ਬੌਬ ਖਹਿਰਾ ਮਿਸ਼ੀਗਨ
ਫੋਨ: 734-925-0177
ਕੁਝ ਲੋਕ ਲੇਖ ਦਾ ਨਾਮ ਪੜ੍ਹ ਕੇ ਮੈਨੂੰ ਪਾਗਲ ਕਹਿਣਗੇ। ਕੁਝ ਇੱਦਾਂ ਦੇ ਵੀ ਹੋਣਗੇ ਜਿਹੜੇ ਸਭ ਤੋਂ ਸਿਆਣੇ ਹੋਣ ਦਾ ਭਰਮ ਪਾਲੀ ਬੈਠੇ ਹੁੰਦੇ ਹਨ, ਉਹ ਸ਼ਾਇਦ ਮੈਨੂੰ ਗਾਲ੍ਹਾਂ ਵੀ ਕੱਢਣਗੇ, ਪਰ ਮੈਨੂੰ ਕੋਈ ਪ੍ਰਵਾਹ ਨਹੀਂ! ਕੋਈ ਚਾਲੀ ਕੁ ਸਾਲ ਪਹਿਲਾਂ ਪੰਜਾਬੀ ਫਿਲਮ ਆਈ ਸੀ- ‘ਦਾਜ’। ਇਸ ਵਿਚ ਇਹੋ ਸੁਨੇਹਾ ਸੀ ਕਿ ਦਾਜ ਬੰਦ ਹੋਣਾ ਚਾਹੀਦਾ ਹੈ। ਕੀ ਦਾਜ ਬੰਦ ਹੋ ਗਿਆ ਹੈ? ਇਕ ਹਿੰਦੀ ਫਿਲਮ ਆਈ ਸੀ- ‘ਰੋਟੀ ਕੱਪੜਾ ਔਰ ਮਕਾਨ’। ਇਸ ਫਿਲਮ ਵਿਚ ਮਹਿੰਗਾਈ ਦਾ ਰੋਣਾ ਰੋਇਆ ਗਿਆ ਸੀ। ਕੀ 40 ਸਾਲਾਂ ਵਿਚ ਮਹਿੰਗਾਈ ਘਟ ਗਈ? ਇਹ ਹਵਾਲੇ ਇਸ ਲਈ ਦੇ ਰਿਹਾ ਹਾਂ ਕਿਉਂਕਿ ਸਿਰਫ ਕਹਿਣ ਨਾਲ ਕੁਝ ਨਹੀਂ ਹੁੰਦਾ, ਇਸ ਦੇ ਲਈ ਤਾਂ ਸੋਚ ਬਦਲਣੀ ਪੈਂਦੀ ਹੈ। ‘ਭਲਾ ਹੋਵੇ, ਭਲਾ ਹੋਵੇ’ ਕਹਿਣ ਨਾਲ ਭਲਾ ਨਹੀਂ ਹੁੰਦਾ, ਭਲਾ ਕਰਨ ਨਾਲ ਹੀ ਭਲਾ ਹੁੰਦਾ ਹੈ।
500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਜਾਤ-ਪਾਤ ਛੱਡੋ, ਸਾਰੇ ਇਨਸਾਨ ਇਕ ਸਮਾਨ ਹਨ। ਅਸੀਂ ਉਨ੍ਹਾਂ ਦੇ ਨਾਮ ‘ਤੇ ਇਕ ਹੋਰ ਧਰਮ ਤਾਂ ਬਣਾ ਲਿਆ, ਪਰ ਕੀ ਕਿਸੇ ਨੇ ਜਾਤ-ਪਾਤ ਛੱਡੀ ਹੈ? ਦਰਅਸਲ, ਅਸੀਂ ਸਿਰਫ ਵਿਖਾਵੇ ਕਰਨਾ ਜਾਣਦੇ ਹਾਂ, ਅਮਲ ਕਰਨਾ ਨਹੀਂ ਜਾਣਦੇ।
