ਆਜ਼ਾਦੀ, ਇਸਤਰੀ ਦੀ ਆਜ਼ਾਦੀ ਅਤੇ ਭਾਰਤ

ਡਾæ ਗੁਰਨਾਮ ਕੌਰ ਪਟਿਆਲਾ
ਅਗਸਤ ਦਾ ਮਹੀਨਾ ਭਾਰਤੀ ਉਪ ਮਹਾਂਦੀਪ ਦੀ ਆਜ਼ਾਦੀ ਦੇ ਜਸ਼ਨਾਂ ਦਾ ਮਹੀਨਾ ਹੈ। 11 ਅਗਸਤ 1947 ਨੂੰ ਬਲੋਚਿਸਤਾਨ ਨੂੰ ਬਰਤਾਨਵੀ ਬਸਤੀਵਾਦ ਤੋਂ ਮੁਕਤੀ ਮਿਲੀ (ਇਹ ਵੱਖਰੀ ਗੱਲ ਹੈ ਕਿ ਕਸ਼ਮੀਰ ਦੀ ਤਰ੍ਹਾਂ ਹੀ ਪਾਕਿਸਤਾਨੀ ਫੌਜ ਨੇ ਮਹਿਜ ਅੱਠ-ਨੌਂ ਮਹੀਨੇ ਬਾਅਦ ਹੀ ਧਾਵਾ ਬੋਲ ਕੇ ਬਲੋਚਿਸਤਾਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਬਲੋਚਿਸਤਾਨ ਬਰਤਨਾਵੀ ਬਸਤੀਵਾਦੀਆਂ ਦੀ ਗੁਲਾਮੀ ਵਿਚੋਂ ਨਿਕਲ ਕੇ ਆਪਣੇ ਹਮ-ਮਜ਼ਹਬ ਗੁਆਂਢੀ ਦਾ ਗੁਲਾਮ ਹੋ ਗਿਆ)। 14 ਅਗਸਤ ਨੂੰ ਭਾਰਤ ਦੇ ਦੋ ਟੋਟੇ ਕਰਕੇ ਨਵਾਂ ਮੁਲਕ ਪਾਕਿਸਤਾਨ ਬਣਾ ਦਿਤਾ ਗਿਆ ਅਤੇ 14 ਅਗਸਤ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਕਰਕੇ ਮਨਾਇਆ ਜਾਂਦਾ ਹੈ।

ਅਸਲ ਵਿਚ ਦੋ ਟੋਟੇ ਪੰਜਾਬ ਅਤੇ ਬੰਗਾਲ ਦੇ ਹੋਏ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਹਿੱਸਾ ਪਾਇਆ। ਪੰਜਾਬੀਆਂ ਦਾ ਯੋਗਦਾਨ ਬੰਗਾਲੀਆਂ ਤੋਂ ਵੀ ਵੱਧ ਸੀ ਅਤੇ ਇਸ ਆਜ਼ਾਦੀ ਬਦਲੇ ਨੁਕਸਾਨ ਵੀ ਸਭ ਤੋਂ ਵੱਧ ਉਨ੍ਹਾਂ ਦਾ ਹੀ ਹੋਇਆ। ਪੰਜਾਬ ਦੇ ਇੱਕ ਕਰੋੜ ਤੋਂ ਵੱਧ ਲੋਕ ਦਰ-ਬਦਰ ਹੋਏ ਜਿਨ੍ਹਾਂ ਨੂੰ ਆਪਣੇ ਵੱਸਦੇ-ਰਸਦੇ ਘਰ, ਜਮੀਨ-ਜਾਇਦਾਦ ਛੱਡ ਕੇ ਉਜਾੜੇ ਦਾ ਸੰਤਾਪ ਝੱਲਣਾ ਪਿਆ। ਲੱਖਾਂ ਲੋਕ ਮਾਰੇ ਗਏ, ਔਰਤਾਂ ਦੀ ਬੇਹੁਰਮਤੀ ਹੋਈ-ਔਰਤ ਭਾਵੇਂ ਮੁਸਲਮਾਨ ਸੀ, ਹਿੰਦੂ ਸੀ ਜਾਂ ਸਿੱਖ। ਕੀ ਇਹ ਆਜ਼ਾਦੀ ਅਸਲੀ ਮਾਅਨਿਆਂ ਵਿਚ ਆਜ਼ਾਦੀ ਹੈ, ਖਾਸ ਕਰਕੇ ਔਰਤ ਵਾਸਤੇ? ਕੀ ਉਹ ਵੀ ਮਰਦ ਦੀ ਤਰ੍ਹਾਂ ਹੀ ਘਰੋਂ ਬਾਹਰ ਵਿਚਰ ਸਕਣ ਲਈ ਆਜ਼ਾਦ ਅਤੇ ਸੁਰੱਖਿਅਤ ਹੈ?
