ਚੋਣ ਵਾਅਦਿਆਂ ਤੋਂ ਭੱਜੀ ਕੈਪਟਨ ਸਰਕਾਰ ਨੂੰ ਘੇਰਾ

ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵਾਅਦੇ ਤੈਅ ਸਮੇਂ ਵਿਚ ਪੁਗਾਉਣ ਵਿਚ ਅਸਫਲ ਰਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਖਾਸਕਰ ਕਿਸਾਨਾਂ ਤੇ ਸਰਕਾਰੀ ਮੁਲਜ਼ਮਾਂ ਨੇ ਸਰਕਾਰ ਖਿਲਾਫ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਾਉਣ ਲਈ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਘਰ ਘੇਰ ਲਿਆ। ਪੁਲਿਸ ਨੇ ਵਿਖਾਵਾਕਾਰੀਆਂ ਨੂੰ ਰੋਕਣ ਦਾ ਯਤਨ ਕੀਤਾ ਪਰ ਇਹ ਯਤਨ ਸਫਲ ਨਾ ਹੋਇਆ। ਕਿਸਾਨਾਂ ਨੇ ਸਾਰੀ ਦੁਪਹਿਰ ਸਿੱਧੂ ਦੇ ਘਰ ਦੇ ਬਾਹਰ ਧਰਨਾ ਦਿੱਤਾ।

ਕਿਸਾਨਾਂ ਦਾ ਰੋਸ ਸੀ ਕਿ ਕਾਂਗਰਸ ਸਰਕਾਰ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਭੱਜ ਗਈ ਹੈ। ਸਾਰਾ ਕਰਜ਼ਾ ਮੁਆਫ ਕਰਨ ਦੀ ਥਾਂ ਸਿਰਫ ਦੋ ਲੱਖ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੈ। ਬੁਲਾਰਿਆਂ ਨੇ ਵਿਅੰਗ ਕੀਤਾ ਕਿ ਕਿਸਾਨਾਂ ਦੀ ਵਾਰੀ ਸਰਕਾਰੀ ਖਜ਼ਾਨੇ ਖਾਲੀ ਹੋ ਜਾਂਦੇ ਹਨ, ਜਦੋਂ ਕਿ ਮੁੱਖ ਮੰਤਰੀ ਨੇ ਆਪਣੇ ਨੌਂ ਓæਐਸ਼ਡੀæ ਰੱਖੇ ਹੋਏ ਹਨ ਅਤੇ ਸਲਾਹਕਾਰਾਂ ਦੀ ਤਨਖਾਹ ਵੀ ਵਧਾਈ ਹੈ। ਕੇਂਦਰ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਦਾ ਦੋ ਲੱਖ ਕਰੋੜ ਰੁਪਏ ਦਾ ਕਰਜ਼ ਮੁਆਫ ਕਰ ਦਿੱਤਾ ਹੈ ਪਰ ਕਿਸਾਨਾਂ ਲਈ ਕੋਈ ਕਰਜ਼ਾ ਮੁਆਫੀ ਨਹੀਂ ਹੈ। ਹੁਣ ਕਰਜ਼ਾ ਮੁਆਫੀ ਬਾਰੇ ਰਾਜਨੀਤੀ ਕੀਤੀ ਜਾ ਰਹੀ ਹੈ, ਜਦੋਂ ਕਿ ਦੂਜੇ ਪਾਸੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਐਲਾਨੀ ਰਾਸ਼ੀ ਦਿੱਤੀ ਜਾਵੇ ਅਤੇ ਭਵਿੱਖ ਲਈ ਅਜਿਹੀ ਨੀਤੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਸਿਰ ਕਰਜ਼ਾ ਨਾ ਚੜ੍ਹੇ। ਇਸ ਤੋਂ ਇਲਾਵਾ ਡਾæ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ।
