ਜਿੰਜਰ ਯਾਨਿ ਅਦਰਕ

ਬਲਜੀਤ ਬਾਸੀ
ਛੋਟੇ ਹੁੰਦੇ ਜੇ ਕਦੇ ਢਿੱਡ ਦੁਖਣ ਲੱਗਣਾ ਤਾਂ ਅਕਸਰ ਪਿੰਡ ਦੀ ਸੋਡੇ ਦੀ ਦੁਕਾਨ ਤੋਂ ਜਿੰਜਰ ਦਾ ਬੱਤਾ ਲਿਆ ਕੇ ਪੀਣ ਨੂੰ ਆਖਿਆ ਜਾਂਦਾ। ਉਸ ਉਮਰੇ ਜ਼ਾਇਕਾ ਰੋਜ਼ ਜਾਂ ਲੈਮਨ ਦੇ ਬੱਤੇ ਦਾ ਹੀ ਚੰਗਾ ਲਗਦਾ ਸੀ। ਦੁੱਧ ਸੋਡੇ ਦਾ ਤਾਂ ਕਹਿਣਾ ਹੀ ਕੀ, ਬੱਸ ਅੱਯਾਸ਼ੀ ਹੀ ਸੀ। ਪਰ ਬੀਮਾਰੀ ਦੀ ਹਾਲਤ ਵਿਚ ਜਿੰਜਰ ਦਾ ਕੌੜਾ ਘੁੱਟ ਭਰਨਾ ਹੀ ਪੈਂਦਾ ਸੀ।

ਬੱਤੇ ਦੀ ਕਾਢ ਗੋਰੀ ਕੌਮ ਦੀ ਹੈ, ਇਸੇ ਲਈ ਬੱਤਿਆਂ ਦੀਆਂ ਵੱਖ ਵੱਖ ਕਿਸਮਾਂ ਦੇ ਨਾਂ ਵੀ ਅੰਗਰੇਜ਼ੀ ਹੁੰਦੇ ਹਨ। ਹਾਂ, ਹਰੇ ਰੰਗ ਦੇ ਬੱਤੇ ਨੂੰ ਜ਼ਰੂਰ ਕੇਲਾ ਕਿਹਾ ਜਾਂਦਾ ਸੀ। ਬਹੁਤਿਆਂ ਨੂੰ ਪਤਾ ਹੀ ਹੋਵੇਗਾ ਕਿ ਬੱਤਾ ਸ਼ਬਦ ਵੀ ਬੋਤਲ ਦਾ ਹੀ ਪਰ-ਕੱਟਿਆ ਰੂਪ ਹੈ ਪਰ ਬੋਤਲ ਤੇ ਬੱਤੇ ਦੇ ਅਰਥਾਂ ਵਿਚ ਫਰਕ ਪੈ ਗਿਆ। ਇਸ ਕੌੜੇ ਤਜਰਬੇ ਕਾਰਨ ਛੋਟੇ ਹੁੰਦਿਆਂ ਹੀ ਪਤਾ ਲੱਗ ਗਿਆ ਕਿ ਜਿੰਜਰ ਅਦਰਕ ਨੂੰ ਕਹਿੰਦੇ ਹਨ। ਜਿੰਜਰ ਦਾ ਸੋਡਾ ਅਦਰਕ ਵਾਲਾ ਹੁੰਦਾ ਹੈ ਤੇ ਸਾਡੇ ਦੇਸੀ ਨੁਸਖਿਆਂ ਵਿਚ ਸੁੱਕਾ ਅਦਰਕ ਅਰਥਾਤ ਸੁੰਢ ਨੂੰ ‘ਸਰਬਰੋਗ ਕਾ ਅਉਖਧ’ ਮੰਨਿਆ ਜਾਂਦਾ ਸੀ। ‘ਸੁੰਢ ਦੀ ਗੱਠੀ’ ਮੁਹਾਵਰੇ ਦਾ ਮਤਲਬ ਹੈ, ਉਹ ਚੀਜ਼ ਜੋ ਬਹੁਤੀਆਂ ਸਮੱਸਿਆਵਾਂ ਦਾ ਉਪਾਅ ਹੋਵੇ। ਸੁੰਢ ਸ਼ਬਦ ਦਾ ਸੰਸਕ੍ਰਿਤ ਰੂਪ ਹੈ ਸ਼ੁੰਠਿ। ਪ੍ਰਾਕ੍ਰਿਤ ਵਿਚ ਇਹ ਸੁੰਠੀ ਬਣ ਗਈ। ਸਾਡੀ ਸੰਸਕ੍ਰਿਤੀ ਵਿਚ ਅਦਰਕ ਦੀ ਮਹੱਤਤਾ ਦਾ ਇਸ ਗੱਲ ਤੋਂ ਵੀ ਪਤਾ ਲਗਦਾ ਹੈ ਕਿ ਸੰਸਕ੍ਰਿਤ ਵਿਚ ਇਸ ਲਈ ਦਰਜਨਾਂ ਸ਼ਬਦ ਮੌਜੂਦ ਹਨ।
