ਸਿਰ ਦਸਤਾਰ, ਗੁੱਟ ‘ਤੇ ਧਾਗਾ…

ਸਾਡੇ ਬਹੁਤੇ ਤਿੱਥ-ਤਿਉਹਾਰ ਭੇਡ-ਚਾਲ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ। ਜਦੋਂ ਤੋਂ ਇਨ੍ਹਾਂ ਤਿਉਹਾਰਾਂ ਨਾਲ ਮੰਡੀ ਜੁੜ ਗਈ ਹੈ, ਇਹ ਹੋਰ ਵੀ ਬੇਕਾਬੂ ਹੋ ਗਏ ਹਨ ਅਤੇ ਆਮ ਲੋਕ ਇਸ ਮੱਕੜ ਜਾਲ ਵਿਚ ਸਹਿਜੇ ਹੀ ਫਸ ਜਾਂਦੇ ਹਨ। ਉਂਜ, ਇਨ੍ਹਾਂ ਤਿਉਹਾਰਾਂ ਦੇ ਪਿਛੋਕੜ ਬਾਰੇ ਜਾਣਨ ਅਤੇ ਇਨ੍ਹਾਂ ਨੂੰ ਸਮਝਣ ਲਈ ਕਿਤੇ ਕਿਤੇ ਜਗਿਆਸੂ ਆਵਾਜ਼ਾਂ ਵੀ ਗਾਹੇ-ਬਗਾਹੇ ਸੁਣਦੀਆਂ ਰਹਿੰਦੀਆਂ ਹਨ। ਬੀਬੀ ਗੁਰਜੀਤ ਕੌਰ ਨੇ ਆਪਣੇ ਇਸ ਲੇਖ ਵਿਚ ਰੱਖੜੀ ਦੇ ਪ੍ਰਸੰਗ ਵਿਚ ਆਵਾਜ਼ ਬੁਲੰਦ ਕਰਨ ਦਾ ਯਤਨ ਕੀਤਾ ਹੈ।

ਇਹ ਲੇਖ ਅਸੀਂ ਵਿਚਾਰ-ਚਰਚਾ ਦੇ ਮਕਸਦ ਨਾਲ ਛਾਪ ਰਹੇ ਹਾਂ। ਲੇਖਕ ਦੇ ਵਿਚਾਰਾਂ ਨਾਲ ਸਾਡੀ ਸਹਿਮਤੀ ਹੋਣਾ ਜਰੂਰੀ ਨਹੀਂ। ਇਸ ਵਿਸ਼ੇ Ḕਤੇ ਆਏ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿਤੀ ਜਾਵੇਗੀ। -ਸੰਪਾਦਕ

ਗੁਰਜੀਤ ਕੌਰ
ਫੋਨ: 713-469-2474

ਉਦੋਂ ਮੇਰੀ ਧੀ ਦੀ ਉਮਰ ਕੋਈ ਤਿੰਨ ਕੁ ਸਾਲ ਹੋਵੇਗੀ, ਮੈਂ ਉਹਨੂੰ ਰੋਟੀ ਪਾ ਕੇ ਦਿੱਤੀ। ਬੱਚਾ ਸੁਆਦ ਨਾਲ ਖਾਵੇ। ਲਾਲਚ ਕਰ ਕੇ ਮੈਂ ਉਹਦੀ ਥਾਲੀ ਵਿਚ ਰੋਟੀ ਤੋਂ ਇਲਾਵਾ ਹੋਰ ਸ਼ੈਆਂ ਵੀ ਪਾ ਦਿੱਤੀਆਂ। ਥੋੜ੍ਹੀ ਦੇਰ ਬਾਅਦ ਮੈਂ ਦੇਖਣ ਗਈ ਤਾਂ ਹੈਰਾਨ ਹੋ ਗਈ, ਉਹਨੇ ਆਲੂ ਵਾਲੇ ਪਰੌਂਠੇ ਵਿਚ ਮੋਤੀਚੂਰ ਦਾ ਲੱਡੂ ਤੇ ਰਾਇਤਾ ਲਪੇਟਿਆ ਹੋਇਆ ਸੀ, ਖੀਰ ਵਿਚ ਖੀਰਾ ਤੇ ਟਮਾਟਰ ਮਿਲਾਏ ਹੋਏ ਸਨ, ਤੇ ਬੜੇ ਹੀ ਸੁਆਦ ਨਾਲ ਖਾ ਰਹੀ ਸੀ। ਜ਼ਾਹਰ ਹੈ ਕਿ ਅਜਿਹਾ ਤਾਲਮੇਲ ਜਾਂ ਤਾਂ ਬੱਚਾ ਬਿਠਾ ਸਕਦਾ ਹੈ, ਜਾਂ ਫਿਰ ਜਿਸ ਨੂੰ ਚੰਗੇ ਮਾੜੇ ਦੀ ਪਛਾਣ ਨਹੀਂ।
ਇਕ ਹੋਰ ਤਾਲਮੇਲ ਹੈ, ਜੋ ਸੌਣ ਮਹੀਨੇ ਦੇਖਣ ਨੂੰ ਮਿਲਦਾ ਹੈ। ਇਹ ਤਾਲਮੇਲ ਉਨ੍ਹਾਂ ਬਿਠਾਇਆ ਹੁੰਦਾ ਹੈ, ਜਿਨ੍ਹਾਂ ਦੀਆਂ ਕੰਧਾਂ ਉਤੇ ਵੰਨ-ਸੁਵੰਨੀਆਂ ਡਿਗਰੀਆਂ ਲਮਕਦੀਆਂ ਹੁੰਦੀਆਂ ਨੇ ਅਤੇ ਜਿਹੜੇ ਖਾਲਿਸਤਾਨ ਦੇ ਨਾਅਰੇ ਮਾਰਦੇ ਸਾਹ ਨਹੀਂ ਲੈਂਦੇ। ਆਮ ਦੇਖਣ ਨੂੰ ਮਿਲਦਾ ਹੈ ਕਿ ਸਿਰ ‘ਤੇ ਪੱਗ ਹੋਵੇਗੀ, ਗਲ ਵਿਚ ਗਾਤਰਾ, ਪੰਜ ਬਾਣੀਆਂ ਦੀ ਹਮਾਇਤ, ਹਿਰਦੇ ਵਿਚ ਦਸਮ ਗ੍ਰੰਥ ਨੂੰ ਮੰਨਣ ਜਾਂ ਨਾ ਮੰਨਣ ਬਾਰੇ ਤਰਥੱਲੀ ਪਾਉਂਦੇ ਵਿਚਾਰਾਂ ਦਾ ਖੁਲਾਸਾ ਕਰਨ ਦੀ ਤੜਫਾਹਟ, ਤੇ ਗੁੱਟ ਉਤੇ ਧਾਗਾ। ਕਿਆ ਅਲੌਕਿਕ ਮੇਲ ਹੈ!
