ਚਾਨਣ ਕਤਲ ਨਹੀਂ ਹੁੰਦੇ

ਸਾਢੇ ਤਿੰਨ-ਚਾਰ ਦਹਾਕੇ ਪਹਿਲਾਂ ਜਦੋਂ ਨਰਿੰਦਰ ਭੁੱਲਰ (23 ਅਗਸਤ 1957-16 ਅਗਸਤ 2007) ਨੇ ਸਾਹਿਤ ਦੇ ਖੇਤਰ ਵਿਚ ਪੈਰ ਧਰਿਆ ਸੀ ਤਾਂ ਆਮ ਬੰਦੇ ਦੀਆਂ ਹੱਡ-ਬੀਤੀਆਂ ਉਸ ਦੇ ਅੰਗ-ਸੰਗ ਸਫਰ ਕਰ ਰਹੀਆਂ ਸਨ ਅਤੇ ਇਹ ਹੱਡ-ਬੀਤੀਆਂ ਉਸ ਦੀਆਂ ਰਚਨਾਵਾਂ ਅੰਦਰ ਵੀ ਅਛੋਪਲੇ ਜਿਹੇ ਆਣ ਬੈਠੀਆਂ। ਉਹਦੀ ਹਰ ਰਚਨਾ ਵਿਚ ਭਵਿੱਖ ਦੀ ਤਾਂਘ ਠਾਠਾਂ ਮਾਰਦੀ ਦਿਸ ਹੀ ਜਾਂਦੀ ਹੈ। ਪਿਛਲੇ ਹਫਤੇ ਅਸੀਂ 16 ਅਗਸਤ ਨੂੰ ਉਹਦੀ 10ਵੀਂ ਬਰਸੀ ਮੌਕੇ ਪੱਤਰਕਾਰੀ ਅਤੇ ਰਾਜਨੀਤੀ ਬਾਰੇ ਉਸ ਦਾ ਇਕ ਅਹਿਮ ਲੇਖ ਆਪਣੇ ਪਾਠਕਾਂ ਨਾਲ ਸਾਂਝਾ ਕੀਤਾ ਸੀ।

ਐਤਕੀਂ 23 ਅਗਸਤ ਨੂੰ ਉਹਦੇ 60ਵੇਂ ਜਨਮ ਦਿਨ ‘ਤੇ ਉਹਨੂੰ ਉਹਦੀ ਇਕ ਕਹਾਣੀ ‘ਚਾਨਣ ਕਤਲ ਨਹੀਂ ਹੁੰਦੇ’ ਨਾਲ ਯਾਦ ਕਰ ਰਹੇ ਹਾਂ। ਇਸ ਕਹਾਣੀ ਦਾ ਨਾਇਕ ਉਹ ਰਾਜਸ਼ੇਖਰ ਹੈ ਜੋ ਨਿੱਘਰ ਚੁਕੇ ਨਿਜ਼ਾਮ ਨੂੰ ਬਦਲਣ ਲਈ ਘਰੋਂ ਨਿਕਲ ਤੁਰਦਾ ਹੈ। -ਸੰਪਾਦਕ

ਨਰਿੰਦਰ ਭੁੱਲਰ

ਰਾਤ ਅੱਧੀਓਂ ਵਧ ਗੁਜ਼ਰ ਗਈ ਸੀ। ਅਸਮਾਨ ਤਾਰਿਆਂ ਨਾਲ ਭਰਿਆ ਪਿਆ ਸੀ। ਕਿਤੇ ਕਿਤੇ ਟਾਂਵੀਆਂ-ਟਾਂਵੀਆਂ ਬੱਦਲੀਆਂ ਤਰ ਰਹੀਆਂ ਸਨ। ਚੰਨ ਦੀਆਂ ਰਿਸ਼ਮਾਂ ਰੁੱਖਾਂ ਦੇ ਪੱਤਿਆਂ ਵਿਚੋਂ ਝਰ-ਝਰ ਉਹਦੇ ਮੂੰਹ ਉਤੇ ਪੈ ਰਹੀਆਂ ਸਨ। ਉਸ ਪਾਸਾ ਪਰਤਿਆ ਤੇ ਅੱਖਾਂ ਤੋਂ ਬਾਂਹ ਵਲਾ ਕੇ ਫਿਰ ਸੌਂ ਗਿਆ। ਅਚਾਨਕ ਇਕ ਚੁਗਲ ਆਵਾਜ਼ ਕਰਦਾ ਹੋਇਆ ਪੱਤਿਆਂ ਵਿਚੋਂ ਦੀ ਲੰਘ ਗਿਆ। ਤ੍ਰਭਕ ਕੇ ਉਹ ਉਠ ਬੈਠਾ ਤੇ ਹੱਥ ਬਿਜਲੀ ਦੀ ਫੁਰਤੀ ਨਾਲ ਲੱਕ ਦੁਆਲੇ ਲਟਕ ਰਹੇ ਪਿਸਤੌਲ ‘ਤੇ ਜਾ ਪਿਆ। ਉਹਨੇ ਨੀਝ ਲਾ ਕੇ ਆਲੇ-ਦੁਆਲੇ ਦੇਖਿਆ, ਪਰ ਕੁਝ ਵੀ ਨਹੀਂ ਸੀ। ਉਹੋ ਰੁੱਖਾਂ ਦੀ ਸਾਂ-ਸਾਂ, ਬੀਂਡਿਆਂ ਦੀ ਆਵਾਜ਼, ਤਾਰਿਆਂ ਦੀ ਝਿਲਮਿਲ, ਚੰਨ ਦੀ ਰੋਸ਼ਨੀ।
ਉਸ ਸਿਰਹਾਣਾ ਬਣਾ ਕੇ ਰੱਖੇ ਸਾਫੇ ਨੂੰ ਖੋਲ੍ਹਿਆ, ਪਿੱਠ ਨਾਲ ਚੰਬੜ ਗਏ ਪੱਤਿਆਂ, ਨਿੱਕੇ ਨਿੱਕੇ ਰੋੜਾਂ ਨੂੰ ਝਾੜਿਆ, ਪੈਰੀਂ ਜੁੱਤੀ ਅੜਾਈ ਅਤੇ ਤੁਰ ਪਿਆ।
ਅੱਜ ਪੂਰਾ ਦਿਨ ਉਸ ਕੁਝ ਵੀ ਨਹੀਂ ਸੀ ਖਾਧਾ। ਸਾਰਾ ਦਿਨ ਆਬਾਦੀ ਤੋਂ ਦੂਰ ਕਿਸੇ ਬੰਦੇ ਦੇ ਮੱਥੇ ਲਗਣੋਂ ਬਚਦਾ, ਉਹ ਲੁਕਿਆ ਰਿਹਾ ਸੀ। ਹੁਣ ਜਦੋਂ ਅਚਾਨਕ ਜਾਗ ਖੁੱਲ੍ਹੀ ਤਾਂ ਉਹਨੂੰ ਢਿੱਡ ਵਿਚ ਖੋਹ ਪੈਂਦੀ ਲੱਗੀ। ਅੰਦਰੋਂ ਜਿਵੇਂ ਕੁਝ ਟੁਟ ਰਿਹਾ ਸੀ।
ਉਹਨੂੰ ਰਾਮਪਾਲ ਦਾ ਖਿਆਲ ਆਇਆ ਤਾਂ ਉਸੇ ਵਲ ਹੋ ਤੁਰਿਆ। ਸੜਕ ਕੋਈ ਡੇਢ ਕੁ ਮੀਲ ਸੀ ਤੇ ਸੜਕੋਂ ਪਾਰ ਰਾਮਪਾਲ ਦਾ ਸ਼ਹਿਰ।
ਰਾਮਪਾਲ ਉਹਦਾ ਕਾਲਜ ਸਮੇਂ ਦਾ ਦੋਸਤ ਸੀ। ਬੜਾ ਸਾਊ ਤੇ ਮਿੱਠ-ਬੋਲੜਾ, ਪਰ ਦੱਬੂ। ਉਹ ਹਮੇਸ਼ਾ ਰਾਜਸ਼ੇਖਰ ਨੂੰ ਵਿਦਿਆਰਥੀ ਲਹਿਰਾਂ ਵਿਚ ਸ਼ਾਮਲ ਹੋਣ ਤੋਂ ਰੋਕਦਾ ਰਹਿੰਦਾ, “ਤੂੰ ਕੀ ਲੈਣਾ ਇਸ ਨਿਜ਼ਾਮ ਬਦਲੀ ਵਿਚੋਂ, ਆਪਣਾ ਪੜ੍ਹਿਆ ਕਰ ਦੱਬ ਕੇ, ਕਿਤੇ ਚੰਗੇ ਥਾਂ ਲੱਗ ਜਾਏਂਗਾ।”
“ਸਵਾਲ ਪੁੱਤਰਾ ਮੇਰਾ ‘ਕੱਲੇ ਦਾ ਨਹੀਂ, ਹਜ਼ਾਰਾਂ ਦਾ ਹੈ। ਤੂੰ ਤਾਂ ਹੈ ਹੀ ਦੱਬੂ, ਤੇ ਦੱਬੂ ਹੀ ਰਹਿਣਾ। ਪਰੋਸੀ ਖੀਰ ਖਾਣ ਵਾਲਾ!” ਰਾਜਸ਼ੇਖਰ ਉਹਨੂੰ ਖਿਝਾਉਂਦਾ।
“ਤੂੰ ‘ਕੱਲਾ ਕੀ ਕਰ ਲਏਂਗਾ, ਐਵੇਂ ਸਿਰ ਅੜਾਉਣ ਦੀ ਆਦਤ ਐ ਤੈਨੂੰ।” ਰਾਮਪਾਲ ਉਹਦੀ ਗੱਲ ਨੂੰ ਆਈ-ਗਈ ਕਰ ਦਿੰਦਾ।
“ਚੱਲ ਆਪਾਂ ਦੋ ਹੋ ਜਾਨੇ ਆ, ਤੂੰ ਵੀ ਰਲ ਜਾ ਮੇਰੇ ਨਾਲ।” ਰਾਜਸ਼ੇਖਰ ਉਹਨੂੰ ਵੰਗਾਰਦਾ।
ਪਰ ਰਾਮਪਾਲ ਕਦੀ ਵੀ ਉਹਦੇ ਨਾਲ ਕਦਮ ਨਹੀਂ ਸੀ ਮਿਲਾ ਸਕਿਆ ਤੇ ਰਾਜਸ਼ੇਖਰ ਉਹਦੇ ‘ਤੇ ਹੱਸ ਛਡਦਾ। ਮਗਰੋਂ ਰਾਮਪਾਲ ਕਿਸੇ ਦਫਤਰ ਕਲਰਕ ਜਾ ਲੱਗਿਆ ਸੀ ਤੇ ਰਾਜਸ਼ੇਖਰ, ਸਦੀਆਂ ਤੋਂ ਹਨੇਰੇ ਵਿਚ ਰਹਿਣ ਵਾਲਿਆਂ ਲਈ ਸੂਰਜ ਲੱਭਣ ਤੁਰ ਪਿਆ ਸੀ। ਉਹ ਜਦੋਂ ਵੀ ਸ਼ਹਿਰ ਕਿਸੇ ਮੁਕੱਦਮੇ ਦੀ ਪੈਰਵਾਈ ਲਈ ਥਾਣੇ ਜਾਂ ਕਚਹਿਰੀ ਆਉਂਦਾ ਤਾਂ ਰਾਮਪਾਲ ਨੂੰ ਜ਼ਰੂਰ ਮਿਲਦਾ। ਢੇਰ ਸਾਰੀਆਂ ਗੱਲਾਂ ਕਰਦਾ ਤੇ ਸਵੇਰੇ ਤੁਰ ਜਾਂਦਾ।

ਤੁਰਦਿਆਂ-ਤੁਰਦਿਆਂ ਉਹ ਤਿੰਨ ਕੁ ਵਜੇ ਰਾਮਪਾਲ ਦੇ ਘਰ ਪਹੁੰਚ ਗਿਆ।
“ਵਾਹ! ਤੂੰ ਏਨੀ ਰਾਤ ਗਈ ਕਿਧਰੋਂ?” ਰਾਜਪਾਲ ਦੇ ਚਿਹਰੇ ਉਪਰ ਹੈਰਾਨੀ ਪ੍ਰਤੱਖ ਸੀ।
ਰਾਜਸ਼ੇਖਰ ਨੇ ਕੋਈ ਜਵਾਬ ਨਾ ਦਿੱਤਾ। ਉਹ ਚੁੱਪ ਬੈਠਾ ਰਿਹਾ, ਸੋਚਾਂ ਵਿਚ ਗੜੂੰਦ।
“ਯਾਰ ਕੁਝ ਬੋਲ ਤਾਂ ਸਹੀ, ਆਖਰ ਗੱਲ ਕੀ ਐ?” ਰਾਮਪਾਲ ਨੂੰ ਕਾਹਲ ਪੈਣ ਲੱਗੀ।
ਗੱਲ ਕੁਝ ਨ੍ਹੀਂ। ਆਖਰੀ ਬੱਸ ਨਿਕਲ ਗਈ ਸੀ। ਐਵੇਂ ਸ਼ਹਿਰ ਵਿਚ ਫਿਰਦਾ ਰਿਹਾ। ਹੁਣ ਤੇਰੇ ਵੱਲ ਆ ਗਿਆਂ।” ਰਾਜਸ਼ੇਖਰ ਨੇ ਸਹਿਜਤਾ ਦਿਖਾਈ।