ਅਦਰਕ ਦਾ ਉਦਭਵ ਦੱਖਣੀ ਏਸ਼ੀਆ ਦੇ ਕਿਸੇ ਗਰਮ ਦੇਸ਼, ਖਾਸ ਤੌਰ ‘ਤੇ ਭਾਰਤ ਵਿਚ ਹੋਇਆ। ਇਹ ਅੱਜ ਕਲ੍ਹ ਖੁਦਰੌ ਰੂਪ ਵਿਚ ਉਗਿਆ ਨਹੀਂ ਮਿਲਦਾ। ਏਸ਼ੀਆ ਭਰ ਵਿਚ ਇਹ ਬਹੁਤ ਪਹਿਲਾਂ ਤੋਂ ਹੀ ਉਗਾਇਆ ਤੇ ਵਰਤਿਆ ਜਾਂਦਾ ਰਿਹਾ ਹੈ। ਗਰੀਕ ਤੇ ਰੋਮਨਾਂ ਨੂੰ ਵੀ ਇਸ ਦਾ ਪਤਾ ਸੀ। 2000 ਸਾਲ ਪਹਿਲਾਂ ਦੇ ਗਰੀਕ ਬਨਸਪਤੀ ਵਿਗਿਆਨੀ ਦੀਓਸਕੋਰੀਦੀਸ (ਧਿਸਚੋਰਦਿeਸ) ਨੇ ਇਸ ਦਾ ਜ਼ਿਕਰ ਕਰਦਿਆਂ ਲਿਖਿਆ ਹੈ, “ਇਹ ਚਿੱਟਾ, ਖੁਸ਼ਬੂਦਾਰ, ਮਿਰਚਾਂ ਦੇ ਸੁਆਦ ਜਿਹਾ ਗੱਠੀਦਾਰ ਜੜ੍ਹਾਂ ਵਾਲਾ ਕੰਦ ਹੈ ਜੋ ਪੀਣ ਵਾਲੀਆਂ ਚੀਜ਼ਾਂ ਵਿਚ ਵਰਤਿਆ ਜਾਂਦਾ ਹੈ।” ਇਸ ਦੇਸ਼ ਤੋਂ ਹੋਰ ਇਤਲਾਹ ਹੈ, ‘ਮਿਰਚਾਂ ਤੇ ਅਦਰਕ ਆਪੋ ਆਪਣੇ ਦੇਸ਼ਾਂ ਵਿਚ ਆਪਮੁਹਾਰੇ ਉਗੇ ਪੌਦੇ ਹਨ ਪਰ ਇਥੇ ਅਸੀਂ ਇਨ੍ਹਾਂ ਨੂੰ ਸੋਨੇ-ਚਾਂਦੀ ਵਾਂਗ ਤੋਲ ਕੇ ਖਰੀਦਦੇ ਹਾਂ।’
ਜ਼ਿਕਰਯੋਗ ਹੈ ਕਿ ਅਦਰਕ ਵੀ, ਤੇ ਇਸ ਲਈ ਵਰਤਿਆ ਜਾਂਦਾ ਅੰਗਰੇਜ਼ੀ ਸ਼ਬਦ ਜਿੰਜਰ ਵੀ, ਭਾਰਤ ਦੀ ਉਪਜ ਹੈ। ਉਂਜ ਇਸ ਦੀ ਜੀਵਨੀ ਅਦਰਕ ਦੀ ਗੱਠੀ ਵਾਂਗ ਟੇਢੀ ਮੇਢੀ ਹੈ। ਸੰਸਕ੍ਰਿਤ ਵਿਚ ਇਸ ਲਈ ਵਰਤਿਆ ਜਾਂਦਾ ਇਕ ਸ਼ਬਦ ਹੈ, ਸ਼੍ਰਿੰਗਵੇਰ। ਆਮ ਵਿਚਾਰ ਹੈ ਕਿ ਇਸ ਸ਼ਬਦ ਵਿਚਲਾ ਅੰਸ਼ ‘ਸ਼੍ਰਿੰਗ’ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਪੰਜਾਬੀ ਰੂਪ ਸਿੰਗ ਹੈ ਅਤੇ ਵੇਰ ਦਾ ਅਰਥ ਹੈ, ਜੜ੍ਹ। ਅਦਰਕ ਦੀ ਸ਼ਕਲ (ਖਾਸ ਤੌਰ ‘ਤੇ ਬਾਰਾਂਸਿੰਗੇ ਦੇ) ਸਿੰਗ ਜਿਹੀ ਹੋਣ ਕਾਰਨ ਇਹ ਨਾਂ ਪਿਆ ਦੱਸੀਦਾ ਹੈ। ਬਹੁਤ ਸਾਰੇ ਅੰਗਰੇਜ਼ੀ ਕੋਸ਼ਾਂ ਵਿਚ ਵੀ ਇਸ ਦੀ ਵਿਉਤਪਤੀ ਇਸੇ ਸ਼੍ਰਿੰਗਵੇਰ ਤੋਂ ਦੱਸੀ ਗਈ ਹੈ। ਸੰਸਕ੍ਰਿਤ ਕੋਸ਼ਾਂ ਵਿਚ ਇਹ ਸ਼ਬਦ ਮਿਲਦਾ ਹੈ। ਸ਼੍ਰਿੰਗ ਸ਼ਬਦ ਭਾਰੋਪੀ ਖਾਸੇ ਵਾਲਾ ਹੋਣ ਕਾਰਨ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਮੋਟੇ ਤੌਰ ‘ਤੇ ਅੰਗਰੇਜ਼ੀ ਹੌਰਨ ਤੇ ਫਾਰਸੀ ਸਰ (ਸਿਰ) ਇਸ ਦੇ ਸੁਜਾਤੀ ਮੰਨੇ ਜਾਂਦੇ ਹਨ।
ਬਹੁਤ ਸਾਰੇ ਐਂਗਲੋ-ਇੰਡੀਅਨ ਸ਼ਬਦਾਂ ਬਾਰੇ ਪ੍ਰਸਿੱਧ ਕੋਸ਼ ‘ਹਾਬਸਨ ਜਾਬਸਨ’ ਵਿਚ ਅੰਗਰੇਜ਼ੀ ਦਾ ਜਿੰਜਰ ਸ਼ਬਦ ਅਰਬੀ ਜ਼ੰਜਾਬੀਲ, ਸਪੈਨਿਸ਼ ਦੇ ਅਜਨਜਿਬਰ (ਅਰਬੀ ਅਲ-ਜੰਜਾਬੀਲ ਦਾ ਵਿਗੜਿਆ ਰੂਪ), ਪੁਰਤਗੀਜ਼ ਜਿੰਜੀਬਰ, ਲਾਤੀਨੀ ਜ਼ਿੰਜੀਬਰ ਅਤੇ ਹੋਰ ਕਈ ਭਾਸ਼ਾਵਾਂ ਦੇ ਸ਼ਬਦਾਂ ਤੋਂ ਬਣਿਆ ਦੱਸਿਆ ਹੈ। ਕਈ ਵਾਰੀ ਇਕ ਭਾਸ਼ਾ ਦਾ ਸ਼ਬਦ ਇਕੋ ਵਾਰੀ ਕਈ ਸਰੋਤਾਂ ਦੇ ਸਮਰੂਪਾਂ ਤੋਂ ਆਇਆ ਹੁੰਦਾ ਹੈ, ਇਸ ਲਈ ਇਹ ਦੱਸਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਸ ਦਾ ਅਸਲੀ ਮੂਲ ਕਿਹੜਾ ਹੋ ਸਕਦਾ ਹੈ। ਪਰ ‘ਹਾਬਸਨ ਜਾਬਸਨ’ ਨੇ ਇਸ ਸ਼ਬਦ ਦੇ ਸੰਸਕ੍ਰਿਤ ਸ੍ਰੋਤ ਹੋਣ ਦੀ ਗੱਲ ‘ਤੇ ਉਂਗਲੀ ਰੱਖੀ ਹੈ। ਉਸ ਅਨੁਸਾਰ ਇਹ ਵਿਉਤਪਤੀ ਕਾਲਪਨਿਕ ਹੈ। ਪ੍ਰਾਚੀਨ ਸੰਸਕ੍ਰਿਤਵੇਤਾਵਾਂ ਵਿਚ ਇਹ ਰੁਚੀ ਸੀ ਕਿ ਉਹ ਕਿਸੇ ਹੋਰ ਭਾਸ਼ਾ ਤੋਂ ਲਏ ਸ਼ਬਦ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਸੰਸਕ੍ਰਿਤ ਦਾ ਮੌਲਿਕ ਸ਼ਬਦ ਸਾਬਤ ਕਰ ਦਿੰਦੇ ਸਨ। ਉਸ ਦੇ ਸ਼ਬਦਾਂ ਵਿਚ, “ਸੰਸਕ੍ਰਿਤ ਦੇ ਇਸ ਸ਼ਬਦ ਦੇ ਰੂਪ ਵੱਲ ਨਜ਼ਰ ਦੁੜਾਈਏ ਤਾਂ ਇਸ ਸ਼ੱਕ ਦੀ ਸੰਭਾਵਨਾ ਨਹੀਂ ਰਹਿ ਜਾਂਦੀ ਕਿਉਂਕਿ ਬ੍ਰਾਹਮਣ ਜਿਸ ਚੀਜ਼ ਨੂੰ ਵੀ ਹੱਥ ਪਾਉਂਦੇ ਹਨ, ਉਸ ਨੂੰ ਆਪਣੇ ਪੰਡਤਾਊਪੁਣੇ ਨਾਲ ਪੂਰੀ ਤਰ੍ਹਾਂ ਛੁਪਾ ਲੈਂਦੇ ਹਨ।”
ਅਦਰਕ ਭਾਵੇਂ ਹਿਮਾਲਿਆ ਤੋਂ ਲੈ ਕੇ ਭਾਰਤ ਦੇ ਧੁਰ ਦੱਖਣ ਦੇ ਖੇਤਰਾਂ ਵਿਚ ਉਗਾਇਆ ਜਾਂਦਾ ਹੈ ਪਰ ਸਭ ਤੋਂ ਉਤਮ ਕਿਸਮ ਦਾ ਅਦਰਕ ਮਾਲਾਬਾਰ ਦਾ ਹੀ ਹੈ। ਮਲਿਆਲਮ ਵਿਚ ਤਾਜ਼ਾ ਕੱਚੇ ਅਦਰਕ ਨੂੰ ‘ਇੰਚੀ’ ਜਾਂ ‘ਇੰਚੀਵੇਰ’ ਕਿਹਾ ਜਾਂਦਾ ਹੈ। ਤਮਿਲ ਵਿਚ ਵੀ ਇੰਚੀ ਹੈ। ਵੇਰ ਸ਼ਬਦ ਦਾ ਅਰਥ ‘ਜੜ੍ਹ’ ਹੈ। ਕੰਨੜ ਵਿਚ ਅਦਰਕ ਨੂੰ ਸਿੰਚੀ ਜਾਂ ਚੁੰਚੀ ਆਖਿਆ ਜਾਂਦਾ ਹੈ। ਅੱਜ ਕੱਲ ਕੰਨੜ ਵਿਚ ਇਸ ਨੂੰ ਸੁੰਟੀ ਵੀ ਕਿਹਾ ਜਾਂਦਾ ਹੈ। ਸੰਭਵ ਹੈ, ਇਸੇ ਸ਼ਬਦ ਨੇ ਸੰਸਕ੍ਰਿਤ ਵਿਚ ਸੁੰਠਿ, ਹਿੰਦੀ ਵਿਚ ਸੁੰਠੀ ਅਤੇ ਪੰਜਾਬੀ ਵਿਚ ਸੁੰਢ ਦਾ ਰੂਪ ਧਾਰਿਆ ਹੋਵੇ। ਪਰ ਸੰਸਕ੍ਰਿਤ ਵਾਲਿਆਂ ਨੇ ਇਸ ਨੂੰ ਸੁਕਾਉਣ ਦੇ ਅਰਥਾਂ ਵਾਲੇ ਸ਼ਬਦ ਸੁੰਠ ਨਾਲ ਜੋੜ ਲਿਆ।
