ਸੁਕੰਨਿਆ ਭਾਰਦਵਾਜ ਨਾਭਾ
ਫੋਨ: 815-307-3112
“ਨੀ ਚਾਚੀ, ਕਹਿੰਦੇ ਢੋਲੇ ਕੀ ਬਹੂ ਮਰ’ਗੀ। ਤੈਨੂੰ ਪਤਾ ਐ?” ਗੁਆਂਢਣ ਨੇ ਜਦੋਂ ਕੰਧ ਉਤੋਂ ਦੀ ਸਿਰ ਉਪਰ ਕਰਕੇ ਕਿਹਾ, ਮੈਂ ਤਾਂ ਜਿਵੇਂ ਥਾਏਂ ਖੜ੍ਹੀ ਸੁੰਨ ਹੋ ਗਈ। ਜਦੋਂ ਆਪਣੇ ਆਪ ਵਿਚ ਆਈ ਤਾਂ ਪੁਛਿਆ, “ਕੁੜੇ ਉਹਨੂੰ ਕੀ ਹੋਇਆ?”
“ਹੋਣਾ ਕੀ ਸੀ, ਬਸ ਜਿਵੇਂ ਲਿਖੀ ਹੋਵੇ। ਹਾਲੇ ਪਿਛਲੇ ਸੋਮਵਾਰ ਤਾਂ ਅਸੀਂ ਉਸ ਦਾ ਗੁਹਾਰਾ ਧਰਿਆ। ਕਹਿੰਦੀ, 9 ਗੇੜਾਂ ਤੋਂ ਘੱਟ ਨਹੀਂ ਧਰਨਾ। ਪਾਥੀਆਂ ਮੁੱਕ ਗਈਆਂ। ਗੁਆਂਢੀਆਂ ਦਿਓਂ ਲਿਆ ਕੇ ਮਸੀਂ ਗੁਹਾਰਾ ਪੂਰਾ ਕੀਤਾ। ਆਪ ਘਰੇ ਚਾਹ ਬਣਾਉਣ ਚਲੀ ਗਈ।”
“ਓ ਹੋ! ਇਹ ਤਾਂ ਬੜਾ ਮਾੜਾ ਹੋਇਆ।” ਮੈਂ ਜਿਉਂ ਹੀ ਆਪਣੇ ਆਪ ਵਿਚ ਆਈ ਝਿਊਰਾਂ ਦੀ ਬਹੂ ਜਾ ਚੁਕੀ ਸੀ। ਅਸੀਂ ਹਥਲਾ ਸਾਰਾ ਕੁਝ ਉਵੇਂ ਹੀ ਛੱਡ ਕੇ ਉਨ੍ਹਾਂ ਦੇ ਘਰ ਪਹੁੰਚੇ ਪਰ ਸੱਚ ਹਾਲੇ ਵੀ ਨਹੀਂ ਆ ਰਿਹਾ ਸੀ ਕਿ ਇਹ ਭਾਣਾ ਵਰਤ ਚੁਕਾ ਹੈ। ਘਰੇ ਜਾਂਦਿਆਂ ਨੂੰ ਧੂੰਆਂ ਸੱਥਰ ਪਿਆ ਹੋਇਆ ਸੀ। ਲਾਸ਼ ਨੇ ਹਾਲੇ ਪਟਿਆਲੇ ਦੇ ਕਿਸੇ ਹਸਪਤਾਲ ਤੋਂ ਆਉਣਾ ਸੀ।
