ਗੁਰਦਾਸਪੁਰ ਜ਼ਿਮਨੀ ਚੋਣ ਲਈ ਕਮਰਕੱਸੇ

ਚੰਡੀਗੜ੍ਹ: ਗੁਰਦਾਸਪੁਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ-ਭਾਜਪਾ ਗੱਠਜੋੜ ਲਈ ਵਕਾਰ ਦਾ ਸਵਾਲ ਬਣ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਚੋਣ ਸਤੰਬਰ ਮਹੀਨੇ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਭਾਜਪਾ ਨੇ ਬੂਥ ਪੱਧਰ ਉਤੇ ਇੰਚਾਰਜ ਲਗਾ ਕੇ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਜ਼ਾਦੀ ਦਿਹਾੜੇ ਦੇ ਸਮਾਗਮ ਲਈ ਗੁਰਦਾਸਪੁਰ ਜਾਣ ਦੀ ਚੋਣ ਵੀ ਇਸੇ ਦੇ ਮੱਦੇਨਜ਼ਰ ਕੀਤੀ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸੀæਪੀæਆਈæ ਦੇ ਸੀਨੀਅਰ ਆਗੂ ਡਾæ ਜੋਗਿੰਦਰ ਦਿਆਲ ਨਾਲ ਹੋਈ ਮੁਲਾਕਾਤ ਨੂੰ ਭਾਜਪਾ ਖਿਲਾਫ਼ ਸਾਂਝਾ ਫਰੰਟ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਗੁਰਦਾਸਪੁਰ ਸੰਸਦੀ ਸੀਟ ਫਿਲਮ ਅਦਾਕਾਰ ਵਿਨੋਦ ਖੰਨਾ ਦੇ ਅਕਾਲ ਚਲਾਣੇ ਕਰ ਕੇ ਖਾਲੀ ਹੋਈ ਸੀ। ਚੋਣ ਕਮਿਸ਼ਨ ਨੇ ਛੇ ਮਹੀਨੇ ਅੰਦਰ ਚੋਣ ਕਰਵਾਉਣੀ ਹੁੰਦੀ ਹੈ, ਪਰ ਲਗਭਗ ਚਾਰ ਮਹੀਨੇ ਲੰਘ ਚੁੱਕੇ ਹਨ। ਸੱਤਾ ਵਿਚ ਆਉਣ ਦੇ ਛੇ ਮਹੀਨੇ ਅੰਦਰ ਹੀ ਕਾਂਗਰਸ ਸਾਹਮਣੇ ਜ਼ਿਮਨੀ ਚੋਣ ਜਿੱਤਣ ਦੀ ਵੱਡੀ ਚੁਣੌਤੀ ਖੜ੍ਹੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਦੀ ਪ੍ਰਧਾਨਗੀ ਵਿਚ ਇਹ ਪਹਿਲੀ ਚੋਣ ਹੋਵੇਗੀ। ਇਸ ਲਈ ਅਮਰਿੰਦਰ ਸਰਕਾਰ ਦੇ ਅਕਸ ਅਤੇ ਜਾਖੜ ਦੀ ਕਾਰਗੁਜ਼ਾਰੀ ਲਈ ਇਹ ਚੋਣ ਅਹਿਮ ਮੰਨੀ ਜਾ ਰਹੀ ਹੈ।
ਇਸ ਦੌਰਾਨ ਜ਼ਿਮਨੀ ਚੋਣ ਵਿਚ ਭਾਜਪਾ ਨੂੰ ਹਮਦਰਦੀ ਵੋਟ ਦਾ ਸਹਾਰਾ ਹੈ। ਅਕਾਲੀ ਦਲ ਨੇ ਵੀ ਮਾਝਾ ਖੇਤਰ ਵਿਚ ਹੀ ਜਬਰ ਵਿਰੋਧੀ ਲਹਿਰ ਦੀ ਸ਼ੁਰੂਆਤ ਕਰ ਕੇ ਵਿਧਾਨ ਸਭਾ ਚੋਣ ਹਾਰੇ ਕਾਰਕੁਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ ਹੈ। ਪਿਛਲੇ ਦਿਨੀਂ ਭਾਜਪਾ ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਵੀ ਕੀਤੀ ਸੀ। ਉਧਰ ‘ਆਪ’ ਵਿਧਾਇਕ ਦਲ ਦੇ ਆਗੂ ਸੁਖਪਾਲ ਸਿੰਘ ਖਹਿਰਾ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। 2014 ਦੀਆਂ ਲੋਕ ਸਭਾ ਚੋਣਾਂ ਵੇਲੇ ‘ਆਪ’ ਨੂੰ ਭਾਵੇਂ ਇਥੋਂ ਵੱਡਾ ਹੁੰਗਾਰਾ ਮਿਲਿਆ, ਪਰ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਦੂਜੀ ਵੱਡੀ ਪਾਰਟੀ ਵੱਜੋਂ ਉਭਰੀ ‘ਆਪ’ ਮਾਝੇ ਵਿਚ ਇਸ ਸਫਲਤਾ ਨੂੰ ਕੈਸ਼ ਕਰਵਾਉਣ ਵਿਚ ਨਾਕਾਮ ਰਹੀ।
______________________________
ਕਾਂਗਰਸ ਲਈ ਸਭ ਤੋਂ ਵੱਧ ਚੁਣੌਤੀ
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿਚ ਵੱਡੇ ਬਹੁਮਤ ਨਾਲ ਸੱਤਾ ਵਿਚ ਆਈ ਕਾਂਗਰਸ ਪਾਰਟੀ ਨੂੰ ਮਾਝੇ ਵਿਚ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਸੀ। ਸਰਕਾਰ ਬਣਨ ਮਗਰੋਂ ਖੁਦ ਕਾਂਗਰਸੀਆਂ ਵਿਚ ਬਦਲੀ ਹੋਈ ਸਰਕਾਰ ਵਾਲਾ ਉਤਸ਼ਾਹ ਮੱਠਾ ਪੈਂਦਾ ਦਿਖਾਈ ਦੇ ਰਿਹਾ ਹੈ। ਗੁਰਦਾਸਪੁਰ ਨਾਲ ਸਬੰਧਤ ਕਈ ਵਿਧਾਇਕ, ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀਆਂ ਪ੍ਰਤੀ ਨਰਮ ਵਿਵਹਾਰ ਉਤੇ ਖੁੱਲ੍ਹੇਆਮ ਟਿੱਪਣੀਆਂ ਕਰ ਚੁੱਕੇ ਹਨ।