ਦੂਜੇ ਪਾਸੇ, ਗਲ ਵਿਚ ਸੋਨੇ ਦੀ ਮੋਟੀ ਜ਼ੰਜੀਰ, ਜ਼ੰਜੀਰ ਵਿਚ ਖੰਡਾ, ਡੌਲੇ ‘ਤੇ ਖੰਡੇ ਦਾ ਟੈਟੂ, ਸੰਤ ਭਿੰਡਰਾਂਵਾਲਿਆਂ ਦੀ ਫੋਟੋ ਵਾਲੀ ਟੀ-ਸ਼ਰਟ, ਸੱਜੇ ਹੱਥ ਵਿਚ ਸੋਨੇ ਦਾ ਕੜਾ ਤੇ ਨਾਲ ਹੀ ਊਟ-ਪਟਾਂਗ ਧਾਗਿਆਂ ਦੀ ਕਤਾਰ ਤੇ ਦਿਲ ਵਿਚ ਸਿੱਖੀ ਹੋਣ ਦਾ ਦਾਅਵਾ। ਇਹ ਅਲੌਕਿਕ ਮੇਲ ਦੀ ਦੂਜੀ ਕਿਸਮ ਹੈ; ਜਿਵੇਂ ਬੰਦਾ ਨਾ ਹੋ ਗਿਆ, ਨਵਜੋਤ ਸਿੱਧੂ ਹੋ ਗਿਆ! ਗੁਰੂ ਸਾਹਿਬ ਦਾ ਫੁਰਮਾਨ ਹੈ:
ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ॥
ਜੇ ਇਸ ਕਥਨ ਦਾ ਖੁਲਾਸਾ ਮੈਂ ਆਪਣੀ ਅਲਪ ਮਤ ਤੇ ਚੌਗਿਰਦੇ ਦੇ ਹਾਲਾਤ ਵੱਲ ਝਾਤ ਮਾਰ ਕੇ ਗੱਲ ਕਰਾਂ ਤਾਂ ਸੌਖਿਆਂ ਨਜ਼ਰ ਆ ਜਾਂਦਾ ਹੈ। ਗੁਰੂ ਦੀ ਜੈ-ਜੈ ਕਾਰ ਕਰੀ ਜਾਣੀ ਹੈ ਅਤੇ ਮੰਨਣੀ ਆਪਣੇ ਮਨ ਜਾਂ ਕਿਸੇ ਤਿਲਕ ਜੰਞੂ ਵਾਲੇ ਬ੍ਰਾਹਮਣ ਦੀ, ਤੇ ਇਹ ਤਾਂ ਅਸਿੱਧੇ ਤੌਰ ‘ਤੇ ਗੁਰੂ ਨੂੰ ਪਿਠ ਦਿਖਾਉਣਾ ਹੀ ਤਾਂ ਹੈ। ਜੇ ਕਿਸੇ ਨੂੰ ਇਸ ਦਾ ਕਾਰਨ ਪੁਛਣ ਦੀ ਹਿਮਾਕਤ ਕਰੋ ਤਾਂ ਜਵਾਬ ਹੋਵੇਗਾ, “ਸਾਡੀ ਮਾਂ ਵੀ ਏਦਾਂ ਕਰਦੀ ਹੁੰਦੀ ਸੀ” ਜਾਂ ਫਿਰ “ਦਿਲ ਵਿਚ ਸਿੱਖੀ ਹੋਣੀ ਚਾਹੀਦੀ ਹੈ।” ਇਹ ਕਿਹੜੀ ਨਿਵੇਕਲੀ ਸਿੱਖੀ ਹੈ ਜੋ ਸਿਰਫ ਦਿਲ ਵਿਚ ਹੀ ਹੁੰਦੀ ਹੈ। ਧਰਤੀ ਵਿਚ ਬੀਜ ਬੀਜੀਏ ਤਾਂ ਜਦ ਤੱਕ ਬੀਜ ਪੁੰਗਰ ਨਹੀਂ ਪੈਂਦਾ, ਕੀ ਪਤਾ ਕਿਸੇ ਨੇ ਕੀ ਬੀਜਿਆ ਹੈ; ਇਹੀ ਕਾਰਨ ਹੈ ਕਿ ਗੁਰੂ ਦੀ ਪਾਈ ਪਿਰਤ ਸਿਰਫ ਦਿਲ ਵਿਚ ਹੀ ਰਹਿ ਗਈ ਤੇ ਬਾਹਰਲੇ ਸਰੂਪ ‘ਤੇ ਭਾਰੇ ਪੈ ਗਏ ਰੇਸ਼ਮੀ ਧਾਗੇ ਤੇ ਉਸਤਰੇ!
