ਉਦਾਸ ਨਦੀ ਦੀ ਆਤਮ-ਕਥਾ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਉਨ੍ਹਾਂ ਭਾਈਚਾਰੇ ਵਿਚ ਕਿਤਾਬਾਂ ਪੜ੍ਹਨ ਦੀ ਘਟਦੀ ਜਾ ਰਹੀ ਰੁਚੀ ਉਤੇ ਰੁਦਨ ਕੀਤਾ ਸੀ ਅਤੇ ਹੋਕਾ ਲਾਇਆ ਸੀ, “ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਹਰਫਾਂ ਦੀ ਦੁਨੀਆਂ ਵੱਲ ਮੋੜ ਲਿਆਵੋ।”

ਹਥਲੇ ਲੇਖ ਵਿਚ ਡਾæ ਭੰਡਾਲ ਨੇ ਕੁਦਰਤ ਦੇ ਅਜ਼ੀਮ ਸੋਮੇ ਨਦੀ ਦੀ ਗੱਲ ਕਰਦਿਆਂ ਮਨੁੱਖੀ ਸਭਿਅਤਾ ਵਲੋਂ ਇਸ ਨਾਲ ਕੀਤੇ ਦੁਰਵਿਹਾਰ ਅਤੇ ਇਸ ਦੇ ਪਾਣੀਆਂ ਨੂੰ ਦੁਸ਼ਿਤ ਕਰਨ ‘ਤੇ ਰੁਦਨ ਕੀਤਾ ਹੈ ਅਤੇ ਤਾੜਨਾ ਕੀਤੀ ਹੈ, ਜੇ ਅਸੀਂ ਹੀ ਇਸ ਦੀ ਹੋਂਦ ਨੂੰ ਮਿਟਾ ਦਿੱਤਾ ਤਾਂ ਕਿਸੇ ਵੀ ਨਸਲ ਨੇ ਇਕ ਵੀ ਹਿੰਝ ਨਹੀਂ ਇਸ ਦੀ ਮੱਈਅਤ ‘ਤੇ ਚੋਣੀ। ਜੇ ਨਦੀ ਹਉਕਾ ਬਣ ਗਈ ਤਾਂ ਸਾਡੇ ਮੱਥੇ ਤੋਂ ਵੀ ਹਾਸਿਆਂ ਦੀ ਲਕੀਰ ਸਦਾ ਲਈ ਮਿੱਟ ਜਾਵੇਗੀ।æææਜੇ ਇਸ ਦੇ ਕੰਢਿਆਂ ਦੀ ਹੋਂਦ ਮਿਟ ਗਈ ਤਾਂ ਸਾਡੇ ਖੇਤਾਂ ਵਿਚ ਮਰਸੀਆ ਉਗ ਆਵੇਗਾ। ਜੇ ਇਸ ਦੇ ਪੱਤਣਾਂ ਦੀਆਂ ਰੌਣਕਾਂ ਰੁੱਸ ਗਈਆਂ ਤਾਂ ਲੁੱਡਣ ਮਲਾਹ ਦੀ ਦਰਦੀਲੀ ਹੇਕ ਹਵਾ ਨੂੰ ਸਿਸਕਣ ਲਾ ਦੇਵੇਗੀ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਅੱਜ ਕੱਲ ਬਹੁਤ ਉਦਾਸ ਏ ਮੇਰੇ ਪਿੰਡ ਕੋਲੋਂ ਲੰਘਦੀ ਨਦੀ। ਬਹੁਤ ਨਿਰਾਸ਼ ਏ ਜਦ ਝਾਕਦੀ ਏ ਆਪਣੀ ਅਜੋਕੀ ਹਾਲਤ ਵੰਨੀਂ। ਤਰਸ ਦੀ ਮੂਰਤ ਬਣੀ ਮੇਰੇ ਪਿੰਡ ਕੋਲੋਂ ਲੰਘਦੀ ਨਦੀ ਝੂਰਦੀ ਏ ਆਪਣੀ ਹੋਣੀ ‘ਤੇ ਅਤੇ ਆਪਣੇ ਚੌਗਿਰਦੇ ਵਿਚ ਹਾਵਿਆਂ ਨੂੰ ਖਿਲਾਰਦੀ ਏ। ਉਸ ਦੇ ਰੋਣੇ-ਧੋਣੇ ਨੂੰ ਸੁਣਨ ਲਈ ਕੋਈ ਨਹੀਂ ਤਿਆਰ ਅਤੇ ਨਾ ਹੀ ਕਿਸੇ ਨੂੰ ਹੁਣ ਉਸ ਦੀ ਸਦੀਵਤਾ ਨਾਲ ਪਿਆਰ। ਉਸ ਦੀ ਵੇਦਨਾ ਸੁਣਨ ਤੋਂ ਅੱਕੇ ਨੇ ਉਸ ਦੇ ਆਪਣੇ ਸਾਹਾਂ ਵਰਗੇ ਲੋਕ। ਉਸ ਦੇ ਟੁੱਟਦੇ ਸਾਹਾਂ ਵਿਚ ਉਗਿਆ ਹੇਰਵਾ। ਉਸ ਦੀ ਹੋਂਦ ਨੂੰ ਪੈ ਰਹੀ ਏ ਫਿਕਰਮੰਦੀ ਦੀ ਮਾਰ।
ਬਹੁਤ ਉਦਾਸ ਏ ਨਿਰਮਲ ਜਲਧਾਰਾ। ਉਜੜ ਗਿਆ ਜੀਵ-ਸੰਸਾਰਾ। ਉਸ ਦੇ ਪੱਤਣਾਂ ਦਾ ਲੁੱਟਿਆ ਗਿਆ ਏ ਲੁੱਡਣ ਵਿਚਾਰਾ ਅਤੇ ਉਸ ਦੇ ਬੁੱਲਾਂ ‘ਤੇ ਤਿੜਕਦਾ ਏ ਇਕ ਗੁੰਗਾ-ਸੰਸਾਰ।
ਨਦੀ ਦਾ ਲੁਟਿਆ ਸੰਸਾਰ ਇਕ ਉਦਾਸ ਕਥਾ। ਅੱਖਾਂ ਵਿਚ ਸੁੱਕਿਆ ਝਨਾਬ, ਪਿੰਡੇ ‘ਤੇ ਜੰਮੀਆਂ ਖਾਰੇ ਪਾਣੀ ਦੀਆਂ ਘਰਾਲਾਂ, ਉਦਾਸ ਲਹਿਰਾਂ ਦਾ ਮਾਤਮੀ ਸੰਗੀਤ ਅਤੇ ਇਸ ਵਿਚੋਂ ਝਲਕਦੀ ਏ ਆਪਣੇ ਮਰਨ-ਮਿੱਟੀ ਢੋਣ ਦੀ ਰੀਤ।
ਨਦੀ ਦੇ ਕੰਢਿਆਂ ‘ਤੇ ਪਸਰੀ ਵੈਰਾਨਗੀ, ਉਜੜੇ ਪੱਤਣਾਂ ਦੀ ਤਵਾਰੀਖੀ ਤ੍ਰਾਸਦੀ ਅਤੇ ਇਸ ਦੇ ਨਾਮ ਹੋ ਰਹੀ ਇਕ ਸੁੱਕੀ ਹਿੰਝ।
ਕਦੇ ਇਹ ਮਾਣ ਮੱਤੀ ਨਦੀ ਨਿਰਮਲ ਨੀਰ ਦੀ ਭਰ ਵਗਦੀ ਜੀਵਨ-ਧਾਰਾ, ਇਸ ਦੇ ਚੁਫੇਰੇ ਮੌਲਦੇ ਜੀਵਨ ਦਾ ਪਸਾਰਾ, ਜੀਵ ਜੰਤੂਆਂ ਦਾ ਧੜਕਦਾ, ਜਾਗਦਾ ਅਤੇ ਹੱਸਦਾ-ਖਿੰਡਦਾ ਸੰਸਾਰ, ਜੀਵਨ ਦੀ ਸੁੱਚਮ ਅਤੇ ਸਮੁੱਚ ਦਾ ਇਕ ਸੂਖਮ ਨਜ਼ਾਰਾ ਅਤੇ ਇਸ ਇਲਹਾਮੀ ਦ੍ਰਿਸ਼ ‘ਚੋਂ ਪਨਪਦਾ ਸੀ, ਆਤਮ-ਮੁਖੀ ਹੁਲਾਰਾ।
ਨਦੀ ਦੀ ਹਿੱਕ ‘ਤੇ ਬੇੜੀਆਂ ਦੇ ਚੱਪੂਆਂ ਦੀ ਸੰਗੀਤਕ ਰੁਮਕਣੀ, ਇਸ ਦੇ ਮਲਾਹਾਂ ਦੀਆਂ ਲੰਮੀਆਂ ਹੇਕਾਂ ਅਤੇ ਇਸ ਦੀਆਂ ਲਹਿਰਾਂ ਵਿਚ ਘੁਲਦੇ ਸੁੱਚੇ ਮਨੁੱਖਾਂ ਦੇ ਸੰਵੇਦਨਾ ਭਰਪੂਰ ਬੋਲ। ਲਰਜ਼ਦੀ ਸੀ ਕਾਇਨਾਤ ਅਤੇ ਇਸ ਕਾਇਨਾਤ ‘ਚੋਂ ਵਿਗਸਦਾ ਸੀ ਮਨੁੱਖ ਦੀ ਸਦੀਵਤਾ ਦਾ ਨਗਮਾ।
ਪਤਾ ਨਹੀਂ ਕਿੱਧਰ ਤੁਰ ਗਏ ਨੇ ਉਹ ਬੋਲ, ਅਲਫਾਜ਼ ਵਿਚਲੀ ਪਾਕੀਜ਼ਗੀ, ਸੋਚਾਂ ਦੀ ਵਿਸ਼ਾਲਤਾ, ਵਿਚਾਰਾਂ ਦੀ ਪੁਖਤਗੀ, ਕਰਮਾਂ ਵਿਚਲੀ ਨੇਕ-ਨੀਤੀ ਅਤੇ ਦਿੱਭ-ਦ੍ਰਿਸ਼ਟੀ ਦੀ ਦਿਆਨਤਦਾਰੀ। ਕਿਹੜੀ ਕੁਲਹਿਣੀ ਕਰਮ-ਸ਼ੈਲੀ ਹੂੰਝ ਕੇ ਲੈ ਗਈ ਏ ਜੀਵਨ ਦੇ ਸੁੱਚੇ ਰੰਗਾਂ ਦੀ ਹੁਸੀਨ ਫੁਲਕਾਰੀ ਅਤੇ ਮਨੁੱਖੀ ਕਰਮਸ਼ੀਲਤਾ ਦੀ ਸੱਜਰੀ ਕਿਲਕਾਰੀ।
ਸੱਚੀਂ! ਨਦੀ ਦੀ ਅੱਖ ਵਿਚ ਅਟਕਿਆ ਏ ਇਕ ਹੀ ਹੰਝੂ ਅਤੇ ਇਸ ਹੰਝੂ ਵਿਚ ਸਮੁੱਚੀ ਕਾਇਨਾਤ ਨੂੰ ਡੁਬੋਣ ਦੀ ਗਹਿਰਾਈ। ਗਰਕ ਸਕਦੀ ਏ ਮਾਨਵੀਕਰਨ ਦੀ ਇਹ ਦੌੜ ਜੇ ਕਿਸੇ ਨੇ ਨਦੀ ਦੀ ਦਰਦ ਗਾਥਾ ਵੰਨੀਂ ਨਾ ਦਿੱਤਾ ਧਿਆਨ। ਕੂੜ ਹੋ ਜਾਣਾ ਏ ਮਨੁੱਖ ਦਾ ਥੋਥਾ ਗਿਆਨ ਅਤੇ ਹਵਾ ‘ਚ ਉਡਦੇ ਤੀਲਿਆਂ ਦੀ ਤ੍ਰਾਸਦੀ ਬਣ ਜਾਣਾ ਏ ਗਲੋਬਲੀਕਰਨ ਦੇ ਡੇਰੇਦਾਰਾਂ ਦਾ ਵਿਖਿਆਨ।
