ਉਜਾੜੇ ਦੀ ਯਾਦ ਵਿਚ ਬਣੇ ਅਜਾਇਬਘਰ ਦੀ ‘ਸਿਆਸੀ ਵੰਡ’

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਵੰਡ ਦੀ ਯਾਦ ਵਿਚ ਬਣਾਏ ਦੇਸ਼ ਦੇ ਪਹਿਲੇ ਅਜਾਇਬਘਰ (ਪਾਰਟੀਸ਼ਨ ਮਿਊਜ਼ੀਅਮ) ਦੇ ਮੁੱਦੇ ‘ਤੇ ਅਕਾਲੀ ਤੇ ਕਾਂਗਰਸੀ ਆਪਣੀ-ਆਪਣੀ ਮੋਹਰ ਲਾਉਣ ਵਿਚ ਜੁਟ ਗਏ ਹਨ। ਟਾਊਨ ਹਾਲ ਦੀ ਸਦੀ ਪੁਰਾਣੀ ਇਮਾਰਤ ਵਿਚ ਸਥਾਪਤ ਇਸ ਅਜਾਇਬਘਰ ਦਾ ਉਦਘਾਟਨ ਪਹਿਲਾਂ ਪਿਛਲੇ ਵਰ੍ਹੇ 24 ਅਕਤੂਬਰ ਨੂੰ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕੀਤਾ ਸੀ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਦੂਜੀ ਵਾਰ ਉਦਘਾਟਨ ਕੀਤਾ ਹੈ।

ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਇਕ ਬਿਕਰਮ ਮਜੀਠੀਆ ਨੇ ਆਖਿਆ ਕਿ ਇਸ ਤੱਥ ਨੂੰ ਕੋਈ ਝੁਠਲਾ ਨਹੀਂ ਸਕਦਾ ਕਿ ਇਹ ਅਜਾਇਬਘਰ ਸੁਖਬੀਰ ਬਾਦਲ ਵੱਲੋਂ ਤਿਆਰ ਕਰਾਇਆ ਗਿਆ ਸੀ ਤੇ ਇਸ ਦਾ ਪਿਛਲੇ ਸਾਲ 24 ਅਕਤੂਬਰ ਨੂੰ ਉਦਘਾਟਨ ਕੀਤਾ ਗਿਆ ਸੀ। ਅਕਾਲੀ ਦਲ ਨੂੰ ਇਸ ਦੇ ਦੁਬਾਰਾ ਉਦਘਾਟਨ ‘ਤੇ ਨਾਰਾਜ਼ਗੀ ਨਹੀਂ ਹੈ ਪਰ ਕਾਂਗਰਸ ਸਰਕਾਰ ਇਸ ਪ੍ਰੋਜੈਕਟ ਉਤੇ ਆਪਣੀ ਮਾਲਕੀ ਜਤਾ ਰਹੀ ਹੈ, ਜੋ ਜਾਇਜ਼ ਨਹੀਂ ਹੈ। ਇਹ ਅਜਾਇਬਘਰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ‘ਦਿ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ’ ਵੱਲੋਂ ਸਥਾਪਤ ਕੀਤਾ ਗਿਆ ਹੈ। ਉਦਘਾਟਨ ਮੌਕੇ ਕੈਪਟਨ ਨੇ ਆਪਣੀਆਂ ਯਾਦਾਂ ਤਾਜ਼ੀਆਂ ਕਰਦਿਆਂ ਆਖਿਆ ਕਿ ਉਸ ਵੇਲੇ ਉਹ ਅੱਲ੍ਹੜ ਉਮਰ ਵਿਚ ਸਨ। ਸ਼ਿਮਲਾ ਸਥਿਤ ਆਪਣੇ ਬੋਰਡਿੰਗ ਸਕੂਲ ਤੋਂ ਰੇਲ ਗੱਡੀ ਰਾਹੀਂ ਘਰ ਪਰਤ ਰਹੇ ਸਨ ਤੇ ਰਸਤੇ ਵਿਚ ਇਕ ਸਟੇਸ਼ਨ ਉਤੇ ਉਨ੍ਹਾਂ ਨੇ ਲਾਸ਼ਾਂ ਪਈਆਂ ਦੇਖੀਆਂ ਸਨ। ਉਹ ਗੱਲ ਉਨ੍ਹਾਂ ਨੂੰ ਅੱਜ ਤੱਕ ਨਹੀਂ ਭੁੱਲੀ। ਉਨ੍ਹਾਂ ਨੇ ਆਪਣੀ ਮਾਂ ਮਹਿੰਦਰ ਕੌਰ ਵੱਲੋਂ ਦੇਸ਼ ਵੰਡ ਵੇਲੇ ਕੀਤੇ ਕੰਮ ਨੂੰ ਵੀ ਚੇਤੇ ਕੀਤਾ। ਰਾਜ ਮਾਤਾ ਨੇ ਉਸ ਵੇਲੇ ਸ਼ਰਨਾਰਥੀ ਕੁੜੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਵਿਚ ਮਦਦ ਕੀਤੀ ਸੀ।
ਉਘੇ ਲੇਖਕ ਗੁਲਜ਼ਾਰ ਨੇ ਵੰਡ ਵੇਲੇ ਦੀ ਹੱਡ ਬੀਤੀ ਆਪਣੀ ਰਚਨਾ ਰਾਹੀਂ ਸਾਂਝੀ ਕੀਤੀ। ਗੁਲਜ਼ਾਰ ਨੇ ਕਿਹਾ ਕਿ ਉਹ ਅਜਿਹਾ ਵੇਲਾ ਸੀ ਜਦੋਂ ਹਰ ਕੋਈ ਆਪਣਾ ਆਪ ਬਚਾਉਣ ਲਈ ਭੱਜ ਰਿਹਾ ਸੀ। ਉਨ੍ਹਾਂ ਦੀ ਮਾਂ ਨੇ ਵੀ ਆਪਣੇ ਸਾਰੇ ਗਹਿਣੇ ਚੁੱਕੇ ਤੇ ਛੋਟੀ ਭੈਣ ਨੂੰ ਘਰੋਂ ਤੁਰਨ ਤੋਂ ਪਹਿਲਾਂ ਦੁੱਧ ਪਿਆਇਆ। ਉਨ੍ਹਾਂ ਨੇ ਖੁਦ ਇਕ ਭਮੀਰੀ ਤੇ ਲਾਟੂ ਜੇਬ ਵਿਚ ਰੱਖ ਲਿਆ। ਰਸਤੇ ਵਿਚ ਲੋਕਾਂ ਦੀਆਂ ਚੀਕਾਂ ਸੁਣ ਰਹੀਆਂ ਸਨ ਤੇ ਪਤਾ ਹੀ ਨਹੀਂ ਲੱਗਿਆ ਕਿ ਉਹ ਕਦੋਂ ਪਰਿਵਾਰ ਤੋਂ ਵਿਛੜ ਗਏ। ਉਨ੍ਹਾਂ ਦਾ ਬਚਪਨ ਗੁਆਚ ਗਿਆ ਪਰ ਨਾਲ ਲਿਆਂਦਾ ਲਾਟੂ ਤੇ ਭਮੀਰੀ ਅੱਜ ਵੀ ਉਨ੍ਹਾਂ ਨੂੰ ਬਚਪਨ ਦੀ ਯਾਦ ਦਿਵਾਉਂਦੇ ਹਨ। ਉਹ 70 ਸਾਲ ਮਗਰੋਂ ਆਪਣਾ ਘਰ ਦੇਖਣ ਪਾਕਿਸਤਾਨ ਗਏ ਸਨ ਪਰ ਉਦੋਂ ਤੱਕ ਬਹੁਤ ਕੁਝ ਬਦਲ ਚੁੱਕਾ ਸੀ।
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਅਜਾਇਬਘਰ ਦੇ ਬਾਨੀ ਮੇਘਨਾਦ ਦੇਸਾਈ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਵੰਡ ਨਾਲ ਪ੍ਰਭਾਵਿਤ ਕਈ ਲੋਕ ਦੁਨੀਆਂ ਛੱਡ ਚੁੱਕੇ ਹਨ ਅਤੇ ਕਈ ਜ਼ਿੰਦਗੀ ਦੇ ਆਖਰੀ ਪੜਾਅ ਉਤੇ ਪੁੱਜ ਗਏ ਹਨ। ਇਨ੍ਹਾਂ ਲੋਕਾਂ ਨਾਲ ਹੀ ਇਹ ਯਾਦਾਂ ਤੇ ਪੀੜ ਵੀ ਖਤਮ ਹੋ ਜਾਵੇਗੀ ਪਰ ਇਸ ਅਜਾਇਬਘਰ ਨੇ ਇਨ੍ਹਾਂ ਯਾਦਾਂ ਨੂੰ ਸਾਂਭ ਲਿਆ ਹੈ। ਇਸ ਵੰਡ ਤੋਂ ਸਬਕ ਲੈਣ ਦੀ ਲੋੜ ਹੈ ਤਾਂ ਜੋ ਭਵਿੱਖ ਵਿਚ ਅਜਿਹੇ ਹਾਲਾਤ ਪੈਦਾ ਨਾ ਹੋਣ।
