ਪ੍ਰਿੰæ ਸਰਵਣ ਸਿੰਘ
ਟੋਰਾਂਟੋ ਦੇ ਇਨਡੋਰ ਸਟੇਡੀਅਮ ਪਾਵਰੇਡ ਸੈਂਟਰ ‘ਚ 20 ਅਗਸਤ ਨੂੰ ਹੋਏ 27ਵਾਂ ਕੈਨੇਡਾ ਕੱਪ ਓਨਟਾਰੀਓ ਦੀ ਟੀਮ ਨੇ ਫਾਈਨਲ ਮੈਚ ਵਿਚ ਬੀæ ਸੀæ ਦੀ ਟੀਮ ਨੂੰ 53-48 ਅੰਕਾਂ ਨਾਲ ਹਰਾ ਕੇ ਜਿੱਤ ਲਿਆ। ਸੰਦੀਪ ਲੁਧੜ ਬੈਸਟ ਰੇਡਰ ਤੇ ਕਮਲ ਟਿੱਬੇਵਾਲਾ ਵਧੀਆ ਜਾਫੀ ਐਲਾਨੇ ਗਏ। ਟੂਰਨਾਮੈਂਟ ਵੇਖਣ ਦੀ ਟਿਕਟ 50 ਤੇ 70 ਡਾਲਰ ਸੀ।
ਪੰਜ ਹਜ਼ਾਰ ਸੀਟਾਂ ਵਾਲੇ ਸਟੇਡੀਅਮ ਦੀ ਕੋਈ ਸੀਟ ਖਾਲੀ ਨਹੀਂ ਸੀ ਰਹੀ। ਇਕ ਹਜ਼ਾਰ ਤੋਂ ਵੱਧ ਦਰਸ਼ਕ ਤਾਂ ਕਬੱਡੀ ਖਿਡਾਰੀ, ਸਾਬਕਾ ਖਿਡਾਰੀ ਤੇ ਕਬੱਡੀ ਕਲੱਬਾਂ ਨਾਲ ਸਿੱਧਾ-ਅਸਿੱਧਾ ਜੁੜੇ ਮੈਂਬਰ ਹੀ ਸਨ। ਦਰਸ਼ਕਾਂ ਵਿਚ ਅੱਧੋਂ ਵੱਧ ਬਜ਼ੁਰਗ ਸਨ ਜਿਨ੍ਹਾਂ ‘ਚੋਂ ਬਹੁਤਿਆਂ ਦੀਆਂ ਦਾੜ੍ਹੀਆਂ ਲਹਿਰਾ ਰਹੀਆਂ ਸਨ ਤੇ ਰੰਗ-ਬਰੰਗੀਆਂ ਪੱਗਾਂ ਨੇ ਸਟੇਡੀਅਮ ਵਿਚ ਬਹਾਰ ਲਿਆਂਦੀ ਹੋਈ ਸੀ। ਨੌਜੁਆਨ ਦਰਸ਼ਕ ਨਾਮਾਤਰ ਸਨ ਜਦਕਿ ਬੀਬੀ ਇਕ ਵੀ ਨਹੀਂ ਸੀ।
ਕਬੱਡੀ ਦੇ ਕਿਸੇ ਅੰਕ ‘ਤੇ ਕੋਈ ਖਾਸ ਰੌਲਾ-ਰੱਪਾ ਨਹੀਂ ਪਿਆ ਤੇ ਖੇਡ ਬਿਨਾ ਰੁਕੇ ਚਲਦੀ ਰਹੀ। ਕੱਪ ‘ਚ ਖੇਡਣ ਵਾਲੇ ਕਿਸੇ ਖਿਡਾਰੀ ਦਾ ਵੀ ਡੋਪ ਟੈਸਟ ਨਹੀਂ ਕੀਤਾ ਗਿਆ ਜਿਸ ਕਰਕੇ ਸੰਭਵ ਹੈ ਡੋਪੀ ਖਿਡਾਰੀ ਵੀ ਰੇਡਾਂ ਪਾਉਣ ਤੇ ਜੱਫੇ ਲਾਉਣ ਦੇ ਦਾਅ ਹੋਣ!