ਆਜ਼ਾਦੀ ਦਾ ਮਕਸਦ ਮਹਿਜ਼ ਕਿਸੇ ਦੂਸਰੇ ਮੁਲਕ ਜਾਂ ਰਾਜ ਤੋਂ ਆਜ਼ਾਦ ਹੋ ਜਾਣਾ ਹੀ ਨਹੀਂ ਹੁੰਦਾ, ਆਜ਼ਾਦੀ ਦਾ ਅਰਥ ਹੈ-ਮਨੁੱਖ ਦੀ ਪੂਰਨ ਸੁਰੱਖਿਆ ਤੇ ਆਜ਼ਾਦੀ ਅਤੇ ਹਰ ਤਰ੍ਹਾਂ ਦੀ ਗੁਲਾਮੀ ਤੋਂ ਛੁਟਕਾਰਾ, ਮਨੁੱਖ ਦਾ ਇੱਜਤ ਅਤੇ ਸਵੈਮਾਣ ਵਾਲੀ ਜ਼ਿੰਦਗੀ ਜਿਉਂ ਸਕਣਾ।
ਵਿਦਵਾਨਾਂ, ਖਾਸ ਕਰ ਦਾਰਸ਼ਨਿਕਾਂ ਨੇ ਮਨੁੱਖੀ ਆਜ਼ਾਦੀ ਦੀ ਵਿਆਖਿਆ ਸਮੁੱਚ ਵਿਚ ਕਰਦਿਆਂ ਇਸ ਨੂੰ ਸਮਾਜਿਕ ਸੰਕਲਪ ਕਿਹਾ ਹੈ ਜੋ ਵਿਅਕਤੀਆਂ ਦੇ ਗੌਰਵ, ਉਨ੍ਹਾਂ ਦੇ ਸਵੈਮਾਣ ਨੂੰ ਪਛਾਣਦਾ ਹੈ ਅਤੇ ਜਬਰਨ ਅਧੀਨਤਾ ਜਾਂ ਲਾਚਾਰੀ ਬਿਲਕੁਲ ਗੈਰਹਾਜ਼ਰ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਫਰਮਾਇਆ ਹੈ, ‘ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥’
ਆਜ਼ਾਦੀ ਮਨੁੱਖ ਦੇ ਵਿਕਾਸ, ਉਸ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਮਨੁੱਖੀ ਆਜ਼ਾਦੀ ਦਾ ਸੁਭਾਅ ਸਾਰੇ ਸਮਾਜਿਕ ਰੂਪਾਂ ਦੀ ਆਜ਼ਾਦੀ ਵੱਲ ਸੰਕੇਤਕ ਹੈ ਅਤੇ ਇਹ ਆਮ ਜੀਵਨ ਢੰਗ ਦੇ ਸਮਰੂਪ ਹੁੰਦੀ ਹੈ ਜੋ ਸਰਵ-ਵਿਆਪਕ ਤੌਰ ‘ਤੇ ਪ੍ਰਵਾਨਤ ਹੁੰਦਾ ਹੈ। ਇਹ ਅਜਿਹੇ ਜੀਵਨ ਸਭਿਆਚਾਰ ਦੀ ਸੰਕੇਤਕ ਹੈ ਜੋ ਹਰ ਇੱਕ ਦੇ ਸਵੈਮਾਨ, ਗੌਰਵ ਨੂੰ ਬਹਾਲ ਕਰਦਾ ਹੈ, ਕਾਇਮ ਰੱਖਦਾ ਹੈ। ਹਰ ਵਿਅਕਤੀ ਨੂੰ ਜਿਉਣ ਦਾ ਹੱਕ ਹੈ, ਜੋ ਸੁਭਾਵਿਕ ਹੈ ਅਤੇ ਇਸ ਤੋਂ ਕਿਸੇ ਨੂੰ ਵਾਂਝਾ ਨਹੀਂ ਕੀਤਾ ਜਾਣਾ ਚਾਹੀਦਾ। ਹਰ ਸ਼ਖਸ ਨੂੰ ਕੁਝ ਹੱਕ ਕੁਦਰਤੀ ਤੌਰ ‘ਤੇ ਹਾਸਲ ਹੁੰਦੇ ਹਨ ਜਿਨ੍ਹਾਂ ਦੀ ਕਿਸੇ ਵੀ ਤਰ੍ਹਾਂ, ਕਿਸੇ ਵੱਲੋਂ ਵੀ ਉਲੰਘਣਾ ਨਹੀਂ ਹੋਣੀ ਚਾਹੀਦੀ। ਹੋਰਨਾਂ ਦੇ ਹੱਕਾਂ ‘ਤੇ ਡਾਕਾ ਮਾਰਨ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਆਗਾਹ ਕੀਤਾ ਹੈ, “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥” ਇਹ ਅਧਿਕਾਰ ਜਿੰਮੇਵਾਰੀਆਂ ਵੀ ਨਾਲ ਹੀ ਲਿਆਉਂਦੇ ਹਨ। ਸੋ, ਹਰ ਇਕ ਨੂੰ ਆਪਣੇ ਅਧਿਕਾਰ ਬਹੁਤ ਹੀ ਧਿਆਨ ਨਾਲ ਵਰਤਣੇ ਚਾਹੀਦੇ ਹਨ ਤਾਂ ਕਿ ਉਹ ਕਿਸੇ ਦੂਸਰੇ ਦੇ ਅਧਿਕਾਰਾਂ ਦੀ ਉਲੰਘਣਾ ਨਾ ਕਰੇ। ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, “ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ॥” ਕਿਸੇ ਹੋਰ ਦੇ ਹੱਕ ਨੂੰ ਇਹ ਸਮਝ ਕੇ ਖੋਹ ਲੈਣਾ ਕਿ ਇਹ ਮੇਰਾ ਅਧਿਕਾਰ ਹੈ, ਅਨੈਤਿਕ ਹੈ, ਦੂਸਰੇ ਦੀ ਆਜ਼ਾਦੀ ਦੀ ਉਲੰਘਣਾ ਹੈ।
ਇਸ ਲਈ ਮਨੁੱਖੀ ਆਜ਼ਾਦੀ ਨੂੰ ਮੁਕੰਮਲ ਤੌਰ ‘ਤੇ ਜੀਵਨ ਸਭਿਆਚਾਰ ਦੇ ਫਲਸਫੇ ਦੀ ਪ੍ਰਮਾਣਿਕ ਹੋਣਾ ਚਾਹੀਦਾ ਹੈ। ਅਜਿਹਾ ਸਭਿਆਚਾਰ, ਅਜਿਹੀ ਤਹਿਜ਼ੀਬ ਜੋ ਮਨੁੱਖੀ ਗੌਰਵ, ਮਨੁੱਖੀ ਸਵੈਮਾਣ ਵਿਚ ਵਾਧਾ ਕਰੇ, ਕਿਉਂਕਿ ਸਵੈਮਾਣ ਹਰ ਵਿਅਕਤੀ ਲਈ ਪ੍ਰਮੁੱਖ ਹੈ; ਅਜਿਹਾ ਸਭਿਆਚਾਰ ਜੋ ਕਿਸੇ ਕਿਸਮ ਦੀ ਰਾਜਨੀਤਕ, ਸਮਾਜਿਕ ਜਾਂ ਆਰਥਿਕ ਦਖਲਅੰਦਾਜ਼ੀ ਤੋਂ ਮੁਕਤ ਹੈ, ਜੋ ਜਨਮ ਤੋਂ ਲੈ ਕੇ ਕੁਦਰਤੀ ਮੌਤ ਤੱਕ ਹਰ ਵਿਅਕਤੀ ਦੇ ਸਵੈਮਾਣ, ਉਸ ਦੇ ਗੌਰਵ ਨੂੰ ਪਾਲਦਾ ਅਤੇ ਉਸ ਦੀ ਰੱਖਿਆ ਕਰਦਾ ਹੈ। ਇਸ ਲਈ ਸਮਾਜ ਨੂੰ ਉਨ੍ਹਾਂ ਰੂੜੀਵਾਦੀ ਤੌਰ-ਤਰੀਕਿਆਂ ਤੋਂ ਛੁਟਕਾਰਾ ਪਾ ਲੈਣਾ ਚਾਹੀਦਾ ਹੈ ਜੋ ਮਾਨਵ ਜੀਵਨ ਦੀ ਕੀਮਤ ਦੀ ਇੱਜਤ ਨਹੀਂ ਕਰਦੇ। ਮਾਨਵ-ਜੀਵਨ ਦੀ ਕੀਮਤ ਦੀ ਰੱਖਿਆ ਕਰਨੀ ਚਾਹੀਦੀ ਹੈ ਕਿਉਂਕਿ ਇਸੇ ਤੋਂ ਮਨੁੱਖੀ ਆਜ਼ਾਦੀ ਦੇ ਸੁਭਾਅ ਦੀ ਵਿਆਖਿਆ ਹੁੰਦੀ ਹੈ। ਅਜਿਹਾ ਕਾਨੂੰਨ ਬਣਾ ਕੇ ਅਤੇ ਲਾਗੂ ਕਰਕੇ ਕੀਤਾ ਜਾ ਸਕਦਾ ਹੈ, ਮਨੁੱਖ ਦੇ ਜੀਵਨ ਅਧਿਕਾਰ ਨੂੰ ਕਾਇਮ ਰੱਖਣ ਅਤੇ ਉਸ ਦੀ ਹਿਫਾਜ਼ਤ ਕਰਨ ਲਈ ਲੋੜੀਂਦੇ ਅਹਿਮ ਵਿਧੀ-ਵਿਧਾਨ ਬਣਨੇ ਚਾਹੀਦੇ ਹਨ।
ਹਰ ਮਨੁੱਖ ਦਾ ਫਰਜ਼ ਹੈ ਕਿ ਉਹ ਅਜਿਹਾ ਸਭਿਆਚਾਰ ਸਿਰਜੇ ਜੋ ਅਜਿਹੇ ਸਮਾਜ ਦਾ ਵਿਕਾਸ ਕਰੇ ਜਿਹੜਾ ਆਪਣੇ ਮੈਂਬਰਾਂ ਦੇ ਸਵੈਮਾਣ ਪ੍ਰਤੀ ਸੁਚੇਤ ਹੋਵੇ। ਇਕੱਲੇ ਕਾਨੂੰਨ ਆਪਣੇ ਆਪ ਕਿਸੇ ਸਮਾਜ ਦੀ ਰੱਖਿਆ ਨਹੀਂ ਕਰ ਸਕਦੇ। ਕਾਨੂੰਨ ਦੇ ਅਸਰਦਾਰ ਹੋਣ ਲਈ, ਜਨਤਾ ਵਿਚ ਇਸ ਦਾ ਨੈਤਿਕ ਆਧਾਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਕਿਸੇ ਵੀ ਸਮਾਜ ਨੂੰ ਅਜਿਹੇ ਕਾਨੂੰਨ ਬਣਾਉਣ ਅਤੇ ਲਾਗੂ ਕਰਨ ਤੋਂ ਪਹਿਲਾਂ ਇੱਕ ਖਾਸ ਨੈਤਿਕ ਆਧਾਰ ਅਤੇ ਸਤਰ ਪ੍ਰਾਪਤ ਕਰਨਾ ਪਵੇਗਾ।