_________________________________________________________
ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਪਹਿਲੀ ਨਵੰਬਰ ਨੂੰ ਹੋਵੇਗਾ ਦੇਸ਼ ਨੂੰ ਸਮਰਪਿਤ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ (ਜਲੰਧਰ) ਵਿਚ ਸਥਿਤ ਜੰਗ-ਏ-ਆਜ਼ਾਦੀ ਦੇ ਦੂਜੇ ਪੜਾਅ ਨੂੰ ਮੁਕੰਮਲ ਕਰਨ ਲਈ 15 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਯਾਦਗਾਰ ਦੀ ਉਸਾਰੀ ਕਰ ਰਹੀ ਪੰਜਾਬ ਫਰੀਡਮ ਮੂਵਮੈਂਟ ਮੈਮੋਰੀਅਲ ਫਾਊਂਡੇਸ਼ਨ ਦੀ ਮੀਟਿੰਗ ਉਪਰੰਤ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਇਹ ਯਾਦਗਾਰ ਦੇਸ਼ ਨੂੰ ਸਮਰਪਤ ਕਰਨ ਦੀ ਸਹਿਮਤੀ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਜੋ ਫਾਊਂਡੇਸ਼ਨ ਦੇ ਚੇਅਰਮੈਨ ਵੀ ਹਨ, ਨੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀæਆਈæਡੀæਬੀæ) ਨੂੰ ਇਸ ਯਾਦਗਾਰ ਦੀ ਉਸਾਰੀ ਅਤੇ ਰੱਖ-ਰਖਾਅ ਲਈ 8æ12 ਕਰੋੜ ਰੁਪਏ ਦੇ ਅਣਵਰਤੇ ਫੰਡ ਫਾਊਂਡੇਸ਼ਨ ਨੂੰ ਵਰਤਣ ਦੀ ਇਜਾਜ਼ਤ ਦੇਣ ਦੀ ਹਦਾਇਤ ਕੀਤੀ। ਇਹ ਯਾਦਗਾਰ ਭਾਰਤੀ ਆਜ਼ਾਦੀ ਸੰਘਰਸ਼ ‘ਚ ਪੰਜਾਬ ਦੇ ਯੋਗਦਾਨ ਨੂੰ ਮੂਰਤੀਮਾਨ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਸਾਡੀ ਅਜੋਕੀ ਪੀੜ੍ਹੀ ਨੂੰ ਆਪਣੇ ਪਿਛੋਕੜ ਨਾਲ ਜੋੜੇਗੀ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਕੰਮ ਜੂਨ, 2017 ‘ਚ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਦੂਜੇ ਪੜਾਅ ਦਾ ਕੰਮ ਵੀ ਅਗਲੇ ਦੋ ਮਹੀਨਿਆਂ ਵਿਚ ਮੁਕੰਮਲ ਕਰਨ ਦਾ ਭਰੋਸਾ ਦਿੱਤਾ। ਕਰਤਾਰਪੁਰ ਵਿਚ 25 ਏਕੜ ਰਕਬੇ ਵਿਚ ਬਣੇ 315 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਜੂਨ 2012 ਵਿਚ ਪ੍ਰਵਾਨਗੀ ਦਿੱਤੀ ਗਈ ਸੀ।