ਦਲਬੀਰ ਸਿੰਘ ਪੰਜਾਬੀ ਦੇ ਉਨ੍ਹਾਂ ਕੁਝ ਕੁ ਪੱਤਰਕਾਰਾਂ ਵਿਚੋਂ ਸੀ ਜਿਸ ਪਾਸ ਪੱਤਰਕਾਰੀ ਦੇ ਅਸੂਲ ਮੁਤਾਬਕ ਘੱਟ ਤੋਂ ਘੱਟ ਸ਼ਬਦਾਂ ਵਿਚ ਵੱਧ ਤੋਂ ਵੱਧ ਗੱਲ ਕਹਿਣ ਦਾ ਹੁਨਰ ਸੀ। ਸੰਪਾਦਕੀ ਪੰਨੇ ਉਤੇ ਗੰਭੀਰ ਲੇਖਾਂ ਵਿਚਾਲੇ ਇਕ ਛੋਟਾ ਜਿਹਾ ਹਲਕਾ-ਫੁਲਕਾ ਲੇਖ ਛਾਪਿਆ ਜਾਂਦਾ ਹੈ ਜਿਸ ਨੂੰ ਅੰਗਰੇਜ਼ੀ ਵਿਚ ‘ਮਿਡਲ’ ਕਿਹਾ ਜਾਂਦਾ ਹੈ। ਪੰਜਾਬੀ ਪੱਤਰਕਾਰੀ ਵਿਚ ਸ਼ਾਇਦ ਦਲਬੀਰ ਇਕੋ ਇਕ ਪੱਤਰਕਾਰ ਹੈ ਜਿਸ ਨੂੰ ‘ਮਿਡਲ’ ਸਹੀ ਅਰਥਾਂ ਵਿਚ ਲਿਖਣ ਦੀ ਜਾਚ ਸੀ।
ਪੰਜਾਬੀ ਟ੍ਰਿਬਿਊਨ ਵਿਚ ਪਹਿਲਾਂ ਉਹ ਕਈ ਸਾਲ ‘ਇਉਂ ਵੀ ਹੁੰਦੈ’ ਨਾਂ ਹੇਠ ਕਾਲਮ ਲਿਖਦਾ ਰਿਹਾ ਅਤੇ ਫਿਰ ਉਸ ਨੇ ਇਸ ਦਾ ਨਵਾਂ ‘ਜਗਤ ਤਮਾਸ਼ਾ’ ਰੱਖ ਲਿਆ ਤੇ ਇਹ ‘ਜਗਤ ਤਮਾਸ਼ਾ’ ਉਸ ਦੇ ਨਾਂ ਨਾਲ ਹੀ ਜੁੜ ਗਿਆ। ਇਹ ਲੇਖ ਦਲਬੀਰ ਸਿੰਘ ਨੇ ਆਪਣੀ ਮੌਤ ਤੋਂ ਕੋਈ ਛੇ ਹਫਤੇ ਪਹਿਲਾਂ ਲਿਖਿਆ ਸੀ। – ਸੰਪਾਦਕ
ਦਲਬੀਰ ਸਿੰਘ
ਮੌਤ ਬਾਰੇ ਗੱਲ ਕਰਨ ਦਾ ਕੋਈ ਇਰਾਦਾ ਨਹੀਂ ਸੀ। ਪਰ ਰਾਤੀਂ ਇਕ ਸੁਪਨਾ ਆ ਗਿਆ ਜਿਸ ਵਿਚ ਮੌਤ ‘ਵਾਜ਼ਾਂ ਮਾਰਦੀ ਦਿਖਾਈ ਦਿੱਤੀ। ਜੇ ਮੈਂ ਅੰਧ ਵਿਸ਼ਵਾਸੀ ਹੁੰਦਾ ਤਾਂ ਘਰ ਵਾਲਿਆਂ ਨੂੰ ਕਹਿ ਦਿੰਦਾ ਕਿ ਹੁਣ ਮੌਤ ਨੇ ‘ਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਧਰਮ ਰਾਜ ਵਲੋਂ ਸੱਦਾ ਆਉਣ ਹੀ ਵਾਲਾ ਹੈ। ਇਹ ਵੀ ਹੋ ਸਕਦਾ ਹੈ ਕਿ ਮੈਂ ਪਾਧਿਆਂ-ਪੰਡਤਾਂ ਨੂੰ ਬੁਲਾ ਕੇ ਮੌਤ ਤੋਂ ਕੁਝ ਦਿਨ ਹੋਰ ਬਚਣ ਦੀਆਂ ਸਬੀਲਾਂ ਪੁੱਛਦਾ ਅਤੇ ਉਨ੍ਹਾਂ ਦੀਆਂ ਝੋਲੀਆਂ ਭਰ ਦਿੰਦਾ। ਪਰ ਮੈਂ ਅਜਿਹਾ ਕੁਝ ਨਹੀਂ ਕੀਤਾ। ਫਰਾਇਡ ਕਹਿੰਦਾ ਹੈ ਕਿ ਸੁਪਨੇ ਅਮਲ ਵਿਚ ਮਨੁੱਖ ਦੇ ਸੁੱਤੇ ਹੋਏ ਮਨ ਦੀਆਂ ਧੁਰ ਅੰਦਰਲੀਆਂ ਤੈਹਾਂ ਵਿਚ ਪਏ ਉਨ੍ਹਾਂ ਵਿਚਾਰਾਂ ਦੀ ਹੀ ਤਰਜਮਾਨੀ ਕਰਦੇ ਹਨ ਜਿਹੜੇ ਬੰਦਾ ਸਮਾਜੀ ਜਾਂ ਹੋਰ ਕਾਰਨਾਂ ਕਰਕੇ ਜ਼ਾਹਰ ਕਰਨ ਤੋਂ ਝਿਜਕਦਾ ਹੈ ਅਤੇ ਜਿਨ੍ਹਾਂ ਨੂੰ ਦਬਾ ਕੇ ਰੱਖਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਬੰਦੇ ਦੇ ਦਬਾਏ ਹੋਏ ਬਹੁਤੇ ਵਿਚਾਰ ਸੈਕਸ ਨਾਲ ਸਬੰਧਤ ਹੁੰਦੇ ਹਨ ਅਤੇ ਜਦੋਂ ਕੋਈ ਵਿਅਕਤੀ ਮਾਨਸਕ ਤੌਰ ਉਤੇ ਬਿਮਾਰ ਹੁੰਦਾ ਹੈ ਤਾਂ ਅਸਲ ਕਾਰਨ ਇਹ ਦਬਾਏ ਹੋਏ ਸੈਕਸ ਸਬੰਧੀ ਵਿਚਾਰ ਹੀ ਹੁੰਦੇ ਹਨ।
ਸਿਗਮੰਡ ਫਰਾਇਡ ਨੂੰ ਪੂਰੇ ਵਿਸਥਾਰ ਨਾਲ ਪੜ੍ਹਨ ਲਈ ਨਾ ਸਿਰਫ ਮਨੋਵਿਗਿਆਨ ਦੀ ਹੀ ਕਾਫੀ ਸਮਝ ਚਾਹੀਦੀ ਹੈ ਸਗੋਂ ਫਲਸਫੇ ਬਾਰੇ ਚਾਹਤ ਵੀ ਚਾਹੀਦੀ ਹੈ। ਸਾਡਾ ਸਮਾਜ ਸੈਕਸ ਬਾਰੇ ਕੋਈ ਵੀ ਗੱਲ ਕਰਨ ਨੂੰ ਅੱਜ ਵੀ ਚੰਗਾ ਨਹੀਂ ਸਮਝਦਾ। ਭਾਰਤ ਵਿਚ ਤਾਂ ਇਸ ਬਾਰੇ ਬਹੁਤ ਹੀ ਤੰਗਨਜ਼ਰੀ ਤੋਂ ਕੰਮ ਲਿਆ ਜਾਂਦਾ ਹੈ। ਪਰ ਬਹੁਤ ਲੋਕਾਂ ਨੂੰ ਹੈਰਾਨੀ ਹੋਵੇਗੀ ਕਿ ਜਦੋਂ ਫਰਾਇਡ ਨੇ ਆਪਣਾ ਸਿਧਾਂਤ ਪੇਸ਼ ਕੀਤਾ ਉਦੋਂ ਯੂਰਪ ਵਿਚ ਵੀ ਉਸ ਨਾਲ ਸਹਿਮਤ ਹੋਣ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ ਸੀ। ਇਥੋਂ ਤੱਕ ਕਿ ਜਿਸ ਜੋਸਫ ਬਰੀਵਰ ਨਾਲ ਮਿਲ ਕੇ ਸਭ ਤੋਂ ਪਹਿਲਾਂ ਉਸ ਨੇ ਇਸ ਸਿਧਾਂਤ ਉਤੇ ਤਜਰਬੇ ਕਰਨੇ ਸ਼ੁਰੂ ਕੀਤੇ, ਉਹ ਕੁਝ ਸਾਲਾਂ ਵਿਚ ਹੀ ਉਸ ਦਾ ਸਾਥ ਛੱਡ ਗਿਆ ਸੀ। ਮਗਰੋਂ ਯੂਜੀਨ ਫਰਾਇਡ ਨੇ ਆਪਣਾ ਕੰਮ ਜਾਰੀ ਰੱਖਿਆ ਅਤੇ ਏਨੀ ਸਫਲਤਾ ਹਾਸਲ ਕੀਤੀ ਕਿ ਅੱਜ ਤੱਕ ਵੀ ਮਨੋ ਚਿਕਿਤਸਕ ਮੂਲ ਰੂਪ ਵਿਚ ਉਸ ਦੇ ਹੀ ਸਿਧਾਂਤ ਉਤੇ ਅਮਲ ਕਰਕੇ ਮਾਨਸਕ ਬਿਮਾਰੀਆਂ ਦਾ ਇਲਾਜ ਕਰਦੇ ਹਨ।
ਜਦੋਂ ਸਾਨੂੰ ਪਤਾ ਹੈ ਕਿ ਸੁਪਨੇ ਦੱਬੇ ਹੋਏ ਵਿਚਾਰਾਂ ਦੀ ਤਰਜਮਾਨੀ ਕਰਦੇ ਹਨ, ਉਦੋਂ ਸੁਪਨਿਆਂ ਤੋਂ ਡਰ ਜਾਣਾ ਬਹੁਤ ਹੀ ਅਜੀਬ ਲੱਗਦਾ ਹੈ। ਸੁਪਨਿਆਂ ਤੋਂ ਉਹ ਡਰਦੇ ਹਨ ਜਿਹੜੇ ਇਨ੍ਹਾਂ ਨੂੰ ਆਪਣੇ ਅੰਦਰ ਦੀ ਗੱਲ ਨਹੀਂ ਸਗੋਂ ਕਿਸੇ ਬਾਹਰਲੀ ਤਾਕਤ ਦਾ ਸੰਦੇਸ਼ ਸਮਝਦੇ ਹਨ। ਸਾਡੀ ਮਾਂ ਨੂੰ ਜਦੋਂ ਕਦੀ ਆਪਣੇ ਕਿਸੇ ਮਰ ਚੁੱਕੇ ਵਡੇਰੇ ਦਾ ਸੁਪਨਾ ਆ ਜਾਂਦਾ ਸੀ ਤਾਂ ਉਹ ਅਗਲੇ ਦਿਨ ਹੀ ਪਿੰਡ ਦੀ ਗਰੀਬ ਬਾਹਮਣੀ ਨੂੰ ਸੱਦ ਕੇ ਦਾਨ ਦੇ ਦਿੰਦੀ ਸੀ। ਨਾਲ ਹੀ ਪੁੱਛਣਾ ਕਿ ਭਲਾ ਮੇਰੀ ਸੱਸ ਮੈਥੋਂ ਸੁੱਥਣ ਕਿਉਂ ਮੰਗਦੀ ਸੀ? ਅਨਪੜ੍ਹ ਬਾਹਮਣੀ ਨੂੰ ਕਿਹੜਾ ਸੁਪਨਿਆਂ ਦੀ ਸਮਝ ਸੀ? ਉਸ ਨੇ ਆਪਣੇ ਕਸਬ ਮੁਤਾਬਕ ਕੁਝ ਗੱਲਾਂ ਕਰਨੀਆਂ ਸਿੱਖ ਲਈਆਂ ਸਨ। ਅਖੇ ਤੇਰੀ ਸੱਸ ਨੂੰ ਸੁਰਗਾਂ ਵਿਚ ਠੰਡ ਬਹੁਤ ਲੱਗਦੀ ਹੈ। ਇਸ ਲਈ ਉਸ ਨੂੰ ਗਰਮ ਕੱਪੜੇ ਚਾਹੀਦੇ ਹਨ। ਜਦੋਂ ਕਦੀ ਸੁਪਨਾ ਭੁੱਖ ਨਾਲ ਸਬੰਧਤ ਹੋਵੇ ਤਾਂ ਉਸ ਨੇ ਦਾਨ ਵਿਚ ਆਟਾ, ਚੌਲ ਅਤੇ ਘਿਉ ਵਗੈਰਾ ਮੰਗ ਲੈਣਾ। ਕਹਿਣਾ ਕਿ ਤੇਰਾ ਸਹੁਰਾ ਦਵਾਰ ਉਤੇ ਖੜ੍ਹਾ ਹੈ ਅਤੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਇਸੇ ਲਈ ਉਸ ਨੂੰ ਭੁੱਖ ਲੱਗੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਸ ਨੇ ਆਪਣੇ ਆਟੇ-ਦਾਲ ਦਾ ਇੰਤਜ਼ਾਮ ਕਰੀ ਰੱਖਣਾ।
ਬੰਦਾ ਆਪਣੇ ਪਿਤਾ ਦੀ ਹਾਲਤ ਬਾਰੇ ਅਤੇ ਭਵਿੱਖ ਬਾਰੇ ਜਾਣਨ ਲਈ ਬਹੁਤ ਉਤਸੁਕ ਰਹਿੰਦਾ ਹੈ। ਇਸੇ ਲਈ ਤਾਂ ਭਾਰਤ ਵਿਚ ਹੀ ਨਹੀਂ, ਸਾਰੇ ਸੰਸਾਰ ਵਿਚ ਹੀ ਭਵਿੱਖ ਜਾਣਨ ਵਾਲਿਆਂ ਦੀ ਗਿਣਤੀ ਜੇ ਕਰੋੜਾਂ ਵਿਚ ਨਹੀਂ ਤਾਂ ਲੱਖਾਂ ਵਿਚ ਤਾਂ ਜ਼ਰੂਰ ਹੀ ਹੈ। ਮੇਰੀ ਈਮੇਲ ਉਤੇ ਸਾਰਾ ਫਰੇਜ਼ਰ ਨਾਂ ਦੀ ਕੋਈ ਬੀਬੀ ਮੇਰਾ ਉਜਲ ਭਵਿੱਖ ਬਣਾਉਣ ਲਈ ਮੇਲ ਕਰਦੀ ਰਹਿੰਦੀ ਹੈ। ਕਈ ਵਾਰ ਤਾਂ ਉਹ ਇਹ ਵੀ ਸੁਨੇਹਾ ਦਿੰਦੀ ਹੈ ਕਿ ਮੇਰੀ ਲਾਟਰੀ ਲੱਗਣ ਦੀ ਸੰਭਾਵਨਾ ਹੈ ਅਤੇ ਜੇ ਮੈਂ ਉਸ ਨੂੰ ਕੁਝ ਡਾਲਰ ਫੀਸ ਵਜੋਂ ਭੇਜ ਦੇਵਾਂ ਤਾਂ ਉਹ ਮੈਨੂੰ ਇਨਾਮੀ ਨੰਬਰ ਵੀ ਲਿਖਾ ਸਕਦੀ ਹੈ। ਕਈ ਵਾਰ ਮੈਂ ਉਸ ਦਾ ਐਡਰੈਸ ਰੋਕ ਚੁਕਾ ਹਾਂ। ਪਰ ਉਹ ਪਤਾ ਨਹੀਂ ਕਿਵੇਂ ਮੇਰੇ ਮੇਲ ਬਾਕਸ ਨੂੰ ਮੁੜ ਲੱਭ ਹੀ ਲੈਂਦੀ ਹੈ। ਮੈਥੋਂ ਤਾਂ ਉਹ ਕੋਈ ਪੈਸਾ ਠੱਗ ਨਾ ਸਕੀ ਪਰ ਪਤਾ ਨਹੀਂ ਹੋਰ ਕਿੰਨੇ ਲੋਕ ਉਸ ਦੇ ਝਾਂਸੇ ਵਿਚ ਆ ਜਾਂਦੇ ਹੋਣਗੇ।
ਕੁਝ ਸਾਲ ਪਹਿਲਾਂ ਮੈਂ ਜੋਤਿਸ਼ ਦੀਆਂ ਕੁਝ ਕਿਤਾਬਾਂ ਪੜ੍ਹੀਆਂ ਸਨ। ਇਨ੍ਹਾਂ ਤੋਂ ਬਿਨਾਂ ਕੈਰੀਉ ਦੀ ਅੰਕਾਂ ਬਾਰੇ ਕਿਤਾਬ ਵੀ ਪੜ੍ਹੀ ਸੀ। ਹੁਣ ਤਾਂ ਭੁੱਲ ਭੁਲਾ ਗਿਆ ਕਿ ਇਨ੍ਹਾਂ ਵਿਚ ਕੀ ਕੁਝ ਸੀ। ਪਰ ਪੰਦਰਾਂ ਕੁ ਸਾਲ ਪਹਿਲਾਂ ਇਸ ਦੇ ‘ਗਿਆਨ’ ਕਾਰਨ ਮੈਂ ਆਪਣੇ ਪੁਰਾਣੇ ਮਕਾਨ ਮਾਲਕ ਦਾ ਕੁਝ ਕਿਰਾਇਆ ਮਾਰਨ ਵਿਚ ਸਫਲ ਹੋ ਗਿਆ ਸਾਂ। ਹੋਇਆ ਇਹ ਕਿ ਮਕਾਨ ਖਾਲੀ ਕਰਨ ਸਮੇਂ ਦੋ ਮਹੀਨੇ ਦਾ ਕਿਰਾਇਆ ਦੇਣਾ ਰਹਿੰਦਾ ਸੀ ਅਤੇ ਅਸੀਂ ਨਵਾਂ ਮਕਾਨ ਪੁਰਾਣੇ ਦੇ ਸਾਹਮਣੇ ਹੀ ਲਿਆ ਸੀ। ਮਕਾਨ ਮਾਲਕ ਦੀ ਬਜ਼ੁਰਗ ਘਰ ਵਾਲੀ ਦੂਜੇ ਤੀਜੇ ਦਿਨ ਹੀ ਕੋਈ ਨਾ ਕੋਈ ਬਹਾਨਾ ਬਣਾ ਕੇ ਪੈਸੇ ਮੰਗਣ ਆ ਜਾਇਆ ਕਰੇ। ਇਕ ਦਿਨ ‘ਲਿਆ ਬੀਬੀ ਤੇਰਾ ਹੱਥ ਦੇਖਾਂ’ ਕਹਿ ਕੇ ਮੈਂ ਏਧਰ-ਓਧਰ ਦੀਆਂ ਮਾਰਨ ਲੱਗਾ। ਦੋ ਸਾਲ ਇਕੱਠੇ ਰਹਿਣ ਕਾਰਨ ਉਸ ਦੀਆਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਸੀ। ਇਸੇ ਜਾਣਕਾਰੀ ਦਾ ਲਾਭ ਲੈ ਕੇ ਕਈ ਕੁਝ ਕਹਿ ਦਿੱਤਾ। ਆਖਰ ਵਿਚ ਚਲਾਇਆ ਤੁੱਕਾ ਵੀ ਤੀਰ ਹੋ ਨਿਬੜਿਆ ਜਦੋਂ ‘ਭਾਪਾ ਜੀ ਨਾਲ ਸ਼ਾਦੀ ਹੋਣ ਤੋਂ ਪਹਿਲਾਂ ਕਿਸੇ ਹੋਰ ਥਾਂ ਗੱਲ ਚੱਲੀ’ ਹੋਣ ਦੀ ਗੱਲ ਬੀਬੀ ਨੇ ਪਰਵਾਨ ਕਰ ਲਈ। ਇਸੇ ਤੀਰ ਕਾਰਨ ਹੀ ਉਹ ਮੇਰੀ ਸ਼ਰਧਾਲੂ ਬਣ ਗਈ। ਇਹ ਵੱਖਰੀ ਕਹਾਣੀ ਹੈ ਕਿ ਜਦੋਂ ਉਹ ਅਗਲੇ ਹੀ ਦਿਨ ਬਲਿਊ ਸਟਾਰ ਆਪਰੇਸ਼ਨ ਦੌਰਾਨ ਫੌਜੀ ਹੁਕਮਾਂ ਦੀ ਅਦੂਲੀ ਕਰਨ ਦੇ ਦੋਸ਼ ਹੇਠ ਜੇਲ੍ਹ ਵਿਚ ਬੰਦ ਆਪਣੇ ਮੇਜਰ ਭਰਾ ਦੀ ਘਰ ਵਾਲੀ ਨੂੰ ਆਪਣੇ ਨਾਲ ਲੈ ਆਈ ਤਾਂ ਮੈਂ ਕਿਵੇਂ ਜਾਨ ਬਚਾਈ।
ਵੈਸੇ ਗੱਲ ਤਾਂ ਕੋਈ ਨਵੀਂ ਨਹੀਂ ਜਿਹੜੀ ਮੈਂ ਹੁਣ ਦੱਸਣ ਲੱਗਾ ਹਾਂ ਪਰ ਹੈ ਇਹ ਬਹੁਤ ਹੀ ਅਹਿਮ। ਹੱਥ ਦੇਖਣ ਦੀ ਕਲਾ ਨੂੰ ਜਵਾਨੀ ਵਿਚ ਮੁੰਡੇ-ਕੁੜੀਆਂ ਨੂੰ ਭਰਮਾਉਣ ਲਈ ਸਾਡੇ ਸਮੇਂ ਵੀ ਵਰਤਦੇ ਸਨ ਅਤੇ ਅੱਜ ਕੱਲ੍ਹ ਵੀ ਵਰਤਦੇ ਹਨ। ਹੱਥ ਫੜ ਕੇ ਇਸ ਦੀਆਂ ਰੇਖਾਵਾਂ ਭਾਵੇਂ ਪੜ੍ਹੀਆਂ ਜਾਣ ਜਾਂ ਨਾ, ਅੱਗੇ ਵਧਣ ਦਾ ਹੌਸਲਾ ਜ਼ਰੂਰ ਮਿਲ ਜਾਂਦਾ ਹੈ। ਭਾਰਤ ਵਿਚ ਜਵਾਨਾਂ ਨੂੰ ਆਪਣਾ ਹਾਣ ਲੱਭਣ ਦੀ ਖੁੱਲ੍ਹ ਨਹੀਂ। ਇਥੇ ਕੁੜੀਆਂ ਲਈ ਮੁੰਡੇ ਲੱਭਣ ਦਾ ਕੰਮ ਤਾਂ ਮਾਪਿਆਂ ਨੇ ਲਾਜ਼ਮੀ ਹੀ ਆਪਣੇ ਸਿਰ ਲਿਆ ਹੋਇਆ ਹੈ, ਮੁੰਡਿਆਂ ਲਈ ਕੁੜੀਆਂ ਵੀ ਉਹੀ ਲੱਭਦੇ ਹਨ। ਹੁਣ ਹਾਲਾਤ ਥੋੜ੍ਹਾ ਥੋੜ੍ਹਾ ਬਦਲ ਰਹੇ ਹਨ। ਯੂਰਪੀ ਮੁਲਕਾਂ ਵਿਚ ਕੋਈ ਮਾਪਾ ਜਵਾਨ ਬੱਚਿਆਂ ਦੀ ਚੋਣ ਵਿਚ ਦਖਲ ਨਹੀਂ ਦਿੰਦਾ। ਸਿਰਫ ਖੁਸ਼ੀਆਂ ਵਿਚ ਹੀ ਸ਼ਾਮਲ ਹੁੰਦਾ ਹੈ। ਭਾਰਤ ਵਿਚ ਜੇ ਕੋਈ ਜਾਵਨ ਬੱਚਾ ਆਪਣੀ ਮਰਜ਼ੀ ਨਾਲ ਸਾਥ ਲੱਭ ਲੈਂਦਾ ਹੈ ਤਾਂ ਮਾਪਿਆਂ ਨੂੰ ਲੱਗਦਾ ਹੈ ਜਿਵੇਂ ਉਨ੍ਹਾਂ ਦੀ ਸਮਾਜ ਵਿਚ ਨੱਕ ਹੀ ਵੱਢੀ ਗਈ ਹੋਵੇ। ਇਸੇ ਤਰ੍ਹਾਂ ਹੀ ਜਦੋਂ ਕੋਈ ਮੁੰਡਾ ਅਲੱਗ ਹੁੰਦਾ ਹੈ, ਉਦੋਂ ਵੀ ਉਨ੍ਹਾਂ ਦੀ ਨੱਕ ਵੱਢੀ ਜਾਂਦੀ ਹੈ। ਪੱਛਮ ਵਿਚ ਸੋਲਾਂ ਸਾਲ ਦੇ ਮੁੰਡੇ ਜਾਂ ਕੁੜੀ ਨੂੰ ਮਾਪੇ ਖੁਦ ਹੀ ਅਲੱਗ ਕਰ ਦਿੰਦੇ ਹਨ। ਆਪੇ ਕਮਾਓ ਅਤੇ ਆਪੇ ਹੀ ਖਾਓ।
ਭਾਰਤ ਵਿਚ ਬੰਦਾ ਕਈ ਕਈ ਪੀੜ੍ਹੀਆਂ ਤੱਕ ਦੀ ਮਾਲੀ ਸੁਰਖਿਆ ਲਈ ਸੋਚਦਾ ਰਹਿੰਦਾ ਹੈ। ਅਜਿਹਾ ਕਰਦੇ ਹੋਏ ਆਪਣੀ ਪੀੜ੍ਹੀ ਨੂੰ ਬਰਬਾਦ ਕਰ ਦਿੰਦਾ ਹੈ। ਨਾ ਆਪ ਸੁੱਖ ਲੈਂਦਾ ਹੈ, ਨਾ ਨਾਲ ਦਿਆਂ ਨੂੰ ਲੈਣ ਦਿੰਦਾ ਹੈ। ਅਗਲੀਆਂ ਪੀੜ੍ਹੀਆਂ ਅਤੇ ਅਗਲਾ ਜਨਮ! ਇਹ ਦੋ ਹੀ ਗੱਲਾਂ ਹਨ ਜਿਨ੍ਹਾਂ ਉਤੇ ਸਭ ਤੋਂ ਵੱਧ ਧਿਆਨ ਹੁੰਦਾ ਹੈ। ਅਜਿਹਾ ਕਰਦੇ ਹੋਏ ਉਸ ਦਾ ਅੱਜ ਵੀ ਆਪਣਾ ਨਹੀਂ ਰਹਿੰਦਾ। ਜਦੋਂ ਬੰਦੇ ਦਾ ਸਾਰਾ ਧਿਆਨ ਕੱਲ੍ਹ ਵੱਲ ਨੂੰ ਹੈ, ਉਦੋਂ ਉਸ ਨੂੰ ਅੱਜ ਦੀਆਂ ਬਹੁਤ ਸਾਰੀਆਂ ਖਾਹਸ਼ਾਂ ਨੂੰ ਦਬਾਉਣਾ ਪੈਂਦਾ ਹੈ। ਖਾਣ, ਪੀਣ ਅਤੇ ਪਹਿਨਣ ਤੋਂ ਬਾਅਦ ਭੋਗਣ ਦੀ ਖਾਹਸ਼ ਸਭ ਤੋਂ ਪਰਬਲ ਹੁੰਦੀ ਹੈ। ਇਹੀ ਉਹ ਖਾਹਸ਼ ਹੈ ਜਿਸ ਨੂੰ ਮਨੁੱਖ ਵਲੋਂ ਸਭ ਤੋਂ ਵੱਧ ਦਬਾਇਆ ਜਾਂਦਾ ਹੈ। ਇਹੀ ਉਹ ਭੂਤ ਹੈ ਜਿਹੜਾ ਮਾਨਸਕ ਰੋਗੀਆਂ ਦੇ ਸਿਰ ਨੂੰ ਚੜ੍ਹਦਾ ਹੈ। ਇਹੀ ਉਹ ਭੂਤਨੀ ਹੈ ਜਿਹੜੀ ਸਿਰ ਮਾਰਨ ਵਾਲੀਆਂ ਔਰਤਾਂ ਨੂੰ ਤੰਗ ਕਰਦੀ ਹੈ। ਸਾਡੇ ਸਮਾਜ ਵਿਚ ਮਰਦਾਂ ਨਾਲੋਂ ਔਰਤਾਂ ਉਤੇ ਸੈਕਸ ਦੇ ਪ੍ਰਗਟਾਵੇ ਬਾਰੇ ਵਧੇਰੇ ਬੰਦਸ਼ਾਂ ਹਨ। ਜਿਹੜੀ ਔਰਤ ਇਸ ਮਾਮਲੇ ਵਿਚ ਆਪਣੀ ਗੱਲ ਕਹਿਣ ਦੀ ਹਿੰਮਤ ਕਰ ਬੈਠੇ ਉਸ ਨੂੰ ਬਦਕਾਰ ਕਹਿ ਦਿੱਤਾ ਜਾਂਦਾ ਹੈ। ਇਸ ਕਾਰਨ ਉਹ ਆਪਣੀਆਂ ਭਾਵਨਾਵਾਂ ਨੂੰ ਲੁਕੋ ਕੇ ਹੀ ਰੱਖਦੀਆਂ ਹਨ।
ਵਡਭਾਗ ਸਿੰਘ ਦੇ ਡੇਰੇ ਜਾਂ ਭੂਤ ਲਾਹੁਣ ਵਾਲੀਆਂ ਹੋਰ ਥਾਂਵਾਂ ਉਤੇ ਜਾ ਕੇ ਜਦੋਂ ਔਰਤਾਂ ਖੇਡਦੀਆਂ ਹਨ ਤਾਂ ਅਸਲ ਵਿਚ ਆਪਣੀਆਂ ਦਬਾਈਆਂ ਹੋਈਆਂ ਭਾਵਨਾਵਾਂ ਦੀ ਭਾਫ ਹੀ ਕੱਢ ਰਹੀਆਂ ਹੁੰਦੀਆਂ ਹਨ। ਜੇ ਇਹ ਭਾਫ ਨਾ ਨਿਕਲੇ ਤਾਂ ਉਨ੍ਹਾਂ ਨੂੰ ਪਤਾ ਨਹੀਂ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੱਗ ਜਾਣ। ਜਿਹੜੀ ਗੱਲ ਵਡਭਾਗ ਸਿੰਘ ਦੇ ਡੇਰੇ ਵਿਚ ਬਿਨਾ ਕਿਸੇ ਦਲੀਲ ਦੇ ਜਾਂ ਸਿਰਫ ਅੰਧ ਵਿਸ਼ਵਾਸ ਦੇ ਆਧਾਰ ਉਤੇ ਹੀ ਕੀਤੀ ਜਾਂਦੀ ਹੈ, ਉਹੀ ਫਰਾਇਡ ਵਲੋਂ ਸਿਧਾਂਤ ਰੂਪ ਵਿਚ ਸਾਬਤ ਕਰਕੇ ਕਹੀ ਗਈ ਹੈ। ਉਹ ਇਨ੍ਹਾਂ ਕੁੰਠਤ ਭਾਵਨਾਵਾਂ ਨੂੰ ਬਾਹਰ ਕੱਢਣ ਲਈ ਸੰਮੋਹਨ ਤੋਂ ਕੰਮ ਲੈਂਦਾ ਸੀ। ਸੰਮੋਹਨ ਜਾਂ ਹਿਪਨੋਟਾਈਜ਼ ਕਰ ਕੇ ਮਰੀਜ਼ ਤੋਂ ਉਸ ਦੇ ਅੰਦਰਲੀਆਂ ਗੱਲਾਂ ਕਹਾਈਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਮੁਸੀਬਤ ਦੀ ਅਸਲੀ ਜੜ੍ਹ ਲੱਭੀ ਜਾਂਦੀ ਹੈ। ਸੰਨ 1900 ਵਿਚ ਲਿਖੀ ਆਪਣੀ ਕਿਤਾਬ ‘ਸੁਪਨਿਆਂ ਦੀ ਵਿਆਖਿਆ’ ਵਿਚ ਉਹ ਸਭ ਤਰ੍ਹਾਂ ਦੇ ਸੁਪਨਿਆਂ ਬਾਰੇ ਲਿਖਦਾ ਹੈ। ਮੈਂ ਇਹ ਕਿਤਾਬ ਨਹੀਂ ਪੜ੍ਹੀ। ਸਿਰਫ ਇਸ ਕਿਤਾਬ ਉਤੇ ਆਧਾਰਤ ਕੁਝ ਲੇਖ ਪੜ੍ਹੇ ਹਨ। ਇਨ੍ਹਾਂ ਮੁਤਾਬਕ ਮਨੁੱਖ ਦੇ ਸੁਪਨੇ ਵੀ ਉਸ ਦੀਆਂ ਲਿੰਗਕ ਭਾਵਨਾਵਾਂ ਦਾ ਹੀ ਪ੍ਰਗਟਾਵਾ ਹੁੰਦੇ ਹਨ।
ਜਦੋਂ ਮੌਤ ਰਾਤ ਨੂੰ ਸੁਪਨਿਆਂ ਵਿਚ ‘ਵਾਜ਼ਾਂ ਮਾਰੇ ਉਦੋਂ ਇਸ ਦੀ ਵਿਆਖਿਆ ਮੇਰੇ ਤਾਂ ਵੱਸ ਦੀ ਨਹੀਂ। ਵੈਸੇ ਮੇਰਾ ਅਜੇ ਮਰਨ ਦਾ ਕੋਈ ਇਰਾਦਾ ਨਹੀਂ। ਅਜੇ ਬਹੁਤ ਸਾਰੇ ਕੰਮ ਕਰਨੇ ਹਨ। ਇਸ ਬਾਰੇ ਤਾਂ ਮੈਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ‘ਠਹਿਰ ਨੀ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ’ ਦਾ ਧਾਰਨੀ ਹਾਂ। ਫਿਰ ਵੀ ਜੇ ਕੋਈ ਮਨੋ ਵਿਗਿਆਨੀ ਸੁਪਨੇ ਦੀ ਵਿਆਖਿਆ ਕਰਦੇ ਹੋਏ ਇਸ ਉਮਰ ਵਿਚ ਸੈਕਸ ਪੱਖੋਂ ਕੁੰਠਤ ਹੋਣ ਦੀ ਗੱਲ ਕਰੇ ਤਾਂ ਮੁਰਾਰੀ ਕੀ ਕਰੇ? ਉਹ ਇਸ ਨੂੰ ਕੋਰੀ ਕਲਪਨਾ ਜਾਂ ਝੂਠ ਹੀ ਕਹਿ ਸਕਦਾ ਹੈ। ਬਾਲ ਬੱਚੇਦਾਰ ਹੈ ਬੇਚਾਰਾ!