ਹੁਣ ਤਾਂ ਇਉਂ ਜਾਪਦਾ ਹੈ ਕਿ ਅਰਦਾਸ ਵਿਚੋਂ ਗੁਰੂ ਪਾਸੋਂ ਵਿਵੇਕ ਦਾਨ ਮੰਨਣ ਦੀ ਪੰਕਤੀ ਕੱਢ ਦੇਣੀ ਚਾਹੀਦੀ ਹੈ, ਕਿਉਂਕਿ ਗੁਰੂ ਨੇ ਤਾਂ ਸਭ ਕੁਝ ਬਿਨ ਮੰਗਿਆਂ ਹੀ ਦੇ ਦਿੱਤਾ ਸੀ, ਬਸ ਅਸੀਂ ਹੀ ਕਦਰ ਨਹੀਂ ਪਾਈ, ਤੇ ਗੁਰੂ ਦੀ ਤੌਹੀਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਵਿਵੇਕ ਦਾ ਇਸਤੇਮਾਲ ਉਹੀ ਕਰੇਗਾ ਜਿਸ ਕੋਲ ਵਿਕਸਿਤ ਦਿਮਾਗ ਹੋਵੇਗਾ, ਤੇ ਵਿਕਸਿਤ ਦਿਮਾਗ ਹੋਣ ਦਾ ਪ੍ਰਮਾਣ ਇਹੀ ਹੈ ਕਿ ਅਸੀਂ ਸਾਧਾਰਨ ਜ਼ਿੰਦਗੀ ਚੈਨ ਨਾਲ ਬਤੀਤ ਕਰ ਰਹੇ ਹਾਂ, ਸਮਾਜਿਕ ਪ੍ਰਾਣੀ ਹਾਂ, ਨਾ ਕਿ ਕਿਸੇ ਪਾਗਲਖਾਨੇ ਦੀ ਸੋਭਾ ਵਧਾ ਰਹੇ ਹਾਂ। ਜੇ ਇਹ ਸਾਰੀਆਂ ਸਲਾਹੁਤਾਂ ਸਾਡੇ ਅੰਦਰ ਮੌਜੂਦ ਨੇ ਤਾਂ ਫਿਰ ਚੰਗੀ-ਭਲੀ ਤੁਰੀ ਜਾਂਦੀ ਜ਼ਿੰਦਗੀ ਨੂੰ ਬੇਅਰਥ ਭੰਬਲਭੂਸਿਆਂ ਵਿਚ ਪਾਉਣ ਦਾ ਕੀ ਮਤਲਬ ਹੈ?
ਮੈਂ ਦਰਅਸਲ ਰੱਖੜੀ ਵਰਗੇ ਫਜ਼ੂਲ ਤੇ ਮਨਮੱਤ ਭਰਪੂਰ ਤਿਉਹਾਰ ਦੀ ਗੱਲ ਕਰ ਰਹੀ ਹਾਂ। ਜੇ ਗੁਰੂ ਸਾਹਿਬਾਨ ਨੇ ਮੈਨੂੰ ਵਿਵੇਕ ਦਾਨ ਬਖਸ਼ਿਆ ਹੈ ਤਾਂ ਇਸ ਕਰਮ ਕਾਂਡ ਬਾਰੇ ਗੱਲ ਮੈਂ ਉਸੇ ਦਾਨ ਦੇ ਚੌਗਿਰਦੇ ਵਿਚ ਰਹਿ ਕੇ ਹੀ ਕਰਾਂਗੀ।
ਹੋਸ਼ ਸੰਭਾਲਣ ਤੋਂ ਬਾਅਦ ਹੀ ਮਨ ਵਿਚ ਬਗਾਵਤ ਜਿਹੀ ਉਠਣੀ ਸ਼ੁਰੂ ਹੋ ਗਈ ਸੀ। ਜੇ ਕਿਸੇ ਵੀ ਕਰਮ ਕਾਂਡ ਖਿਲਾਫ ਮਾਂ ਨਾਲ ਗੱਲ ਕਰਨੀ ਤਾਂ ਇਹੀ ਜਵਾਬ ਮਿਲਦਾ, “ਮੈਂ ਤਾਂ ਆਪਣੀ ਮਾਂ ਜੰਮ ਲਈ ਏ। ਮੈਂ ਤਾਂ ਸਾਰੀ ਉਮਰ ਮੂਰਖ ਹੀ ਰਹੀ।” ਮਨ ਵਿਚ ਖਿਆਲ ਆਉਂਦਾ, ਰੱਬਾ! ਜੇ ਕਿਤੇ ਤੂੰ ਮੇਰੀ ਜ਼ਿੰਦਗੀ ‘ਤੇ ਮੇਰਾ ਆਪਣਾ ਅਖਤਿਆਰ ਬਖਸ਼ੇਂ ਤਾਂ ਸਭ ਤੋਂ ਪਹਿਲਾਂ ਮੈਂ ਇਨ੍ਹਾਂ ਬੇ-ਗੈਰਤਾਂ ਨੂੰ ਜ਼ਿੰਦਗੀ ਵਿਚੋਂ ਬਾਹਰ ਕੱਢਾਂ। ਜੇ ਤੂੰ ਮੈਨੂੰ ਪੁੱਤ ਤੇ ਧੀਆਂ, ਦੋਵੇਂ ਦੇਵੇਂ ਤਾਂ ਮੈਂ ਉਨ੍ਹਾਂ ਨੂੰ ਕੇਵਲ ਆਪਣੇ ਬੱਚੇ ਜਾਣ ਕੇ ਪਾਲਾਂ, ਨਾ ਕਿ ਧੀਆਂ ਤੇ ਪੁੱਤ। ਰੱਬ ਦੀ ਮਿਹਰ ਇਹ ਹੋਈ ਕਿ ਬ੍ਰਾਹਮਣਾਂ ਦੇ ਮੁਲਕ ਵਿਚੋਂ ਜਲਾਵਤਨੀ ਨਸੀਬ ਹੋਈ। ਮੈਂ ਪ੍ਰਣ ਲਿਆ ਕਿ ਬੰਦੇ ਦਾ ਪੁੱਤ ਨਾ ਹੋਵੇ ਜਿਹੜਾ ਪਿਛਾਂਹ ਮੁੜ ਕੇ ਦੇਖ ਜਾਵੇ, ਬਸ! ਗੁਰੂ ਸਾਹਿਬ ਦਾ ਫੁਰਮਾਨ ਹੈ:
ਅੰਮ੍ਰਿਤ ਕਉਰਾ ਬਿਖਿਆ ਮੀਠੀ॥
ਸਾਕਤ ਕੀ ਬਿਧਿ ਨੈਨਹੁ ਡੀਠੀ॥
ਕਿੱਡੀ ਮਿਹਰ ਹੈ, ਬਿਖਿਆ ਵੱਲ ਧਿਆਨ ਨਹੀਂ ਦਿੱਤਾ; ਧਾਗੇ, ਮਠਿਆਈ, ਕੱਪੜੇ, ਗਹਿਣੇ, ਪੈਟਰੋਲ, ਟ੍ਰੈਫਿਕ ਜਾਮ, ਕਿੰਨੀਆਂ ਚੀਜ਼ਾਂ ਦੇ ਫਾਲਤੂ ਖਰਚਿਆਂ ਤੋਂ ਛੁਟਕਾਰਾ ਮਿਲਿਆ। ਸਭ ਤੋਂ ਵੱਧ, ਖੂਨ ਸੜਨੋਂ ਬਚ ਗਿਆ। ਕਈ ਵਾਰ ਏਦਾਂ ਹੁੰਦਾ ਹੈ, ਖਾਸ ਕਰ ਕੇ ਹਿੰਦੁਸਤਾਨ ਵਿਚ, ਡੱਬਾ ਜ਼ਿਆਦਾ ਮਹਿੰਗਾ ਹੁੰਦਾ ਹੈ ਤੇ ਭਰਾ ਪੈਸੇ ਘੱਟ ਦਿੰਦਾ ਹੈ। ਬੱਸ, ਉਹੀ ਭੈਣ ਫਿਰ ਬੁੜ ਬੁੜ ਕਰਦੀ ਘਰ ਪਰਤਦੀ ਹੈ, ਭਰਾ ਦੇ ਭਣੇਵੇਂ-ਭਣੇਵੀਆਂ ਨੂੰ ਪੂਰੇ ਰਾਹ ਘੂਰਦੀ।
2002 ਦੀ ਗੱਲ ਹੈ, ਅਸੀਂ ਸਾਰਿਆਂ ਵਿਸਾਖੀ ਮੌਕੇ ਯੂਬਾ ਸਿਟੀ ਵਿਚ ਨਗਰ ਕੀਰਤਨ ਵਿਚ ਪਕੌੜਿਆਂ ਦਾ ਸਟਾਲ ਲਾਉਣਾ ਤੈਅ ਕੀਤਾ। ਗੁਰਦੁਆਰਾ ਘਰੋਂ ਦੋ ਘੰਟੇ ਦੀ ਦੂਰੀ ‘ਤੇ ਸੀ। ਇਕ ਆਂਟੀ ਨੇ ਬਹੁਤ ਦਿਨ ਪਹਿਲਾਂ, ਤੇ ਫਿਰ ਪੂਰੇ ਰਾਹ ਇਕੋ ਰਟ ਲਾਈ ਰੱਖੀ, “ਹੈਂ ਧੀਏ ਗੁਰਜੀਤ ਕੁਰੇ, ਜੂਬਾ ਸਿਟੀਉਂ ਉਹ ਗੁਰੂ ਨਾਨਕ ਦੇਵ ਦੀ ਫੋਟੋ ਚੇਤੇ ਨਾਲ ਲਿਆਉਣੀ ਏ ਜੀਹਦੇ ਵਿਚ ਬੇਬੇ ਨਾਨਕੀ ਉਨ੍ਹਾਂ ਨੂੰ ਲੱਖੜੀ ਬੰਨ੍ਹਦੀ ਪਈ ਆ।” ਤੇ ਇਹ ਗੱਲ ਕਿਸੇ ਇਕ ਔਰਤ ‘ਤੇ ਲਾਗੂ ਨਹੀਂ ਹੁੰਦੀ, ਬਹੁ-ਗਿਣਤੀ ਦਾ ਇਹੋ ਹਾਲ ਹੈ। ਫੋਟੋ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਵੇਦੀ ਦੁਆਲੇ ਲਾਵਾਂ ਲੈਂਦਿਆਂ ਦੀ ਵੀ ਮਿਲ ਜਾਂਦੀ ਹੈ, ਕੀ ਅਸੀਂ ਉਹ ਮੰਨਦੇ ਹਾਂ? ਨਾਲੇ ਫੋਟੋ ਦਾ ਕੀ ਐ, ਇਹ ਕਲਮ ਹੀ ਹੈ, ਜਿਸ ਦੀ ਵਰਤੋਂ ਕਰ ਕੇ ਭਾਵੇਂ ਕ੍ਰਾਂਤੀ ਲੈ ਆਓ, ਭਾਵੇਂ ਗੁਲਾਮਾਂ ਦੀ ਫੌਜ ਖੜ੍ਹੀ ਕਰ ਲਵੋ। ਗੱਲ ਤਾਂ ਬੰਦੂਕ ਚਲਾਉਣ ਪਿਛੇ ਨੀਅਤ ਦੀ ਹੈ ਜੋ ਬੰਦੇ ਨੂੰ ਇਤਿਹਾਸ ਵਿਚ ਜਾਂ ਤਾਂ ਜ਼ਕਰੀਆ ਖਾਨ ਦਰਸਾਉਂਦੀ ਹੈ, ਜਾਂ ਫਿਰ ਬੰਦਾ ਸਿੰਘ ਬਹਾਦਰ।