ਮੈਂ ਜਿਉਂ ਹੀ ਪੁਛਿਆ ਕਿ ਹੋਇਆ ਕੀ? ਬਿਮਾਰ ਵੀ ਨਹੀਂ ਸੀ ਸੁਣਿਆਂ, ਤਾਂ ਸੱਥਰ ‘ਤੇ ਬੈਠੇ ਪਰਿਵਾਰਕ ਮੈਂਬਰਾਂ ਤੇ ਹੋਰਾਂ ਨੇ ਆਪੋ ਆਪਣੇ ਢੰਗ ਨਾਲ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਡਾਕਟਰ ਨੇ ਹੀ ਭੇਤ ਨਾ ਦਿੱਤਾ। ਅਸੀਂ ਕਹਿੰਦੇ ਰਹੇ ਕਿ ਨਹੀਂ ਸਮਝ ਵਿਚ ਆ ਰਿਹਾ ਤਾਂ ਕਿਤੇ ਹੋਰ ਲੈ ਜਾਂਦੇ ਹਾਂ। ਜਦੋਂ ਐਨ ਪੁੱਗ ਗਈ ਤਾਂ ਪਟਿਆਲੇ ਭੇਜ ਦਿੱਤਾ। ਕੋਈ ਪਰਚਾ, ਕੋਈ ਰਾਹਦਾਰੀ ਨਹੀਂ।
ਅੱਗੋਂ ਪਟਿਆਲੇ ਵਾਲਾ ਡਾਕਟਰ ਹੱਥ ਨਾ ਪਾਵੇ ਕਿ ਐਮæਆਰæਆਈæ ਦਸ ਰਹੀ ਹੈ ਕਿ ਪਿਛਲੇ ਦਿਨਾਂ ਤੋਂ ਹਾਰਟ ਦਾ ਵਾਲਵ ਲੀਕ ਕਰ ਰਿਹਾ ਹੈ ਤੇ ਸਾਰਾ ਖੂਨ ਪੇਟ ਵਿਚ ਇਕੱਠਾ ਹੋ ਰਿਹਾ ਹੈ। ਇਹ ਤਾਂ ਹੁਣ ਕੁਝ ਹੀ ਸਮੇਂ ਦੀ ਪ੍ਰਾਹੁਣੀ ਹੈ। ਪਹਿਲਾਂ ਇਲਾਜ ਕਰ ਰਹੇ ਡਾਕਟਰ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਸੀ।
ਭਾਵੇਂ ਮਲਵੀਂ ਜੀਭ ਨਾਲ ਹੀ ਸਹੀ ਉਸ ਨੇ ਸੂਈ ਇਲਾਜ ਕਰ ਰਹੇ ਡਾਕਟਰ ਦੀ ਗਲਤ ਪ੍ਰੈਕਟਿਸ ‘ਤੇ ਧਰ ਦਿੱਤੀ ਸੀ। ਇੰਨਾ ਸੁਣਦੇ ਹੀ Ḕਇਹ ਤਾਂ ਭਾਣਾ ਹੈḔ, Ḕਉਹਨੇ ਆਪਣਾ ਨਾਂ ਨਹੀਂ ਲੈਣਾ’, Ḕਆ ਲੱਗੀ ਨੂੰ ਕੋਈ ਨਹੀਂ ਮੋੜ ਸਕਦਾ’, Ḕਇੰਨਾ ਹੀ ਸਬੰਧ ਸੀ’-ਬਹੁਤ ਸਾਰੀਆਂ ਇਸ ਕਿਸਮ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਬੈਠਿਆਂ ਬੈਠਿਆਂ ਹੀ ਬਿਨਾ ਕਿਸੇ ਦੀ ਜਿੰਮੇਵਾਰੀ ਮਿਥਿਆਂ ਸਿਹਤ ਸੰਭਾਲ ਪ੍ਰਕ੍ਰਿਆ ਦੀ ਇਸ ਲਾਲਚੀ ਗਲਤੀ ਨੂੰ ਲੋਕਾਂ ਕੁਝ ਹੱਦ ਤੱਕ ਮੁਆਫ ਕਰ ਦਿੱਤਾ ਸੀ।