ਕਈ ਅਰਬੀ ਲੇਖਕਾਂ ਨੇ ਅਦਰਕ ਨੂੰ ‘ਜੰਜੀ ਦਾ ਪੌਦਾ’ ਬਿਆਨਿਆ ਹੈ। ਅਰਬਾਂ ਨੇ ਸ਼ਾਇਦ ਇਸ ਸ਼ਬਦ ਦੇ ਰੂਪ ਤੋਂ ਭੁਲੇਖਾ ਖਾਧਾ ਤੇ ਇਸ ਨੂੰ ਤਨਜ਼ਾਨੀਆ ਦੇ ਦੀਪ ਸਮੂਹ ਜ਼ੰਜ਼ੀਬਾਰ ਨਾਲ ਜੋੜ ਲਿਆ। ਪ੍ਰਾਚੀਨ ਕਾਲ ਤੋਂ ਹੀ ਇਹ ਖੇਤਰ ਮਸਾਲਿਆਂ ਦਾ ਗੜ੍ਹ ਰਿਹਾ ਹੈ। ਉਂਜ ਜ਼ੰਜ਼ੀਬਾਰ ਫਾਰਸੀ ਸ਼ਬਦਾਂ ਜ਼ੰਗ (ਕਾਲਾ) ਅਤੇ ਬਾਰ (ਤਟ) ਦੇ ਜੋੜ ਤੋਂ ਬਣਿਆ ਹੈ। ਮਾਰਕੋ ਪੋਲੋ ਨੇ ਲਿਖਿਆ ਹੈ ਕਿ ਵਧੀਆ ਅਦਰਕ (ਜੈਂਜੀਬਰ) ਕੋਲਮ (ਕੇਰਲਾ ਦੀ ਬੰਦਰਗਾਹ ਅਤੇ ਸ਼ਹਿਰ) ਵਿਚ ਪੈਦਾ ਹੁੰਦਾ ਹੈ ਅਤੇ ਕੋਲਮ ਨਾਮ ਨਾਲ ਹੀ ਮਸ਼ਹੂਰ ਹੈ।
ਕੁਝ ਲਿਖਤਾਂ ਵਿਚ ਵਧੀਆ ਅਦਰਕ ਵਜੋਂ ਕੋਲੰਬਾਈਨ ਸ਼ਬਦ ਦਾ ਜ਼ਿਕਰ ਵੀ ਆਉਂਦਾ ਹੈ ਜੋ ਸਪਸ਼ਟ ਤੌਰ ‘ਤੇ ਕੋਲੰਬੂ ਨਾਲ ਸਬੰਧਤ ਹੈ। ਪਲਾਇਨੀ ਅਨੁਸਾਰ ਅਦਰਕ ਅਰਬ ਵਿਚ ਪੈਦਾ ਹੁੰਦਾ ਹੈ। ਅਨੇਕਾਂ ਮਧਯੁਗੀ ਲਿਖਤਾਂ ਵਿਚ ਜ਼ਿਕਰ ਹੈ ਕਿ ਜਿੰਜਰ ਦੀ ਦਰਾਮਦ ਭਾਰਤ ਤੋਂ ਹੁੰਦੀ ਸੀ। ਮਾਰਕੋ ਪੋਲੋ ਨੇ ਚੀਨ ਵਿਚ ਵੀ ਅਦਰਕ ਦੀ ਪੈਦਾਵਾਰ ਦੇਖੀ। ਇਕ ਲਿਖਤ ਅਨੁਸਾਰ 1587 ਵਿਚ ਭਾਰਤ ਤੋਂ ਕਰੀਬ 22000 ਕੁਇੰਟਲ ਅਦਰਕ ਜਹਾਜ਼ਾਂ ਰਾਹੀਂ ਭਾਰਤ ਤੋਂ ਸਪੇਨ ਭੇਜਿਆ ਗਿਆ। ਉਥੇ ਪਤਾ ਨਹੀਂ ਸੀ ਲਗਦਾ ਕਿ ਏਨੇ ਅਦਰਕ ਦਾ ਕੀ ਕੀਤਾ ਜਾਵੇ। ਐਲਨ ਸਟਰੋਡ ਕੈਂਬਲ ਰੌਸ ਨਾਮੀ ਲੇਖਕ ਨੇ ਜਿੰਜਰ ਸ਼ਬਦ ‘ਤੇ ਡੂੰਘੀ ਖੋਜ ਉਪਰੰਤ ‘ਇਕ ਉਧਾਰ ਲਏ ਸ਼ਬਦ ਦਾ ਅਧਿਐਨ’ ਨਾਮੀਂ ਪੂਰੀ ਪੁਸਤਕ ਲਿਖੀ ਹੈ ਜਿਸ ਦਾ ਤੋੜਾ ਇਹ ਹੈ ਕਿ ਜਿੰਜਰ ਦ੍ਰਾਵੜੀ ਮੂਲ ਦਾ ਸ਼ਬਦ ਹੈ।