ਮਨੁੱਖੀ ਆਜ਼ਾਦੀ ਦਾ ਅਰਥ ਹੈ, ਹਰ ਇਕ ਨੂੰ ਹਰ ਪੱਖ ਤੋਂ ਅਨੁਕੂਲਤਾ ਪ੍ਰਦਾਨ ਕਰਨਾ। ਹਰ ਮਨੁੱਖ ਸਤਿਕਾਰ ਦਾ ਹੱਕਦਾਰ ਹੈ ਭਾਵੇਂ ਉਹ ਕਿਸੇ ਵੀ ਸਭਿਆਚਾਰਕ ਪਿਛੋਕੜ, ਸਮਾਜਿਕ ਰੁਤਬੇ, ਉਮਰ, ਨਸਲ, ਰਾਜਨੀਤਕ ਸਮੂਹ ਜਾਂ ਧਰਮ ਨਾਲ ਤੁਅਲਕ ਰੱਖਦਾ ਹੋਵੇ, ਇਸਤਰੀ ਹੋਵੇ ਜਾਂ ਪੁਰਸ਼ ਹੋਵੇ। ਹਰ ਇੱਕ ਦਾ ਇਹ ਸਤਿਕਾਰ ਹੀ ਹੈ ਜੋ ਉਹ ਥੰਮ ਬਣਾਉਂਦਾ ਹੈ ਜਿਸ ‘ਤੇ ਸਵੈਮਾਣ ਉਸਰਦਾ ਹੈ ਜੋ ਕਿ ਹਰ ਇੱਕ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਨੀਂਹ ਹੈ। ਪੁਰਸ਼ ਅਤੇ ਇਸਤਰੀ-ਦੋਵਾਂ ਨਾਲ ਹੀ ਕਿਸੇ ਕਿਸਮ ਦੇ ਪੱਖ-ਪਾਤ ਤੋਂ ਰਹਿਤ ਅਤੇ ਕਿਸੇ ਵੀ ਧਿਰ ਪ੍ਰਤੀ ਭੇਦ-ਭਾਵ, ਵਿਤਕਰੇ ਤੋਂ ਰਹਿਤ ਵਰਤਾਉ ਹੋਣਾ ਚਾਹੀਦਾ ਹੈ। ਆਦਮੀ ਤੇ ਇਸਤਰੀ ਨੂੰ ਬਰਾਬਰੀ ਦਾ ਹੱਕ ਹੋਵੇ ਅਤੇ ਉਸ ਨੂੰ ਖਾਸ ਸੰਭਵ ਉਚੇ ਸਤਰ ਤੱਕ ਅਮਲ ਵਿਚ ਲਿਆਉਣਾ ਚਾਹੀਦਾ ਹੈ।
ਮਨੁੱਖੀ ਆਜ਼ਾਦੀ ਦਾ ਸਾਰ-ਤੱਤ ਇਹ ਹੋਣਾ ਚਾਹੀਦਾ ਹੈ ਕੋਈ ਵੀ ਆਪਣੇ ਮੌਲਿਕ ਅਧਿਕਾਰਾਂ ਤੋਂ ਵਿਰਵਾ ਨਾ ਰਹੇ, ਖਾਸ ਕਰਕੇ ਸਵੈਮਾਣ ਨਾਲ ਜਿਉਣ ਦੇ ਅਧਿਕਾਰ ਤੋਂ। ਇਸ ਗੱਲ ਦਾ ਧਿਆਨ ਹੋਣਾ ਚਾਹੀਦਾ ਹੈ ਕਿ ਸਮਾਜ ਅਜਿਹੇ ਅਮਲਾਂ ਦਾ ਤਿਆਗ ਕਰੇ ਜੋ ਕਿਸੇ ਵਿਅਕਤੀ ਦੇ ਗੌਰਵ ਨੂੰ ਨੀਵਾਂ ਦਿਖਾਉਂਦੇ ਹੋਣ ਅਤੇ ਸਪੱਸ਼ਟ ਰੂਪ ਵਿਚ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਜੋ ਵਿਅਕਤੀ ਦੇ ਗੌਰਵ ਦੀ ਰੱਖਿਆ ਕਰਨ।
ਆਜ਼ਾਦੀ ਦੇ ਸੱਤਰ ਸਾਲ ਲੰਘ ਜਾਣ ‘ਤੇ ਵੀ ਭਾਰਤੀ ਸਮਾਜ ਦੀ ਇਸ ਕਿਸਮ ਦੀ ਉਸਾਰੀ ਨਹੀਂ ਹੋ ਸਕੀ ਕਿ ਮਨੁੱਖੀ ਜੀਵਨ ਅਤੇ ਵਿਅਕਤੀਗਤ ਗੌਰਵ ਨੂੰ ਕੋਈ ਅਹਿਮੀਅਤ ਦਿੱਤੀ ਗਈ ਹੋਵੇ ਅਤੇ ਇਸਤਰੀਆਂ ਦੇ ਮਾਮਲੇ ਵਿਚ ਇਹ ਤੱਥ ਹੋਰ ਵੀ ਉਘੜਵਾਂ ਅਤੇ ਨਿਰਾਸ਼ਾਜਨਕ ਹੈ। ਆਏ ਦਿਨ ਇਸ ਮਨੁੱਖੀ ਆਜ਼ਾਦੀ ਦੀ ਉਲੰਘਣਾ ਦੀਆਂ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਹਰ ਰੋਜ਼ ਆਨੇ-ਬਹਾਨੇ ਮਨੁੱਖੀ ਸਵੈਮਾਣ ਨੂੰ ਪੈਰਾਂ ਹੇਠ ਲਤਾੜਿਆ ਜਾਂਦਾ ਹੈ। ਕੇਂਦਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਆਉਣ ਪਿੱਛੋਂ ਇਨ੍ਹਾਂ ਘਟਨਾਵਾਂ ਵਿਚ ਬਹੁਤ ਵਾਧਾ ਹੋਇਆ ਹੈ, ਜਦੋਂ ਆਨੇ-ਬਹਾਨੇ ਮਨੁੱਖੀ ਸਵੈਮਾਣ ਨੂੰ ਠੇਸ ਪਹੁੰਚਾਈ ਗਈ ਹੈ; ਇਹੀ ਨਹੀਂ ਮਨੁੱਖੀ ਜਾਨਾਂ ਲਈ ਵੀ ਖਤਰਾ ਪੈਦਾ ਕੀਤਾ ਗਿਆ ਹੈ।