ਉਂਜ ਦੇਖਿਆ ਜਾਵੇ ਤਾਂ ਅਜਿਹੇ ਮੌਕੇ ਇਸ ਕਿਸਮ ਦੀ ਖੁਸ਼ਫਹਿਮੀ ਬੰਦੇ ਨੂੰ ਢਾਰਸ ਵੱਧ ਦਿੰਦੀ ਹੈ ਤੇ ਕੁਰੇਦਦੀ ਘੱਟ ਹੈ। ਮਹਿਸੂਸ ਸਿਰਫ ਉਹੋ ਹੀ ਕਰ ਸਕਦਾ ਹੈ ਜਿਸ ਨੇ ਆਪਣਾ ਪਿਆਰਾ ਅਜਿਹੇ ਗਲਤ ਵਰਤਾਰੇ ਦੀ ਭੇਟਾ ਕੀਤਾ ਹੋਵੇ।
ਦੱਸਣ ਵਾਲੇ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਸੋਮਵਾਰ ਦੀ ਰਾਤ ਹੀ ਜਦੋਂ ਉਹਨੂੰ ਖੂਨ ਦੀ ਉਲਟੀ ਆਈ ਤਾਂ ਉਹ ਡਾਕਟਰ ਕੋਲ ਲੈ ਗਏ। ਉਹਨੇ ਦਵਾਈਆਂ ਦੇ ਕੇ ਘਰ ਨੂੰ ਵਾਪਸ ਭੇਜ ਦਿੱਤਾ ਕਿ ਕੋਈ ਖਾਸ ਗੱਲ ਨਹੀਂ, ਕਈ ਵਾਰੀ ਹੋ ਜਾਂਦਾ ਹੈ। ਜਦਕਿ ਡਾਕਟਰ ਨੂੰ ਪਤਾ ਸੀ ਕਿ ਉਸ ਦੇ ਦਿਲ ਵਿਚ ਬਚਪਨ ਤੋਂ ਸੁਰਾਖ ਸੀ ਜਿਸ ਦਾ ਭਾਵੇਂ ਚੰਡੀਗੜ੍ਹ ਪੀæਜੀæਆਈæ ਤੋਂ ਆਪ੍ਰੇਸ਼ਨ ਹੋਏ ਨੂੰ 10 ਸਾਲ ਹੋ ਗਏ ਸੀ ਤੇ ਹੁਣ ਵਧੀਆ ਤੰਦਰੁਸਤ ਵੀ ਸੀ। ਮਾੜੀ ਮੋਟੀ ਤਕਲੀਫ ਹੁੰਦੀ ਤਾਂ ਦਵਾਈ ਇਸੇ ਡਾਕਟਰ ਕੋਲੋਂ ਹੀ ਲੈ ਲੈਂਦੇ, ਪੀæਜੀæਆਈæ ਦੀਆਂ ਰਿਪੋਰਟਾਂ ਦੇ ਆਧਾਰ ‘ਤੇ।
‘ਕੱਲਾ ਕਹਿਰਾ ਹੋਣ ਤੇ ਵੱਡੇ ਮੁੰਡੇ ਨੂੰ ਨਸ਼ੇ ਦੀ ਲਤ ਲੱਗ ਜਾਣ ਕਾਰਨ ਉਸ ਨੇ ਵੀ ਇਸ ਘਰ ਨੇੜਲੇ ਡਾਕਟਰ ਨੂੰ ਹੀ ਪੀæਜੀæਆਈæ ਬਣਾ ਲਿਆ ਕਿਉਂਕਿ ਡਾਕਟਰ ਨੇ ਉਸ ਨੂੰ ਉਹੋ ਹੀ ਇਲਾਜ ਦੇਣ ਦਾ ਵੱਡਾ ਭਰੋਸਾ ਦਿੱਤਾ ਸੀ।