ਜਦੋਂ ਅਸੀਂ ਗੋਰਿਆਂ ਦੇ ਕਿਸੇ ਦੇਸ਼ ਵਿਚ ਜਾਂਦੇ ਹਾਂ, ਸਾਰੇ ਕਾਇਦੇ-ਕਾਨੂੰਨ ਮੰਨਦੇ ਹਾਂ, ਪਰ ਇੰਡੀਆ ਵਿਚ ਰਹਿੰਦੇ ਨਹੀਂ ਮੰਨਦੇ, ਕਿਉਂ? ਸ਼ਾਇਦ ਇਸ ਲਈ ਕਿ ਉਥੇ ਜੋ ਕਾਨੂੰਨ ਬਣਾਉਣ ਵਾਲੇ ਹਨ, ਉਹੀ ਕਾਨੂੰਨ ਉਤੇ ਅਮਲ ਨਹੀਂ ਕਰਦੇ। ਬੱਸ, ਭੇਡ-ਚਾਲ ਬਣ ਜਾਂਦੀ ਹੈ। ਪਹਿਲਾਂ ਤਾਂ ਹਾਲ ਇਹ ਸੀ ਕਿ ਜਦੋਂ ਕੋਈ ਆਦਮੀ ਮਰ ਜਾਂਦਾ ਸੀ ਤਾਂ ਉਸ ਦੀ ਪਤਨੀ ਨੂੰ ਜਿਉਂਦੀ ਨੂੰ ਉਸ ਨਾਲ ਅੱਗ ਵਿਚ ਸੜਨਾ ਪੈਂਦਾ ਸੀ। ਕਿੰਨੀ ਘਿਨਾਉਣੀ ਰਸਮ ਸੀ ਇਹ! ਕੋਈ ਗੱਲ ਭਾਵੇਂ ਕਿੰਨੀ ਗਲਤ ਹੀ ਕਿਉਂ ਨਾ ਹੋਵੇ, ਅਸੀਂ ਅੱਖਾਂ ਬੰਦ ਕਰ ਕੇ ਕਰਨ ਲੱਗ ਪੈਂਦੇ ਹਾਂ।
ਹੁਣ ਗੱਲ ਕਰਦੇ ਹਾਂ ਭਰੂਣ ਹੱਤਿਆ ਦੀ। ਅਖਬਾਰਾਂ ਅਤੇ ਟੀæਵੀæ ਚੈਨਲਾਂ ਦੀਆਂ ਖਬਰਾਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਦੋ ਮਹੀਨਿਆਂ ਵਿਚ ਸਿਰਫ ਇਕੱਲੀ ਯੂæਪੀæ ਸਟੇਟ ਵਿਚ 700 ਕਤਲ ਅਤੇ 700 ਹੀ ਰੇਪ ਹੋਏ ਹਨ। ਰੇਪ ਕੇਸ ਹੋਰ ਵੀ ਹੋਣਗੇ ਜੋ ਸਾਹਮਣੇ ਨਹੀਂ ਆਏ ਹੋਣਗੇ। ਬਾਕੀ ਸਟੇਟਾਂ ਦਾ ਕੀ ਹਾਲ ਹੋਵੇਗਾ? ਉਥੇ ਵੀ ਤਾਂ ਅਜਿਹੀਆਂ ਘਟਨਾਵਾਂ ਹੋਈਆਂ ਹੋਣਗੀਆਂ? ਇਨ੍ਹਾਂ ਕੇਸਾਂ ਵਿਚ ਪੀੜਤ 6 ਮਹੀਨੇ ਦੀ ਬੱਚੀ ਵੀ ਸੀ, 2 ਸਾਲ ਦੀ ਵੀ। ਫੇਸਬੁੱਕ ‘ਤੇ ਦੇਖੀਆਂ ਫੋਟੋਆਂ ਰੌਂਗਟੇ ਖੜ੍ਹੇ ਕਰਦੀਆਂ ਹਨ ਅਤੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਦੀ ਸ਼ਰਮਨਾਕ ਕਰਤੂਤ ਬਿਆਨ ਕਰਦੀਆਂ ਹਨ। ਨਾਲ ਹੀ ਨਪੁੰਸਕ ਲੀਡਰਾਂ ਤੇ ਪੁਲਿਸ ਅਧਿਕਾਰੀਆਂ ਦੇ ਚਿਹਰੇ ਵੀ ਨੰਗੇ ਕਰਦੀਆਂ ਹਨ।