ਇਸ ਵਾਰ ਦਾ ਕੱਪ ਕਰਾਉਣ ਦੀ ਵਾਰੀ ਡਿਕਸੀ ਟੋਰਾਂਟੋ ਸਪੋਰਟਸ ਕਲੱਬ ਦੀ ਸੀ ਜਿਸ ਨੇ ਵਧੀਆ ਢੰਗ ਨਾਲ ਕੱਪ ਨੇਪਰੇ ਚਾੜ੍ਹਿਆ। ਟੀਮਾਂ ਦੇ ਸਾਰੇ ਹੀ ਮੈਚ ਬੜੇ ਕਾਂਟੇਦਾਰ ਰਹੇ ਤੇ ਖਿਡਾਰੀ ਵੀ ਸੱਟਾਂ ਫੇਟਾਂ ਤੋਂ ਬਚੇ ਰਹੇ। ਕੁਲ ਛੇ ਟੀਮਾਂ ਸਨ ਜਿਨ੍ਹਾਂ ਦੇ ਨਾਂ ਰੱਖੇ ਗਏ-ਇੰਡੀਆ, ਇੰਗਲੈਂਡ, ਅਮਰੀਕਾ, ਓਨਟਾਰੀਓ, ਬੀæ ਸੀæ ਤੇ ਬੀæ ਸੀæ ਫੈਡਰੇਸ਼ਨ। ਨਾਂ ਤਾਂ ਸਿਰਫ ਨਾਂ ਹੀ ਸਨ ਵੈਸੇ ਇੰਡੀਆ ਦੇ ਖਿਡਾਰੀ ਹੀ ਖਰੀਦ ਕੇ ਵੱਖ-ਵੱਖ ਟੀਮਾਂ ਵਿਚ ਪਾਏ ਗਏ ਸਨ ਤਾਂ ਕਿ ਟੀਮਾਂ ਸਾਵੀਆਂ ਬਣਨ। ਪਿੱਛੋਂ ਪਤਾ ਲੱਗਾ ਕਿ ਬੀæ ਸੀæ ਨੇ ਸਭ ਤੋਂ ਮਹਿੰਗੇ ਖਿਡਾਰੀ ਖਰੀਦੇ ਸਨ ਪਰ ਉਨ੍ਹਾਂ ਦੀ ਟੀਮ ਫਾਈਨਲ ਵਿਚ ਹਾਰ ਗਈ।
ਟੋਰਾਂਟੋ ਦਾ ਕੈਨੇਡਾ ਕਬੱਡੀ ਕੱਪ ਪੰਜਾਬ ਦੇ ਕਬੱਡੀ ਵਿਸ਼ਵ ਕੱਪ ਵਰਗਾ ਹੀ ਕਬੱਡੀ ਦਾ ਸਿਖਰਲਾ ਟੂਰਨਾਮੈਂਟ ਗਿਣਿਆ ਜਾਂਦੈ। ਇਹ 1991 ਤੋਂ ਹਰ ਸਾਲ ਹੋ ਰਿਹੈ। ਕਦੇ ਇਸ ਦਾ ਨਾਂ ਵਰਲਡ ਕੱਪ ਤੇ ਕਦੇ ਆਲਮੀ ਕਬੱਡੀ ਚੈਂਪੀਅਨਸ਼ਿਪ ਰੱਖਣ ਪਿੱਛੋਂ 2008 ਤੋਂ ਇਸ ਦਾ ਨਾਂ ਕੈਨੇਡਾ ਕਬੱਡੀ ਕੱਪ ਰੱਖਿਆ ਗਿਆ। ਇਸ ਦਾ ਇਨਾਮ ਲੱਕ ਜਿੱਡੇ ਕੱਪ ਦੇ ਨਾਲ ਗਿਆਰਾਂ ਹਜ਼ਾਰ ਡਾਲਰ ਹੈ ਤੇ ਦੂਜਾ ਇਨਾਮ ਨੌਂ ਹਜ਼ਾਰ ਡਾਲਰ। ਤਕੜੇ ਖਿਡਾਰੀਆਂ ਦਾ ਦੋ-ਤਿੰਨ ਮੈਚ ਖੇਡਣ ਦਾ ਭਾਅ ਪੰਜ ਛੇ ਹਜ਼ਾਰ ਡਾਲਰ ਤਕ ਚਲਾ ਜਾਂਦੈ। ਇਕ ਵਾਰ ਇਕ ਖਿਡਾਰੀ ਨੂੰ ਇਹ ਕੱਪ ਖੇਡਣ ਬਦਲੇ ਦਸ ਹਜ਼ਾਰ ਡਾਲਰ ਤੋਂ ਵੀ ਵੱਧ ਨਾਵਾਂ ਮਿਲਿਆ ਸੀ। ਕਿਹਾ ਜਾਂਦੈ ਕਿ ਇਕ ਖਿਡਾਰੀ ਨੂੰ ਚੌਦਾਂ ਹਜ਼ਾਰ ਡਾਲਰ ਦੀ ਪੇਸ਼ਕਸ਼ ਹੋਈ ਸੀ। ਕਿਸੇ-ਕਿਸੇ ਖਿਡਾਰੀ ਨੂੰ ਦੋ-ਚਾਰ ਹਜ਼ਾਰ ਡਾਲਰ ਦਾ ਇਨਾਮ ਵੀ ਮਿਲ ਜਾਂਦੈ।
ਟੋਰਾਂਟੋ ਦਾ ਪਹਿਲਾ ਕੈਨੇਡਾ ਕੱਪ 10 ਅਗਸਤ 1991 ਨੂੰ ‘ਵਰਸਿਟੀ ਸਟੇਡੀਅਮ ਵਿਚ ਕਰਵਾਇਆ ਗਿਆ ਜਿਸ ਦੀ ਟਿਕਟ ਪੰਜ ਡਾਲਰ ਰੱਖੀ ਗਈ। ਇੰਗਲੈਂਡ, ਸਕਾਟਲੈਂਡ, ਇੰਡੀਆ, ਕੈਨੇਡਾ ਪੂਰਬੀ, ਕੈਨੇਡਾ ਪੱਛਮੀ ਤੇ ਅਮਰੀਕਾ ਦੇ ਨਾਂ ‘ਤੇ ਛੇ ਟੀਮਾਂ ਖੇਡੀਆਂ। ਫਾਈਨਲ ਮੈਚ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਵਿਚਕਾਰ ਹੋਇਆ। ਭਾਰਤ ਦੇ ਬਲਵਿੰਦਰ ਫਿੱਡੂ ਤੇ ਜਸਬੀਰ ਮੰਗੀ ਵਰਗੇ ਤਕੜੇ ਖਿਡਾਰੀ ਅਮਰੀਕਾ ਵੱਲੋਂ ਖੇਡ ਰਹੇ ਸਨ ਜਿਸ ਕਰਕੇ ਅਮਰੀਕਾ ਦੀ ਟੀਮ ਕੱਪ ਜਿੱਤ ਗਈ।
1995 ਦਾ ਕੈਨੇਡਾ ਕੱਪ ਕਬੱਡੀ ਦੇ ਇਤਿਹਾਸ ਵਿਚ ਮੀਲ ਪੱਥਰ ਸਿੱਧ ਹੋਇਆ। ਇਸ ਨੂੰ ਆਲਮੀ ਕਬੱਡੀ ਚੈਂਪੀਅਨਸ਼ਿਪ ਦਾ ਨਾਂ ਦਿੱਤਾ ਗਿਆ ਸੀ। ਇਸ ਦਾ ਪ੍ਰਬੰਧ ਤਿੰਨ ਕਲੱਬਾਂ-ਓਨਟਾਰੀਓ ਕਬੱਡੀ ਕਲੱਬ, ਦੇਸ਼ਭਗਤ ਸਪੋਰਟਸ ਕਲੱਬ ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਨੇ ਮਿਲ ਕੇ ਕੀਤਾ। ਇਸ ਵਿਚ ਪਾਕਿਸਤਾਨ ਦੀ ਟੀਮ ਵੀ ਸ਼ਾਮਲ ਹੋਈ। ਹੈਮਿਲਟਨ ਦੇ ਇਨਡੋਰ ਕੌਪਿਸ ਕੋਲੀਜ਼ੀਅਮ ਵਿਚ ਮੈਟ ਵਿਛਾਈ ਗਈ ਜਿਸ ਉਤੇ ਕਬੱਡੀ ਮੈਚ ਖੇਡੇ ਗਏ। ਕੁਮੈਂਟੇਟਰ ਵਜੋਂ ਮੈਂ ਵੀ ਟੋਰਾਂਟੋ ਪਹੁੰਚਾ। ਦਾਰਾ ਸਿੰਘ ਗਰੇਵਾਲ ਪਹਿਲਾਂ ਹੀ ਉਥੇ ਕੁਮੈਂਟਰੀ ਕਰਦਾ ਸੀ। ਕੌਡੀ ਰੜੇ ਮੈਦਾਨ ਤੋਂ ਘਾਹ ਵਾਲੇ ਪਾਰਕ ਵਿਚ ਹੁੰਦੀ ਹੋਈ ਮੈਟ ਉਤੇ ਪੁੱਜ ਗਈ।
ਕੌਪਿਸ ਕੋਲੀਜ਼ੀਅਮ ਵਿਚ ਚੌਦਾਂ ਹਜ਼ਾਰ ਦਰਸ਼ਕਾਂ ਨੇ ਟਿਕਟਾਂ ਲੈ ਕੇ ਕਬੱਡੀ ਮੈਚ ਵੇਖੇ। ਫਾਈਨਲ ਮੈਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ। ਹਰਜੀਤ ਬਰਾੜ ਸਰਬੋਤਮ ਧਾਵੀ ਤੇ ਜਗਤਾਰ ਧਨੌਲਾ ਸਰਬੋਤਮ ਜਾਫੀ ਐਲਾਨੇ ਗਏ। ਕੁਝ ਦਿਨਾਂ ਬਾਅਦ ਵੈਨਕੂਵਰ ਦੇ ਇਨਡੋਰ ਸਟੇਡੀਅਮ ਬੀæ ਸੀæ ਪਲੇਸ ਵਿਚ ਕਬੱਡੀ ਦਾ ਵਰਲਡ ਕੱਪ ਕਰਵਾਇਆ ਗਿਆ ਜੋ ਫਿਰ ਭਾਰਤ ਦੀ ਟੀਮ ਨੇ ਜਿੱਤਿਆ। ਭਾਰਤ ਤੇ ਪਾਕਿਸਤਾਨ ਦੇ ਮੈਚ ਵਿਚ ਇਕ ਜੱਫੇ ਉਤੇ ਲੱਖ ਰੁਪਏ ਦਾ ਇਨਾਮ ਲੱਗ ਗਿਆ ਪਰ ਜੱਫਾ ਨਾ ਲੱਗਾ। ਉਥੇ ਨੁਸਰਤ ਫਤਿਹ ਅਲੀ ਖਾਂ ਨੇ ਵੀ ਗਾਇਕੀ ਦਾ ਪ੍ਰੋਗਰਾਮ ਪੇਸ਼ ਕੀਤਾ। ਕੱਲਰਾਂ ਦੀ ਖੇਡ ਕਬੱਡੀ ਦਾ ਇਕ ਕੈਨੇਡਾ ਕੱਪ ਇਕ ਕਰੋੜ ਰੁਪਏ ਦੇ ਕਿਰਾਏ ਵਾਲੇ ਸਟੇਡੀਅਮ ਸਕਾਈਡੋਮ ਵਿਚ ਵੀ ਹੋਇਆ। ਪਰਵਾਸੀ ਪੰਜਾਬੀਆਂ ਵੱਲੋਂ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ ਪਾਏ ਯੋਗਦਾਨ ਦੇ ਸਿੱਟੇ ਵਜੋਂ ਹੀ ਪੰਜਾਬ ਦਾ ਕਬੱਡੀ ਵਰਲਡ ਕੱਪ ਵਜੂਦ ਵਿਚ ਆਇਆ।
ਇੰਗਲੈਂਡ, ਕੈਨੇਡਾ, ਅਮਰੀਕਾ ਤੇ ਹੋਰ ਮੁਲਕਾਂ ਦੇ ਕਬੱਡੀ ਪ੍ਰੋਮੋਟਰਾਂ ਦਾ ਕਬੱਡੀ ਦੀ ਖੇਡ ਨੂੰ ਪ੍ਰਫੁਲਿਤ ਕਰਨ ਵਿਚ ਬੜਾ ਵੱਡਾ ਯੋਗਦਾਨ ਹੈ। ਪਿਛਲੇ ਕੁਝ ਸਾਲਾਂ ਤੋਂ ਆਸਟ੍ਰੇਲੀਆ, ਨਿਊਜ਼ੀਲੈਂਡ, ਮਲਾਇਆ, ਸਿੰਗਾਪੁਰ, ਡੁਬਈ, ਇਰਾਨ, ਕੀਨੀਆ, ਇਟਲੀ, ਸਪੇਨ, ਨਾਰਵੇ, ਹਾਲੈਂਡ, ਬੈਲਜੀਅਮ ਤੇ ਕੁਝ ਹੋਰ ਯੂਰਪੀ ਮੁਲਕਾਂ ਦੇ ਕਬੱਡੀ ਪ੍ਰੇਮੀ ਵੀ ਨਾਲ ਰਲ ਗਏ ਹਨ। ਇੰਜ ਜਿਨ੍ਹਾਂ ਮੁਲਕਾਂ ਵਿਚ ਪੰਜਾਬੀਆਂ ਦੀ ਵਾਹਵਾ ਵਸੋਂ ਹੈ, ਉਥੇ ਕਬੱਡੀ ਦੇ ਟੂਰਨਾਮੈਂਟ ਹੋਣ ਲੱਗ ਪਏ ਹਨ। ਕਥਿਤ ਕਬੱਡੀ ਵਰਲਡ ਕੱਪ ਇੰਗਲੈਂਡ, ਕੈਨੇਡਾ ਤੇ ਅਮਰੀਕਾ ਅਤੇ ਹੋਰ ਮੁਲਕਾਂ ਵਿਚ ਕਈ ਸਾਲਾਂ ਤੋਂ ਹੁੰਦੇ ਆ ਰਹੇ ਹਨ। ਇੰਟਰਨੈਸ਼ਨਲ ਨਾਂ ਦੇ ਕਬੱਡੀ ਟੂਰਨਾਮੈਂਟਾਂ ਦਾ ਤਾਂ ਕੋਈ ਲੇਖਾ ਹੀ ਨਹੀਂ। ਦਰਜਨਾਂ ਕਬੱਡੀ ਟੂਰਨਾਮੈਂਟਾਂ ਦਾ ਨਾਂ ਅੰਤਰਰਾਸ਼ਟਰੀ ਕੱਪ ਰੱਖਿਆ ਜਾ ਚੁੱਕੈ।
ਅਮਰੀਕਾ ਵਿਚ ਨਿਊ ਯਾਰਕ, ਸ਼ਿਕਾਗੋ, ਸਿਆਟਲ ਤੇ ਕੈਲੀਫੋਰਨੀਆ ਦੇ ਕਈ ਸ਼ਹਿਰਾਂ ਵਿਚ ਇੰਟਰਨੈਸ਼ਨਲ ਕਬੱਡੀ ਕੱਪ ਹੁੰਦੇ ਆ ਰਹੇ ਹਨ। 1990 ਵਿਚ ਮੈਨੂੰ ਖੁਦ ਯੂਬਾ ਸਿਟੀ ਦੇ ਕਬੱਡੀ ਟੂਰਨਮੈਂਟ ਵਿਚ ਵਿਸਲ ਫੜ੍ਹ ਕੇ ਮੈਚ ਖਿਡਾਉਣ ਦਾ ਮੌਕਾ ਮਿਲਿਆ। ਮੈਚ ਇੰਗਲੈਂਡ ਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਸੀ। ਹੇਵਰਡ ਯੂਨੀਵਰਸਿਟੀ, ਸੈਕਰਾਮੈਂਟੋ, ਫਰਿਜ਼ਨੋ, ਸੈਲਮਾ, ਸੈਨ ਹੋਜੇ, ਮਾਡੈਸਟੋ, ਯੂਨੀਅਨ ਸਿਟੀ, ਬੇਕਰਜ਼ਫੀਲਡ ਤੇ ਕੁਝ ਹੋਰ ਥਾਂਵਾਂ ਦੇ ਕਬੱਡੀ ਕੱਪ ਵੇਖੇ ਹਨ। ਕੈਲੀਫੋਰਨੀਆ ਵਿਚ ਕਬੱਡੀ ਨੂੰ ਪ੍ਰਫੁਲਿਤ ਕਰਨ ਵਾਲੇ ਸੱਜਣਾਂ ਵਿਚ ਕਦੇ ਜੌਹਨ ਗਿੱਲ ਤੇ ਲੱਛਰ ਭਰਾਵਾਂ ਦਾ ਬੋਲ ਬਾਲਾ ਰਿਹੈ। ਪਾਲ ਸਹੋਤਾ, ਚਰਨਜੀਤ ਬਾਠ, ਟੁੱਟ ਭਰਾ, ਨਿੱਝਰ ਭਰਾ, ਸੁੱਖੀ ਘੁੰਮਣ, ਗਿੱਲ ਭਰਾ, ਨਾਜ਼ਰ ਸਹੋਤਾ, ਬਿੱਲਾ ਸੰਘੇੜਾ, ਸ਼ਿੰਦਾ ਅਟਵਾਲ, ਕਾਲਾ ਟਰੇਸੀ, ਅਮੋਲਕ ਸਿੰਘ ਗਾਖਲ, ਸਰਬਜੀਤ ਥਿਆੜਾ, ਗੁਰਪਾਲ ਹੰਸਰਾ, ਬਲਜੀਤ ਸੰਧੂ, ਦਲਬੀਰ ਚੌਧਰੀ, ਦਵਿੰਦਰ ਰਣੀਆ, ਨੇਕੀ ਸੰਘੇੜਾ, ਪਾਲ ਮਾਹਲ ਤੇ ਹੋਰ ਬਹੁਤ ਸਾਰੇ ਕਬੱਡੀ ਪ੍ਰੋਮੋਟਰ ਹਨ ਜਿਨ੍ਹਾਂ ਨੇ ਕਬੱਡੀ ਦੇ ਯੱਗ ਲਾਏ ਹਨ।
ਨਿਊ ਯਾਰਕ ਵਿਚ ਮਹਿੰਦਰ ਸਿੰਘ ਸਿੱਧੂ, ਅਨੂਪ ਸਿੰਘ ਸੰਧੂ ਤੇ ਜਗੀਰ ਸਿੰਘ ਬੈਂਸ ਆਪਣੇ ਸਾਥੀਆਂ ਨਾਲ ਕਬੱਡੀ ਦੇ ਇੰਟਰਨੈਸ਼ਨਲ ਕੱਪ ਕਰਵਾਉਂਦੇ ਆ ਰਹੇ ਹਨ। ਸ਼ਿਕਾਗੋ ਵਿਚ ਦੋ ਇੰਟਰਨੈਸ਼ਨਲ ਕੱਪ ਹੁੰਦੇ ਹਨ ਤੇ ਦੋ ਇੰਟਰਨੈਸ਼ਨਲ ਕੱਪ ਸਿਆਟਲ ਵਾਲੇ ਕਰਵਾ ਰਹੇ ਹਨ। ਸਿਨਸਿਨੈਟੀ, ਕਲੀਵਲੈਂਡ, ਫਿਲਾਡੈਲਫੀਆ, ਹਿਊਸਟਨ, ਇੰਡੀਅਨਐਪੋਲਿਸ ਤੇ ਡਿਟਰਾਇਟ ਵਿਚ ਵੀ ਕਬੱਡੀ ਦੇ ਟੂਰਨਾਮੈਂਟ ਹੋਣ ਲੱਗ ਪਏ ਹਨ।