ਦੂਸਰੇ ਦਿਨ ਫਿਰ ਜਦੋਂ ਖੂਨ ਦੀ ਉਲਟੀ ਆ ਗਈ ਤਾਂ ਡਾਕਟਰ ਨੇ ਉਸ ਨੂੰ ਦਾਖਲ ਕਰ ਕੇ ਗੁਲੂਕੋਜ਼ ਲਾ ਦਿੱਤਾ। ਉਲਟੀ ਦੇ ਉਸੇ ਤਰ੍ਹਾਂ ਚਲਦੇ ਤੇ ਐਮæਆਰæਆਈæ ਵਿਚ ਦਿਲ ਵਿਚੋਂ ਖੂਨ ਦੀ ਲੀਕੇਜ ਰਿਪੋਰਟ ਆਉਣ ਦੇ ਬਾਵਜੂਦ ਉਸ ਨੇ 4 ਦਿਨ ਤਕ ਆਪਣੇ ਕੋਲ ਹੀ ਦਾਖਲ ਰੱਖਿਆ। ਵਾਰਸਾਂ ਨੂੰ Ḕਸਭ ਅੱਛਾ ਹੈ’ ਦਾ ਪ੍ਰਭਾਵ ਦਿੰਦਾ ਰਿਹਾ।
ਫਿਰ ਉਸੇ ਕਿਸਮ ਦੀਆਂ ਆਵਾਜ਼ਾਂ ਆਈਆਂ, Ḕਓਏ ਹੋਣੀ ਨੂੰ ਇਹੋ ਮਨਜੂਰ ਸੀ, ਹੁਣ ਕਿੰਨਾ ਮਰਜੀ ਕਲਪੀ ਜਾਓ।’ ḔਜੇḔ ਹੱਥ ਨਹੀਂ ਆਉਂਦੀ। ਪਰ ਢੋਲਾ ਪੱਥਰ ਦੀ ਮੂਰਤ ਬਣਿਆ ਇੱਕ ਟੱਕ ਬਾਹਰ ਵੱਲ ਦੇਖੀ ਜਾ ਰਿਹਾ ਸੀ। ਉਸ ਦੀਆਂ ਨਜ਼ਰਾਂ ਘਰ ਦੇ ਮੁਖ ਗੇਟ ‘ਤੇ ਸ਼ਾਇਦ ਕਿਸੇ ਦੀ ਉਡੀਕ ਵਿਚ ਸਨ। ਬੈਠਾ ਬੈਠਾ ਹੀ ਉਹ ਸੋਚ ਉਡਾਰੀ ਵਿਚ ਕਾਫੀ ਪਿੱਛੇ ਚਲਿਆ ਗਿਆ। ਘਰ ਵਿਚ ਏਡੀ ਜਹਿਮਤ ਹੋਣ ਦੇ ਬਾਵਜੂਦ ਦੋਹਾਂ ਜੀਆਂ ਨੇ ਮਿਹਨਤ ਮੁਸ਼ੱਕਤ ਨਾਲ ਕਬੀਲਦਾਰੀ ਨੂੰ ਕਾਫੀ ਰੋੜੂਏ ਪਾਇਆ ਹੋਇਆ ਸੀ। ਬੱਚੇ ਭਾਵੇਂ ਬਹੁਤਾ ਨਹੀਂ ਪੜ੍ਹੇ ਸਨ ਫਿਰ ਵੀ ਜੁਗਾੜ ਲਾ ਕੇ ਬੇਟੀ ਨੂੰ ਕੈਨੇਡਾ ਤੇ ਬੇਟੇ ਨੂੰ ਆਸਟ੍ਰੇਲੀਆ ਭੇਜ ਦਿੱਤਾ ਸੀ। ਸਾਥਣ ਦੇ ਨਾਲ ਜ਼ਿੰਦਗੀ ਕਿੰਨੀ ਸੌਖੀ ਸੀ। ਬਿਨਾ ਕਿਸੇ ਨੂੰ ਦੱਸਿਆਂ ਬੇਟੇ ਦੀ ਆਈਲੈਟਸ ਵਾਲੀ ਕੁੜੀ ਨਾਲ ਕੋਰਟ ਮੈਰਿਜ ਕਰ ਕੇ ਕੱਢ ਦਿੱਤਾ ਸੀ ਤੇ ਬੇਟੀ ਦੀ ਵੀ ਰਿਸ਼ਤੇਦਾਰੀ ਵਿਚੋਂ ਪੈਂਦੇ ਐਮæਬੀæਏæ ਲੜਕੇ ਨਾਲ ਹਾਂ ਕਰ ਕੇ ਕਬੀਲਦਾਰੀ ਨੂੰ ਥੋੜਾ ਸੁਖਾਲਿਆ ਕਰ ਲਿਆ ਸੀ। ਬੱਚੇ ਉਥੇ ਕਾਫੀ ਮਿਹਨਤ ਕਰ ਰਹੇ ਸਨ, ਕੰਮ ਕਾਰ ਓਡਾ ਨਹੀਂ ਸੀ ਪਰ ਉਸ ਨੂੰ ਤਸੱਲੀ ਸੀ ਕਿ ਇੱਕ ਦਿਨ ਆਪਣੇ ਜੋਗਾ ਜਰੂਰ ਕਮਾ ਲੈਣਗੇ।
ਪਿਛੇ ਇੱਕ ਹੋਰ ਬੇਟਾ ਸੀ ਕਾਲਾ, ਵੱਡੇ ਤੋਂ ਛੋਟਾ। ਉਹ ਪੜ੍ਹਿਆ ਵੀ ਘੱਟ ਸੀ ਜਿਸ ਨੂੰ ਉਹ ਅਰਬ ਦੇਸ਼ਾਂ ਵੱਲ ਕੱਢਣ ਦੀ ਫਿਰਾਕ ਵਿਚ ਸੀ। ਪਿੰਡ ਦੀ ਸੋਹਬਤ ਬਹੁਤੀ ਚੰਗੀ ਨਹੀਂ ਸੀ। ਚੰਗੇ ਚੰਗੇ ਘਰਾਂ ਦੇ ਬੱਚੇ ਸਮੈਕ ਦੇ ਆਦੀ ਹੋ ਗਏ ਸਨ। ਉਸ ਦੇ ਦੋਵੇਂ ਭਰਾ ਤੇ ਕਈ ਰਿਸ਼ਤੇਦਾਰ ਬਾਹਰਲੇ ਦੇਸ਼ਾਂ ਵਿਚ ਵਸ ਗਏ ਸਨ। ਪਰ ਉਸ ਦੀ ਕਿਸੇ ਨੇ ਸਾਰ ਨਹੀਂ ਸੀ ਲਈ। ਉਸ ਦੀ ਵੀ ਤਾਂਘ ਸੀ ਕਿ ਉਸ ਦੇ ਵੀ ਬੱਚੇ ਬਾਹਰਲੇ ਦੇਸ਼ਾਂ ਵਿਚ ਜਾਣ। ਉਹਦੀ ਮਾਲਕ ਨੇ ਨੇੜਿਓਂ ਹੋ ਕੇ ਸੁਣ ਲਈ। ਆਪ ਅਨਪੜ੍ਹ ਤੇ ਛੋਟੀ ਕਿਸਾਨੀ ਹੋਣ ਦੇ ਬਾਵਜੂਦ ਉਸ ਨੇ ਸੰਜਮ ਨਾਲ ਪਰਿਵਾਰ ਨੂੰ ਵਧੀਆ ਪੁਸ਼ਤਪਨਾਹੀ ਦਿੱਤੀ ਸੀ।