ਕਦੇ ਨਦੀ ਨੂੰ ਨਾਜ਼ ਹੁੰਦਾ ਸੀ ਹਰ ਪਿਆਸੇ ਦੀ ਪਿਆਸ ਮਿਟਾਉਣ ਵਾਲੇ ਅੰਮ੍ਰਿਤਮਈ ਪਾਣੀਆਂ ‘ਤੇ, ਇਸ ਦੇ ਚਾਰ ਚੁਫੇਰੇ ਲਹਿਰਾਉਂਦੀਆਂ ਫਸਲਾਂ ‘ਤੇ, ਲੋਕਾਂ ਦੇ ਮੁਖੜੇ ‘ਤੇ ਖੇਡਦੇ ਜਲਾਲ ‘ਤੇ; ਹਾਲੀਆਂ, ਗਾਡੀਆਂ, ਘਾਹੀਆਂ, ਰਾਹੀਆਂ ਤੇ ਪਾਲੀਆਂ ਦੀ ਚਰਨ ਬੰਦਨਾ ਕਰਨ ‘ਤੇ, ਇਸ ਦੇ ਪਾਣੀਆਂ ਦੀ ਚਸ਼ਮਦੀਦੀ ਗਵਾਹੀ ਵਿਚ ਪਨਪਦੀਆਂ ਉਮਰੋਂ ਲੰਮੇਰੀਆਂ ਦੋਸਤੀਆਂ ‘ਤੇ, ਸੰਦਲੀ ਪਲਾਂ ਦੀ ਧਰਾਤਲ ਬਣ ਕੇ ਯੁੱਗ ਜਿਉਣ ਦੀ ਅਰਦਾਸ ‘ਤੇ ਅਤੇ ਇਸ ਦੇ ਦਰ ‘ਤੇ ਹਰ ਬੇਉਮੀਦੇ ਦੀ ਪੂਰਨ ਹੁੰਦੀ ਆਸ ‘ਤੇ।
ਨਦੀ ਤਾਂ ਮਾਣ ਕਰੇਂਦੀ ਸੀ ਜਦ ਇਹ ਕਿਸੇ ਦੇਸ਼ ਦੀ ਉਨਤੀ ਦਾ ਸਬੱਬ ਬਣਦੀ ਸੀ, ਪਛਾਣ ਦਾ ਨਾਮਕਰਨ ਕਰਦੀ ਸੀ, ਸਦੀਵੀ ਹੋਂਦ ਦੀ ਹਾਮੀ ਭਰਦੀ ਸੀ, ਨਵੇਂ ਯੁੱਗ ਦਾ ਸਿਰਲੇਖ ਆਪਣੇ ਮੱਥੇ ਦੇ ਨਾਮ ਕਰਦੀ ਸੀ ਅਤੇ ਹਰ ਕਿਸੇ ਦੀ ਪੀੜਾ ਨੂੰ ਆਪਣੀ ਸਮਝ ਕੇ ਪਿੰਡੇ ‘ਤੇ ਜਰਦੀ ਸੀ।
ਨਦੀ ਦੇ ਕੰਢਿਆਂ ‘ਤੇ ਸਭਿਅਤਾਵਾਂ ਜਨਮੀਆਂ, ਸਿਰਜਿਆ ਗਿਆ ਕਈ ਕੌਮਾਂ ਦਾ ਇਤਿਹਾਸ, ਲਿਖੀ ਗਈ ਮਾਣ-ਮੱਤੀ ਤਹਿਰੀਕ, ਇਤਿਹਾਸ ਦੇ ਵਰਕਿਆਂ ‘ਤੇ ਸੁਨਹਿਰੀ ਪੰਨਿਆਂ ਦੀ ਹੋਈ ਕਲਾ-ਨਿਕਾਸ਼ੀ। ਬੀਤੇ ਸਮਿਆਂ ਦੇ ਅਨਮੋਲ ਦਸਤਾਵੇਜ਼ ਨੇ ਸਾਡੇ ਨਦੀਆਂ ਤੇ ਨਾਲੇ, ਕੀਮਤੀ ਖਜਾਨਾ ਏ ਨਦੀ ਦੀ ਨਿਰਮਲ ਧਾਰਾ। ਜੀਵਨ ਦੀ ਜਗਦੀ ਜੋਤ ਨੇ ਅੰਮ੍ਰਿਤਮਈ ਪਾਣੀਆਂ ਦੇ ਵਹਿੰਦੇ ਸਰਵਰ।
ਪਿੰਡ ਕੋਲੋਂ ਵਗਦੀ ਨਦੀ ਨੂੰ ਚੇਤੇ ਏ ਇਸ ਦੇ ਕੰਡਿਆਂ ‘ਤੇ ਮੌਲਦੀ ਨਿਰਛੱਲ ਪ੍ਰੀਤ, ਜੀਵਨ ਭਰ ਨਿਭਣ ਵਾਲੀਆਂ ਸਾਂਝਾਂ ਦਾ ਸ਼ੁਰੂਆਤੀ ਸਫਰ, ਕੰਢਿਆਂ ‘ਤੇ ਬੇੜੀ ਨੂੰ ਉੁਡੀਕਦੇ ਮੁਸਾਫਰ, ਉਨ੍ਹਾਂ ਦੇ ਨਿੱਕੇ ਨਿੱਕੇ ਪਰ ਨਿੱਘੇ ਹਾਸੇ, ਉਨ੍ਹਾਂ ਦੇ ਬੋਲਾਂ ‘ਚ ਘੁਲੇ ਪਤਾਸੇ ਅਤੇ ਸ਼ੂਕਦੇ ਦਰਿਆਵਾਂ ਦੀ ਹਿੱਕ ਚੀਰ ਕੇ ਪਾਰ ਲੰਘਣ ਲਈ ਸੋਧੇ ਹੋਏ ਅਰਦਾਸੇ।
ਨਦੀ ਨੂੰ ਬਹੁਤ ਉਦਾਸ ਕਰਦੀ ਏ ਇਸ ਦੀਆਂ ਲਹਿਰਾਂ ਵਿਚ ਘੁਲੀ ਵੰਝਲੀ ਦੀ ਮਿੱਠੀ ਮਿੱਠੀ ਹੂਕ, ਕੰਢੇ ਦੇ ਬਿਰਖ ਦੀ ਟਾਹਣੀ ‘ਤੇ ਕੁਰਲਾਉਂਦੇ ‘ਕੱਲੇ ਪਰਿੰਦੇ ਦੀ ਕੂਕ, ਮਿੱਤਰ ਪਿਆਰੇ ਦੀ ਉਡੀਕ ਦੇ ਵਿਸਮਾਦੀ ਪਲ ਅਤੇ ਦੋ ਪਿਆਰੀਆਂ ਰੂਹਾਂ ਦੀ ਸੰਦਲੀ ਗੁਫਤਗੂ ਵਿਚ ਸੰਗੀਤ ਭਰਦੀ ਨਦੀ ਦੇ ਪਾਣੀ ਦੀ ਕਲ-ਕਲ। ਪੱਤਣਾਂ ‘ਤੇ ਖੜ੍ਹ ਕੇ ਦੂਰ ਤੁਰੇ ਜਾਂਦੇ ਮਾਹੀ ਦੇ ਵਿਛੋੜੇ ਵਿਚ ਸੱਜ-ਵਿਆਹੀ ਦਾ ਵੈਰਾਗਮਈ ਹੋਣਾ, ਟੁੱਟੀਆਂ ਯਾਰੀਆਂ ‘ਤੇ ਹੰਝੂਆਂ ‘ਚ ਆਪਾ ਧੋਣਾ ਅਤੇ ਆਪਣੇ ਦਿਲ ਦਾ ਦਰਦ ਪਾਣੀਆਂ ਨੂੰ ਸੁਣਾਉਣਾ।
