ਇਖਲਾਕੀ ਗੀਤਕਾਰ ਸੀ ਪ੍ਰੀਤ ਮਹਿੰਦਰ ਤਿਵਾੜੀ

ਐਸ਼ ਅਸ਼ੋਕ ਭੌਰਾ
ਹੋਣੀ ਨੇ ਕੋਈ ਨਾ ਕੋਈ ਬਹਾਨਾ ਲੱਭਣਾ ਹੁੰਦਾ ਹੈ ਤੇ ਪ੍ਰੀਤ ਮਹਿੰਦਰ ਤਿਵਾੜੀ ਜ਼ਿੰਦਗੀ ਦੀ ਬਾਜ਼ੀ ਦਿਲ ਦੇ ਦੌਰੇ ਨਾਲ ਹਾਰ ਗਿਆ ਹੈ। ਇਹ ਮੌਤ ਇਕ ਗੀਤਕਾਰ ਦੀ ਮੌਤ ਨਹੀਂ ਸਗੋਂ ਪੰਜਾਬ ਦੀ ਸਿਹਤਮੰਦ, ਇਖਲਾਕੀ ਅਤੇ ਸਿਰਜਣਾਤਮਕ ਗੀਤਕਾਰੀ ਦੇ ਇਕ ਯੁੱਗ ਦੀ ਮੌਤ ਹੈ। ਪੰਜਾਬੀ ਗੀਤ-ਸੰਗੀਤ ਦੇ ਹਾਲਾਤ ਦੇਖ ਕੇ ਜਿਸ ਕਦਰ ਸਿਆਣੇ ਢਿੱਡ ‘ਚ ਮੁੱਕੀਆਂ ਦੇ ਰਹੇ ਹਨ, ਉਸ ਵੇਲੇ ਤਿਵਾੜੀ ਦਾ ਵਿਛੋੜਾ ਹੋਰ ਵੀ ਦਰਦ ਦਿੰਦਾ ਹੈ।

ਜੇ ਸਹਿਜ ਸੁਭਾਅ ਵੇਖੀਏ ਤਾਂ ਸਰਦੂਲ ਸਿਕੰਦਰ ਦਾ ਗਾਇਆ ਗੀਤ ‘ਫੁੱਲਾਂ ਦੀਏ ਕੱਚੀਏ ਵਪਾਰਨੇ, ਕੰਡਿਆਂ ਦੇ ਭਾਅ ਤੂੰ ਸਾਨੂੰ ਤੋਲ ਨਾ’ ਪ੍ਰੀਤ ਨੇ ਮਾਰਫਤ ਸ਼ਾਇਰੀ ਦੇ ਬਹੁਤ ਕਰੀਬ ਲਿਆ ਕੇ ਪੇਸ਼ ਕੀਤਾ ਹੈ। ਇਸ ਕਰਕੇ ਇਸ ਗੀਤ ਦੀ ਪਹਿਚਾਣ ਸਦਾ ਬਹਾਰ ਬਣੀ ਰਹੇਗੀ। ਕੁਲਦੀਪ ਮਾਣਕ ਦਾ ਗੀਤ ‘ਮੈਂ ਚਾਦਰ ਕੱਢਦੀ ਨੀਂ’ ਵਿਚ ਇਕ ਸਤਰ ‘ਸਾਡੇ ਪਿੰਡ ਦੇ ਟੇਸ਼ਣ ‘ਤੇ ਨਾ ਰੁਕਦੀਆਂ ਰੇਲਾਂ’ ਦੇ ਅਰਥ ਡੂੰਘਾਈ ‘ਚ ਜਾ ਕੇ ਸਮਝਣ ਦੀ ਲੋੜ ਹੈ। ਅਸਲ ‘ਚ ਇਹ ਦੋਵੇਂ ਹੀ ਰਚਨਾਵਾਂ ਤਿਵਾੜੀ ਨੂੰ ਪੰਜਾਬੀਆਂ ਦੀ ਮੁਹੱਬਤ ਦੇ ਵਗਦੇ ਦਰਿਆ ਦੇ ਕਿਨਾਰੇ ਖੜ੍ਹਾ ਰੱਖਣਗੀਆਂ। ਦੂਰਦਰਸ਼ਨ ਰਾਹੀਂ ਰੰਜਨਾ ਦਾ ਗਾਇਆ ਗੀਤ ‘ਮੈਨੂੰ ਸੁਰਮੇ ਦੀ ਡੱਬੀ ਵਾਂਗੂੰ ਰੱਖ ਮੁੰਡਿਆ’, ‘ਰਾਂਝਾ ਜੋਗੀ ਹੋਇਆ’ ਆਦਿ ਗੀਤ ਲੋਕ ਗੀਤਾਂ ਵਰਗੇ ਹੋ ਗਏ ਹਨ। ਅਸਲ ‘ਚ ਨਵੇਂ ਸਾਲ ਦੇ ਵਰਾਇਟੀ ਪ੍ਰੋਗਰਾਮਾਂ ‘ਚ ਬਹੁਤੇ ਗੀਤ ਤਿਵਾੜੀ ਨੇ ਹੀ ਲਿਖੇ ਜੋ ਲੋਕਾਂ ਦੀ ਪਸੰਦ ਬਣੇ।