ਇਸ ਦੌਰਾਨ ਸਾਬਕਾ ਵਿਧਾਇਕ ਡਾæ ਨਵਜੋਤ ਕੌਰ ਸਿੱਧੂ ਨੇ ਮੌਕੇ ‘ਤੇ ਪੁੱਜ ਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਵਿਖਾਵਾਕਾਰੀਆਂ ਨੇ ਮੰਗ ਕੀਤੀ ਕਿ ਉਹ ਦਿੱਤੇ ਮੰਗ ਪੱਤਰ ‘ਤੇ ਅਮਲ ਕਰਾਉਣ ਲਈ ਆਏ ਹਨ। ਡਾæ ਸਿੱਧੂ ਨੇ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਨਵਜੋਤ ਸਿੰਘ ਸਿੱਧੂ ਕੋਲ ਰੱਖਣਗੇ ਤਾਂ ਜੋ ਮੁੱਖ ਮੰਤਰੀ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕੀਤਾ ਜਾ ਸਕੇ ਪਰ ਉਹ ਮੁੜ ਅਗਲੀ ਗੱਲਬਾਤ ਸਬੰਧੀ ਕੋਈ ਸੁਨੇਹਾ ਦੇਣ ਨਾ ਪੁੱਜੇ।
_________________________________________
ਨਿਊ ਮੋਤੀ ਮਹਿਲ ਵੱਲ ਕੂਚ
ਪਟਿਆਲਾ: ਪੰਜਾਬ ਭਰ ਦੇ ਸਰਕਾਰੀ ਮਾਡਲ ਆਦਰਸ਼ ਸਕੂਲਾਂ ਦੇ ਅਧਿਆਪਨ ਤੇ ਗੈਰ ਅਧਿਆਪਨ ਅਮਲੇ ਨੇ ਸੂਬਾ ਪੱਧਰੀ ਇਕੱਠ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਨਿਊ ਮੋਤੀ ਮਹਿਲ’ ਵੱਲ ਰੋਸ ਮਾਰਚ ਕੱਢਿਆ। ਪੁਲਿਸ ਨੇ ਇਨ੍ਹਾਂ ਨੂੰ ਮੋਦੀ ਕਾਲਜ ਚੌਕ ਕੋਲ ਬੈਰੀਕੇਡ ਲਾ ਕੇ ਰੋਕ ਲਿਆ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਵਾਉਣ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਬਣੀ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ‘ਤੇ ਸੂਬੇ ਭਰ ਵਿਚੋਂ ਹਜ਼ਾਰਾਂ ਸਰਕਾਰੀ, ਅਰਧ-ਸਰਕਾਰੀ ਤੇ ਠੇਕਾ ਮੁਲਾਜ਼ਮਾਂ ਨੇ ਸ਼ਾਹੀ ਸ਼ਹਿਰ ਵਿਚ ਰੋਸ ਮਾਰਚ ਕੀਤਾ ਅਤੇ ਧਰਨਾ ਲਾਇਆ। ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਕਾਰਕੁਨ ਪਹਿਲਾਂ ਇਥੇ ਰੇਲਵੇ ਸਟੇਸ਼ਨ ਕੋਲ ਇਕੱਠੇ ਹੋਏ ਅਤੇ ਮਗਰੋਂ ਇਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਨਿਊ ਮੋਤੀ ਮਹਿਲ’ ਵੱਲ ਪੈਦਲ ਰੋਸ ਮਾਰਚ ਕੀਤਾ। ਮੁਲਾਜ਼ਮਾਂ ਦੇ ਰੋਹ ਕਾਰਨ ਪੁਲਿਸ ਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲਿਸ ਨੇ ਪਹਿਲਾਂ ਹੀ ਬੈਰੀਕੇਡ ਲਾ ਕੇ ਰੋਸ ਮਾਰਚ ਕਰਦੇ ਕਾਰਕੁਨਾਂ ਨੂੰ ਫੁਹਾਰਾ ਚੌਕ ਨੇੜੇ ਮਾਲ ਰੋਡ ‘ਤੇ ਰੋਕ ਲਿਆ, ਜਿਸ ਕਰ ਕੇ ਮੁਲਾਜ਼ਮਾਂ ਨੇ ਰਸਤੇ ਵਿਚ ਹੀ ਧਰਨਾ ਲਾ ਦਿੱਤਾ।