ਨਦੀ ਭਲਾ ਕਿੰਜ ਭੁੱਲ ਸਕਦੀ ਏ ਪਾਣੀਆਂ ਨੂੰ ਅੱਗ ਲਾਉਣ ਵਾਲੇ ਸੰਗਮਰਮਰੀ ਜਿਸਮਾਂ ਦਾ ਇਸ ਦੀ ਹਿੱਕ ‘ਤੇ ਤਾਰੀਆਂ ਲਾਉਣਾ, ਇਕ ਦੂਜੇ ਨੂੰ ਛਿੱਟਿਆਂ ਨਾਲ ਭਿਓਣਾ, ਸੇਕ ਦੀ ਇਕ ਕਾਤਰ ਪਾਣੀਆਂ ਵਿਚ ਘੋਲਣੀ ਅਤੇ ਖੁਆਜ਼ੇ ਪੀਰ ਦੀ ਕਚਹਿਰੀ ‘ਚ ਇਕ ਦੂਜੇ ਦੇ ਸਾਹਾਂ ਵਿਚ ਮਹਿਕ ਡੋਲਣੀ। ਉਮਰਾਂ ਜੇਡੇ ਵਾਅਦਿਆਂ ਦੀ ਵਫਾਈ ਅਤੇ ਮਨ ਦੇ ਚਿੱਤਰਪੱਟ ‘ਤੇ ਮਨਭਾਉਂਦੇ ਨਾਮ ਦੀ ਕਢਾਈ। ਲਹਿਰਾਂ ਸੰਗ ਲਹਿਰ ਬਣ ਕੇ ਜਿਉਣ ਦੀ ਲੋਰ ਅਤੇ ਕੰਢਿਆਂ ਨਾਲ ਮੋਹ ਪਾਲਦਾ ਨਦੀ ਦਾ ਮਨਮੋਹਕ ਸ਼ੋਰ।
ਨਦੀ ਨੂੰ ਯਾਦ ਆਉਂਦਾ ਏ ਨਿੱਕੇ ਬਾਲਾਂ ਦਾ ਘੋਗੇ-ਸਿੱਪੀਆਂ ਚੁਗਣਾ, ਗੋਡੇ-ਗੋਡੇ ਪਾਣੀ ਵਿਚ ਖੜ ਕੇ ਕਾਗਜ਼ੀ ਬੇੜੀਆਂ ਨੂੰ ਪਾਣੀ ਵਿਚ ਉਤਾਰਨਾ, ਅਣਛੋਹੇ ਅਤੇ ਅਪੂਰਨ ਸੁਪਨਿਆਂ ਨੂੰ ਲੈ ਕੇ ਦੂਰ ਤੀਕ ਜਾਂਦੀਆਂ ਬੇੜੀਆਂ ਨੂੰ ਨਿਹਾਰਨਾ ਅਤੇ ਤੈਰਦੀਆਂ ਬੇੜੀਆਂ ਰਾਹੀਂ ਨਿੱਕੀ ਜਿਹੀ ਸੋਚ ਨੂੰ ਵਿਸਥਾਰਨਾ। ਨਦੀ ਨੂੰ ਰਸ਼ਕ ਹੁੰਦਾ ਏ ਜਦ ਕਦੇ ਉਸ ਨੇ ਸੁਣਨਾ ਕਿ ਮੋਢਿਆਂ ‘ਤੇ ਚੜ੍ਹ ਕੇ ਨਦੀ ਲੰਘਦੇ ਜੁਆਕ ਦਾ ਆਪਣੇ ਬਾਪ ਨੂੰ ਕਾਗਜ਼ ਦੀ ਬੇੜੀ ‘ਤੇ ਸੁਆਰ ਹੋ ਕੇ ਨਦੀ ਪਾਰ ਕਰਨ ਦਾ ਸੁਝਾਅ। ਪਵਿੱਤਰ ਸੋਚ ਦਾ ਕਿੱਡਾ ਵੱਡਾ ਏ ਫੈਲਾਅ ਜਿਸ ਸਦਕਾ ਮਿੱਲ ਰਹੀ ਏ ਮਾਨਵਤਾ ਦੀ ਦੁਆ। ਸੁਪਨਿਆਂ ਦੀ ਉਮਰੇ, ਬਜ਼ੁਰਗਾਂ ਲਈ ਕਾਗਜ਼ਾਂ ਦੀ ਬੇੜੀ ਦਾ ਸੁਪਨਾ ਲੈਣ ਵਾਲੇ ਹੀ ਆਦਮੀਅਤ ਦਾ ਸਿਰਲੇਖ, ਮਾਨਵੀਕਰਨ ਦੇ ਕਰਮ-ਲੇਖ ਅਤੇ ਸੁੱਚੀ ਸੋਚ ਦੀ ਜਗਦੀ-ਜੋਤ।