ਪ੍ਰੀਤ ਮਹਿੰਦਰ ਤਿਵਾੜੀ ਨਾਲ ਮੇਰੀ ਗੂੜ੍ਹੀ ਦੋਸਤੀ ਕੋਈ ਢਾਈ ਦਹਾਕੇ ਰਹੀ। ਉਹ ਕਈ ਥਾਂ ਜ਼ਿੰਦਗੀ ‘ਚ ਉਖੜਿਆ ਉਖੜਿਆ ਲੱਗਦਾ ਰਿਹਾ ਪਰ ਆਪਣੀਆਂ ਹੋਰ ਯੋਗਤਾਵਾਂ ਨਾਲੋਂ ਗੀਤਕਾਰੀ ਦਾ ਇਕ ਤਰ੍ਹਾਂ ਸ਼ੈਦਾਈ ਹੀ ਰਿਹਾ। ਅਸੀਂ ਉਸ ਨੂੰ ਸ਼ੌਂਕੀ ਮੇਲੇ ‘ਤੇ ਸਨਮਾਨਿਤ ਕੀਤਾ। ਇੱਕ ਵਾਰ ਜਦੋਂ ਉਹ ਸਰਕਾਰੀ ਸਕੂਲ ਬੰਗਾ ‘ਚ ਮੈਨੂੰ ਮਿਲਣ ਆਇਆ ਤਾਂ ਉਸ ਦਾ ਪੰਜ ਤੋਲੇ ਸੋਨੇ ਦਾ ਬਰੇਸਲੈਟ ਗੁਆਚ ਗਿਆ। ਜਿਸ ਤਰ੍ਹਾਂ ਉਹ ਲੱਭਣ ਲਈ ਵਿਲਕਦਾ ਰਿਹਾ, ਮੈਨੂੰ ਵੀ ਲੱਗਣ ਲੱਗ ਪਿਆ ਸੀ ਕਿ ਆਰਥਿਕ ਹਾਲਤ ਤਿਵਾੜੀ ਦੇ ਆਮ ਸ਼ਾਇਰਾਂ ਜਿਹੇ ਹੀ ਹਨ।
ਤਿਵਾੜੀ ਨੇ ਦੂਰਦਰਸ਼ਨ ਲਈ ਲੜੀਵਾਰ ਲਿਖ ਕੇ ਵੀ ਕਾਫੀ ਕੁਝ ਖੱਟਿਆ। ਗੀਤਕਾਰੀ, ਕਵਿਤਾ, ਨਾਵਲ, ਕਹਾਣੀ ਤੇ ਨਾਟਕ ਦੇ ਖੇਤਰ ਵਿਚ ਤਿਵਾੜੀ ਇੰਨ-ਬਿੰਨ ਏਦਾਂ ਤੁਰਿਆ ਫਿਰਦਾ ਸੀ ਜਿਵੇਂ ਬੇਗੀ ਦੇ ਚਾਰ ਰੰਗ ਹੁੰਦੇ ਨੇ। ਉਸ ਨੇ ਸਾਹਿਤ, ਇਤਿਹਾਸ ਤੇ ਸੰਗੀਤ-ਤਿੰਨ ਵਿਸ਼ਿਆਂ ਵਿਚ ਐਮæਏæ ਕੀਤੀ। ਸੰਗੀਤ ਦੇ ਸ਼ੌਕ ਨੇ ਉਹਨੂੰ ਪੰਜਾਬੀ ਲੋਕ-ਗਾਇਕੀ ਵਿਚ ਪਰਵੇਸ਼ ਦੁਆਇਆ। ਪਹਿਲਾਂ ਉਹਨੇ ਆਪ ਗਾਉਣਾ ਅਰੰਭਿਆ ਪਰ ਬਾਅਦ ਵਿਚ ਇਸ ਅਵੱਲੇ ਸ਼ੌਕ ਨੂੰ ਗੋਡਿਆਂ ਥੱਲੇ ਲੈ ਲਿਆ। ਇਕ ਵੇਲੇ ਉਹਦੀ ਇਕ ਮਾਤਰ ਧਾਰਨਾ ਬਣਦੀ ਜਾ ਰਹੀ ਸੀ ਕਿ ਉਹ ਆਪਣਾ ਸਾਹਿਤਕ ਕੈਰੀਅਰ ਗੀਤ ਰਚਣ ‘ਤੇ ਕੇਂਦਰਿਤ ਕਰੇਗਾ। ਇਸ ਪ੍ਰਾਪਤੀ ਲਈ ਉਹਨੇ ਨਵੇਂ ਪ੍ਰਤਿਭਾਵਾਨ ਗਾਇਕ ਮੁੰਡੇ-ਕੁੜੀਆਂ ਨੂੰ ਅੱਗੇ ਲਿਆਉਣ ਦੇ ਯਤਨਾਂ ‘ਚੋਂ ਬਠਿੰਡੇ ਆਪਣੀ ਕੋਠੀ ਵਿਚ ਹੀ ਰਿਕਾਰਡਿੰਗ ਸਟੂਡੀਓ ਤਿਆਰ ਕਰ ਲਿਆ।
1963 ਦੇ ਕਰੀਬ ਤਿਵਾੜੀ ਦੀ ਪਹਿਲੀ ਕਾਵਿ ਪੁਸਤਕ ਛਪੀ ਸੀ, ‘ਪ੍ਰੀਤ ਬੁਰੀ ਮੇਰੀ ਮਾਏ।’ ਕਵਿਤਾ ਵਿਚ ਕੁਝ ਕਹਿਣ ਦੀ ਸਮਰੱਥਾ ਦਾ ਪ੍ਰਵਾਨਿਤ ਪੱਤਰ ਉਦੋਂ ਇਸ ਕਰਕੇ ਹੀ ਮਿਲ ਗਿਆ ਸੀ ਕਿ ਇਸ ਕਿਤਾਬ ਦਾ ਮੁੱਖ ਬੰਦ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਸੀ। ਉਹ ਹੁਭ ਕੇ ਕਹਿੰਦਾ ਕਿ ਸ਼ਿਵ ਨਾਲ ਕੁਝ ਸਮਾਂ ਸੰਗਮ ਹੋਣ ਕਰਕੇ ਉਹਦੀ ਕਲਾ ਨੂੰ ਪਰਪੱਕਤਾ ਮਿਲੀ ਹੈ, ਵਰਨਾ ਇਹ ਸ਼ੌਕ ਹੱਡੀਂ ਨਾ ਰਚਦਾ ਤੇ ਅੱਜ ਬੱਲੂਆਣੇ ਨੂੰ ਓਹਦੇ ‘ਤੇ ਏਨਾ ਮਾਣ ਵੀ ਨਾ ਹੁੰਦਾ।
ਪਿਆਰ ਜ਼ਿੰਦਗੀ ਦੀ ਕੌੜੀ ਸੱਚਾਈ ਹੈ। ਮਹਿੰਦਰ ਨੂੰ ਇਹੋ ਮੁਹੱਬਤ ਪ੍ਰੀਤ ਬਣ ਕੇ ਚੰਬੜੀ ਸੀ ਤੇ ਜਦੋਂ ਤਿੜਕ ਗਈ ਤਾਂ ਇਹੋ ਮਹਿੰਦਰ ਪ੍ਰੀਤ ਤੇ ਤਿਵਾੜੀ ਦਰਮਿਆਨ ਲੁਕ ਗਿਆ। ਉਹਦੀਆਂ ਨਜ਼ਰਾਂ ‘ਚੋਂ ਇਸੇ ਪਿਆਰ ਦਾ ਨਿੱਘ ਕਿਤੇ ਕਿਤੇ ਛਲਕਦਾ ਵੀ ਰਿਹਾ ਹੈ, ਪਰ ਉਹ ਜਜ਼ਬਾਤ ਕਾਬੂ ਕਰਦਿਆਂ ਝੱਟ ਆਖ ਦਿੰਦਾ ਸੀ ਕਿ ਹਰੇਕ ਕਾਮਯਾਬ ਇਨਸਾਨ ਪਿੱਛੇ ਇੱਕ ਪਰਦਾ ਹੁੰਦਾ ਹੈ ਤੇ ਪਰਦੇ ਓਹਲੇ ਕੀ ਹੈ, ਇਹ ਮੈਂ ਨਹੀਂ ਦੱਸਾਂਗਾ। ਇਸ ਪਰਦੇ ਦਾ ਇੱਕ ਪੱਲਾ ਉਹਨੇ ਆਪਣੀ ਪੁਸਤਕ ‘ਜਦੋਂ ਚੁੱਪ ਬੋਲਦੀ ਹੈ’ ਵਿਚ ਕਵਿਤਾ ਦੇ ਅੱਖਰਾਂ ਵਿਚ ਉਘੇੜਨ ਦਾ ਯਤਨ ਕੀਤਾ।
