ਨਸਲਵਾਦ ਦੇ ਲਪੇਟੇ ਵਿਚ ਅਮਰੀਕਾ

ਨਿਊ ਯਾਰਕ: ਅਮਰੀਕਾ ਵਿਚ ਗੁਲਾਮੀ ਪ੍ਰਥਾ ਦੇ ਪ੍ਰਤੀਕ ਰਹੇ ਬੁੱਤਾਂ ਨੂੰ ਹਟਾਉਣ ਲਈ ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਬੁੱਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤਰਕ ਸਾਹਮਣੇ ਰੱਖ ਕੇ ਤੋੜਿਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਦੇਸ਼ ਭਰ ਵਿਚ ਸਕੂਲ, ਕਾਲਜਾਂ ਤੇ ਹੋਰ ਸੰਸਥਾਵਾਂ ਵਿਚ ਲੱਗੇ ਕਨਫੈਡਰੇਟ ਕਾਲ ਦੇ ਤਕਰੀਬਨ 1500 ਬੁੱਤਾਂ ਨੂੰ ਹਟਾ ਦਿੱਤਾ ਜਾਵੇ।

ਅਮਰੀਕਾ ਵਿਚ ਕਨਫੈਡਰੇਟ ਉਨ੍ਹਾਂ 11 ਸੂਬਿਆਂ ਦੇ ਸੰਘ ਨੂੰ ਕਹਿੰਦੇ ਹਨ, ਜੋ ਗੁਲਾਮੀ ਪ੍ਰਥਾ ਦਾ ਪਾਲਣ ਕਰਦੇ ਸਨ ਤੇ ਗੋਰਿਆਂ ਨੂੰ ਉਚੇ-ਸੁੱਚੇ ਮੰਨਦੇ ਸਨ। ਇਹ ਸੰਘ 1861 ਤੋਂ 1865 ਤੱਕ ਰਿਹਾ ਸੀ। ਇਸ ਦੌਰਾਨ ਹੋਈ ਹਿੰਸਾ ਵਿਚ ਸਾਢੇ ਸੱਤ ਲੱਖ ਲੋਕ ਮਾਰੇ ਗਏ ਸਨ। ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਲੋਕ ਬੁੱਤ ਨਾ ਹਟਾਉਣ ਦੇ ਹੱਕ ਵਿਚ ਹਨ। ਐਨæਪੀæਆਰæ ਤੇ ਪੀæਬੀæਐਸ਼ ਨਿਊਜ ਹਾਵਰ ਦੇ ਸਰਵੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿਚ 60 ਫੀਸਦੀ ਲੋਕ ਬੁੱਤ ਹਟਾਉਣ ਦੇ ਖਿਲਾਫ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਡੇ ਅਤੀਤ ਦਾ ਪ੍ਰਤੀਕ ਹਨ। ਹਾਲਾਂਕਿ ਕਿ 27 ਲੋਕਾਂ ਦਾ ਤਰਕ ਹੈ ਕਿ ਸਕੂਲ, ਪਾਰਕ, ਸੜਕ ਤੇ ਸੰਸਦ ਵਿਚ ਲੱਗੇ ਬੁੱਤਾਂ ਨੂੰ ਹਟਾ ਦਿੱਤਾ ਜਾਵੇ।
ਪਿਛਲੇ ਹਫਤੇ ਅਮਰੀਕਾ ਦੇ ਘਰੇਲੂ ਯੁੱਧ ਦੌਰਾਨ ਗੁਲਾਮੀ ਪੱਖੀ ਕਨਫੈਡਰੇਸੀ ਲਈ ਲੜੇ ਜਨਰਲ ਰੌਬਰਟ ਈ ਲੀ ਦਾ ਬੁੱਤ ਹਟਾਏ ਜਾਣ ਖਿਲਾਫ਼ ਸੱਜੇ ਪੱਖੀਆਂ ਵੱਲੋਂ ਰੈਲੀ ਕੀਤੀ ਗਈ ਸੀ ਅਤੇ ਇਸ ਰੈਲੀ ਖਿਲਾਫ਼ ਪ੍ਰਦਰਸ਼ਨ ਹੋਇਆ। ਇਸ ਦੌਰਾਨ ਹੋਈ ਝੜਪ ਵਿਚ ਦੋ ਮੌਤਾਂ ਹੋਈਆਂ ਸਨ ਤੇ 19 ਜਣੇ ਫੱਟੜ ਹੋਏ ਸਨ। ਟਰੰਪ ਨੇ ਇਸ ਹਿੰਸਾ ਲਈ ‘ਦੋਵੇਂ ਧਿਰਾਂ’ ਨੂੰ ਦੋਸ਼ੀ ਠਹਿਰਾਇਆ ਸੀ, ਜਿਸ ਖਿਲਾਫ਼ ਦੇਸ਼ ਭਰ ਵਿਚ ਆਵਾਜ਼ ਉਠੀ। ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ ਰਾਜ ਮੰਤਰੀ ਰੈਕਸ ਟਿਲਰਸਨ ਨੇ ਨਸਲਵਾਦ ਦੀ ਜ਼ੋਰਦਾਰ ਨਿੰਦਾ ਕੀਤੀ।”ਉਨ੍ਹਾਂ ਦਾ ਕਹਿਣਾ ਹੈ ਕਿ ਨਸਲਵਾਦ ਬੁਰਾ ਹੈ, ਇਹ ਅਮਰੀਕੀ ਕਦਰਾਂ ਕੀਮਤਾਂ ਲਈ ਠੀਕ ਨਹੀਂ ਹੈ। ਇਹ ਅਮਰੀਕੀ ਵਿਚਾਰਧਾਰਾ ਦਾ ਵਿਰੋਧੀ ਵੀ ਹੈ। ਜੋ ਇਸ ਨੂੰ ਗਲੇ ਲਗਾਉਂਦੇ ਹਨ, ਉਹ ਸਾਡੇ ਜਨਤਾ ਵਿਚ ਜ਼ਹਿਰ ਘੋਲਦੇ ਹਨ ਅਤੇ ਉਹ ਉਸ ਦੇਸ਼ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਇਸ ਲਈ ਉਹ ਹਰ ਤਰ੍ਹਾਂ ਦੇ ਨਸਲਵਾਦ ਅਤੇ ਕੱਟੜਵਾਦ ਦੀ ਨਿੰਦਾ ਕਰਦੇ ਹਨ।”ਟਿਲਰਸਨ ਨੇ ਸਪੱਸ਼ਟ ਤੌਰ ‘ਤੇ ਚਾਰਲੋਟਸਵਿਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਛਲੇ ਹਫਤੇ ਦੀਆਂ ਘਟਨਾਵਾਂ ਦੇ ਨਾਲ ਕੰਮ ਦੇ ਸਥਾਨਾਂ ਉਤੇ ਨਸਲੀ ਵਿਤਕਰਾ ਹੋਣ ਦਾ ਖਦਸ਼ਾ ਹੈ ਅਤੇ ਉਹ ਇਸ ਵਿਸ਼ੇ ਨੂੰ ਸੰਬੋਧਨ ਕਰਨਾ ਚਾਹੁੰਦੇ ਸਨ। ਉਧਰ, ਟਰੰਪ ਦੀਆਂ ਟਿੱਪਣੀਆਂ ਖਿਲਾਫ ਲੋਕਾਂ ਵਿਚ ਗੁੱਸਾ ਹੈ। ਵਰਜੀਨੀਆ ਵਿਚ ਮਾਰੀ ਗਈ 32 ਸਾਲਾ ਹੀਥਰ ਹੇਯਰ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਵ੍ਹਾਈਟ ਹਾਊਸ ਤੋਂ ਕਈ ਫੋਨ ਆਏ ਹਨ ਪਰ ਉਹ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲ ਨਹੀਂ ਕਰੇਗੀ। ਦੱਸਣਯੋਗ ਹੈ ਕਿ ਇਸ ਹਫਤੇ ਦੀ ਸ਼ੁਰੂਆਤ ਵਿਚ ਟਰੰਪ ਨੇ ਕਿਹਾ ਸੀ ਕਿ ਉਹ ਸੁਜੈਨ ਨਾਲ ਗੱਲ ਕਰੇਗਾ।
______________________________________________
ਭੇਦਭਾਵ ਦੇ ਖਿਲਾਫ ਨਿੱਤਰੇ ਅਮਰੀਕੀ
ਬੋਸਟਨ: ਵਰਜੀਨੀਆ ਦੇ ਚਾਰਲੋਟਸਵਿਲੇ ਵਿਚ ਨਸਲੀ ਹਿੰਸਾ ਦੇ ਵਿਰੋਧ ਵਿਚ ਬੋਸਟਨ ਵਿਚ ਹਜ਼ਾਰਾਂ ਲੋਕ ਸੜਕਾਂ ‘ਤੇ ਆਏ। ਰੈਲੀ ਵਿਚ ਸ਼ਾਮਲ ਲੋਕਾਂ ਨੇ ਸਿਆਹਫਾਮ ਰਾਸ਼ਟਰਵਾਦੀਆਂ ਦਾ ਵਿਰੋਧ ਕਰਦੇ ਹੋਏ ਨਾਜ਼ੀਵਾਦ ਦੇ ਵਿਰੋਧ ਵਿਚ ਨਾਅਰੇ ਲਗਾਏ। ਹਾਲਾਂਕਿ ਰੈਲੀ ਨਿਰਧਾਰਤ ਸਮੇਂ ਤੋਂ ਇਕ ਘੰਟਾ ਪਹਿਲਾਂ ਹੀ ਖਤਮ ਹੋ ਗਈ। ਰੈਲੀ ਲਈ ਬੋਸਟਨ ‘ਚ ਲਗਭਗ 40 ਹਜ਼ਾਰ ਲੋਕ ਸਨ। ਰੈਲੀ ਵਿਚ ਸਮੇਂ ਤੋਂ ਪਹਿਲਾਂ ਨਿਕਲ ਰਹੇ ਲੋਕਾਂ ਦਾ ਵੀ ਵਿਰੋਧ ਕੀਤਾ ਗਿਆ। ਇਨ੍ਹਾਂ ਨੂੰ ਪੁਲਿਸ ਨੇ ਭੀੜ ਤੋਂ ਬਚਾਇਆ। ਰੈਲੀ ‘ਚ ਕੁਝ ਲੋਕਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਚਿਹਰੇ ਨੂੰ ਢੱਕ ਹੋਇਆ ਸੀ। ਸਿਰ ‘ਤੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਲਿਖੀ ਟੋਪੀ ਪਾ ਰੱਖੀ ਸੀ।