ਨਦੀ ਨੂੰ ਜੇ ਅਸੀਂ ਹੀ ਭੁਲਾ ਦਿੱਤਾ ਤਾਂ ਕਿਸ ਕੋਲ ਰੋਏਗੀ ਆਪਣਾ ਰੋਣਾ? ਜੇ ਅਸੀਂ ਹੀ ਇਸ ਦੀ ਹੋਂਦ ਨੂੰ ਮਿਟਾ ਦਿੱਤਾ ਤਾਂ ਕਿਸੇ ਵੀ ਨਸਲ ਨੇ ਇਕ ਵੀ ਹਿੰਝ ਨਹੀਂ ਇਸ ਦੀ ਮੱਈਅਤ ‘ਤੇ ਚੋਣੀ। ਜੇ ਨਦੀ ਹਉਕਾ ਬਣ ਗਈ ਤਾਂ ਸਾਡੇ ਮੱਥੇ ਤੋਂ ਵੀ ਹਾਸਿਆਂ ਦੀ ਲਕੀਰ ਸਦਾ ਲਈ ਮਿੱਟ ਜਾਵੇਗੀ। ਜੇ ਇਸ ਦਾ ਲਹਿਰ-ਸੰਗੀਤ ਮਰ ਗਿਆ ਤਾਂ ਫਿਜ਼ਾ ਵਿਚ ਹਿਚਕੀਆਂ ਦਾ ਸ਼ੋਰ ਸੁਣਨਾ ਪਵੇਗਾ। ਜੇ ਇਸ ਦੇ ਕੰਢਿਆਂ ਦੀ ਹੋਂਦ ਮਿਟ ਗਈ ਤਾਂ ਸਾਡੇ ਖੇਤਾਂ ਵਿਚ ਮਰਸੀਆ ਉਗ ਆਵੇਗਾ। ਜੇ ਇਸ ਦੇ ਪੱਤਣਾਂ ਦੀਆਂ ਰੌਣਕਾਂ ਰੁੱਸ ਗਈਆਂ ਤਾਂ ਲੁੱਡਣ ਮਲਾਹ ਦੀ ਦਰਦੀਲੀ ਹੇਕ ਹਵਾ ਨੂੰ ਸਿਸਕਣ ਲਾ ਦੇਵੇਗੀ। ਜੇ ਇਸ ਦੇ ਕੰਢੇ ‘ਤੇ ਖਿਲਰੇ ਘੋਗੇ-ਸਿੱਪੀਆਂ ਦੀ ਅੱਖ ਵਿਚ ਅੱਥਰੂ ਸਿੰਮ ਆਏ ਤਾਂ ਕੋਈ ਨਹੀਂ ਰਹਿਣਾ ਸਾਡੇ ਰੋਂਦੇ ਬੋਟਾਂ ਨੂੰ ਚੁੱਪ ਕਰਾਉਣ ਵਾਲਾ। ਜੇ ਇਸ ਦੇ ਅੰਮ੍ਰਿਤਮਈ ਪਾਣੀ ਦੀ ਤਾਸੀਰ ਜ਼ਹਿਰੀਲੀ ਹੋ ਗਈ ਤਾਂ ਤੁਹਾਡੇ ਅਤੇ ਸਾਡੇ ਘਰ ਗਮਾਂ ਦੀ ਵਹਿੰਗੀ ਢੋਣਗੇ। ਜੇ ਇਸ ਦੀ ਰਵਾਨਗੀ ਵਿਚ ਅਸੀਂ ਕਿੱਲ ਠੋਕ ਬੈਠੇ ਤਾਂ ਗੈਰ ਨੂੰ ਵੀ ਸਾਡੇ ਕੱਫਣ ਵਿਚ ਕਿੱਲ ਠੋਕਣ ਦੀ ਲੋੜ ਹੀ ਨਹੀਂ ਰਹਿਣੀ।