ਆਜ਼ਾਦ ਭਾਰਤ ਵਿਚ, ਖਾਸ ਕਰ ਭਾਜਪਾ ਦੇ ਤਾਕਤ ਵਿਚ ਆਉਣ ਨਾਲ ਮਨੁੱਖ ਦੀ ਜਾਨ ਨਾਲੋਂ ਗਊ ਵਰਗੇ ਪਸੂ ਦੀ ਜਾਨ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ। ਇਸਤਰੀ ਦੀ ਹਾਲਤ ਦਿਨੋ ਦਿਨ ਨਾਜ਼ੁਕ ਹੋ ਰਹੀ ਹੈ। ਭਾਵੇਂ ਇਸਤਰੀ ਅੱਜ ਕਿਸੇ ਵੀ ਖੇਤਰ ਵਿਚ ਮਰਦ ਦੇ ਬਰਾਬਰ ਪ੍ਰਾਪਤੀਆਂ ਕਰਨ ਦੇ ਸਮਰੱਥ ਹੋ ਗਈ ਹੈ ਪਰ ਉਸ ਦੀ ਆਜ਼ਾਦੀ ਤੇ ਸਵੈਮਾਣ ਅੱਜ ਵੀ ਖਤਰੇ ਵਿਚ ਹੈ। ਇਸਤਰੀ ਨਾਲ ਹੋਣ ਵਾਲੇ ਧੱਕਿਆਂ ਅਤੇ ਉਸ ਖਿਲਾਫ ਹੋ ਰਹੀ ਹਿੰਸਾ ਦੇ ਬਹੁਤ ਸਾਰੇ ਰੂਪ ਹਨ, ਜਿਸ ਲਈ ਬਹੁਤ ਹੱਦ ਤੱਕ ਸਮਾਜ ਦਾ ਔਰਤ ਪ੍ਰਤੀ ਬੇਰੁਖੀ ਵਾਲਾ ਰਵੱਈਆ ਜਿੰਮੇਵਾਰ ਹੈ। ਸੰਵਿਧਾਨਕ ਤੌਰ ‘ਤੇ ਭਾਵੇਂ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ ਗਿਆ ਹੈ ਪਰ ਕਾਨੂੰਨ ਉਦੋਂ ਤੱਕ ਲਾਗੂ ਨਹੀਂ ਹੋਇਆ ਕਰਦੇ ਜਦੋਂ ਤੱਕ ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਸਮਾਜ ਵਿਚ ਲੋੜੀਂਦੀ ਚੇਤੰਨਤਾ ਪੈਦਾ ਨਾ ਹੋਵੇ। ਮਹਿਜ ਕਾਨੂੰਨ ਬਣਾ ਦੇਣ ਨਾਲ ਜਾਂ ਲੋਕ-ਲਭਾਊ ਨਾਹਰੇ ਦੇ ਦੇਣ ਨਾਲ ਕੁਝ ਨਹੀਂ ਹੁੰਦਾ ਜਦੋਂ ਤੱਕ ਸਰਕਾਰ ਅਮਲੀ ਤੌਰ ‘ਤੇ ਇਨ੍ਹਾਂ ਕਾਨੂੰਨਾਂ ਅਤੇ ਨਾਹਰਿਆਂ ਨੂੰ ਲਾਗੂ ਕਰਨ ਲਈ ਸੁਹਿਰਦ ਨਾ ਹੋਵੇ।
ਇਸ ਮੰਦੀ ਘਟਨਾ ਦੀ ਖਬਰ ਭਾਵੇਂ ਪੁਰਾਣੀ ਹੋ ਗਈ ਹੈ ਪਰ ਆਜ਼ਾਦੀ ਦੇ 70 ਸਾਲਾ ਜਸ਼ਨਾਂ ਦਾ ਦਿਨ ਧਿਆਨ ਜ਼ਰੂਰ ਮੰਗ ਕਰਦਾ ਹੈ ਕਿ ਇਸਤਰੀ ਲਈ ਇਹ ਕਿਸ ਕਿਸਮ ਦਾ ਸੁਨੇਹਾ ਹੈ। ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕਾਫੀ ਸਮਾਂ ਪਹਿਲਾਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਵੇਲੇ ਅੰਮ੍ਰਿਤਸਰ ਵਿਚ ਵਾਪਰੀ ਘਟਨਾ ਦੇ ਸਬੰਧ ਵਿਚ ਹੋ ਚੁਕਾ ਹੈ ਕਿ ਜੇ ਇੱਕ ਪੁਲਿਸ ਅਫਸਰ ਨੂੰ ਹੁਕਮਰਾਨ ਪਾਰਟੀ ਦੇ ਗੁੰਡਿਆਂ ਕੋਲੋਂ ਆਪਣੀ ਧੀ ਦੀ ਇੱਜਤ ਬਚਾਉਣ ਲਈ ਜਾਨ ਤੋਂ ਹੱਥ ਧੋਣੇ ਪਏ ਤਾਂ ਆਮ ਬੰਦੇ ਦਾ ਕੀ ਹਾਲ ਹੋ ਸਕਦਾ ਹੈ? ਇਹੀ ਪ੍ਰਸ਼ਨ ਮੁੜ ਉਤਰ ਮੰਗਦਾ ਹੈ, ਵਰਣਿਕਾ ਕੁੰਡੂ ਦੇ ਮਾਮਲੇ ਵਿਚ। ਸਾਰੇ ਇਹ ਖਬਰ ਪੜ੍ਹ ਚੁਕੇ ਹਨ ਕਿ ਵਰਣਿਕਾ ਕੁੰਡੂ ਹਰਿਆਣਾ ਕੇਡਰ ਦੇ ਇੱਕ ਸੀਨੀਅਰ ਆਈæ ਏæ ਐਸ਼ ਅਫਸਰ ਵੀਰੇਂਦਰ ਕੁੰਡੂ ਦੀ ਧੀ ਹੈ ਜਿਸ ਨਾਲ ਛੇੜ-ਛਾੜ ਅਤੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਕੋਈ ਆਮ ਲੜਕਾ ਨਹੀਂ ਬਲਕਿ ਹਰਿਆਣਾ ਦੀ ਭਾਜਪਾ ਇਕਾਈ ਦੇ ਪ੍ਰਧਾਨ ਸੁਭਾਸ਼ ਬਰਾਲਾ ਦਾ ਪੁੱਤਰ ਵਿਕਾਸ ਬਰਾਲਾ ਅਤੇ ਉਸ ਦਾ ਦੋਸਤ ਅਸ਼ੀਸ਼ ਕੁਮਾਰ ਹੈ। ਕਿੰਨਾ ਅਜੀਬ ਚੱਕਰ ਹੈ ਕਿ ਪਹਿਲਾਂ ਚੰਡੀਗੜ੍ਹ ਦੀ ਪੁਲਿਸ ਲੜਕੀ ਵੱਲੋਂ ਅਗਵਾ ਦੀ ਕੋਸ਼ਿਸ਼ ਅਤੇ ਇੱਜਤ ਨੂੰ ਖਤਰਾ ਦੱਸਣ ‘ਤੇ ਉਨ੍ਹਾਂ ਦੋ ਮੁਲਜ਼ਮਾਂ ਖਿਲਾਫ ਕੇਸ ਦਰਜ ਵੀ ਕਰ ਲੈਂਦੀ ਹੈ ਅਤੇ ਤਿੰਨ ਹੋਰ ਧਾਰਾਵਾਂ ਵੀ ਜੋੜ ਲੈਂਦੀ ਹੈ ਪਰ 15 ਮਿੰਟ ਬਾਅਦ ਹੀ ਜਦੋਂ ਉਪਰੋਂ ਜ਼ੋਰ ਪੈਂਦਾ ਹੈ ਤਾਂ ਦੋਵੇਂ ਧਾਰਾਵਾਂ ਰੱਦ ਕਰਕੇ ਮੁਲਜ਼ਮਾਂ ਨੂੰ ਜ਼ਮਾਨਤ ਵੀ ਦੇ ਦਿੰਦੀ ਹੈ। ਪਹਿਲਾਂ ਪੁਲਿਸ ਕੈਮਰੇ ਬੰਦ ਹੋਣ ਦਾ ਤਰਕ ਦਿੰਦੀ ਹੈ, ਫਿਰ ਲੋਕ-ਰੋਹ ਉਠਣ ‘ਤੇ ਮੰਨ ਜਾਂਦੀ ਹੈ ਕਿ ਹਾਂ ਪੰਜ ਕੈਮਰਿਆਂ ਦੀ ਫੁਟੇਜ਼ ਮਿਲ ਗਈ ਹੈ। ਇਹ ਤਾਂ ਹੈ, ਪੁਲਿਸ ਦਾ ਰਵੱਈਆ।
ਭਾਜਪਾ ਆਗੂਆਂ ਦਾ ਤਰਕ ਦੇਖੋ ਕਿ ਕੁੜੀ ਦੇਰ ਰਾਤ ਘਰੋਂ ਬਾਹਰ ਹੀ ਕਿਉਂ ਨਿਕਲੀ? ਕਿਸੇ ਸ਼ਾਇਨਾ ਨੇ ਜਿਸ ਨੂੰ ਭਾਜਪਾ ਦੀ ਤਰਜਮਾਨ ਕਿਹਾ ਜਾਂਦਾ ਹੈ, ਸੋਸ਼ਲ ਮੀਡੀਆ ‘ਤੇ ਪੀੜਤ ਕੁੜੀ ਦੇ ਚਰਿਤਰ ‘ਤੇ ਹੀ ਪ੍ਰਸ਼ਨ ਉਠਾ ਦਿੱਤੇ ਹਨ। ਉਹ ਭੁੱਲ ਗਈ ਕਿ ਚਰਿੱਤਰਹੀਣ ਮੁੰਡਾ ਹੈ, ਕੁੜੀ ਨਹੀਂ। ਉਪਦੇਸ਼ ਦੀ ਮੁੰਡੇ ਨੂੰ ਲੋੜ ਹੈ ਜੋ ਪਿਉ ਦੀ ਤਾਕਤ ਦੇ ਨਸ਼ੇ ਵਿਚ ਕਿਸੇ ਦੀ ਧੀ-ਭੈਣ ਦਾ ਪਿੱਛਾ ਕਰਦਾ ਹੈ, ਉਸ ਨਾਲ ਛੇੜ-ਛਾੜ ਕਰਦਾ ਅਤੇ ਅਗਵਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਹੈ ਆਜ਼ਾਦ ਭਾਰਤ ਦੇ ਹੁਕਮਰਾਨਾਂ ਅਤੇ ਪੁਲਿਸ ਦਾ ਔਰਤ ਦੀ ਆਜ਼ਾਦੀ ਪ੍ਰਤੀ ਰਵੱਈਆ। ਆਜ਼ਾਦ ਭਾਰਤ ਵਿਚ ਪੁਲਿਸ ਦਾ ਸਿਆਸੀਕਰਨ ਹੋ ਗਿਆ ਹੈ। ਉਸ ਨੂੰ ਹੁਕਮਰਾਨ ਪਾਰਟੀ ਅਨੁਸਾਰ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਜਦ ਕਿ ਪੁਲਿਸ ਦਾ ਫਰਜ਼ ਹੈ ਕਿ ਉਹ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰੇ, ਬਿਨਾ ਕਿਸੇ ਪੱਖ-ਪਾਤ ਤੋਂ।
ਜੇ ਯੂਰਪੀਨ ਮੁਲਕਾਂ, ਨਾਰਥ ਅਮਰੀਕਾ ਭਾਵ ਅਮਰੀਕਾ-ਕੈਨੇਡਾ ਦੀ ਤਰ੍ਹਾਂ ਹੀ ਪੁਲਿਸ ਆਪਣਾ ਕੰਮ ਕਰਨ ਲਈ ਸੁਤੰਤਰ ਹੋਵੇ, ਪੁਲਿਸ ‘ਤੇ ਕਿਸੇ ਕਿਸਮ ਦਾ ਰਾਜਸੀ ਦਬਾਅ ਨਾ ਹੋਵੇ ਤਾਂ ਪੁਲਿਸ ਬਿਨਾ ਕਿਸੇ ਸਿਫਾਰਿਸ਼ ਜਾਂ ਪੱਖ-ਪਾਤ ਤੋਂ ਆਪਣਾ ਕੰਮ-ਕਾਜ ਬਿਹਤਰ ਕਰ ਸਕਦੀ ਹੈ। ਇਥੇ ਮੈਨੂੰ ਪੰਜਾਬ ਵਿਚ ਅਕਾਲੀ ਸਰਕਾਰ ਵੇਲੇ ਵੋਟਾਂ ਤੋਂ ਪਹਿਲਾਂ ਅਕਾਲੀ ਲੀਡਰਾਂ-ਮਨਿਸਟਰਾਂ ਦੇ ਕੈਨੇਡਾ ਦੌਰੇ ਦੀ ਯਾਦ ਆ ਜਾਂਦੀ ਹੈ, ਜਦੋਂ ਪੰਜਾਬੀ ਭਾਈਚਾਰੇ ਨੇ ਉਨ੍ਹਾਂ ਨੂੰ ਬੋਲਣ ਨਹੀਂ ਸੀ ਦਿੱਤਾ ਤੇ ਇਸ ਦਾ ਵੱਡਾ ਕਾਰਨ ਵੀ ਪੰਜਾਬ ਵਿਚਲੀ ਬਦ-ਇੰਤਜ਼ਾਮੀ ਪ੍ਰਤੀ ਪੰਜਾਬੀ ਭਾਈਚਾਰੇ ਦੇ ਮਨਾਂ ਵਿਚਲਾ ਰੋਸ ਹੀ ਸੀ। ਇਸ ਦਾ ਗੁੱਸਾ ਅਕਾਲੀ ਲੀਡਰਾਂ ਨੇ ਇਹ ਬਿਆਨ ਦੇ ਕੇ ਕੱਢਿਆ ਸੀ ਕਿ ਕੈਨੇਡਾ ਦੀ ਪੁਲਿਸ ਨਿਕੰਮੀ ਹੈ; ਹੁੰਦੀ ਪੰਜਾਬ ਦੀ ਪੁਲਿਸ, ਫਿਰ ਅਸੀਂ ਦੱਸਦੇ ਇਨ੍ਹਾਂ ਨੂੰ ਪਤਾ! ਉਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਕਿ ਕੈਨੇਡਾ ਦੀ ਪੁਲਿਸ ਲੋਕਾਂ ਪ੍ਰਤੀ ਅਤੇ ਆਪਣੇ ਫਰਜ਼ਾਂ ਪ੍ਰਤੀ ਵਫਦਾਰ ਹੈ। ਉਹ ਈਮਾਨਦਾਰੀ ਨਾਲ ਆਪਣਾ ਕੰਮ ਕਰਦੀ ਹੈ। ਲੋੜ ਪੈਣ ‘ਤੇ ਭਾਵੇਂ ਕੋਈ ਕਿਸੇ ਵੇਲੇ ਪੁਲਿਸ ਨੂੰ ਕਾਲ ਕਰ ਲਵੇ, ਪੁਲਿਸ ਕੁਝ ਮਿੰਟਾਂ ਵਿਚ ਹਾਜ਼ਰ ਹੋ ਜਾਂਦੀ ਹੈ। ਜਿੱਥੇ ਭਾਰਤ ਵਿਚ ਲੋਕ ਸਭ ਤੋਂ ਵੱਧ ਅਸੁਰੱਖਿਅਤ ਪੁਲਿਸ ਦੀ ਹਾਜ਼ਰੀ ਵਿਚ ਮਹਿਸੂਸ ਕਰਦੇ ਹਨ, ਉਥੇ ਇਨ੍ਹਾਂ ਮੁਲਕਾਂ ਵਿਚ ਬੰਦਾ ਪੁਲਿਸ ਦੀ ਹਾਜ਼ਰੀ ਵਿਚ ਸਭ ਤੋਂ ਵੱਧ ਮਹਿਫੂਜ਼ ਮਹਿਸੂਸ ਕਰਦਾ ਹੈ। ਅੱਧੀ ਅੱਧੀ ਰਾਤ ਕੁੜੀਆਂ, ਇਸਤਰੀਆਂ ਆਪਣੇ ਕੰਮਾਂ ਤੋਂ ਗੱਡੀਆਂ-ਬੱਸਾਂ ਵਿਚ ਬੇਖੌਫ ਵਾਪਸ ਆਉਂਦੀਆਂ ਹਨ।