ਨਾਵਲ ਲਿਖਣ ਦੇ ਪੱਖ ਤੋਂ ‘ਰੂਹ ਅੰਬਰਾਂ ਤੱਕ ਰੋਈ’ ਉਹਦਾ ਸਫਲ ਤਜਰਬਾ ਸੀ, ਬਾਅਦ ਵਿਚ ਉਸ ਨੇ ਦੋ ਹੋਰ ਨਾਵਲ ‘ਅੰਨ੍ਹਾ ਇਸ਼ਕ’ ਤੇ ‘ਨੰਗੇ ਪੈਰਾਂ ਵਾਲਾ ਚੌਕ’ ਲਿਖੇ। ਡੇਢ ਦਰਜਨ ਤੋਂ ਵੱਧ ਉਹਨੇ ਕਹਾਣੀਆਂ ਲਿਖੀਆਂ। ਬਲਰਾਜ ਸਾਹਨੀ ਦੀ ਪ੍ਰੇਰਨਾ ਨਾਲ ਉਹਨੇ ਨਾਟਕ ਲਿਖਣੇ ਸ਼ੁਰੂ ਕੀਤੇ। ਉਹਨੇ ਸਫਲ ਨਾਟਕ ‘ਸੂਲੀ ਟੰਗਿਆ ਸੂਰਜ’, ‘ਭੁੱਖੇ ਫਰਿਸ਼ਤੇ’, ‘ਸਵਰਗ ਨਰਕ’, ‘ਕਲਰਕਾਂ ਦੀ 28 ਤਾਰੀਖ’ ਲਿਖੇ। ‘ਦੋ ਮੁੱਠੀ ਰਾਖ’, ‘ਝੂਠੇ ਸ਼ਾਹ ਤੇ ਉਡੀਕ’ ਦੂਰਦਰਸ਼ਨ ਜਲੰਧਰ ਤੋਂ ਰਿਲੀਜ਼ ਹੋ ਚੁਕੇ ਪੰਜਾਬੀ ਲੜੀਵਾਰ ਹਨ।
ਤਿਵਾੜੀ ਨੂੰ ਪੱਕੇ ਤੌਰ ‘ਤੇ ਇਹ ਯਾਦ ਨਹੀਂ ਸੀ ਕਿ ਉਹਦਾ ਪਹਿਲਾ ਗੀਤ ਕਿਹੜੇ ਗਾਇਕ ਨੇ ਗਾਇਆ ਤੇ ਰਿਕਾਰਡ ਕਰਵਾਇਆ ਹੈ ਤੇ ਜਦੋਂ ਉਸ ਦਾ ਸਿਤਾਰਾ ਚਮਕਿਆ, ਉਦੋਂ ਬਹੁਤਿਆਂ ਨੇ ਇੱਕੋ ਵੇਲੇ ਉਹਦੇ ਗੀਤਾਂ ਨੂੰ ਸੰਗੀਤ ਦੀ ਪੁੱਠ ਦੇ ਦਿੱਤੀ। ਉਸ ਦਾ ਦਾਅਵਾ ਸੀ ਕਿ ਰਿਕਾਰਡਿੰਗ ਪੱਖੋਂ ਪੰਜਾਬ ਤੇ ਭਾਰਤ ਦੇ ਸਭ ਤੋਂ ਵੱਧ ਗਾਇਕਾਂ ਨੇ ਮੇਰੇ ਹੀ ਗੀਤਾਂ ਨੂੰ ਗਾਇਆ ਹੈ। ਸਰਦੂਲ ਸਿਕੰਦਰ, ਅਮਰ ਨੂਰੀ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਗੁਰਦਾਸ ਮਾਨ, ਹੰਸ ਰਾਜ ਹੰਸ, ਹਰਦੀਪ, ਮਹਿੰਦਰ ਕਪੂਰ, ਸਵਿਤਾ ਸਾਥੀ ਤੇ ਵਿਨੋਦ ਸਹਿਗਲ ਆਦਿ ਗਾਇਕਾਂ ਨੇ ਬੱਲੂਆਣੇ ਦੇ ਬਨੇਰਿਆਂ ‘ਤੇ ਤਿਵਾੜੀ ਦੀ ਗੀਤਕਾਰੀ ਦੇ ਦੀਵੇ ਜਗਾਏ ਹਨ। ਤਿਵਾੜੀ ਨੂੰ ਜਿਨ੍ਹਾਂ ਗੀਤਾਂ ‘ਤੇ ਮਾਣ ਰਿਹਾ ਹੈ, ਉਨ੍ਹਾਂ ਵਿਚੋਂ ਕੁਝ ਕੁ ਹਨ:
-ਪੱਟੇ ਗਏ ਨੀ ਮੁੰਡੇ ਤੇਰੇ ਨੀ ਪਿਆਰ ਦੇ
-ਮੈਂ ਵੰਝਲੀ ਵਜਾਵਾਂ ਤੇ ਤੂੰ ਗਾ ਕੁੜੀਏ (ਸਰਦੂਲ ਸਿਕੰਦਰ)
-ਕੀ ਬਣੂੰ ਦੁਨੀਆਂ ਦਾ (ਗੁਰਦਾਸ ਮਾਨ)
-ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ (ਹੰਸ ਰਾਜ ਹੰਸ)
-ਰੋਂਦਾ ਰਹਿ ਗਿਆ ਨੀ ਰਾਂਝਾ ਮਾਰਿਆ ਭੁਵਾ ਕੇ (ਹਰਦੀਪ)
-ਮੈਂ ਨਹੀਂ ਮੰਗਦੀ ਕੋਕਾ (ਰੁਖਸਾਨਾ ਬੇਗਮ)
ਪੰਜਾਬੀ ਦੀਆਂ ਪੰਦਰਾਂ ਕੁ ਫਿਲਮਾਂ ਲਈ ਤਿਵਾੜੀ ਨੇ ਗੀਤ ਲਿਖੇ। ਫਿਲਮ ‘ਕੀ ਬਣੂੰ ਦੁਨੀਆਂ ਦਾ’ ਵਿਚ 8 ਗੀਤ ਅਤੇ ‘ਤੁਣਕਾ ਪਿਆਰ ਦਾ’ ਦੇ ਸਾਰੇ ਗੀਤ ਉਹਨੇ ਲਿਖੇ। ਕੁਲਦੀਪ ਮਾਣਕ ਦੀ ਅਧੂਰੀ ਰਹਿ ਗਈ ਪੰਜਾਬੀ ਫਿਲਮ ‘ਗੀਤਾਂ ਦਾ ਵਣਜਾਰਾ’ ਦਾ ਵੀ ਉਹ ਗੀਤਕਾਰ ਸੀ।
ਪੰਜਾਬੀ ਗੀਤਕਾਰੀ ਵਿਚ ਖੜੋਤ ਤੇ ਥਕਾਵਟ ਜੇ ਕਿਤੇ ਆਈ ਹੈ ਤਾਂ ਇਹਦਾ ਇੱਕ ਕਾਰਨ ਇਹ ਹੈ ਕਿ ਪੰਜਾਬੀ ਗੀਤਾਂ ਵਿਚ ਤੁਕਬੰਦੀ ਫਾਰਮੂਲਾ ਵਧੇਰੇ ਅਪਨਾਇਆ ਜਾ ਰਿਹਾ ਹੈ। ਤਿਵਾੜੀ ਦਾ ਇੱਕ ਗੀਤ ਜੋ ਸਰਦੂਲ ਦੇ ਵੱਡੇ ਭਰਾ ਗਮਦੂਰ ਅਮਨ ਨੇ ਮਹਿਫਿਲਾਂ ‘ਚ ਰੱਜ ਕੇ ਗਾਇਆ, ਉਸ ਦੀ ਸ਼ਾਇਰੀ ਦਾ ਸਿਧਾਂਤਕ ਨਮੂਨਾ ਹੈ:
ਜੇ ਤੂੰ ਬੰਜਰ ਵੀਰਾਨ ਰੁੱਸ ਗੀਤਾਂ ਨੂੰ ਮਨਾਵੇਂ