ਰਾਮਪਾਲ ਦੀ ਏਨੇ ਨਾਲ ਤਸੱਲੀ ਨਾ ਹੋਈ। ਉਹਦੇ ਖਿੱਲਰੇ ਵਾਲ, ਮੈਲੇ ਕੱਪੜੇ, ਉਨੀਂਦੇ ਦੀਆਂ ਮਾਰੀਆਂ ਅੱਖਾਂ, ਉਹਦੇ ਅੰਦਰ ਕਈ ਸਵਾਲ ਪੈਦਾ ਕਰ ਰਹੀਆਂ ਸਨ, ਪਰ ਰਾਜਸ਼ੇਖਰ ਦੇ ਚਿਹਰੇ ਉਤੇ ਤਣੀ ਹੋਈ ਗੰਭੀਰਤਾ ਕਰ ਕੇ ਉਹਨੇ ਹੋਰ ਕੋਈ ਗੱਲ ਨਾ ਕੀਤੀ। ਰੋਟੀ ਪੱਕੀ ਅਤੇ ਖਾਣ ਤੋਂ ਬਾਅਦ ਉਹ ਸੌਂ ਗਿਆ। ਉਸ ਨੂੰ ਤਸੱਲੀ ਸੀ ਕਿ ਉਹ ਰਾਮਪਾਲ ਤੋਂ ਆਪਣਾ ਆਪ ਲੁਕਾ ਸਕਿਆ ਸੀ। ਸਭ ਕੁਝ ਦੱਸ ਕੇ ਉਹ ਉਸ ਨੂੰ ਉਲਝਣ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਨਾਲੇ ਡਰ ਸੀ ਕਿ ਸ਼ਾਇਦ ਰਾਮਪਾਲ ਉਹਨੂੰ ਘਰ ਠਹਿਰਨ ਦੀ ਇਜਾਜ਼ਤ ਹੀ ਨਾ ਦਿੰਦਾ।
ਪਰਸੋਂ ਵਾਲੇ ‘ਐਕਸ਼ਨ’ ਦੇ ਬਾਅਦ ਉਹ ਅੱਜ ਸੁੱਤਾ ਸੀ। ਇਹ ਉਹਦਾ ਪਹਿਲਾ ਐਕਸ਼ਨ ਸੀ। ਅੱਗੇ ਉਹ ਸਾਥੀਆਂ ਨਾਲ ਜਾਂਦਾ ਸੀ ਤਾਂ ਸਿਰਫ ਉਨ੍ਹਾਂ ਦੀ ਭੱਜਣ ਵਿਚ ਹੀ ਮਦਦ ਕਰਦਾ ਸੀ।
ਉਸ ਦਿਨ ਪਹਿਲੀ ਵਾਰ ਸੀ ਕਿ ਗੋਲੀ ਉਹਦੀ ਪਿਸਤੌਲ ਵਿਚੋਂ ਨਿਕਲੀ ਸੀ ਅਤੇ ਗਵਰਧਨ ਦੀ ਛਾਤੀ ਪਾਰ ਕਰ ਗਈ ਸੀ। ਗਵਰਧਨ ਜਦੋਂ ਛਾਤੀ ‘ਤੇ ਹੱਥ ਰੱਖ ਕੇ ਨਿਢਾਲ ਡਿਗ ਪਿਆ ਸੀ ਤਾਂ ਉਸ ਨੂੰ ਅਲੌਕਿਕ ਜਿਹਾ ਸਕੂਨ ਅਨੁਭਵ ਹੋਇਆ ਸੀ। ਉਹਨੂੰ ਲੱਗਾ ਸੀ, ਜਿਵੇਂ ਧਰਤੀ ਦੀ ਕੂਲੀ ਹਿੱਕ ਤੋਂ ਉਹਨੇ ਪਾਪ ਦਾ ਇਕ ਰੁੱਖ ਵੱਢ ਦਿੱਤਾ ਹੋਵੇ।
ਉਸ ਦਿਨ ਜਦੋਂ ਉਹ ਸਵੇਰੇ-ਸਵੇਰੇ ਖੇਤਾਂ ਨੂੰ ਗਿਆ ਤਾਂ ਗਵਰਧਨ ਦੇ ਖੇਤ ਨਾਲ ਲਗਦੇ ਉਨ੍ਹਾਂ ਦੇ ਖਿੱਤੇ ਦੀ ਵੱਟ ਧਰਤੀ ਨਾਲ ਮਿਲੀ ਪਈ ਸੀ ਅਤੇ ਖਿੱਤਾ ਗਵਰਧਨ ਦੇ ਖੇਤ ਨਾਲ ਜਾ ਰਲਿਆ ਸੀ; ਜਿਵੇਂ ਧਰਤੀ ਰਾਤੋ-ਰਾਤ ਤੁਰ ਪਈ ਹੋਵੇ। ਉਦੋਂ ਰਾਜਸ਼ੇਖਰ ਦੀਆਂ ਅੱਖਾਂ ਵਿਚ ਜੁਆਲਾ ਮੁਖੀ ਪਾਟ ਗਏ ਸਨ।
“ਬਾਹਰ ਨਿਕਲ ਉਏ ਕੰਜਰਾ, ਤੇਰੇ ਜ਼ਮੀਨ ਨੱਪਣ ਵਾਲੇ ਦੀ ਕੁੜੀ ਨੂੰæææ।” ਰਾਜਸ਼ੇਖਰ ਦੀ ਇਕੋ ਗਾਲ੍ਹ ਨੇ ਸਾਰਾ ਪਿੰਡ ਇਕੱਠਾ ਕਰ ਦਿੱਤਾ ਸੀ।
“ਕੀ ਗੱਲ ਹੋਗੀ ਕਾਕਾ, ਜੇ ਮੈਥੋਂ ਕੋਈ ਖੁਨਾਮੀ ਹੋਗੀ ਐ ਤਾਂ ਪ੍ਰੇਮ ਭਾਵ ਨਾਲ ਦੱਸ। ਮੈਂ ਕਿਤੇ ਨਾਬਰ ਆਂ ਤੁਹਾਥੋਂ?” ਗਵਰਧਨ ਧੋਤੀ ਦਾ ਲੜ ਸੁਆਰਦਾ ਬਾਹਰ ਆਇਆ ਤਾਂ ਉਸ ਬੜੇ ਸ਼ਾਂਤ ਚਿਤ ਨਾਲ ਕਿਹਾ।
“ਨਾਬਰ ਦੇ ਕੁਲੱਗਦਿਆਂ ਉਹ ਜ਼ਮੀਨ ਤੂੰ ਕਿਵੇਂ ਨੱਪ ਲਈ ਆਪਣੇ ਜਵਾਈਆਂ ਦੀ।” ਰਾਜਸ਼ੇਖਰ ਦਾ ਗੁੱਸਾ ਕਾਬੂ ਤੋਂ ਬਾਹਰ ਸੀ।
“ਕਾਕਾ, ਗੱਲ ਜ਼ਬਾਨ ਸੰਭਾਲ ਕੇ ਕਰ। ਕਿਹੜੀ ਜ਼ਮੀਨ ਦੀ ਗੱਲ ਕਰਦੈਂ?”