ਆਪਣੇ ਆਪ ਨਾਲ ਗੱਲਾਂ ਕਰਦਾ ਉਹ ਤਾਂ ਕਿਤੇ ਦੀ ਕਿਤੇ ਪਹੁੰਚ ਗਿਆ ਸੀ। ਉਸ ਨੂੰ ਚੇਤੇ ਆਇਆ, ਕਿਵੇਂ ਮੀਤੋ ਨਵੀਂ ਨਵੇਲੀ ਵਿਆਹ ਕੇ ਉਸ ਦੇ ਘਰ ਆਈ ਸੀ। ਲੰਬੀ ਲੰਝੀ, ਕਣਕ ਭਿੰਨਾ ਰੰਗ, ਛਮ ਛਮ ਕਰਦੀ ਸੀ ਵਿਹੜੇ ਵਿਚ। ਇੱਕ ਨਸ਼ਾ ਜਿਹਾ ਉਹਦੇ ਉਤੇ ਛਾਇਆ ਰਹਿੰਦਾ ਤੇ ਇਸ ਸਰੂਰ ਵਿਚ ਇੰਨਾ ਕੰਮ ਕਰਦਾ ਕਿ ਢੀਮਾਂ ਦੀਆਂ ਢੀਮਾਂ ਵਾਹ ਛੱਡਦਾ, ਕਦੇ ਨਾ ਥੱਕਦਾ। ਉਸ ਦਾ ਘਰ ਤਾਂ ਸਵਰਗ ਸੀ। ਸ਼ਾਮ ਢਲਦੇ ਹੀ ਜਦੋਂ ਘਰ ਨੂੰ ਟਰੈਕਟਰ ਲੈ ਕੇ ਆਉਂਦਾ ਤਾਂ ਗੁਸਲਖਾਨੇ ਵਿਚ ਗਰਮ ਪਾਣੀ, ਸਾਫ ਕੱਪੜੇ, ਸਾਬਣ-ਤੇਲ ਤੇ ਤੌਲੀਆ ਰੱਖਿਆ ਮਿਲਦਾ। ਆਥਣ ਦੀ ਰੋਟੀ ਖਾਦਿਆਂ ਹੀ ਥੋੜਾ ਟੀæਵੀæ ਦੇਖਣ ਤੋਂ ਬਾਅਦ ਆਪਣੇ ਕਮਰੇ ਵਿਚ ਸੌਣ ਲਈ ਚਲੇ ਜਾਂਦਾ। ਸਿਆਲ ਦੀਆਂ ਲੰਮੀਆਂ ਰਾਤਾਂ ਵੀ ਛੋਟੀਆਂ ਪੈ ਜਾਂਦੀਆਂ ਗੱਲਾਂ ਕਰਦਿਆਂ ਭਵਿਖ ਦੇ ਸੁਪਨੇ ਸੰਜੋਦਿਆਂ। ਫਿਰ ਬੱਚੇ ਹੋ ਗਏ ਤਾਂ ਉਨਾਂ ਦੇ ਆਹਰੇ ਲੱਗ ਗਏ। ਪਤਾ ਹੀ ਨਾ ਲੱਗਾ ਕਿ ਇਹ ਜ਼ਿੰਦਗੀ ਦੇ 30 ਸਾਲ ਕਿਵੇਂ ਲੰਘ ਗਏ। ਪਰ ਆਹ Ḕਰੱਬ ਦੇ ਰੂਪ’ ਨੇ ਚੰਦ ਛਿਲੜਾਂ ਲਈ ਉਹਦੀ ਵਸਦੀ ਦੁਨੀਆਂ ਉਜਾੜ ਦਿੱਤੀ ਸੀ। ਹੁਣ ਇਸ ਕਬੀਲਦਾਰੀ ਦੀ ਪੰਜਾਲੀ ਨੂੰ ਕਿਵੇਂ ਬੰਨੇ ਲਾਊਗਾ, ਉਹਦੇ ਬਿਨਾ? ਖੇਤ ਦੇ ਨਾਲ ਨਾਲ ਹੁਣ ਚੁੱਲ੍ਹਾ ਤਪਾਉਣ ਦਾ ਕੰਮ ਵੀ ਉਹਦੇ ਗਲ ਪੈ ਗਿਆ। ਓ ਮੇਰਿਆ ਡਾਢਿਆ ਕਿਥੇ ਲਿਆ ਖੜਾਇਆ ਮੈਨੂੰ ਤੈਂ?