ਅੱਜ ਬਹੁਤ ਸਾਰੇ ਵਿਦਵਾਨ ਇਕਮੱਤ ਹਨ ਕਿ ਜਿੰਜਰ ਸ਼ਬਦ ਦਾ ਪਿਛੋਕੜ ਦ੍ਰਾਵੜੀ ਹੈ, ਨਾ ਕਿ ਸੰਸਕ੍ਰਿਤ। ਉਨ੍ਹਾਂ ਦਾ ਮੱਤ ਹੈ ਕਿ ਪੁਰਾਣਾ ਰੂਪ ‘ਚੁੰਚੀ’ ਜਿਹਾ ਸੀ ਜਿਸ ਵਿਚੋਂ ‘ਚ’ ਧੁਨੀ ਅਲੋਪ ਹੋ ਕੇ ਇੰਚ ਸ਼ਬਦ ਸਾਹਮਣੇ ਆਇਆ। ਹਾਂ, ਕਈ ਇਸ ਵਿਚਾਰ ਦੇ ਵੀ ਹਨ ਕਿ ਪ੍ਰਾਕ-ਦ੍ਰਾਵੜੀ ਭਾਸ਼ਾ ਨੇ ਇਹ ਸ਼ਬਦ ਕਿਸੇ ਹੋਰ ਦੱਖਣ ਏਸ਼ਿਆਈ ਭਾਸ਼ਾ ਤੋਂ ਲਿਆ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕੁਝ ਮੰਗੋਲ ਭਾਸ਼ਾਵਾਂ ਵਿਚ ਇਸ ਨਾਲ ਮਿਲਦੇ-ਜੁਲਦੇ ਸ਼ਬਦ ਹਨ ਜਿਵੇਂ ਪੁਰਾਣੀ ਚੀਨੀ ਵਿਚ ਕਿਆਂਗ, ਮੈਡਰਿਨ ਚੀਨੀ ਵਿਚ ਜਿਆਂਗ, ਕੈਂਟੋਨੀ ਵਿਚ ਗੋਇੰਗ, ਵੀਅਤਨਾਮੀ ਵਿਚ ਗੁੰਗ, ਲਾਓ ਵਿਚ ਖਿੰਗ, ਬਰਮੀ ਵਿਚ ਗਜਿਨ ਆਦਿ। ਸੋ, ਸੰਸਕ੍ਰਿਤ ਦਾ ਗਲਤ ਢੰਗ ਨਾਲ ਬਣਾਇਆ ਸ਼ਬਦ ਸ਼੍ਰਿੰਗਵੇਰ ਇਰਾਨ ਦੀ ਪਹਿਲਵੀ ਵਿਚ ਸੰਗਵਿਚੀ ਵਜੋਂ ਦਾਖਲ ਹੋਇਆ ਤੇ ਉਥੋਂ ਸੋਗਡੀਅਨ, ਅਰਮਾਇਕ, ਹਿਬਰੂ ਥਾਣੀਂ ਰੂਪ ਬਦਲਦਾ ਫਿਰ ਅਰਬੀ ਵਿਚ ਜ਼ੰਗਬੀਲ ਵਜੋਂ ਦਾਖਿਲ ਹੋਇਆ।
ਇਹੀ ਸ਼ਬਦ ਫਾਰਸੀ ਨੇ ਵੀ ਅਪਨਾ ਲਿਆ ਪਰ ਪਹਿਲਵੀ ਤੋਂ ਬਣਿਆ ਸ਼ੰਗਲੀਲ ਵੀ ਕਾਇਮ ਰਿਹਾ। ਇਕ ਮਨਘੜਤ ਵਿਉਤਪਤੀ ਅਨੁਸਾਰ ਅਰਬੀ ਸ਼ਬਦ ਜੰਗਾਬੀਲ ਜ਼ਨ (ਚੜ੍ਹਨਾ) ਅਤੇ ਗਬਲ (ਪਹਾੜ) ਦੇ ਮੇਲ ਤੋਂ ਬਣਿਆ ਅਰਥਾਤ ਪਹਾੜ ‘ਤੇ ਚੜ੍ਹਨਾ। ਭਾਵ ਅਦਰਕ ਖਾ ਕੇ ਪਹਾੜ ਚੜ੍ਹਨ ਦੀ ਹਿੰਮਤ ਜਾਗ ਪੈਂਦੀ ਹੈ! ਜਿਵੇਂ ਕਿਤੇ ਅਦਰਕ ਚਵਨਪਰਾਸ਼ ਹੋਵੇ। ਜ਼ਿੰਗੀ ਨਾਂ ਦੇ ਦੋ ਸਥਾਨ ਹਨ, ਇਕ ਪਾਂਡੀਚਰੀ ਵਿਚ ਤੇ ਦੂਜਾ ਚੀਨ ਵਿਚ। ਕੁਝ ਲੋਕਾਂ ਨੇ ਕਿਆਫਾ ਲਾਇਆ ਕਿ ਇਸ ਨਾਮ ਉਤੇ ਹੀ ਜਿੰਜਰ ਆਦਿ ਸ਼ਬਦ ਬਣੇ।
ਖੈਰ, ਜਿੰਜਰ ਦਾ ਸ੍ਰੋਤ ਦ੍ਰਾਵੜੀ ਸ਼ਬਦ ਹੀ ਹੈ। ਹੁਣ ਅਸੀਂ ਅਦਰਕ ‘ਤੇ ਆਉਂਦੇ ਹਾਂ। ਪੰਜਾਬੀ ਵਿਚ ਅਦਰਕ ਸ਼ਬਦ ਲਈ ਆਦਾ ਸ਼ਬਦ ਵੀ ਮਿਲਦਾ ਹੈ। ਕਈ ਇਸ ਦਾ ਵਰਣਵਿਪਰੈ ਰੂਪ ਅਦਕਰ ਵੀ ਬੋਲਦੇ ਹਨ। ਉਰਦੂ ਵਿਚ ਅਦਰਖ ਚਲਦਾ ਹੈ। ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਇਸ ਨਾਲ ਮਿਲਦੇ-ਜੁਲਦੇ ਸ਼ਬਦ ਪ੍ਰਚਲਿਤ ਹਨ। ਅਸਲ ਵਿਚ ਅਦਰਕ ਸ਼ਬਦ ਤਾਜ਼ੇ ਹਰੇ ਅਦਰਕ ਲਈ ਵਰਤਿਆ ਜਾਂਦਾ ਰਿਹਾ ਹੈ। ‘ਬਾਂਦਰ ਕੀ ਜਾਣੇ ਅਦਰਕ ਦਾ ਸੁਆਦ’ ਦੀ ਕਹਾਵਤ ਅਨੁਸਾਰ ਅਦਰਕ ਦੇ ਸਿਹਤ ਲਈ ਬੜੇ ਗੁੱਝੇ ਫਾਇਦੇ ਹਨ। ਮੋਟੇ ਤੌਰ ‘ਤੇ ਇਹ ਬਾਦੀ ਦੀਆਂ ਬੀਮਾਰੀਆਂ ਦਾ ਦੁਸ਼ਮਣ ਹੈ।
ਪੰਜਾਬੀ ਅਦਰਕ ਦਾ ਸੰਸਕ੍ਰਿਤ ਰੂਪ ‘ਆਰਦ੍ਰਕ’ ਹੈ। ਇਹ ਸ਼ਬਦ ਸੰਸਕ੍ਰਿਤ ਆਰਦ੍ਰ ਤੋਂ ਬਣਿਆ ਜਿਸ ਦਾ ਮੁੱਖ ਅਰਥ ਹੈ-ਗਿੱਲਾ, ਨਮ, ਸਿੱਲ੍ਹਾ। ਇਸ ਦੇ ਹੋਰ ਅਰਥ ਹਨ-ਰਸ ਭਰਿਆ, ਤਰ, ਜੀਵਤ, ਹਰਾ ਭਰਿਆ, ਕੱਚਾ। ਪਾਣੀ ਜਾਂ ਤਰਾਵਟ ਦਾ ਤਾਜ਼ਗੀ ਅਤੇ ਜ਼ਿੰਦਗੀ ਨਾਲ ਸਬੰਧ ਹੈ। ਤਾਜ਼ਾ ਸਬਜ਼ੀ ਹਰੀ ਅਤੇ ਕੱਚੀ ਹੁੰਦੀ ਹੈ। ਇਸ ਵਿਚ ਭਾਵਨਾ ਭਰਪੂਰ ਹੋਣ ਦਾ ਭਾਵ ਵੀ ਹੈ। ਸੰਸਕ੍ਰਿਤ ਵਿਚ ਆਰਦ੍ਰਨਯਨ ਦਾ ਮਤਲਬ ਹੈ, ਸੇਜਲ ਅੱਖਾਂ। ਸੋ, ਅਦਰਕ ਸ਼ਬਦ ਵਿਚ ਹਰਿਆਵਲ, ਤਾਜ਼ਗੀ, ਤਰਾਵਟ, ਕੱਚੇਪਣ ਦੇ ਭਾਵ ਹਨ ਕਿਉਂਕਿ ਇਹ ਸ਼ਬਦ ਕੰਦ ਦੇ ਤਾਜ਼ਾ ਕੱਢੇ ਕੱਚੇ ਰੂਪ ਵੱਲ ਸੰਕੇਤ ਕਰਦਾ ਹੈ। ਪੰਜਾਬੀ ਦਾ ‘ਅੱਲਾ’ ਸ਼ਬਦ ਜਿਸ ਦਾ ਅਰਥ ਕੱਚਾ, ਨਾ ਪੱਕਿਆ ਹੁੰਦਾ ਹੈ, ਵੀ ਸੰਸਕ੍ਰਿਤ ਆਰਦਰ ਸ਼ਬਦ ਨਾਲ ਜਾ ਜੁੜਦਾ ਹੈ। ਅੱਲ੍ਹਾ ਜ਼ਖਮ ਤਾਜ਼ਾ ਜ਼ਖਮ ਹੁੰਦਾ ਹੈ। ਹਿੰਦੀ ਆਲਾ ਦਾ ਮਤਲਬ ਹੈ, ਗਿੱਲਾ ਅਤੇ ਬੰਗਾਲੀ ਵਿਚ ਨਾ ਉਬਲੇ ਚੌਲਾਂ ਨੂੰ ਆਲ ਕਿਹਾ ਜਾਂਦਾ ਹੈ। ਮੱਤ ਦੇ ਕੱਚੇ ਲਈ ਅੱਲੜ੍ਹ ਸ਼ਬਦ ਚਲਦਾ ਹੈ।
ਦੂਜੇ ਪਾਸੇ, ਸੁੰਢ ਸੁੱਕੇ ਹੋਏ ਅਦਰਕ ਨੂੰ ਕਹਿੰਦੇ ਹਨ। ਜਿਵੇਂ ਪਹਿਲਾਂ ਦੱਸਿਆ ਜਾ ਚੁਕਾ ਹੈ, ਇਹ ਸੰਸਕ੍ਰਿਤ ਦੇ ਸੁੰਠ ਸ਼ਬਦ ਤੋਂ ਬਣਿਆ। ਪਰ ਸੰਸਕ੍ਰਿਤ ਕੋਸ਼ ਸੁੰਠ ਸ਼ਬਦ ਦੀ ਵਿਆਖਿਆ ਕਰਦਿਆਂ ਇਸ ਨੂੰ ਸ਼ੁੰਠ ਨਾਲ ਜੋੜਦੇ ਹਨ ਕਿਉਂਕਿ ਇਸ ਦਾ ਅਰਥ ਸੁਕਾਉਣਾ ਹੈ। ਪਰ ਜਿੰਜਰ ਦੀ ਵਿਆਖਿਆ ਤੋਂ ਇਹ ਗੱਲ ਭਲੀ ਭਾਂਤ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਸ਼ਬਦ ਵੀ ਅੰਤਮ ਤੌਰ ‘ਤੇ ਦ੍ਰਾਵੜ ਇੰਚ ਨਾਲ ਜਾ ਜੁੜਦਾ ਹੈ ਜਿਸ ਦਾ ਅਰਥ ਅਦਰਕ ਹੈ। ਸੁੰਢ ਤੋਂ ਸੰਢੋਲਾ ਸ਼ਬਦ ਵੀ ਬਣਿਆ ਜੋ ਸੁੰਢ, ਮਿੱਠੇ ਅਤੇ ਘਿਉ ਤੋਂ ਬਣਾਈ ਇਕ ਗਿਜ਼ਾ ਹੈ।