“ਬਾਹਰਲੇ ਖੂਹ ਵਾਲੀ।” ਰਾਜਸ਼ੇਖਰ ਨੇ ਗਾਲ੍ਹ ਦੇਣ ਵਾਂਗ ਕਿਹਾ।
“ਉਹ ਤਾਂ ਹੈ ਹੀ ਸਾਡੀ ਸੀ। ਤੇਰਾ ਪਿਓ ਵਾਹੀ ਜਾਂਦਾ ਸੀ, ਮੈਂ ਕਿਹਾ ਵਾਹੀ ਜਾਏ। ਹੁਣ ਜੇ ਆਪਣੀ ਜ਼ਮੀਨ ਲੈ ਲਈ ਆ ਤਾਂ ਕਿਹੜੀ ਆਖਰ ਆ ਗਈ ਆ। ਜੇ ਬਹੁਤੀ ਗੱਲ ਐ ਤਾਂ ਪਟਵਾਰੀ ਦੇ ਕਾਗਜ਼ ਵੇਖ ਲੈ।”
ਤੇ ਪਟਵਾਰੀ ਦੇ ਕਾਗਜ਼ ਉਸ ਧਰਮ ਗ੍ਰੰਥ ਵਰਗੇ ਸਨ ਜਿਥੇ ਤਕੜਾ ਅਰਦਾਸਾ ਕਰਵਾ ਕੇ ਮਨਮਰਜ਼ੀ ਦਾ ਵਾਕ ਕਢਵਾਇਆ ਜਾ ਸਕਦਾ ਸੀ। ਤੇ ਇਹ ਵਾਕ ਗਵਰਧਨ ਦੀ ਹੀ ਸੁੱਖ ਮੰਗਦਾ ਸੀ।
ਉਸ ਦਿਨ ਤੋਂ ਬਾਅਦ ਹਵਾ ਨੇ ਰੁਖ ਬਦਲ ਲਿਆ ਸੀ। ਉਹ ਕੁਝ ਤੱਤੇ ਨੌਜਵਾਨਾਂ ਨਾਲ ਫਿਰਦਾ ਰਿਹਾ ਤੇ ਫਿਰ ਘਰ ਨੂੰ ਸਦੀਵੀ ਅਲਵਿਦਾ ਕਹਿ ਗਿਆ। ਉਹਨੂੰ ਹੁਣ ਸਭ ਕੁਝ ਪੁਰਾਣਾ ਪੁਰਾਣਾ ਲਗਦਾ। ਇਹ ਤਾਰੇ, ਇਹ ਚੰਨ, ਇਹ ਸੂਰਜ, ਇਹ ਵਿਵਸਥਾ, ਇਹ ਢਾਂਚਾ। ਉਹ ਇਨ੍ਹਾਂ ਨੂੰ ਬਦਲਣ ਦਾ ਸੁਪਨਾ ਅੱਖਾਂ ਵਿਚ ਲਟਕਾ ਅੱਗ ਦੇ ਦਰਿਆ ਵਿਚ ਠਿੱਲ੍ਹ ਪਿਆ ਸੀ।
ਪਿੰਡ ਦੇ ਬੁੱਢੇ ਤਖਤਪੋਸ਼ ‘ਤੇ ਬੈਠੇ ਕੁਝ (ਲੋਕ) ਉਹਨੂੰ ਨਿੰਦਦੇ, ਕੁਝ ਸਲਾਹੁੰਦੇ, ਪਰ ਹੁਣ ਤਾਂ ਪਾਣੀ ਵਗ ਤੁਰਿਆ ਸੀ, ਨਦੀਆਂ ਨਾਲਿਆਂ ਦਾ ਸਫਰ ਕਰਦਾ ਹੁਣ ਵਿਸ਼ਾਲ ਸਮੁੰਦਰ ਦਾ ਹਿੱਸਾ ਬਣ ਚੁੱਕਾ ਸੀ। ਹੁਣ ਤਾਂ ਬੱਸ ਕਿਸੇ ਜਵਾਰਭਾਟੇ ਦੀ ਉਡੀਕ ਸੀ, ਲੋੜ ਤਾਂ ਕੇਵਲ ਚੰਨ ਵਰਗੇ ਸੰਪੂਰਨ ਚਾਨਣ ਦੀ ਸੀ ਜੋ ਧੁਰ ਅੰਦਰ ਤੱਕ ਧੂਹ ਪਾ ਦੇਵੇ।
ਪਰਸੋਂ ਜਦੋਂ ਗਵਰਧਨ ਦਾ ਕਤਲ ਹੋਇਆ ਸੀ ਤਾਂ ਪਿੰਡ ਵਿਚ ਜਿਵੇਂ ਪ੍ਰੇਤ ਫਿਰ ਗਿਆ ਸੀ। ਸਭ ਦੇ ਹੋਂਠ ਜੁੜ ਗਏ ਸਨ। ਦੱਬੀ ਦੱਬੀ ਜ਼ਬਾਨ ਵਿਚ ਲੋਕੀਂ ਰਾਜਸ਼ੇਖਰ ਦਾ ਵੀ ਨਾਂ ਲੈਂਦੇ, ਪਰ ਜਦੋਂ ਉਹਨੂੰ ਫਾਂਸੀ ‘ਤੇ ਲਟਕਿਆ ਚਿਤਵਦੇ ਤਾਂ ਉਨ੍ਹਾਂ ਦੇ ਦਿਲ ਦਹਿਲ ਜਾਂਦੇ। ਗਿਰਵੀ ਪਈਆਂ ਝਾਂਜਰਾਂ ਤੇ ਚੂੜਿਆਂ ਦੇ ਦਿਲਾਂ ਵਿਚ ਗਵਰਧਨ ਦੇ ਕਤਲ ਦੀ ਮੂਕ ਖੁਸ਼ੀ ਵੀ ਸੀ।
ਪੁਲਿਸ ਨੂੰ ਤਫਤੀਸ਼ ਵਿਚ ਕੁਝ ਵੀ ਹੱਥ ਨਹੀਂ ਸੀ ਲੱਗਾ। ਅੰਤ ਰਾਜਸ਼ੇਖਰ ਦੇ ਪਿਓ ਨੂੰ ਬੰਨ੍ਹ ਕੇ ਲੈ ਗਏ ਸਨ। “ਰਾਜਸ਼ੇਖਰ ਕਿਥੇ ਹੈ, ਉਹਦੇ ਨਾਲ ਕੌਣ-ਕੌਣ ਐ? ਕਿਹੜੇ ਪਿੰਡ ਦੇ ਨੇ?” ਕਈ ਸਵਾਲ ਉਹਦੇ ਪਿਓ ਨੂੰ ਪੁੱਛੇ ਗਏ, ਪਰ ਉਸ ਕੋਲ ਤਾਂ ਜਵਾਬ ਹੀ ਕੋਈ ਨਹੀਂ ਸੀ। ਤਸ਼ੱਦਦ ਨੇ ਉਸ ਦੀਆਂ ਸਾਰੀਆਂ ਚੇਤਨਾਵਾਂ ਨੂੰ ਸੁੰਨ ਕਰ ਦਿੱਤਾ ਸੀ। ਉਹ ਹਾਲੋਂ-ਬੇਹਾਲ ਹੋਇਆ ਬੇਹੋਸ਼ ਹੋ-ਹੋ ਜਾਂਦਾ।
