ਨਰਮਾ ਪੱਟੀ ਦੇ ਕਿਸਾਨਾਂ ਨੂੰ ਚਿੱਟੀ ਮੱਖੀ ਨੇ ਮਾਰਿਆ ਮੁੜ ਡੰਗ

ਚੰਡੀਗੜ੍ਹ: ਪੰਜਾਬ ਵਿਚ ਨਰਮੇ ਦੀ ਫਸਲ ਇਕ ਵਾਰ ਫਿਰ ਚਿੱਟੀ ਮੱਖੀ ਦੇ ਹਮਲੇ ਨਾਲ ਦੋ-ਚਾਰ ਹੋ ਰਹੀ ਹੈ। ਕਈ ਥਾਂਵੀਂ ਸਥਿਤੀ ਇਸ ਹੱਦ ਤੱਕ ਗੰਭੀਰ ਹੋ ਗਈ ਹੈ ਕਿ ਕਿਸਾਨਾਂ ਨੇ ਕਪਾਹ ਦੀ ਫਸਲ ਖੇਤਾਂ ‘ਚ ਹੀ ਵਾਹ ਦਿੱਤੀ ਹੈ। ਇਸ ਸਥਿਤੀ ਨੇ ਸਰਕਾਰ ਦੀ ਨੀਂਦ ਵੀ ਹਰਾਮ ਕੀਤੀ ਹੋਈ ਹੈ। ਭਾਵੇਂ ਸਰਕਾਰੀ ਅਧਿਕਾਰੀਆਂ ਅਤੇ ਮਾਹਿਰਾਂ ਦਾ ਤਰਕ ਹੈ ਕਿ ਬਹੁਤ ਥੋੜ੍ਹੀ ਮਾਤਰਾ ‘ਚ ਕਪਾਹ ਦੀ ਫਸਲ ਚਿੱਟੀ ਮੱਖੀ ਦੇ ਹਮਲੇ ਤੋਂ ਪ੍ਰਭਾਵਿਤ ਹੋਈ ਹੈ ਪਰ ਇਨ੍ਹਾਂ ਖੇਤਰਾਂ ਦੇ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫਸਲ ਦਾ ਇਕ ਵੱਡਾ ਹਿੱਸਾ ਪ੍ਰਭਾਵਿਤ ਹੋਇਆ ਹੈ।

ਪੰਜਾਬ ਵਿਚ ਕਪਾਹ ਦੀ ਫਸਲ ‘ਤੇ ਚਿੱਟੀ ਮੱਖੀ ਦਾ ਹਮਲਾ ਕੋਈ ਨਵੀਂ ਘਟਨਾ ਨਹੀਂ ਹੈ। ਪਿਛਲੇ ਸਾਲ ਵੀ ਚਿੱਟੀ ਮੱਖੀ ਦੇ ਹਮਲੇ ਨੂੰ ਲੈ ਕੇ ਵਿਵਾਦ ਭਖਿਆ ਸੀ। ਉਸ ਤੋਂ ਪਿਛਲੇ ਸਾਲ 2015 ਵਿਚ ਵੀ ਕਪਾਹ ਦੀ ਫਸਲ ਇਸੇ ਚਿੱਟੀ ਮੱਖੀ ਦੇ ਹਮਲੇ ਨਾਲ ਪ੍ਰਭਾਵਿਤ ਹੋਈ ਸੀ। ਉਦੋਂ ਲਗਭਗ 60 ਫੀਸਦੀ ਫਸਲ ਚਿੱਟੀ ਮੱਖੀ ਦੇ ਹਮਲੇ ਤੋਂ ਪ੍ਰਭਾਵਿਤ ਹੋਈ ਸੀ। ਬੇਸ਼ੱਕ ਇਸ ਸਾਲ ਪਹਿਲਾਂ ਵਰਗੀ ਗੰਭੀਰ ਸਥਿਤੀ ਨਹੀਂ ਹੈ ਪਰ ਇਸ ਦੇ ਬਾਵਜੂਦ ਕਾਫੀ ਫਸਲ ਇਸ ਹਮਲੇ ਨਾਲ ਪ੍ਰਭਾਵਿਤ ਹੋਈ ਹੈ। ਇਸ ਵਾਰ ਸੂਬੇ ਵਿਚ 3æ82 ਲੱਖ ਹੈਕਟੇਅਰ ਰਕਬੇ ਵਿਚ ਕਪਾਹ ਦੀ ਫਸਲ ਦੀ ਕਾਸ਼ਤ ਕੀਤੀ ਗਈ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦਾ ਦੌਰਾ ਕਰ ਕੇ ਪ੍ਰਭਾਵਿਤ ਖੇਤਰਾਂ ਦਾ ਮੁਆਇਨਾ ਕੀਤਾ ਸੀ।
ਇਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਵਿਭਾਗ ਦੀ ਇਕ ਸਾਂਝੀ ਕਮੇਟੀ ਨੇ ਇਸ ਚਿੱਟੀ ਮੱਖੀ ਦੇ ਪ੍ਰਭਾਵ ਹੇਠ ਆਏ ਖੇਤਰ ਦਾ ਦੌਰਾ ਕੀਤਾ। ਇਸ ਖੇਤਰ ਦੇ ਕਿਸਾਨਾਂ ਦਾ ਦਾਅਵਾ ਹੈ ਕਿ ਪੰਜਾਬ ਵਿਚ ਇਸ ਸਾਲ ਮੌਨਸੂਨ ਦੀ ਕਈ ਖੇਤਰਾਂ ਵਿਚ ਬਹੁਤੀ ਬਾਰਸ਼ ਨਹੀਂ ਹੋਈ, ਜਿਸ ਨਾਲ ਚਿੱਟੀ ਮੱਖੀ ਨੂੰ ਪੈਦਾ ਹੋਣ ਅਤੇ ਫਿਰ ਕਪਾਹ ਦੀ ਫਸਲ ‘ਤੇ ਹਮਲਾ ਕਰਨ ਲਈ ਢੁਕਵਾਂ ਮਾਹੌਲ ਮਿਲਿਆ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਅਧਿਕਾਰੀਆਂ ਨੇ ਇਸ ਸਥਿਤੀ ਦਾ ਜਿਥੇ ਘਟਾ ਕੇ ਅੰਦਾਜ਼ਾ ਲਾਇਆ, ਉਥੇ ਕਿਸਾਨਾਂ ਦੀ ਪ੍ਰਭਾਵਿਤ ਹੋਈ ਫਸਲ ਦੇ ਅੰਕੜੇ ਵੀ ਸਹੀ ਨਹੀਂ ਦਰਸਾਏ ਗਏ। ਇਸ ਕਾਰਨ ਕਿਸਾਨਾਂ ਨੂੰ ਇਕੋ ਸਮੇਂ ਕਈ ਪੱਖਾਂ ਤੋਂ ਮਾਰ ਪਈ ਹੈ। ਇਕ ਤਾਂ ਉਨ੍ਹਾਂ ਦੀ ਫਸਲ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਅਤੇ ਦੂਸਰਾ ਉਨ੍ਹਾਂ ਨੂੰ ਘਟੀਆ ਬੀਜਾਂ ਅਤੇ ਨਕਲੀ ਕੀਟਨਾਸ਼ਕਾਂ ਕਾਰਨ ਵੀ ਨੁਕਸਾਨ ਉਠਾਉਣਾ ਪਿਆ। ਪੰਜਾਬ ਦੇ 7 ਜ਼ਿਲ੍ਹੇ ਮਾਨਸਾ, ਬਠਿੰਡਾ, ਬਰਨਾਲਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਰੀਦਕੋਟ ਆਦਿ ਕਪਾਹ ਪੱਟੀ ਦੇ ਰੂਪ ਵਿਚ ਜਾਣੇ ਜਾਂਦੇ ਹਨ ਅਤੇ ਪੰਜਾਬ ਦੇ ਖੇਤੀ ਖੇਤਰ ਵਿਚ ਹੋਣ ਵਾਲੀਆਂ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਵੀ ਜ਼ਿਆਦਾਤਰ ਇਸੇ ਖੇਤਰ ਵਿਚ ਹੋਈਆਂ ਹਨ।
ਨੁਕਸਾਨ ਘੱਟ, ਰੌਲਾ ਵੱਧ: ਮਨਪ੍ਰੀਤ
ਬਠਿੰਡਾ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨਰਮੇ ‘ਤੇ ਚਿੱਟੀ ਮੱਖੀ ਦਾ ਹਮਲਾ ਉਨਾ ਨਹੀਂ ਹੈ, ਜਿੰਨਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ‘ਚ ਚਿੱਟੀ ਮੱਖੀ ਦੇ ਹਮਲੇ ਦੀ ਗੱਲ ਵੀ ਕਬੂਲੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਇਸ ਦਾ ਨਿਰੀਖਣ ਕਰ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ।
_______________________________________________
ਨਕਲੀ ਕੀਟਨਾਸ਼ਕਾਂ ਨੇ ਵਧਾਇਆ ਫਿਕਰ