ਸਾਡੇ ਵਿਲਕਦੇ ਮਰਸੀਆਂ ਨੂੰ ਠੁਮਰੀ ਬਣਾਵੇਂ
ਤੇਰਾ ਅੱਡੀ ਟੱਪਾ ਨਿਰਾ ਮਰਦੰਗ ਵਰਗਾ
ਇੱਕ ਗੀਤ ਲਿਖਾਂ ਤੇਰੀ ਵੰਗ ਵਰਗਾ
ਤੇਰੇ ਹਾਸੇ ਜਿੰਨਾ ਸੋਹਣਾ, ਤੇਰੀ ਸੰਗ ਵਰਗਾ।
ਗੀਤਾਂ ਨੂੰ ਤਿਵਾੜੀ ਪੁੱਤਰਾਂ ਤੋਂ ਵੀ ਜ਼ਿਆਦਾ ਮੋਹ ਕਰਦਾ ਸੀ। ਉਸ ਨੇ ਆਪਣੇ ਪੁੱਤਰ ਦਾ ਨਾਂ ਵੀ ਗੀਤ ਹੀ ਰੱਖਿਆ ਤੇ ਧੀ ਦਾ ਨਾਂ ਮਨਪ੍ਰੀਤ। ਇਹ ਮੋਹ ਉਹਨੇ ਆਪਣੇ ਗੀਤਾਂ ਵਿਚ ਕਈ ਥਾਂ ਉਘਾੜਿਆ ਹੈ:
ਇਹ ਪੁੱਤਰਾਂ ਵਰਗੇ ਗੀਤ ਮੇਰੇ,
ਮੈਂ ਚੁੰਮ ਚੁੰਮ ਹਿੱਕ ਨੂੰ ਲਾਂ।
ਇਹ ਸੱਤ ਜਨਮਾਂ ਦਾ ਇਸ਼ਕ ਵੇ,
ਮੇਰਾ ਸੱਜਣਾ ਤੇਰੇ ਨਾਂ।
ਉਹਦੀ ਇੱਕ ਹੋਰ ਜ਼ਿਕਰਯੋਗ ਗੱਲ ਇਹ ਹੈ ਕਿ ਉਸ ਨਾ ਲੱਚਰ ਲਿਖਿਆ ਤੇ ਨਾ ਲੱਚਰ ਬਰਦਾਸ਼ਤ ਕੀਤਾ। ਅੱਧੀ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਵਿਚ ਉਹਨੇ ਛੋਟਾ ਮੋਟਾ ਕੰਮ ਵੀ ਕੀਤਾ ਹੈ।
ਪਿਤਾ ਪਰਸ ਰਾਮ ਦੇ ਘਰ ਮਾਂ ਗੁਰਨਾਮ ਕੌਰ ਦੀ ਕੁੱਖੋਂ ਜਨਮਿਆ ਪ੍ਰੀਤ ਮਹਿੰਦਰ ਤਿਵਾੜੀ 69 ਸਾਲ ਦੀ ਉਮਰ ‘ਚ ਪਰਿਵਾਰ ਨੂੰ ਤਾਂ ਅਲਵਿਦਾ ਆਖ ਹੀ ਗਿਆ ਹੈ, ਨਾਲ ਹੀ ਪੰਜਾਬੀ ਗਾਇਕੀ ਦੇ ਵਿਹੜੇ ਵਿਚ ਵੀ ਉਦਾਸੀ ਛਾ ਗਈ ਹੈ। ਜਿਹੜਾ ਬੂਟਾ ਉਹ ਲਾ ਕੇ ਗਿਆ ਹੈ, ਉਹਦੀ ਛਾਂ ਉਦੋਂ ਤੱਕ ਰਹੇਗੀ ਜਦੋਂ ਤੱਕ ਪੰਜਾਬ ਦੇ ਲੋਕ ਆਪਣੀ ਅਮੀਰ ਵਿਰਾਸਤ, ਸੰਗੀਤਕ ਪਰੰਪਰਾਵਾਂ, ਰਹੁ ਰੀਤਾਂ, ਰਿਵਾਜਾਂ ਅਤੇ ਸੰਸਕਾਰਾਂ ਨਾਲ ਜਿਉਂਦੇ ਰਹਿਣਗੇ।