ਅੰਤ ਪਿੰਡ ਦੇ ਕੁਝ ਮੋਹਰੀ ਉਹਨੂੰ ਇਹ ਕਹਿ ਕੇ ਛੁਡਵਾ ਲਿਆਏ ਸਨ ਕਿ ਜਦੋਂ ਰਾਜਸ਼ੇਖਰ ਪਿੰਡ ਆਇਆ ਤਾਂ ਉਹ ਉਹਦੀ ਗ੍ਰਿਫਤਾਰੀ ਵਿਚ ਮਦਦ ਦੇਣਗੇ।

ਸਵੇਰੇ ਛੇ ਕੁ ਵਜੇ ਰਾਜਸ਼ੇਖਰ ਜਾਣ ਲਈ ਉਠ ਪਿਆ ਸੀ।
“ਏਨੀ ਕਾਹਲੀ ਕਾਹਦੀ ਆ, ਕੁਝ ਖਾ ਪੀ ਕੇ ਜਾਈਂ।” ਰਾਮਪਾਲ ਨੇ ਜ਼ੋਰ ਦਿੱਤਾ।
“ਨਹੀਂ ਮੇਰਾ ਜਾਣਾ ਜ਼ਰੂਰੀ ਐ।” ਉਹਨੇ ਪੱਲਾ ਛੁਡਾਉਣ ਵਾਂਗ ਕਿਹਾ।
“ਕੋਈ ਕੰਮ ਐ ਖਾਸ?” ਰਾਮਪਾਲ ਸਵਾਲ ਬਣਿਆ ਖਲੋਤਾ ਸੀ।
“ਹਾਂ, ਕੰਮ ਹੀ ਸਮਝ।”
“ਕੀ?” ਰਾਮਪਾਲ ਗੱਲ ਦਾ ਕੋਈ ਰਾਹ ਲੱਭਣਾ ਚਾਹੁੰਦਾ ਸੀ।
“ਵਕਤ ਆਉਣ ‘ਤੇ ਦੱਸਾਂਗੇ।” ਉਹਦਾ ਉਤਰ ਕੋਈ ਰਾਹ ਨਹੀਂ ਸੀ ਦੇ ਰਿਹਾ।
“ਚੰਗਾ ਬਈ, ਤੇਰੀ ਮਰਜ਼ੀ। ਚੱਲ ਮਿਲਦਾ ਗਿਲਦਾ ਤਾਂ ਰਿਹਾ ਕਰ।” ਰਾਮਪਾਲ ਜਿਵੇਂ ਬੇਵਸ ਹੋ ਗਿਆ।
“ਜ਼ੂਰਰ।” ਉਹਨੇ ਤੁਰਨ ਲਈ ਹੱਥ ਮਿਲਾਇਆ।
ਤੇ ਅਗਲੇ ਪਲ ਉਹ ਧੁੰਦ ਵਲ੍ਹੇਟੀ ਸਵੇਰ ‘ਚ ਲੋਪ ਹੋ ਗਿਆ।
ਉਹ ਰਾਤ-ਦਿਨ ਕਈ ਰੰਗ ਬਦਲਦਾ ਫਿਰਦਾ ਰਹਿੰਦਾ। ਪੁਲਿਸ ਉਹਦੀ ਭਾਲ ਕਰਦੀ ਫਿਰ ਰਹੀ ਸੀ, ਪਰ ਉਹ ਤਾਂ ਹਵਾ ਦਾ ਰੂਪ ਧਾਰ ਗਿਆ ਸੀ, ਜਿਹੜੀ ਸਾਡੇ ਉਤੋਂ ਦੀ ਵਗ ਤਾਂ ਰਹੀ ਹੁੰਦੀ ਹੈ, ਪਰ ਫੜੀ ਨਹੀਂ ਜਾ ਸਕਦੀ।
ਅਖਬਾਰ ਵਿਚ ਛਪਦੀ ਫੋਟੋ ਨਾਲੋਂ ਬਿਲਕੁਲ ਅਲਹਿਦਾ ਉਸ ਆਪਣਾ ਰੂਪ ਬਣਾ ਲਿਆ ਸੀ। ਪਿਛੋਂ ਧੌਣ ਤੱਕ ਸੁੱਟੇ ਵਾਲ, ਵਧੀ ਹੋਈ ਦਾੜ੍ਹੀ, ਗਲ ਜੋਗੀਆ ਕੁੜਤਾ, ਤੇੜ ਲੁੰਗੀ ਤੇ ਪੈਰੀਂ ਕੈਂਚੀ ਚੱਪਲ, ਮੋਢੇ ‘ਤੇ ਝੋਲਾ, ਵਿਚ ਪਾਰਟੀ ਦਾ ਲਿਟਰੇਚਰ ਤੇ ਹੋਰ ਨਿਕ-ਸੁਕ। ਇੰਜ ਸ਼ਹਿਰ ਵਿਚ ਉਹ ਬੇਝਿਜਕ ਫਿਰਦਾ। ਪੁਰਾਣੇ ਯਾਰਾਂ ਨੂੰ ਮਿਲਦਾ। ਆਪਣੀਆਂ ਕਵਿਤਾਵਾਂ ਸੁਣਾਉਂਦਾ। ਤੇ ਫਿਰ ਅੱਗੇ ਤੁਰ ਪੈਂਦਾ, ਜਿਵੇਂ ਕਾਫਲਾ ਕੁਝ ਚਿਰ ਦਮ ਲੈ ਕੇ ਫਿਰ ਮੰਜ਼ਲ ਵੱਲ ਵਧ ਗਿਆ ਹੋਵੇ। ਉਹਦੇ ਚਿਹਰੇ ‘ਤੇ ਹਰ ਸਮੇਂ ਗੰਭੀਰਤਾ ਬਣੀ ਰਹਿੰਦੀ। ਉਹਦਾ ਦਿਮਾਗ ਹਰ ਵਕਤ ਕੁਝ ਸੋਚਦਾ ਰਹਿੰਦਾ। ਰਾਤ ਨੂੰ ਸਾਥੀਆਂ ਦੀ ਖਬਰਸਾਰ ਬਾਰੇ ਵਿਚਾਰ ਹੁੰਦੇ। ‘ਐਕਸ਼ਨਾਂ’ ਲਈ ਪ੍ਰੋਗਰਾਮ ਉਲੀਕੇ ਜਾਂਦੇ। ਉਹਨੂੰ ਲਗਦਾ ਜਿਵੇਂ ਉਹ ਇਨਕਲਾਬ ਦੇ ਬੂਹੇ ਅੱਗੇ ਆ ਖਲੋਤਾ ਹੋਵੇ। ਉਹਨੂੰ ਪਿਸਤੌਲ ਦੀ ਨਾਲੀ ਵਿਚੋਂ ਸਭ ਕੁਝ ਨਿਕਲਦਾ ਮਹਿਸੂਸ ਹੁੰਦਾ। ਕਈ ਵਾਰੀ ਭਾਵੁਕ ਹੋਇਆ ਉਹ ਨਾਲੀ ਨੂੰ ਚੁੰਮ ਲੈਂਦਾ।
ਤੇ ਫੇਰ ਜਿਥੇ ਵੀ ਐਕਸ਼ਨ ਹੁੰਦਾ, ਰਾਜਸ਼ੇਖਰ ਨਾਲ ਹੁੰਦਾ। ਜ਼ਿਲ੍ਹੇ ਦੇ ਡੀæਐਸ਼ਪੀæ, ਇਕ ਪਿੰਡ ਦੇ ਮੁਖਬਰ, ਇਕ ਹੋਰ ਪਿੰਡ ਦੇ ਨੰਬਰਦਾਰ ਦੇ ਮਾਰੇ ਜਾਣ ਉਤੇ ਰਾਜਸ਼ੇਖਰ ਦਾ ਨਾਂ ਉਘੇ ਨਕਸਲਾਈਟ ਵਜੋਂ ਅਖਬਾਰਾਂ ਵਿਚ ਛਪਿਆ ਸੀ।
ਇਕ ਐਕਸ਼ਨ ਤੋਂ ਬਾਅਦ ਦੂਸਰਾ ਐਕਸ਼ਨ। ਰਾਜਸ਼ੇਖਰ ਖੁਸ਼ ਸੀ। ਪੁਲਿਸ ਉਹਦੇ ਮਗਰ ਪਰਛਾਵੇਂ ਵਾਂਗ ਲੱਗੀ ਹੋਈ ਸੀ। ਭਾਵੇਂ ਉਹ ਹੁਣ ਤੱਕ ਪੁਲਿਸ ਦੇ ਹੱਥ ਨਹੀਂ ਸੀ ਆਇਆ, ਪਰ ਉਸ ਕਦੇ ਵੀ ਦੁਸ਼ਮਣ ਨੂੰ ਕਮਜ਼ੋਰ ਨਹੀਂ ਸੀ ਸਮਝਿਆ। ਹਰ ਵਕਤ ਸੁਚੇਤ।
ਉਸ ਰਾਤ ਵੀ ਉਹ ਥੱਕਿਆ ਟੁੱਟਿਆ ਰਾਮਪਾਲ ਦੇ ਘਰ ਪਹੁੰਚਿਆ ਸੀ। ਰਾਤ ਰਿਹਾ ਤੇ ਮੂੰਹ-ਨ੍ਹੇਰੇ ਹੀ ਉਠ ਕੇ ਚਲਿਆ ਗਿਆ। ਅਜੇ ਦਿਨ ਨਹੀਂ ਸੀ ਚੜ੍ਹਿਆ ਕਿ ਪੁਲਿਸ ਰਾਮਪਾਲ ਦੇ ਘਰ ਆ ਪਹੁੰਚੀ। ਸਾਰੇ ਮਕਾਨ ਦੀ ਤਲਾਸ਼ੀ ਲਈ, ਪਰ ਦਰਿਆ ਤਾਂ ਰਾਹ ਬਦਲ ਚੁੱਕਾ ਸੀ।
ਥਾਣੇ ਲਿਜਾ ਕੇ ਰਾਮਪਾਲ ਨੂੰ ਲੰਮਾ ਪਾ ਕੇ ਮਿੱਟੀ ਵਾਂਗ ਕੁੱਟਿਆ ਗਿਆ।
“ਕਿਥੇ ਐ ਉਹ?” ਪੁਲਸੀਆਂ ਦਾ ਇਕੋ ਸਵਾਲ ਸੀ।
“ਮੈਨੂੰ ਕੀ ਪਤਾ।” ਰਾਮਪਾਲ ਦਾ ਇਕੋ ਜਵਾਬ ਸੀ।
“ਤੇਰੇ ਕੋਲ ਕੀ ਕਰਨ ਆਉਂਦੈ?” ਥਾਣੇਦਾਰ ਨੇ ਗਲ ਵਿਚ ਹੱਥ ਦਿੱਤਾ।
“ਮੇਰਾ ਦੋਸਤ ਐ, ਕਦੇ-ਕਦੇ ਮਿਲਣ ਆ ਜਾਂਦੈ।” ਉਹਨੇ ਨਿਰਦੋਸ਼ ਬਣਨ ਦਾ ਯਤਨ ਕੀਤਾ।
“ਦੋਸਤ ਐ, ਉਹ ਨਕਸਲੀਆ ਐ ਹਰਾਮ ਦਾ। ਤੇ ਤੂੰ ਕੰਜਰ ਉਹਨੂੰ ਪਨਾਹ ਦੇਣ ਵਾਲਾ। ਹੁਣ ਦੱਸੇਂਗਾ ਤੂੰ ਸਭ ਕੁਝ।” ਉਹਨੂੰ ਫੇਰ ਮੂਧਾ ਪਾ ਲਿਆ ਗਿਆ।
ਰਾਮਪਾਲ ਨੂੰ ਪਹਿਲੀ ਵੇਰ ਸਪਸ਼ਟ ਹੋਇਆ ਕਿ ਰਾਜਸ਼ੇਖਰ ਹਨੇਰੇ ਪਏ ਕਿਉਂ ਆਉਂਦਾ ਸੀ ਅਤੇ ਸਵੇਰੇ ਹੀ ਕਿਉਂ ਚਲਿਆ ਜਾਂਦਾ ਸੀ। ਉਹਨੂੰ ਰਾਜਸ਼ੇਖਰ ਉਤੇ ਗੁੱਸਾ ਵੀ ਆਇਆ ਤੇ ਮੋਹ ਵੀ। ਪੁਲਿਸ ਨੂੰ ਉਹਨੇ ਆਪਣੀ ਸਾਫਗੋਈ ਪੇਸ਼ ਕਰ ਦਿੱਤੀ, ਆਪਣੀ ਅਣਜਾਣਤਾ ਵੀ ਸਪਸ਼ਟ ਕਰ ਦਿੱਤੀ। ਥਾਣੇਦਾਰ ਚਾਹੁੰਦਾ ਸੀ ਕਿ ਉਹ ਮੁਖਬਰ ਬਣੇ, ਪਰ ਰਾਮਪਾਲ ਨਾਂਹ ਕਰੀ ਜਾ ਰਿਹਾ ਸੀ ਅਤੇ ਤਸ਼ੱਦਦ ਬਰਦਾਸ਼ਤ ਕਰੀ ਜਾ ਰਿਹਾ ਸੀ।
ਅੰਤ ਥਾਣੇਦਾਰ ਨੇ ਡੀæਐਸ਼ਪੀæ ਨਾਲ ਸਲਾਹ ਕਰ ਕੇ ਉਹਨੂੰ ਛੱਡ ਦਿੱਤਾ। ਡੀæਐਸ਼ਪੀæ ਨਹੀਂ ਸੀ ਚਾਹੁੰਦਾ ਕਿ ਰਾਜਸ਼ੇਖਰ ਨੂੰ ਰਾਮਪਾਲ ਦੀ ਗ੍ਰਿਫਤਾਰੀ ਦਾ ਪਤਾ ਲੱਗੇ ਤੇ ਉਹ ਉਸ ਠਾਹਰ ਨੂੰ ਹੀ ਛੱਡ ਦੇਣ।
ਰਾਮਪਾਲ ਕਈ ਦਿਨ ਮੰਜੇ ‘ਤੇ ਪਿਆ ਰਿਹਾ। ਉਸ ਠੀਕ ਹੋਣ ਉਤੇ ਲੱਖ ਯਤਨ ਕੀਤੇ ਕਿ ਰਾਜਸ਼ੇਖਰ ਨੂੰ ਲੱਭ ਕੇ ਉਹਨੂੰ ਸੁਚੇਤ ਕਰ ਦੇਵੇ, ਪਰ ਉਹ ਨਹੀਂ ਸੀ ਲੱਭਿਆ।
ਚਿੱਟੇ ਕੱਪੜਿਆਂ ਵਿਚ ਪੁਲਿਸ ਰਾਮਪਾਲ ਦੇ ਘਰ ਦੁਆਲੇ ਫਿਰਦੀ ਰਹਿੰਦੀ। ਓਪਰੇ ਬੰਦੇ ਫਿਰਦੇ ਵੇਖ ਉਹ ਭਾਂਪ ਗਿਆ ਸੀ। ਉਹ ਉਖੜਿਆ ਉਖੜਿਆ ਰਹਿੰਦਾ। ਹਰ ਪਲ, ਉਸ ਨੂੰ ਕੁਝ ਵਾਪਰ ਜਾਣ ਦਾ ਤੌਖਲਾ ਲੱਗਾ ਰਹਿੰਦਾ, ਪਰ ਕਦੀ-ਕਦੀ ਉਹ ਆਪਣੇ ਅੰਦਰ ਕੁਝ ਧੁਖਦਾ-ਧੁਖਦਾ ਭਾਂਬੜ ਬਣਦਾ ਵੇਖਦਾ।
ਰਾਤ ਦੇ ਬਾਰਾਂ ਕੁ ਵਜੇ ਸਨ। ਉਹ ਰਾਮਪਾਲ ਦੀ ਗਲੀ ਵੜਨ ਹੀ ਲੱਗਾ ਸੀ ਤਾਂ ਓਪਰੇ ਚੌਕੀਦਾਰ ਨੂੰ ਵੇਖ ਕੇ ਉਹ ਪੁਲਿਸ ਦੀ ਹਾਜ਼ਰੀ ਸੁੰਘ ਗਿਆ ਸੀ। ਉਹ ਮੁੜਦੇ ਪੈਰੀਂ ਹੋ ਗਿਆ। ਉਤੋਂ ਦੀ ਆ ਕੇ ਲਹਿੰਦੇ ਵਾਲੇ ਪਾਸਿਓਂ ਕੋਠਾ ਟੱਪ ਕੇ ਵਿਹੜੇ ਵਿਚ ਛਾਲ ਮਾਰ ਦਿੱਤੀ। ਅਚਾਨਕ ਹੋਈ ਆਵਾਜ਼ ਨਾਲ ਰਾਮਪਾਲ ਜਾਗ ਪਿਆ। ਕਮਰਿਓਂ ਬਾਹਰ ਆਇਆ ਤਾਂ ਸਾਹਮਣੇ ਰਾਜਸ਼ੇਖਰ ਸੀ। ਨਿਰਭੈ, ਨਿਧੜਕ, ਚੜ੍ਹਦੀਆਂ ਕਲਾਂ ਵਿਚ।
“ਬਾਹਰ ਪੁਲਿਸ ਹਰਲ-ਹਰਲ ਕਰਦੀ ਫਿਰਦੀ ਐ, ਤੂੰ ਆ ਕਿੱਦਾਂ ਗਿਆ?” ਰਾਮਪਾਲ ਹੈਰਾਨ ਹੋਇਆ।
“ਪੁਲਿਸ ਨੂੰ ਮੇਰੇ ਇਥੇ ਆਉਣ ਬਾਰੇ ਪਤਾ ਕਿਵੇਂ ਲੱਗਿਆ? ਕੋਈ ਮੁਖਬਰ?” ਉਹਨੇ ਸੂਹ ਕੱਢਣੀ ਚਾਹੀ।
“ਪਤਾ ਨਹੀਂ?” ਰਾਮਪਾਲ ਅਸਲੋਂ ਅਣਜਾਣ ਸੀ।
“ਪਰ ਤੂੰ ਮੇਰੇ ਨਾਲ ਕਦੀ ਗੱਲ ਕਿਉਂ ਨ੍ਹੀਂ ਸੀ ਕੀਤੀ?” ਰਾਜਸ਼ੇਖਰ ਸਵਾਲ ਉਤੇ ਸਵਾਲ ਕਰ ਰਿਹਾ ਸੀ।
“ਤੈਨੂੰ ਪੁਲਿਸ ਨੇ ਕੁਝ ਕਿਹਾ?”
ਤੇ ਰਾਮਪਾਲ ਦੀ ਕਹਾਣੀ ਸੁਣ ਕੇ ਉਹਦੀਆਂ ਅੱਖਾਂ ਬਲ ਉਠੀਆਂ ਸਨ।
“ਇਸ ਥਾਣੇਦਾਰ ਸ਼ਰਮੇ ਦੀ ਵੀæææ।” ਤੇ ਰਾਮਪਾਲ ਨੂੰ ਲੱਗਿਆ ਜਿਵੇਂ ਹੁਣ ਕੁਝ ਭਿਆਨਕ ਵਾਪਰੇਗਾ।
“ਅੱਛਾ, ਕੁਝ ਖਾਣ-ਪੀਣ ਨੂੰ ਹੈ?” ਰਾਜਸ਼ੇਖਰ ਨੇ ਗੱਲ ਬਦਲੀ।
“ਹਾਂ, ਪਰ ਤੈਨੂੰ ਡਰ ਨ੍ਹੀਂ ਆਉਂਦਾ ਬਾਹਰ ਪੁਲਿਸ਼ææ।” ਰਾਮਪਾਲ ਸਹਿਮ ਜਿਹਾ ਗਿਆ।
“ਘਬਰਾ ਨਾ। ਵੇਖ, ਬੰਦੇ ਨੇ ਮਰਨਾ ਤਾਂ ਹੈ ਹੀ ਇਕ ਦਿਨ। ਫਿਰ ਮੰਜੇ ‘ਤੇ ਕਿਉਂ ਮਰਿਆ ਜਾਵੇ। ਸੂਰਮਿਆਂ ਦੀ ਮੌਤੇ ਮਰੋ। ਕਿਸੇ ਉਦੇਸ਼ ਖਾਤਰ ਲੜਦਿਆਂ ਮਰ ਜਾਣਾ, ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਟੀਚਾ ਹੈ।” ਰਾਜਸ਼ੇਖਰ ਦੇ ਇਸ ਸੱਚ ਸਾਹਵੇਂ ਰਾਮਪਾਲ ਜਿਵੇਂ ਛੋਟਾ ਹੋ ਗਿਆ।
“ਇੰਜ ਮਰਨ ਨਾਲ ਚਾਨਣ ਕਤਲ ਨਹੀਂ ਹੁੰਦੇ, ਸਗੋਂ ਹੋਰ ਜਨਮਦੇ ਨੇ। ਦੀਵਾ ਵੀ ਤਾਂ ਬਲਦਾ ਹੈ, ਰੋਸ਼ਨੀ ਕਰਨ ਲਈ। ਤੇ ਬੁਝਣ ਤੋਂ ਪਹਿਲਾਂ ਜਾਂ ਹੋਰ ਦੀਵੇ ਬਾਲ ਜਾਂਦਾ ਹੈ ਜਾਂ ਸਵੇਰ ਲਿਆ ਦਿੰਦਾ ਹੈ।” ਰਾਜਸ਼ੇਖਰ ਨਿਧੜਕ ਬੋਲ ਰਿਹਾ ਸੀ।
ਕਿੰਨਾ ਚਿਰ ਉਹ ਗੱਲਾਂ ਕਰਦਾ ਰਿਹਾ। ਰਾਮਪਾਲ ਸੁਣਦਾ ਰਿਹਾ। ਰੋਟੀ ਖਾਧੀ ਅਤੇ ਫਿਰ ਉਹ ਨਿਸਚਿੰਤ ਸੌਂ ਗਿਆ।
ਅਜੇ ਮੂੰਹ-ਨ੍ਹੇਰਾ ਹੀ ਸੀ ਜਦੋਂ ਉਹ ਉਠ ਖਲੋਤਾ।
“ਸਾਰੇ ਪਾਸੇ ਪੁਲਿਸ ਖੜ੍ਹੀ ਐ, ਤੂੰ ਜਾਏਂਗਾ ਕਿਵੇਂ?” ਰਾਮਪਾਲ ਹੌਲ ਗਿਆ।
“ਨਹੀਂ, ਪੁਲਿਸ ਸਿਰਫ ਤੇਰੇ ਬੂਹੇ ਅੱਗੇ ਐ, ਪਿਛਲੇ ਬੰਨ੍ਹੇ ਨ੍ਹੀਂ।” ਉਹ ਅਡੋਲ ਸੀ।
ਰਾਮਪਾਲ ਨੇ ਅਣ-ਮੰਨੇ ਮਨ ਨਾਲ ਪੌੜੀ ਲਾ ਦਿੱਤੀ। ਉਹ ਪੌੜੀ ਚੜ੍ਹਿਆ ਅਤੇ ਕੰਧ ਵਿਚ ਰੱਖੇ ਦਾੜ੍ਹਿਆਂ ਨੂੰ ਹੱਥ ਪਾ ਕੇ ਹੇਠਾਂ ਲਮਕ ਗਿਆ।
ਪਰ ਅੱਜ ਉਹਦਾ ਅੰਦਾਜ਼ਾ ਗਲਤ ਹੋ ਗਿਆ ਸੀ। ਅਜੇ ਉਹ ਉਤਰ ਕੇ ਕੁਝ ਫਾਸਲੇ ਤੱਕ ਹੀ ਗਿਆ ਸੀ ਕਿ ਪੁਲਿਸ ਦੇ ਹੱਥ ਆ ਗਿਆ। ਥਾਣੇਦਾਰ ਸ਼ਰਮਾ ਮਨ ਹੀ ਮਨ ਬੜਾ ਖੁਸ਼ ਸੀ।
ਰਾਜਸ਼ੇਖਰ ਨੂੰ ਕੋਈ ਘਬਰਾਹਟ ਨਹੀਂ ਸੀ। ਉਹ ਆਪਣੇ ਆਪ ਨੂੰ ਇਮਤਿਹਾਨ ਲਈ ਤਿਆਰ ਕਰ ਰਿਹਾ ਸੀ। ਪੂਰਾ ਹਫਤਾ ਥਾਣੇਦਾਰ ਜ਼ੁਲਮ ਕਰਦਾ ਰਿਹਾ, ਪਰ ਰਾਜਸ਼ੇਖਰ ਨੇ ਜ਼ਬਾਨ ਨਹੀਂ ਸੀ ਖੋਲ੍ਹੀ। ਤੇ ਫਿਰ ਸ਼ਹਿਰੋਂ ਅੱਠ ਕੁ ਮੀਲ ਦੂਰ, ਕਿੱਕਰਾਂ ਦੇ ਝੁੰਡ ਵਿਚ ‘ਪੁਲਿਸ ਮੁਕਾਬਲੇ’ ਵਿਚ ਇਕ ਗੋਲੀ ਉਹਦੇ ਸਿਰ ਵਿਚੋਂ ਦੀ ਲੰਘ ਗਈ ਸੀ।
ਰਾਮਪਾਲ ਨੂੰ ਪਤਾ ਲੱਗਾ ਤਾਂ ਇਕ ਝੱਖੜ ਉਹਦੇ ਅੰਦਰ ਝੁੱਲ ਗਿਆ। ਉਹ ਸ਼ਹਾਦਤ ਵਾਲੀ ਥਾਂ ਗਿਆ। ਉਥੋਂ ਦੀ ਮਿੱਟੀ ਨੂੰ ਹੱਥਾਂ ਵਿਚ ਚੁੰਮਿਆ। ਇਕ ਰੋਹ ਉਹਦੀਆਂ ਅੱਖਾਂ ਵਿਚ ਬਲ ਉਠਿਆ। ਰਾਜਸ਼ੇਖਰ ਦੇ ਆਖੇ ਬੋਲ ਉਹਦੇ ਕੰਨਾਂ ਵਿਚ ਗੂੰਜ ਉਠੇ- ਚਾਨਣ ਕਤਲ ਨਹੀਂ ਹੁੰਦੇ, ਸਗੋਂ ਹੋਰ ਜਨਮਦੇ ਨੇ।
ਤੇ ਫਿਰ ਉਹਦੇ ਕਦਮ ਵੀ ਚਾਨਣ ਦੇ ਰਾਹ ਉਤੇ ਅੱਗੇ ਵਧ ਗਏ।