ਖਬਰਾਂ ਅਨੁਸਾਰ ਇੱਕ ਸਤਾਰਾਂ ਸਾਲਾ ਲੜਕੀ ਨੇ ਇੱਕ ਗਰਾਮ ਪ੍ਰਧਾਨ ਦੇ ਪੁੱਤਰ ਪ੍ਰਿੰਸ ਤਿਵਾੜੀ ਦੀਆਂ ਵਧੀਕੀਆਂ ਦਾ ਵਿਰੋਧ ਕੀਤਾ ਤਾਂ ਪਿਛਲੇ ਹਫਤੇ ਸਕੂਲ ਜਾਂਦੀ ਇਸ ਕੁੜੀ ਦਾ ਕਤਲ ਕਰ ਦਿੱਤਾ ਗਿਆ। ਵਰਣਿਕਾ ਕੁੰਡੂ ਦੇ ਚਰਿਤਰ ‘ਤੇ ਸ਼ਾਇਨਾ ਵੱਲੋਂ ਉਠਾਏ ਪ੍ਰਸ਼ਨਾਂ ਤੋਂ ਮੈਨੂੰ ਇੱਕ ਪਾਕਿਸਤਾਨੀ ਕੁੜੀ ਦਾ ਕੇਸ ਯਾਦ ਆ ਗਿਆ। ਇੰਟਰਨੈਟ ‘ਤੇ ਪਾਈ ਇੱਕ ਪਾਕਿਸਤਾਨੀ ਅਖਬਾਰ ਦੀ ਖਬਰ ਅਨੁਸਾਰ ਕਾਨੂੰਨ ਦੀ ਪੜ੍ਹਾਈ ਕਰਦੀ ਜੁਆਨ ਵਿਦਿਆਰਥਣ ਖਦੀਜਾ ਸਦੀਕੀ ਨੂੰ ਉਸ ਦੇ ਜਮਾਤੀ ਸ਼ਾਹ ਹੁਸੈਨ ਨੇ ਬੜੀ ਬੇਰਹਿਮੀ ਨਾਲ ਛੁਰੇ ਦੇ 23 ਜਖਮ ਦਿੱਤੇ। ਇਹ 3 ਮਈ 2016 ਦੀ ਗੱਲ ਹੈ ਜਦੋਂ ਇਹ ਵਾਕਿਆ ਦਿਨ ਦਿਹਾੜੇ ਲਾਹੌਰ ਦੀ ਡੇਵਿਸ ਰੋਡ ‘ਤੇ ਵਾਪਰਿਆ, ਜਦੋਂ ਉਹ ਛੋਟੀ ਭੈਣ ਨੂੰ ਸਕੂਲੋਂ ਲੈਣ ਗਈ ਸੀ। ਛੁਰੇ ਦੇ 23 ਜ਼ਖਮਾਂ ਦੇ ਬਾਵਜੂਦ ਉਸ ਦਾ ਬਚ ਜਾਣਾ ਇੱਕ ਕ੍ਰਿਸ਼ਮਾ ਸੀ। ਪਰ ਉਸ ਨੇ ਬੜੇ ਹੌਸਲੇ ਨਾਲ ਇਨਸਾਫ ਲਈ ਲੜਾਈ ਲੜੀ ਅਤੇ ਪਿਛਲੇ ਮਹੀਨੇ ਹੀ ਲਾਹੌਰ ਦੀ ਇੱਕ ਅਦਾਲਤ ਨੇ ਉਸ ਦੇ ਹਮਲਾਵਰ, ਜੋ ਇੱਕ ਵਕੀਲ ਦਾ ਪੁੱਤਰ ਹੈ, ਨੂੰ ਸੱਤ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਹ ਆਪਣੇ ਜਿੰਦਾ ਰਹਿਣ ਨੂੰ ਅਤੇ ਕਾਨੂੰਨੀ ਲੜਾਈ ਜਿੱਤ ਜਾਣ ਨੂੰ ਜਿਆਦਾ ਅਰਥ-ਭਰਪੂਰ ਜੀਵਨ ਜਿਉਣ ਦਾ ਮਿਲਿਆ ਮੌਕਾ ਮੰਨਦੀ ਹੈ। ਕੇਸ ਦੀ ਸੁਣਵਾਈ ਦੌਰਾਨ ਉਸ ਨੂੰ ਡਿਫੈਂਸ ਕੌਂਸਲ ਵੱਲੋਂ ਬਹੁਤ ਸਖਤ ਸਮਾਂ ਦਿੱਤਾ ਗਿਆ। ਇੱਥੋਂ ਤੱਕ ਕਿ ਕੇਸ ਦੀ ਸੁਣਵਾਈ ਵੇਲੇ ਜਦੋਂ ਮੌਕਾ ਹੁੰਦਾ ਡਿਫੈਂਸ ਕੌਂਸਲ ਦੇ ਕਿਰਾਏ ‘ਤੇ ਕੀਤੇ ਬੰਦੇ ਉਸ ਦਾ ਮਖੌਲ ਉਡਾਉਣ ਅਤੇ ਉਸ ‘ਤੇ ਆਵਾਜ਼ੇ ਕੱਸਣ ਲਈ ਉਸ ਦੇ ਪਿੱਛੇ ਖੜੇ ਰਹਿੰਦੇ। ਪਰ ਇਸ ਨੇ ਉਸ ਦੇ ਹੌਸਲੇ ਹੋਰ ਬੁਲੰਦ ਕੀਤੇ, ਇਸ ‘ਲਾਇਰ ਬੁਆਏ ਕਲੱਬḔ ਦੇ ਖਿਲਾਫ ਖੜ੍ਹੇ ਹੋਣ ਲਈ ਅਤੇ ਉਨ੍ਹਾਂ ਨੂੰ ਕਟਹਿਰੇ ਵਿਚ ਖੜ੍ਹੇ ਕਰਨ ਲਈ। ਵਰਣਿਕਾ ਕੁੰਡੇ ਨੂੰ ਵੀ ਪੂਰੇ ਹੌਸਲੇ ਅਤੇ ਮਜ਼ਬੂਤ ਇਰਾਦੇ ਨਾਲ ਇਨਸਾਫ ਲਈ ਲੜਨਾ ਚਾਹੀਦਾ ਹੈ।