ਦਸੰਬਰ 2014 ਵਿਚ ਦਿੱਲੀ ਵਿਚ ਇਕ ਘਟਨਾ ਹੋਈ ਸੀ। ਇਸ ਨੂੰ ਅਸੀਂ ਸਾਰੇ ਅੱਜ ਨਿਰਭਯਾ ਕੇਸ ਨਾਲ ਜਾਣਦੇ ਹਾਂ। ਰੇਪ ਤੋਂ ਬਾਅਦ ਇਸ ਕੁੜੀ ਨੂੰ ਤਸੀਹੇ ਦੇ ਕੇ ਮਾਰਿਆ ਗਿਆ। ਕਸੂਰ ਕੀ ਸੀ? ਪਿਛਲੇ ਮਹੀਨੇ ਤਿੰਨ ਕੇਸ ਫਿਰ ਉਸੇ ਤਰ੍ਹਾਂ ਦੇ ਸਾਹਮਣੇ ਆਏ। ਕੁੜੀ ਨਾਲ ਸਮੂਹਿਕ ਰੇਪ ਕੀਤਾ ਅਤੇ ਫਿਰ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ। ਕੀ ਕਸੂਰ ਸੀ, ਜਿਸ ਦੀ ਇੰਨੀ ਭਿਆਨਕ ਸਜ਼ਾ ਦਿੱਤੀ ਗਈ? ਇਕ ਹੋਰ ਕੇਸ ਯੂæਪੀæ ਵਿਚ ਹੋਇਆ। ਦੋ ਬੱਚਿਆਂ ਦੀ ਮਾਂ, ਜੋ ਨਰਸ ਸੀ, ਨਾਲ ਸਮੂਹਿਕ ਰੇਪ ਕੀਤਾ ਗਿਆ। ਫਿਰ ਤਸੀਹੇ ਦੇ ਕੇ ਜਾਨੋਂ ਮਾਰ ਦਿੱਤਾ ਗਿਆ, ਕਿਉਂ? ਕੀ ਕਸੂਰ ਸੀ? ਇਹੀ ਕਿ ਉਹ ਔਰਤ ਸੀ! ਇਕ ਕੇਸ ਸ਼ਿਮਲੇ ਦਾ ਸਾਹਮਣੇ ਆਇਆ ਹੈ। ਸਕੂਲ ਤੋਂ ਆ ਰਹੀ ਕੁੜੀ ਨੂੰ ਚੁੱਕ ਕੇ ਉਸ ਨਾਲ ਰੇਪ ਕਰਨ ਤੋਂ ਬਾਅਦ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ।
ਦਰਿੰਦਗੀ ਦੀ ਇਥੇ ਹੀ ਬੱਸ ਨਹੀਂ ਹੁੰਦੀ। ਕਿੰਨੀਆਂ ਹੀ ਕੁੜੀਆਂ ਹਨ ਜਿਨ੍ਹਾਂ ਦੇ ਚਿਹਰਿਆਂ ਉਤੇ ਤੇਜ਼ਾਬ ਪਾ ਕੇ ਉਨ੍ਹਾਂ ਦੇ ਖੂਬਸੂਰਤ ਚਿਹਰੇ ਸਾੜ ਦਿੱਤੇ ਗਏ। ਜਿਨ੍ਹਾਂ ਕੁੜੀਆਂ ਨਾਲ ਇਹ ਸਭ ਹੋਇਆ, ਉਹ ਹੀ ਜਾਣਦੀਆਂ ਹਨ, ਉਨ੍ਹਾਂ ਨਾਲ ਉਸ ਵਕਤ ਕੀ ਬੀਤੀ ਹੋਵੇਗੀ ਅਤੇ ਮਰਨ ਤੋਂ ਪਹਿਲਾਂ ਉਨ੍ਹਾਂ ਕਿੰਨਾ ਦਰਦ ਹੰਢਾਇਆ ਹੋਵੇਗਾ। ਸੋਚ ਕੇ ਰੂਹ ਹੀ ਕੰਬ ਜਾਂਦੀ ਹੈ। ਮਗਰੋਂ ਜੋ ਦਰਦ ਉਨ੍ਹਾਂ ਕੁੜੀਆਂ ਦੇ ਮਾਪੇ ਸਹਿ ਰਹੇ ਹਨ, ਉਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਿਵੇਂ ਉਨ੍ਹਾਂ ਨੂੰ ਥਾਣਿਆਂ ਕਚਹਿਰੀਆਂ ਵਿਚ ਧੱਕੇ ਖਾਣੇ ਪੈਂਦੇ ਹਨ ਅਤੇ ਕਈ ਕਈ ਸਾਲਾਂ ਦੀ ਖੱਜਲ-ਖੁਆਰੀ ਤੋਂ ਬਾਅਦ ਵੀ ਕਿਸੇ ਨੂੰ ਕੋਈ ਸਜ਼ਾ ਨਹੀਂ ਹੁੰਦੀ।
ਜਿਸ ਮਾਂ ਨੇ ਬੱਚੀ ਨੂੰ 9 ਮਹੀਨੇ ਆਪਣੇ ਢਿੱਡ ਵਿਚ ਰੱਖਿਆ, ਫਿਰ ਜੰਮਣ ਪੀੜਾਂ ਜਰੀਆਂ, ਉਸ ਨੂੰ ਪਾਲਿਆ-ਪੜ੍ਹਾਇਆ। ਕੀ ਉਸ ਦੇ ਦੁੱਖ ਦਾ ਅੰਦਾਜ਼ਾ ਹੈ ਕਿਸੇ ਨੂੰ? ਜੇ ਬੱਚੀ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਮਾਰ ਦਿੱਤਾ ਜਾਂਦਾ, ਤਾਂ ਨਾ ਤਾਂ ਮਾਂ ਨੂੰ 9 ਮਹੀਨੇ ਢਿੱਡ ਵਿਚ ਰੱਖਣਾ ਪੈਂਦਾ, ਨਾ ਜੰਮਣ ਪੀੜਾਂ ਸਹਿਣੀਆਂ ਪੈਂਦੀਆਂ, ਨਾ ਹੀ 15-20 ਸਾਲ ਉਸ ਨੂੰ ਪਾਲਣਾ ਪੜ੍ਹਾਉਣਾ ਪੈਂਦਾ, ਨਾ ਸੱਸਾਂ ਦੇ ਮਿਹਣੇ ਸੁਣਨੇ ਪੈਂਦੇ ਅਤੇ ਨਾ ਹੀ ਉਸ ਨੂੰ ਇੰਨੀ ਭਿਆਨਕ ਮੌਤ ਮਰਨਾ ਪੈਂਦਾ। ਹੁਣ ਅੰਦਾਜ਼ਾ ਲਾਓ ਕਿ ਜੇ ਉਹ ਪਹਿਲਾਂ ਹੀ ਮਾਰ ਦਿੱਤੀ ਜਾਂਦੀ, ਤਾਂ ਠੀਕ ਸੀ, ਜਾਂ ਜਿਸ ਤਰ੍ਹਾਂ ਉਹ ਮਗਰੋਂ ਮਰੀ, ਉਹ ਮੌਤ ਠੀਕ ਹੈ? ਵੱਖ-ਵੱਖ ਮੁਕਾਮ ਉਤੇ ਅਸੀਂ ਤਾਂ ਉਸ ਨੂੰ ਜਿਉਣ ਦਾ ਹੱਕ ਵੀ ਨਾ ਦਿੱਤਾ! ਜਿਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਹੋ ਰਹੀਆਂ ਹਨ, ਉਨ੍ਹਾਂ ਤੋਂ ਇਹੀ ਅੰਦਾਜ਼ਾ ਲੱਗ ਰਿਹਾ ਹੈ ਕਿ ਸਾਨੂੰ ਕੁੜੀਆਂ ਚਾਹੀਦੀਆਂ ਹੀ ਨਹੀਂ।
