ਸ਼ਰਧਾ’ ਇਸੇ ਡੇਰੇ ਲਈ ਜਾਗਦੀ ਹੈ। ਹਾਲ ਹੀ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਵੀ ਅਜਿਹਾ ਨਜ਼ਰ ਆਇਆ ਸੀ। ਤਕਰੀਬਨ ਸਾਰੀਆਂ ਸਿਆਸੀ ਧਿਰਾਂ ਦੇ ਆਗੂ ਡੇਰੇ ਕੋਲੋਂ ਸਿਆਸੀ ਅਸ਼ੀਰਵਾਦ ਲੈਣ ਪੁੱਜ ਗਏ ਸਨ। ਇਸ ਗੁਨਾਹ ਬਦਲੇ ਉਨ੍ਹਾਂ ਨੂੰ ਅਕਾਲ ਤਖਤ ‘ਤੇ ਪੇਸ਼ ਹੋ ਕੇ ਧਾਰਮਿਕ ਸਜ਼ਾ ਭੁਗਤਣੀ ਪਈ ਸੀ।
ਯਾਦ ਰਹੇ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਰੁਧ ਮਈ 2002 ਵਿਚ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਇਕ ਸਾਧਵੀ ਨੇ ਪ੍ਰਧਾਨ ਮੰਤਰੀ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇਸ ਸਬੰਧੀ ਪੱਤਰ ਲਿਖੇ ਸਨ। ਇਸ ਡੇਰਾ ਮੁਖੀ ਖਿਲਾਫ ਹੋਰ ਵੀ ਅਣਗਿਣਤ ਕੇਸ ਚੱਲ ਰਹੇ ਹਨ। 24 ਅਕਤੂਬਰ 2002 ਨੂੰ ‘ਪੂਰਾ ਸੱਚ’ ਅਖਬਾਰ ਦੇ ਸੰਪਾਦਕ ਰਾਮ ਚੰਦਰ ਛੱਤਰਪਤੀ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਉਸ ਨੇ 21 ਨਵੰਬਰ ਨੂੰ ਅਪੋਲੋ ਹਸਪਤਾਲ ਦਿੱਲੀ ਵਿਚ ਦਮ ਤੋੜ ਦਿੱਤਾ ਸੀ।
ਇਸ ਕਤਲ ਲਈ ਡੇਰੇ ਦੇ ਪ੍ਰਬੰਧਕਾਂ ‘ਤੇ ਦੋਸ਼ ਲੱਗੇ ਸਨ ਅਤੇ ਕੇਸ ਦੀ ਪੈਰਵੀ ਮਰਹੂਮ ਛੱਤਰਪਤੀ ਦਾ ਲੜਕਾ ਅੰਸ਼ੁਲ ਤੇ ਉਸ ਦੇ ਹਮਾਇਤੀ ਕਰ ਰਹੇ ਹਨ। ਅਦਾਲਤ ਨੇ ਛੱਤਰਪਤੀ ਅਤੇ ਰਣਜੀਤ ਸਿੰਘ ਦੇ ਕਤਲ ਕੇਸ ਦੀ ਜਾਂਚ ਸੀæਬੀæਆਈæ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ। ਡੇਰਾ ਪ੍ਰਬੰਧਕ ਸੀæਬੀæਆਈæ ਜਾਂਚ ਰੁਕਵਾਉਣ ਖਾਤਰ ਸੁਪਰੀਮ ਕੋਰਟ ਗਏ ਸਨ, ਪਰ ਉਨ੍ਹਾਂ ਦੀ ਅਪੀਲ ਖਾਰਜ ਹੋ ਗਈ ਸੀ। ਸੀæਬੀæਆਈæ ਨੇ ਇਨ੍ਹਾਂ ਕੇਸਾਂ ਵਿਚ ਡੇਰਾ ਮੁਖੀ ਅਤੇ ਕਈ ਹੋਰਾਂ ਨੂੰ ਨਾਮਜ਼ਦ ਕੀਤਾ ਸੀ ਜਿਸ ਮਗਰੋਂ ਡੇਰਾ ਪ੍ਰੇਮੀਆਂ ਨੇ ਸੀæਬੀæਆਈæ ਵਿਰੁਧ ਚੰਡੀਗੜ੍ਹ ਵਿਚ ਵੱਡਾ ਮਾਰਚ ਕੱਢਿਆ ਸੀ। ਇਕ ਹੋਰ ਮਾਮਲੇ ਵਿਚ 17 ਜੁਲਾਈ 2012 ਨੂੰ ਡੇਰੇ ਦੇ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਦੋਸ਼ ਲੱਗੇ। ਇਹ ਕੇਸ ਵੀ ਅਜੇ ਚੱਲ ਰਿਹਾ ਹੈ।