ਪਹਿਲੇ ਪਾਤਸ਼ਾਹ ਨੂੰ ਆਇਆਂ ਪੰਜ ਸਦੀਆਂ ਬੀਤ ਚੁਕੀਆਂ ਨੇ, ਪਰ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਤਾਂ ਅਜੇ ਕੱਲ੍ਹ ਦੀਆਂ ਗੱਲਾਂ ਨੇ। ਅੰਗਰੇਜ਼ ਲਿਖਾਰੀ ਉਨ੍ਹਾਂ ਦੀ ਉਪਰੀ ਦਿੱਖ ਬਾਰੇ ਉਨ੍ਹਾਂ ਨੂੰ ਰੱਜ ਕੇ ਕਰੂਪ ਦਰਸਾਉਂਦੇ ਨੇ, ਪਰ ਜੰਗੀ ਜਾਹੋ-ਜਲਾਲ ਦਾ ਵੀ ਨਾਲੋ-ਨਾਲ ਦਮ ਭਰਦੇ ਨੇ। ਜੇ ਕਿਤੇ ਉਨ੍ਹਾਂ ਦਾ ਚਿਹਰਾ ਅੱਜ ਦੇ ਚਿੱਤਰਕਾਰਾਂ ਪਾਸੋਂ ਬਣਿਆ ਦੇਖੀਏ ਤਾਂ ਚਿੱਤਰਕਾਰਾਂ ਦੀ ਅਕਲ ‘ਤੇ ਰੋਣਾ ਆਉਂਦਾ ਹੈ। ਗੱਲ ਇਥੇ ਮੁਕਦੀ ਹੈ, ਸਾਡੇ ‘ਤੇ ਮਿਹਰ ਹੋਈ ਤੇ ਸਾਨੂੰ ਪਹਿਲੇ ਪਾਤਸ਼ਾਹ ਤੋਂ ਬਾਅਦ ਨੌਂ ਹੋਰ ਮੌਕੇ (ਗੁਰੂ ਸਾਹਿਬਾਨ) ਮਿਲੇ, ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣ ਲਈ; ਪਰ ਅਸੀਂ ਫਿਰ ਵੀ ਮਨਆਈਆਂ ਕੀਤੀਆਂ। ਕੀ ਸਾਡਾ ਦਿਮਾਗ ਸਾਡਾ ਇੰਨਾ ਸਾਥ ਛੱਡ ਚੁਕਾ ਹੈ ਕਿ ਜਿਹੜਾ ਗੁਰੂ ਧਾਗਾ ਆਪਣੇ ਤਨ ‘ਤੇ ਨਹੀਂ ਪਾ ਰਿਹਾ, ਉਹ ਉਸ ਧਾਗੇ ਨੂੰ ਗੁੱਟ ‘ਤੇ ਬੰਨ੍ਹਵਾ ਕੇ ਭੈਣ ਨੂੰ ਨੀਵਿਆਂ ਕਰਾਰ ਦੇਵੇਗਾ!
ਵਿਵੇਕ ਦੀ ਪਰਖ ਦਾ ਦੂਜਾ ਮੌਕਾ ਦਿੰਦਾ ਹੈ, ਬ੍ਰਾਹਮਣਵਾਦ। ਅੱਜ ਕੱਲ੍ਹ ਜੇ ਕੋਈ ਕਿਤਾਬ ਪੜ੍ਹਨ ਦੀ ਜ਼ਹਿਮਤ ਭਾਵੇਂ ਨਾ ਵੀ ਕਰੇ, ਸੰਚਾਰ ਮਾਧਿਅਮ ਰਾਹੀਂ ਵੀ ਬ੍ਰਾਹਮਣ ਦੀਆਂ ਸਦੀਆਂ ਤੋਂ ਤੁਰੀਆਂ ਆ ਰਹੀ ਵਧੀਕੀਆਂ ਦਾ ਖੁਲਾਸਾ ਹੋ ਜਾਂਦਾ ਹੈ। ਅਸੀਂ ਕੀ ਲੈਣਾ ਦੇਣਾ, ਕਿਹੜੀ ਮੱਸਿਆ ਨੂੰ ਕੀ ਹੈ ਤੇ ਕਿਹੜੀ ਪੂਰਨਮਾਸ਼ੀ ਨੂੰ ਕੀ? ਸਾਨੂੰ ਤਾਂ ਗੁਰੂ ਨੇ ਹੁਕਮ ਦੀ ਚਾਲ ਵੱਲ ਧਿਆਨ ਮਾਰਨ ਨੂੰ ਕਿਹਾ ਹੈ, ਨਾ ਕਿ ਗ੍ਰਹਿਆਂ ਦੀ। ਉਨ੍ਹਾਂ ਦਾ ਫੁਰਮਾਨ ਹੈ:
ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ॥
ਚਾਰੇ ਵੇਦ ਬ੍ਰਹਮੇ ਨੇ ਫਰਮਾਇਆ॥
ਵਰ੍ਹੇ ਮਾਹ ਵਾਰ ਥਿਤੀ ਕਰਿ
ਇਸ ਜਗ ਮਹਿ ਸੋਡੀ ਪਾਇਦਾ॥
ਦਿਨ ਤਾਂ ਬੰਦੇ ਦੀ ਸੌਖ ਲਈ ਬਣਾਏ ਗਏ ਨੇ, ਨਾ ਕਿ ਅੰਧਵਿਸ਼ਵਾਸ ਫੈਲਾਉਣ ਲਈ। ਉਸ ਨਿਸ਼ਚਿਤ ਤਿਥੀ, ਮੱਸਿਆ, ਸੰਗਰਾਂਦ ਜਾਂ ਪੂਰਨਮਾਸ਼ੀ ਦਾ ਭੈਣ ਤੇ ਭਰਾ ਦੇ ਪਿਆਰ ਨਾਲ ਕੀ ਸਬੰਧ ਭਲਾ?
