ਸਿਟੀ ਸੈਂਟਰ ਘੁਟਾਲਾ: ਸੱਤਾ ਮਿਲਦਿਆਂ ਹੀ ਸਭ ‘ਗੁਨਾਹ’ ਮੁਆਫ

ਲੁਧਿਆਣਾ: ਲੁਧਿਆਣਾ ਦੇ ਬਹੁ-ਕਰੋੜੀ ਸਿਟੀ ਸੈਂਟਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਨਾਮਜ਼ਦ ਮੁਲਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਵਿਜੀਲੈਂਸ ਅਧਿਕਾਰੀਆਂ ਵੱਲੋਂ ਅਦਾਲਤ ਵਿਚ ਇਸ ਕੇਸ ਨੂੰ ਬੰਦ ਕਰਨ ਲਈ ਦਰਖਾਸਤ ਦਿੱਤੀ ਗਈ। ਵਿਜੀਲੈਂਸ ਬਿਊਰੋ ਵੱਲੋਂ ਸ਼ਹੀਦ ਭਗਤ ਸਿੰਘ ਨਗਰ ‘ਚ ਬਣਨ ਵਾਲੇ ਸਿਟੀ ਸੈਂਟਰ ਵਿਚ ਵੱਡੇ ਪੱਧਰ ‘ਤੇ ਹੋਈ ਘਪਲੇਬਾਜ਼ੀ ਨੂੰ ਲੈ ਕੇ ਮਾਰਚ 2007 ਵਿਚ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕੈਬਨਿਟ ਮੰਤਰੀ ਚੌਧਰੀ ਜਗਜੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਪਰਮਜੀਤ ਸਿੰਘ ਸੀਬੀਆ ਤੇ ਸਿਟੀ ਸੈਂਟਰ ਦੀ ਉਸਾਰੀ ਕਰਨ ਵਾਲੀ ਕੰਪਨੀ ਟੂਡੇ ਹੋਮਜ਼ ਦੇ ਅਧਿਕਾਰੀਆਂ ਸਮੇਤ 19 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਇਸ ਮਾਮਲੇ ਵਿਚ ਜ਼ਿਆਦਾਤਰ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਅਦਾਲਤ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਸੀ। ਵਿਜੀਲੈਂਸ ਵੱਲੋਂ ਭਾਵੇਂ 19 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਪਰ ਦਸੰਬਰ 2007 ਵਿਚ ਵਿਜੀਲੈਂਸ ਵੱਲੋਂ ਇਸ ਮਾਮਲੇ ‘ਚ 11 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਕੁੱਲ 30 ਵਿਅਕਤੀਆਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਪਰ ਅਦਾਲਤ ‘ਚ ਨਾਮਜ਼ਦ ਵਿਅਕਤੀਆਂ ਖਿਲਾਫ਼ ਦੋਸ਼ ਨਹੀਂ ਲਗਾਏ ਜਾ ਸਕੇ ਸੀ। ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ‘ਚ 152 ਗਵਾਹਾਂ ਦੀ ਸੂਚੀ ਅਦਾਲਤ ਵਿਚ ਪੇਸ਼ ਕੀਤੀ ਗਈ ਸੀ। ਕੁਝ ਸਮਾਂ ਪਹਿਲਾਂ ਇਸ ਮਾਮਲੇ ਵਿਚ ਨਾਮਜ਼ਦ ਚੇਤਨ ਗੁਪਤਾ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਦਰਖ਼ਾਸਤ ਦੇ ਕੇ ਮੁੜ ਜਾਂਚ ਕਰਨ ਦੇ ਹੁਕਮ ਦਿੱਤੇ ਸਨ।
ਸ੍ਰੀ ਗੁਪਤਾ ਦਾ ਕਹਿਣਾ ਹੈ ਕਿ ਪਹਿਲਾਂ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਪੱਖ ਸਹੀ ਢੰਗ ਨਾਲ ਨਹੀਂ ਸੁਣਿਆ ਗਿਆ ਸੀ, ਜਿਸ ਕਾਰਨ ਇਸ ਦੀ ਮੁੜ ਜਾਂਚ ਕੀਤੀ ਜਾਵੇ। ਸ੍ਰੀ ਚੇਤਨ ਦੀ ਬੇਨਤੀ ‘ਤੇ ਅਧਿਕਾਰੀਆਂ ਵੱਲੋਂ ਇਸ ਦੀ ਮੁੜ ਜਾਂਚ ਕੀਤੀ ਗਈ ਤੇ ਜਾਂਚ ਦੌਰਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਨਾਮਜ਼ਦ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਦਰਜ ਕੀਤੀ ਐਫ਼æਆਈæਆਰæ ‘ਚ ਦੋਸ਼ ਸਾਬਤ ਨਹੀਂ ਹੋ ਸਕੇ ਹਨ। ਸਾਲ 2007 ‘ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਇਸ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ ਪਰ ਫਰਵਰੀ 2007 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਦੀ ਜਿੱਤ ਹੋਈ ਸੀ ਤੇ ਸਰਕਾਰ ਬਣਨ ਦੇ ਤੁਰਤ ਬਾਅਦ ਮਾਰਚ 2007 ‘ਚ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਤੱਥਾਂ ਦਾ ਜ਼ਿਕਰ ਵੀ ਵਿਜੀਲੈਂਸ ਵੱਲੋਂ ਪੇਸ਼ ਕੀਤੀ ਤਾਜ਼ਾ ਰਿਪੋਰਟ ‘ਚ ਕੀਤਾ ਗਿਆ ਹੈ।
____________________________________________
ਕਲੀਨ ਚਿੱਟ ਦੇਣ ‘ਤੇ ਈæਡੀæ ਨੇ ਚੁੱਕੇ ਸਵਾਲ
ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸਿਟੀ ਸੈਂਟਰ ਘੁਟਾਲੇ ਸਬੰਧੀ ਬਿਊਰੋ ਵੱਲੋਂ ਬਣਾਈ ਵਿਜੀਲੈਂਸ ਰਿਪੋਰਟ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ। ਈæਡੀæ ਨੇ ਦਾਅਵਾ ਕੀਤਾ ਕਿ ਵਿਜੀਲੈਂਸ ਤੋਂ ਵਾਰ-ਵਾਰ ਇਸ ਘਪਲੇ ਦੀ ਰਿਪੋਰਟ ਮੰਗਣ ਦੇ ਬਾਵਜੂਦ ਵਿਭਾਗ ਨੇ ਉਨ੍ਹਾਂ ਤੱਕ ਇਸ ਕੇਸ ਨਾਲ ਸਬੰਧਤ ਰਿਪੋਰਟ ਨਹੀਂ ਪਹੁੰਚਾਈ ਗਈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੰਯੁਕਤ ਨਿਰਦੇਸ਼ਕ ਡਾæ ਗਿਰੀਸ਼ ਬਾਲੀ ਨੇ ਦੱਸਿਆ ਕਿ 2013 ਤੋਂ ਅਸੀਂ ਪੰਜਾਬ ਵਿਜੀਲੈਂਸ ਬਿਊਰੋ ਨੂੰ ਇਸ ਘੁਟਾਲੇ ਦੀ ਜਾਂਚ ਰਿਪੋਰਟ ਲੈਣ ਵਾਸਤੇ ਲਿਖ ਰਹੇ ਹਾਂ। 10 ਵਾਰ ਚਿੱਠੀਆਂ ਲਿਖਣ ਤੋਂ ਬਾਅਦ ਸਾਨੂੰ ਵਿਜੀਲੈਂਸ ਨੇ ਕਿਹਾ ਕਿ ਅਦਾਲਤ ਤੋਂ ਜਾਂਚ ਰਿਪੋਰਟ ਲੈ ਲਵੋ, ਅਸੀਂ ਸੈਸ਼ਨ ਕੋਰਟ ਗਏ ਤਾਂ ਕੋਰਟ ਨੇ ਕਿਹਾ ਕਿ ਰਿਪੋਰਟ ਵਿਜੀਲੈਂਸ ਬਿਊਰੋ ਤੋਂ ਲਈ ਜਾਵੇ। ਵਿਜੀਲੈਂਸ ਵੱਲੋਂ ਮਿਲੀ ਕਲੀਨ ਚਿੱਟ ਨੇ ਬੇਸ਼ੱਕ ਮੁੱਖ ਮੰਤਰੀ ਨੂੰ ਰਾਹਤ ਦਿੱਤੀ ਹੈ ਪਰ ਈæਡੀæ ਵੱਲੋਂ ਇਸ ਮਾਮਲੇ ਵਿਚ 2013 ਵਿਚ ਦਰਜ ‘ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ’ (ਈæਸੀæਆਈæਆਰæ) ਬਰਕਰਾਰ ਹੈ। ਹੁਣ ਈæਡੀæ ਇਸ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰਨ ਦੀ ਤਿਆਰੀ ਵਿਚ ਹੈ।
________________________________________________
ਫਰੈਂਡਲੀ ਮੈਚ ਖੇਡ ਰਹੇ ਨੇ ਕੈਪਟਨ: ਖਹਿਰਾ
ਲੁਧਿਆਣਾ: ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਣ ਤੋਂ ਬਾਅਦ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਵਿਚ ਵਿਜੀਲੈਂਸ ਤੋਂ ਕਲੀਨ ਚਿੱਟ ਲੈ ਲਈ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਬਾਦਲਾਂ ਨੂੰ ਬਚਾਉਣ ਲਈ ਕੈਪਟਨ ਨੇ ਆਪਣੇ ਸਾਰੇ ਮੰਤਰੀਆਂ ਦੇ ਹੱਥ ਬੰਨ੍ਹ ਦਿੱਤੇ ਹਨ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਾਸਟਵੇਅ ਦਾ 20 ਹਜ਼ਾਰ ਕਰੋੜ ਦਾ ਘੁਟਾਲਾ ਸਾਹਮਣੇ ਲਿਆਂਦਾ ਹੈ ਪਰ ਕੈਪਟਨ ਬਾਦਲਾਂ ਨਾਲ ਫਰੈਂਡਲੀ ਮੈਚ ਖੇਡ ਰਹੇ ਹਨ।