ਸਰਕਾਰੀ ਅੰਕੜੇ ਭਾਵੇਂ ਕੁਝ ਵੀ ਹੋਣ, ਪਰ ਜਾਪਦਾ ਹੈ, ਕੁੜੀਆਂ ਜ਼ਿਆਦਾ ਹੋ ਗਈਆਂ ਹਨ! ਅਸੀਂ ਹਮੇਸ਼ਾ ਉਸ ਚੀਜ਼ ਦੀ ਬੇਕਦਰੀ ਕਰਦੇ ਹਾਂ ਜੋ ਸਾਡੇ ਕੋਲ ਜ਼ਿਆਦਾ ਹੋਵੇ। ਹੁਣ ਸਵਾਲ ਇਹ ਹੈ ਕਿ ਜੋ ਕੁੜੀਆਂ ਸਾਡੇ ਕੋਲ ਹਨ, ਪਹਿਲਾਂ ਉਨ੍ਹਾਂ ਦੀ ਚੰਗੀ ਜ਼ਿੰਦਗੀ ਦੀ ਗਾਰੰਟੀ ਲਈਏ, ਉਨ੍ਹਾਂ ਨੂੰ ਸੰਭਾਲੀਏ, ਉਨ੍ਹਾਂ ਨੂੰ ਬਰਾਬਰੀ ਤੇ ਇੱਜਤ ਦੇਈਏ, ਆਪਣੀ ਸੋਚ ਨੂੰ ਉਪਰ ਚੁੱਕੀਏ ਤਾਂ ਕਿ ਸਾਨੂੰ ਇਹ ਪਤਾ ਹੋਵੇ ਕਿ ਇਹ ਕੁੜੀ ਉਹੀ ਹੈ ਜੋ ਵੱਡੀ ਹੋ ਕੇ ਔਰਤ ਬਣੇਗੀ, ਜਿਵੇਂ ਸਾਡੀ ਆਪਣੀ ਮਾਂ ਸੀ। ਕੁੜੀ ਨੂੰ ਹੀਰ ਸਮਝਣ ਵਾਲਿਆਂ ਨੂੰ ਵੀ ਇਹ ਸਮਝ ਹੋਵੇ ਕਿ ਉਹਦੀ ਕੁੜੀ ਜਾਂ ਭੈਣ ਨੇ ਵੀ ਕੱਲ੍ਹ ਨੂੰ ਕਿਸੇ ਦੀ ਹੀਰ ਬਣਨਾ ਹੈ। ਨਹੀਂ ਤਾਂ ਕੁੜੀਆਂ ਨਾਲ ਬਿਨਾ ਵਜ੍ਹਾ ਵਧੀਕੀ ਕਰਨ ਵਾਲੇ ਅਸੀਂ ਮਨੁੱਖ ਅਖਵਾਉਣ ਦਾ ਹੱਕ ਨਹੀਂ ਰੱਖਦੇ।
ਹੁਣ ਇਹ ਸਭ ਤੁਸੀਂ ਸੋਚਣਾ ਹੈ ਕਿ ਜੋ ਕੁਝ ਅੱਜ ਕੁੜੀਆਂ ਨਾਲ ਹੋ ਰਿਹਾ ਹੈ, ਇਸ ਨਾਲੋਂ ਭਰੂਣ ਹੱਤਿਆ ਠੀਕ ਹੈ ਜਾਂ ਨਹੀਂ! ਅਜੇ ਸਾਡੀ ਸੋਚ ਬਹੁਤ ਥੱਲੇ ਹੈ, ਅਜੇ ਔਰਤ ਨੂੰ ਉਸ ਦਾ ਬਣਦਾ ਹੱਕ ਨਹੀਂ ਦੇ ਸਕਦੇ, ਇਸ ਲਈ ਜੋ ਪਹਿਲਾਂ ਸਾਡੇ ਕੋਲ ਹਨ, ਉਨ੍ਹਾਂ ਨੂੰ ਸੰਭਾਲੀਏ, ਹੋਰ ਨਾ ਪੈਦਾ ਕਰੀਏ। ਜਦੋਂ ਸਾਡੀ ਸੋਚ ਗੁਲਾਮੀ ਤੋਂ ਉਪਰ ਉਠੇਗੀ; ਫਿਰ ਭਰੂਣ ਹੱਤਿਆ, ਦਾਜ ਸਭ ਸਮਾਜ ਬੁਰਾਈਆਂ ਬੰਦ ਹੋ ਜਾਣਗੀਆਂ।