“ਆ ਲੈ ਕੁੜੀ ਨਾਲ ਗੱਲ ਕਰ।” ਜਦੋਂ ਘਰਾਂ ਵਿਚੋਂ ਲਗਦੀ ਤਾਈ ਨੇ ਮੋਢੇ ਤੋਂ ਝੰਜੋੜ ਕੇ ਉਸ ਦੇ ਖਿਆਲਾਂ ਦੀ ਲੜੀ ਤੋੜੀ। ਕੈਨੇਡਾ ਪੜ੍ਹਦੀ ਇਕਲੌਤੀ ਧੀ ਮਾਣੇ ਦਾ ਕਈ ਵਾਰੀ ਫੋਨ ਆ ਚੁਕਾ ਸੀ, ਕੋਈ ਵੀ ਉਸ ਨੂੰ ਮਾਂ ਦੀ ਇਸ ਹੋਣੀ ਬਾਰੇ ਨਹੀਂ ਦੱਸ ਰਿਹਾ ਸੀ। ਤਾਈ ਨੇ ਹੀ ਹੌਂਸਲਾ ਕਰ ਕੇ ਧੀ ਨਾਲ ਗੱਲ ਕਰਨ ਲਈ ਉਹਦਾ ਮੋਢਾ ਆ ਹਲੂਣਿਆ ਸੀ। ਜਿਉਂ ਹੀ ਮਾਣੇ ਨੇ “ਡੈਡੀ ਮੇਰੀ ਮੰਮੀ” ਕਿਹਾ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਸਾਰਾ ਦਰਦ ਨਦੀ ਬਣ ਕੇ ਅੱਖਾਂ ਰਾਹੀਂ ਵਹਿ ਤੁਰਿਆ। ਉਸ ਦੀ ਘਿੱਗੀ ਬੱਝ ਗਈ। “ਪੁੱਤ ਮੈਂ ਤੁਹਾਡਾ ਦੇਣਦਾਰ ਹਾਂ, ਦੂਜੇ ਰੱਬ (ਡਾਕਟਰ) ਦੇ ਭਰੋਸਿਆਂ ਨੇ ਮੇਰੀ ਵਾਹ ਨਹੀਂ ਜਾਣ ਦਿੱਤੀ। ਜੇ ਚੰਡੀਗੜ੍ਹ ਲੈ ਜਾਂਦਾ, ਖਬਰੇ ਬਚਾ ਹੋ ਜਾਂਦਾ। ਕਾਸ਼ ਇਹ Ḕਜੇ’ ਕਦੇ ਹੱਥ ਆ ਜਾਂਦੀ।”
ਪਹਿਲਾਂ ਧੀ ਨੂੰ ਤੇ ਦੂਜਾ ਆਪਣੇ ਆਪ ਨੂੰ ਕਹਿ ਕੇ ਉਹ ਡੌਰ ਭੌਰ ਜਿਹਾ ਜੀਵਨ ਸਾਥਣ ਦੀਆਂ ਅੰਤਿਮ ਰਸਮਾਂ ਨਿਪਟਾਉਣ ਵਿਚ ਲੱਗ ਗਿਆ। ਦੂਰੋਂ ਗੁਰੂ ਘਰ ਵਿਚੋਂ ਮਹਾਂਵਾਕ Ḕਜੇਹਾ ਚੀਰੀ ਲਿਖਿਐ, ਤੇਹਾ ਹੁਕਮ ਕਮਾਏḔ ਦੀ ਆਉਂਦੀ ਵੈਰਾਗਮਈ ਆਵਾਜ਼ ਹੌਲੀ ਹੌਲੀ ਮੱਧਮ ਹੁੰਦੀ ਜਾ ਰਹੀ ਸੀ।