ਬਠਿੰਡਾ: ਖੇਤੀਬਾੜੀ ਵਿਭਾਗ ਵੱਲੋਂ ਕੀਟਨਾਸ਼ਕਾਂ ਦੇ ਭਰੇ ਨਮੂਨਿਆਂ ਵਿਚੋਂ 94 ਹੋਰ ਨਮੂਨੇ ਫੇਲ੍ਹ ਹੋ ਗਏ ਹਨ, ਜਿਨ੍ਹਾਂ ਵਿਚੋਂ ਬਹੁਤੇ ਨਰਮਾ ਪੱਟੀ ਵਿਚੋਂ ਭਰੇ ਗਏ ਸਨ। ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘੁਰਕੀ ਕਰ ਕੇ ਖੇਤੀ ਅਫਸਰਾਂ ਨੂੰ ਭਾਜੜਾਂ ਪੈ ਗਈਆਂ ਹਨ। ਖੇਤੀ ਵਿਭਾਗ ਨੇ ਫੌਰੀ ਕਾਰਵਾਈ ਕਰਦਿਆਂ ਅੱਧੀ ਦਰਜਨ ਕੀਟਨਾਸ਼ਕ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ ਅਤੇ ਤਿੰਨ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਹਨ। ਖੇਤੀ ਵਿਭਾਗ ਨੇ ਚਾਲੂ ਮਾਲੀ ਵਰ੍ਹੇ ਵਿਚ ਹੁਣ ਤੱਕ ਭਰੇ ਨਮੂਨਿਆਂ ਦਾ ਲੇਖਾ-ਜੋਖਾ ਕੀਤਾ ਹੈ, ਜਿਸ ਵਿਚ ਸੱਤ ਫੀਸਦੀ ਨਮੂਨੇ ਫੇਲ੍ਹ ਆਏ ਹਨ।
ਵੇਰਵਿਆਂ ਅਨੁਸਾਰ ਖੇਤੀਬਾੜੀ ਵਿਭਾਗ ਨੇ ਪੰਜਾਬ ਭਰ ਵਿਚੋਂ ਪਹਿਲੀ ਅਪਰੈਲ ਤੋਂ 15 ਅਗਸਤ ਤੱਕ ਕੀਟਨਾਸ਼ਕਾਂ ਦੇ 2729 ਨਮੂਨੇ ਭਰੇ ਸਨ, ਜਿਨ੍ਹਾਂ ਵਿਚੋਂ 1333 ਨਮੂਨਿਆਂ ਦੇ ਨਤੀਜੇ ਪ੍ਰਾਪਤ ਹੋ ਗਏ ਹਨ। ਇਨ੍ਹਾਂ ਨਮੂਨਿਆਂ ‘ਚੋਂ 94 ਨਮੂਨੇ ਫੇਲ੍ਹ ਹੋ ਗਏ ਹਨ, ਜੋ ਨਰਮਾ ਪੱਟੀ ਨਾਲ ਸਬੰਧਤ ਹਨ। ਖੇਤੀ ਵਿਭਾਗ ਕੋਲ ਜੋ ਤਿੰਨ ਲੈਬਾਰਟਰੀਆਂ ਹਨ, ਉਨ੍ਹਾਂ ਦੀ ਸਮਰੱਥਾ 3900 ਨਮੂਨੇ ਟੈਸਟ ਕਰਨ ਦੀ ਹੈ ਅਤੇ ਹੁਣ ਵਿਭਾਗ ਸਮਰੱਥਾ ਵਿਚ ਵਾਧਾ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਪਹਿਲਾਂ ਬਰਨਾਲਾ ਵਿਚੋਂ ਮਿਆਦ ਪੁੱਗੇ ਕੀਟਨਾਸ਼ਕ ਫੜੇ ਗਏ ਹਨ, ਜਿਸ ਕਰ ਕੇ ਗੁਦਾਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜਿਹੜੇ 94 ਨਮੂਨੇ ਫੇਲ੍ਹ ਹੋਏ ਹਨ, ਉਨ੍ਹਾਂ ਵਿਚੋਂ 31 ਨਮੂਨੇ ਕੰਪਨੀਆਂ ਦੇ ਵੱਡੇ ਗੁਦਾਮਾਂ ‘ਚੋਂ ਭਰੇ ਗਏ ਸਨ। ਕੀਟਨਾਸ਼ਕ ਫੇਲ੍ਹ ਹੋਣ ਨਾਲ ਕੈਪਟਨ ਸਰਕਾਰ ਵੱਲੋਂ ਮਿਆਰੀ ਕੀਟਨਾਸ਼ਕ ਦਿੱਤੇ ਜਾਣ ਦੇ ਦਾਅਵੇ ਉਤੇ ਉਂਗਲ ਉਠੀ ਹੈ, ਜਿਸ ਕਾਰਨ ਸਰਕਾਰ ਨੂੰ ਵੀ ਨਮੋਸ਼ੀ ਝੱਲਣੀ ਪਈ ਹੈ।