ਵਿਵੇਕ ਦੀ ਤੀਜੀ ਪਰਖ ਇਸ ਤੱਥ ਦੁਆਲੇ ਹੁੰਦੀ ਹੈ, ਕੀ ਰਿਸ਼ਤੇ ਧਾਗਿਆਂ ਦੇ ਗੁਲਾਮ ਨੇ? ਜੇ ਇਹ ਧਾਗਿਆਂ ਨਾਲ ਹੀ ਪੱਕੇ ਹੁੰਦੇ ਨੇ ਤਾਂ ਬਾਹਰਲੇ ਦੇਸ਼ਾਂ ਵਿਚ ਭੈਣਾਂ ਕਈ ਕਈ ਸਾਲ ਪੇਪਰਾਂ ਪਿਛੇ ਭਾਰਤ ਵਾਪਸ ਨਹੀਂ ਪਰਤ ਸਕਦੀਆਂ। ਹੁਣ ਜੇ ਭੈਣ ਨੂੰ ਬਿਪਤਾ ਪੈ ਜਾਵੇ ਤਾਂ ਭਰਾ ਸਿਰਫ ਇਸ ਕਰ ਕੇ ਭੈਣ ਦੀ ਫਿਕਰ ਕਰੇਗਾ ਕਿ ਭੈਣ ਉਸ ਨੂੰ ਰੱਖੜੀ ਬੰਨ੍ਹਦੀ ਹੈ। ਔਰਤ ਵੀ ਭਰਾਵਾਂ ਨੂੰ ਸਿਰਫ ਧਾਗੇ ਦੇ ਸਬੰਧ ਕਰ ਕੇ ਯਾਦ ਕਰੇਗੀ? ਕਈ ਵਾਰ ਇਮੀਗ੍ਰੇਸ਼ਨ ਦੀਆਂ ਮਜਬੂਰੀਆਂ ਮੁਲਕ ਛੱਡਣ ਨਹੀਂ ਦਿੰਦੀਆਂ ਤੇ ਅਜਿਹੇ ਮੌਕਿਆਂ ‘ਤੇ ਬੰਦੇ ਨੂੰ ਰਿਸ਼ਤਿਆਂ ਨਾਲੋਂ ਅਮਰੀਕਨ ਪਾਸਪੋਰਟ ਕਿਤੇ ਅਹਿਮ ਲਗਦਾ ਹੈ। ਧੰਨ ਹੈ ਉਸ ਪਾਸਪੋਰਟ ਦੀ ਵਡਿਆਈ ਜਿਸ ਨੂੰ ਦਸਾਂ ਸਾਲਾਂ ਵਿਚ ਇਕ ਵਾਰ ਨਵਿਆਉਣਾ ਪੈਂਦਾ ਹੈ, ਭੈਣ ਭਰਾ ਦੇ ਰਿਸ਼ਤੇ ਦਾ ਨਵਿਆਉਣ ਤਾਂ ਹਰ ਸਾਲ ਮੈਡੀਕਲ ਦੇ ਨਵਿਆਉਣ ਵਾਂਗੂ ਸਿਰ ‘ਤੇ ਸਵਾਰ ਹੁੰਦਾ ਹੈ।
ਛੋਟੇ ਹੁੰਦਿਆਂ ਸਾਲਾਨਾ ਪਰਚਿਆਂ ਵੇਲੇ ਰੱਖੜੀ ਦੇ ਤਿਉਹਾਰ ਵਾਲੇ ਲੇਖ ‘ਤੇ ਰੱਟੇ ਮਾਰੀਦੇ ਹੁੰਦੇ ਸਨ ਕਿ ਚਿਤੌੜ ਦੀ ਰਾਣੀ ਨੇ ਅਕਬਰ ਨੂੰ ਰੱਖੜੀ ਭੇਜੀ, ਇਥੋਂ ਹੀ ਇਹ ਪਿਰਤ ਪੈ ਗਈ; ਪਰ ਬਲਿਹਾਰੇ ਜਾਈਏ ਸਾਡੀਆਂ ਅਕਲਾਂ ਦੇ, ਅਸੀਂ ਤਾਂ ਗੁਰਦੁਆਰਿਆਂ ਵਿਚ ਰੱਖੇ ਪੀੜ੍ਹੇ ਵੀ ਨਹੀਂ ਛੱਡੇ। ਮੇਰੇ ਹਿਸਾਬ ਨਾਲ ਪੀੜ੍ਹਾ ਛੱਡ ਕੇ ਜੇ ਵੇਲਣੇ ਦੀ ਸੇਵਾ ਕਰਨ ਦੀ ਤਾਕਤ ਪਛਾਣ ਲਈ ਜਾਵੇ ਤਾਂ ਕਈ ਥਾਂਵਾਂ ‘ਤੇ ਭਰਾ ਤੋਂ ਜ਼ਿਆਦਾ ਵੇਲਣਾ ਤਲਿਸਮੀ ਸਾਬਤ ਹੋਵੇਗਾ, ਕਿਉਂਕਿ ਹਰ ਘਰ ਵਿਚ ਭਰਾ ਭਾਵੇਂ ਨਾ ਸਹੀ, ਪਰ ਵੇਲਣਾ ਜ਼ਰੂਰ ਹੁੰਦਾ ਹੈ। ਕਿੱਡੀ ਹਾਸੋ-ਹੀਣੀ ਗੱਲ ਹੈ ਕਿ ਜੰਮਦੇ ਭਰਾ ਨੂੰ ਦੁੱਧ ਦੀ ਬੋਤਲ ਉਹਦੀ ਭੈਣ ਤਿਆਰ ਕਰ ਕੇ ਦੇਵੇਗੀ, ਤੇ ਮਾਂ ਬਤੀਸੀ ਕੱਢਦੀ ਰੱਖੜੀ ਬੰਨ੍ਹਦਿਆਂ ਦੀਆਂ ਫੋਟੋਆਂ ਖਿੱਚਦੀ ਸਾਹ ਨਹੀਂ ਲਵੇਗੀ। ਉਦੋਂ ਉਹੀ ਭਰਾ ਡਾਇਪਰ ਵਿਚੋਂ ਨਿਕਲ ਕੇ ਦਾਰਾ ਸਿੰਘ ਬਣ ਜਾਂਦਾ ਹੈ।
ਸਿੱਖ ਇਤਿਹਾਸ ਵੱਲ ਝਾਤੀ ਮਾਰੀਏ ਅਤੇ ਆਪਣੇ ਆਪ ਕੋਲੋਂ ਹੀ ਪੁਛੀਏ ਕਿ ਸਿੱਖ ਰਾਜ ਦਾ ਸੂਰਜ ਢਲਣ ਵੇਲੇ ਕੀ ਮਹਾਰਾਣੀ ਜਿੰਦ ਕੌਰ ਨੇ ਸ਼ਾਮ ਸਿੰਘ ਅਟਾਰੀ ਨੂੰ ਰੱਖੜੀ ਭੇਜੀ? ਅਕਬਰ ਨੇ ਫਿਰ ਆਪਣੀ ਜਿੰਦ ਨਹੀਂ ਸੀ ਵਾਰੀ। ਸ਼ਾਮ ਸਿੰਘ ਅਟਾਰੀ ਨੂੰ ਤਾਂ ਭਾਣਾ ਦਿਸਦਾ ਹੀ ਹੋਣੈਂ। ਸੈਂਕੜੇ ਧੀਆਂ ਮੁਸਲਮਾਨ ਹਮਲਾਵਰਾਂ ਤੋਂ ਸਿੱਖਾਂ ਨੇ ਬਚਾਈਆਂ। ਕਿਹੜੇ ਅਜਾਇਬਘਰਾਂ ਵਿਚ ਅੱਜ ਉਨ੍ਹਾਂ ਭੈਣਾਂ ਵੱਲੋਂ ਰੱਖੀਆਂ ਰੱਖੜੀਆਂ ਸਾਂਭੀਆਂ ਹੋਈਆਂ ਨੇ? ਤੇ ਜੇ ਇਹ ਸੱਚ ਹੁੰਦਾ ਤਾਂ ਹਰੀ ਸਿੰਘ ਨਲੂਏ ਨੇ ਰੱਖੜੀਆਂ ਦੇ ਭਾਰ ਥੱਲੇ ਦੱਬ ਕੇ ਸੂਰਮਗਤੀ ਪ੍ਰਾਪਤ ਕਰਨੀ ਸੀ, ਨਾ ਕਿ ਜੰਗ ਦੇ ਮੈਦਾਨ ਵਿਚ।
ਜੇ ਕਿਤੇ ਰੱਬ ਮਿਹਰ ਕਰੇ ਤਾਂ ਦਿਲ ਵਿਚ ਵਸਦੀ ਸਿੱਖੀ ਨੂੰ ਦਿਮਾਗ ਦੇ ਰੋਸ਼ਨਦਾਨ ਤੱਕ ਲਿਆਂਦਾ ਜਾਵੇ ਅਤੇ ਹਰ ਗੈਰਤਮੰਦ ਭੈਣ ਆਪਣੇ ਭਰਾ ਤੋਂ ਇਹ ਸਵਾਲ ਜ਼ਰੂਰ ਪੁੱਛੇ ਕਿ ਭਰਾ ਰੱਖੜੀ ਬੰਨ੍ਹਵਾ ਕੇ ਤੂੰ ਮੈਨੂੰ ਸਾਰੀਆਂ ਔਕੜਾਂ ਤੋਂ ਤਾਂ ਬਚਾ ਲਿਆ, ਪਰ ਬ੍ਰਾਹਮਣ ਦੇ ਕਬਜ਼ੇ ਵਿਚ ਤਾਂ ਮੈਂ ਫਿਰ ਵੀ ਰਹਿ ਗਈ, ਕਿਉਂਕਿ ਬ੍ਰਾਹਮਣ ਦਾ ਸਾਥ ਤਾਂ ਤੂੰ ਵੀ ਨਹੀਂ ਛੱਡ ਸਕਿਆ। ਨਾਲੇ ਰੱਖੜੀ ਤਾਂ ਮਰਦ ਨੂੰ ਬੰਨ੍ਹੀ ਜਾਂਦੀ ਹੈ, ਪਹਿਲਾਂ ਭਰਾ ਮਰਦ ਹੋਣ ਦਾ ਸਬੂਤ ਤਾਂ ਦੇਵੇ। ਬਾਣੀ ਵਿਚ ਸ਼ਰਾਬ ਪੀਣ ਵਾਲੇ ਅਤੇ ਗਾਲੀ-ਗਲੋਚ ਕਰਨ ਵਾਲੇ ਦੀ ਤੁਲਨਾ ਪਸੂ ਨਾਲ ਕੀਤੀ ਹੋਈ ਹੈ ਤੇ ਪਸ਼ੂਆਂ ਨੂੰ ਕੌਣ ਰੱਖੜੀ ਬੰਨ੍ਹਦਾ ਹੈ? ਕਈ ਭਰਾਵਾਂ ਦੀ ਆਦਤ ਆਪਣੀਆਂ ਘਰਵਾਲੀਆਂ ‘ਤੇ ਹੱਥ ਚੁੱਕਣ ਦੀ ਹੁੰਦੀ ਹੈ, ਤੇ ਜਿਸ ਭਰਾ ਦੀ ਪਨਾਹ ਵਿਚ ਕੋਈ ਬਿਗਾਨੀ ਧੀ ਮਹਿਫੂਜ਼ ਨਹੀਂ, ਉਹ ਆਪਣੀ ਭੈਣ ਦੀ ਹਿਫਾਜ਼ਤ ਲਈ ਕਿਹੜੇ ਤੀਰ ਮਾਰ ਲਵੇਗਾ? ਅਜਿਹੇ ਭਰਾ ਨੂੰ ਜੇ ਸਿੱਖ ਕਿਹਾ ਜਾਵੇ ਤਾਂ ਬਿਲਕੁਲ ਝੂਠ, ਕਿਉਂਕਿ ਸਿੱਖ ਕਹਾਉਣ ਲਈ ਵੀ ਮਰਦ ਹੋਣਾ ਪਹਿਲੀ ਸ਼ਰਤ ਹੈ।
ਕਮਾਲ ਹੈ, ਬ੍ਰਾਹਮਣ ਜੋ ਸਦੀਆਂ ਤੋਂ ਆਪਣੀ ਰੋਟੀ ਛਲ-ਕਪਟ ਨਾਲ ਕਮਾਉਂਦਾ ਰਿਹਾ ਹੈ, ਜਿਸ ਨੇ ਕਦੇ ਕਿਰਤ ਨਹੀਂ ਕਰ ਕੇ ਦੇਖੀ, ਉਹ ਕਿਸ ਤਰ੍ਹਾਂ ਸਾਡੇ ਦਿਲੋ-ਦਿਮਾਗ ‘ਤੇ ਰਾਜ ਕਰ ਰਿਹਾ ਹੈ। ਸਾਡੀ ਹਾਲਤ ਉਸ ਹਾਥੀ ਵਰਗੀ ਹੈ ਜਿਸ ਨੂੰ ਬਚਪਨ ਤੋਂ ਹੀ ਲੋਹੇ ਦੀ ਜ਼ੰਜੀਰ ਨਾਲ ਜਕੜ ਲਿਆ ਜਾਂਦਾ ਹੈ। ਹਾਥੀ ਨੂੰ ਵੱਡਿਆਂ ਹੋ ਕੇ ਇਹ ਨਹੀਂ ਪਤਾ ਲਗਦਾ ਕਿ ਮੇਰੀ ਤਾਕਤ ਅੱਗੇ ਇਸ ਜ਼ੰਜੀਰ ਦੀ ਕੋਈ ਬਿਸਾਤ ਨਹੀਂ, ਪਰ ਕਿਉਂਕਿ ਉਸ ਦੀ ਮਾਨਸਿਕਤਾ ਕਾਬੂ ਕਰ ਲਈ ਗਈ ਹੈ, ਉਹ ਉਸ ਨੂੰ ਤੋੜਨ ਬਾਰੇ ਸੋਚਦਾ ਵੀ ਨਹੀਂ। ਸਾਡੀ ਦਿਮਾਗੀ ਹਾਲਤ ਉਸ ਹਾਥੀ ਤੋਂ ਵੀ ਗਈ ਗੁਜ਼ਰੀ ਹੈ। ਹਾਥੀ ਉਹ ਗੁਲਾਮੀ ਕਿਸੇ ਦੂਸਰੇ ਦੇ ਗਲ ਨਹੀਂ ਪਾਵੇਗਾ, ਪਰ ਅਸੀਂ ਇਕ ਬੰਦੇ ਦੀ ਸਹੇੜੀ ਗੁਲਾਮੀ ਨੂੰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਗਲ ਪਾਈ ਜਾਂਦੇ ਹਾਂ। ਮਾਂ ਹੋਣ ਦੇ ਨਾਤੇ ਇਹ ਕਹਿਣ ਦੀ ਬਜਾਏ ਕਿ ਧੀਏ! ਤੇਰਾ ਭਰਾ ਤੇਰੀ ਰੱਖਿਆ ਕਰੇਗਾ, ਸਗੋਂ ਇਹ ਕਿਹਾ ਜਾਵੇ ਕਿ ਪੁੱਤ! ਤੂੰ ਸਾਰੀ ਉਮਰ ਗੁਰੂ ਦੇ ਦੱਸੇ ਰਾਹ ‘ਤੇ ਚੱਲੀਂ ਤਾਂ ਜੋ ਹਰ ਧੀ-ਭੈਣ ‘ਤੇ ਤੇਰੀ ਨਿਗ੍ਹਾ ਚੰਗੀ ਰਹੇ ਤੇ ਦੁਨੀਆਂ ਦੀਆਂ ਸਾਰੀਆਂ ਧੀਆਂ-ਭੈਣਾਂ ਮਹਿਫੂਜ਼ ਰਹਿਣ।