ਜੇ ਅਸੀਂ ਨਦੀ ਦੇ ਦਰਦ ਨੂੰ ਆਪਣੇ ਅੰਦਰ ਨਾ-ਉਤਾਰਨ ਦਾ ਗੁਨਾਹ ਕਰ ਬੈਠੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ। ਅਸੀਂ ਹੋਵਾਂਗੇ ਉਨ੍ਹਾਂ ਦੇ ਟੁੱਟਦੇ ਸਾਹਾਂ ਅਤੇ ਲਿਲਕੜੀਆਂ ਲੈਂਦੀ ਜ਼ਿੰਦਗੀ ਦੇ ਕਸੂਰਵਾਰ। ਸਾਡੀ ਔਲਾਦ ਨੇ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਾ ਅਤੇ ਇਕ ਲੰਗੜੀ ਜ਼ਿੰਦਗੀ ਆਪਣੀਆਂ ਪੀੜ੍ਹੀਆਂ ਦੇ ਨਾਮ ਕਰ, ਅਸੀਂ ਕਾਲੇ ਅੱਖਰਾਂ ਜਿਹੀ ਅਉਧ ਦਾ ਤਿੜਕਿਆ ਬਿੰਬ ਬਣ ਕੇ, ਸਦਾ ਲਈ ਅੰਧਕਾਰ ਵਿਚ ਅਲੋਪ ਹੋ ਜਾਵਾਂਗੇ।
ਕਦੇ ਉਦਾਸ ਨਦੀ ਦੀ ਪੀੜਾ ਦੀ ਇੰਤਹਾ ਦਾ ਅਹਿਸਾਸ ਤਾਂ ਕਰੀਏ ਜਦ ਉਸ ਨੂੰ ਲੱਗਦਾ ਏ ਕਿ ਅਸੀਂ ਪੰਜ-ਆਬ ਤੋਂ ਬੇ-ਆਬ ਦਾ ਸਫਰ ਸ਼ੁਰੂ ਕਰ ਚੁਕੇ ਹਾਂ ਅਤੇ ਉਹ ਸਾਨੂੰ ਮਾਰੂ-ਸਫਰ ਤੋਂ ਵਰਜਦੀ ਨੀਰ ਹੀ ਵਹਾ ਸਕਦੀ ਏ। ਕੋਈ ਹੰਝੂ ਪੂੰਝਣ ਵਾਲਾ ਵੀ ਤਾਂ ਹੋਵੇ ਜੋ ਹੰਝੂਆਂ ‘ਚ ਹੰਝੂ ਬਣ ਹੰਝੂਆਂ ਦੀ ਮੈਲ ਧੋਵੇ।
ਪਿੰਡ ਕੋਲੋਂ ਲੰਘਦੀ ਨਦੀ ਦੀ ਉਦਾਸ ਗਾਥਾ ਤੁਸੀਂ ਜਰੂਰ ਸੁਣਦੇ ਹੋਵੋਗੇ ਪਰ ਇਸ ਦੀ ਉਦਾਸੀ ਦਾ ਕੋਈ ਤਾਂ ਉਪਾਅ ਕਰੀਏ ਤਾਂ ਕਿ ਅਸੀਂ ਆਪ ਵੀ ਜੀਵੀਏ ਅਤੇ ਨਦੀ ਦੀ ਜੀਵਨ-ਧਾਰਾ ਦੇ ਨਾਂਵੇਂ ਚਿਰ-ਸੰਜੀਵ ਹੋਂਦ ਕਰੀਏ।